ਪਾਕਪਟਨ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾਕਪਟਨ. ਪਾਕਪੱਤਨ. ਪੰਜਾਬ ਦੇ ਜਿਲੇ ਮਾਂਟਗੁਮਰੀ (Montgomery)ਵਿੱਚ ਇੱਕ ਨਗਰ, ਜਿੱਥੇ ਮਹਾਤਮਾ ਫ਼ਰੀਦ ਜੀ ਰਹਿਂਦੇ ਸਨ. ਇਸ ਦਾ ਪੁਰਾਣਾ ਨਾਮ ਅਜੋਧਨ ਹੈ. ਸਤਿਗੁਰੂ ਨਾਨਕਦੇਵ ਜੀ ਇੱਥੇ ਪਧਾਰੇ ਹਨ. ਸ਼ਹਿਰ ਤੋਂ ਪੱਛਮ ਚਾਰ ਮੀਲ ਪੁਰ “ਨਾਨਕਸਰ” ਗੁਰਦ੍ਵਾਰਾ ਹੈ. ਰੇਲਵੇ ਸਟੇਸ਼ਨ ਖਾਸ ਪਾਕਪਟਨ ਹੈ. ਗੁਰਦ੍ਵਾਰੇ ਪਾਸ ਰਹਿਣ ਲਈ ਮਕਾਨ ਹਨ ਅਤੇ ਨਾਲ ਅੱਠ ਘੁਮਾਉਂ ਜ਼ਮੀਨ ਹੈ, ਪੁਜਾਰੀ ਸਿੰਘ ਹਨ. ਕੱਤਕ ਸੁਦੀ ਪੂਰਨਮਾਸੀ ਨੂੰ ਮੇਲਾ ਹੁੰਦਾ ਹੈ.
ਸ਼ਹਿਰ ਤੋਂ ਉੱਤਰ ਇੱਕ ਵੱਡਾ ਪ੍ਰਸਿੱਧ ਉਦਾਸੀ ਸਾਧੂਆਂ ਦਾ ਡੇਰਾ ਹੈ, ਜਿਸ ਨਾਲ ਹਜ਼ਾਰਾਂ ਘੁਮਾਉਂ ਜ਼ਮੀਨ ਹੈ. ਆਲੀਸ਼ਾਨ ਇ਼ਮਾਰਤਾਂ ਬਣੀਆਂ ਹੋਈਆਂ ਹਨ. ਲੰਗਰ ਦਾ ਪ੍ਰਬੰਧ ਉੱਤਮ ਹੈ. ਦੇਖੋ, ਫ਼ਰੀਦ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3514, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਾਕਪਟਨ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪਾਕਪਟਨ (ਨਗਰ): ਪੱਛਮੀ ਪੰਜਾਬ ਦੇ ਸਾਹੀਵਾਲ (ਮੰਟਗੁਮਰੀ) ਜ਼ਿਲ੍ਹੇ ਦਾ ਇਕ ਨਗਰ ਜਿਥੇ ਬਾਬਾ ਫ਼ਰੀਦ ਸ਼ਕਰਗੰਜ ਰਹਿੰਦੇ ਰਹੇ। ਬਾਬਾ ਫ਼ਰੀਦ ਜੀ ਦਾ ਦੇਹਾਂਤ ਇਸੇ ਨਗਰ ਵਿਚ ਹੋਇਆ। ਇਸ ਦਾ ਪੁਰਾਣਾ ਨਾਂ ‘ਅਜੋਧਨ’ ਸੀ। ਗੁਰੂ ਨਾਨਕ ਦੇਵ ਜੀ ਆਪਣੀ ਇਕ ਉਦਾਸੀ ਦੌਰਾਨ ਇਥੇ ਆਏ ਸਨ ਅਤੇ ਬਾਬਾ ਫਰੀਦ ਦੀ ਗੱਦੀ ਉਤੇ ਬੈਠੇ ਫ਼ਰੀਦ ਸਾਨੀ ਨਾਲ ਉਨ੍ਹਾਂ ਦੀ ਗੋਸਟਿ ਹੋਈ ਸੀ। ਗੁਰੂ ਨਾਨਕ ਦੇਵ ਜੀ ਦੀ ਠਹਿਰ ਵਾਲੀ ਥਾਂ ਉਪਰ, ਜੋ ਇਸ ਨਗਰ ਤੋਂ ਲਗਭਗ ਛੇ ਕਿ.ਮੀ. ਦੀ ਵਿਥ ਉਤੇ ਪੱਛਮ ਵਲ ਹੈ, ‘ਗੁਰਦੁਆਰਾ ਨਾਨਕਸਰ’ ਬਣਿਆ ਹੋਇਆ ਸੀ, ਜੋ ਪੰਜਾਬ ਦੀ ਵੰਡ ਤੋਂ ਬਾਦ ਪਾਕਿਸਤਾਨ ਵਿਚ ਰਹਿ ਗਿਆ ਹੈ। ਉਸ ਗੁਰੂ-ਧਾਮ’ਤੇ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਬੜੇ ਉਤਸਾਹ ਨਾਲ ਮੰਨਾਇਆ ਜਾਂਦਾ ਸੀ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਪਾਕਪਟਨ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਪਾਕਪਟਨ : ਪੱਛਮੀ ਪੰਜਾਬ (ਪਾਕਿਸਤਾਨ) ਦੇ ਮਿੰਟਗੁਮਰੀ ਜ਼ਿਲ੍ਹੇ ਦਾ ਇਕ ਪ੍ਰਸਿੱਧ ਧਾਰਮਿਕ ਸ਼ਹਿਰ ਹੈ ਜਿਹੜਾ ਮਿੰਟਗੁਮਰੀ ਤੋਂ 47 ਕਿ.ਮੀ. (29 ਮੀਲ) ਦੱਖਣ-ਪੂਰਬ ਵੱਲ ਵਾਕਿਆ ਹੈ। ਇਸ ਦਾ ਨਾਂ ਪਹਿਲਾਂ ਅਜੋਧਨ ਸੀ ਜੋ ਯੌਧੇਆ ਕਬੀਲੇ (ਅਜੋਕੇ ਜੋਹੀਆ ਕਬੀਲੇ) ਦੇ ਨਾਂ ਤੇ ਪਿਆ। ਇਸ ਸਥਾਨ ਦੀ ਮਹੱਤਤਾ ਬਹੁਤ ਦੇਰ ਤੋਂ ਸੀ ਕਿਉਂਕਿ ਦੋ ਪ੍ਰਸਿੱਧ ਸਥਾਨਾਂ ਡੇਰਾ ਗ਼ਾਜ਼ੀ ਖ਼ਾਨ ਅਤੇ ਡੇਰਾ ਇਸਮਾਈਲ ਖ਼ਾਨ ਨੂੰ ਮਿਲਾਉਣ ਵਾਲੀਆਂ ਸੜਕਾਂ ਦਾ ਇਸ ਥਾਂ ਤੇ ਸੰਗਮ ਹੈ। ਇਸ ਥਾਂ ਤੇ ਸਤਲੁਜ ਦਰਿਆ ਵਿਚ ਬੇੜੀਆਂ ਦੀ ਵਰਤੋਂ ਕੀਤੀ ਜਾਂਦੀ ਸੀ– ਸਾਮਾਨ ਆਦਿ ਵਸਤਾਂ ਸਤਲੁਜ ਦੇ ਇਕ ਕੰਢੇ ਤੋਂ ਬੇੜੀ ਰਾਹੀਂ ਦੂਜੇ ਕੰਢੇ ਪਹੁੰਚਾਈਆਂ ਜਾਂਦੀਆਂ ਸਨ। ਇਥੇ ਇਕ ਪੁਰਾਣਾ ਪ੍ਰਸਿੱਧ ਕਿਲਾ ਹੈ ਜੋ ਹੁਣ ਥੇਹ ਦੇ ਰੂਪ ਵਿਚ ਹੈ। ਇਸ ਕਿਲੇ ਨੂੰ 977-78 ਈ. ਵਿਚ ਸੁਬੁਕਤਗ਼ੀਨ ਨੇ ਫ਼ਤਹਿ ਕੀਤਾ ਅਤੇ 1079-80 ਈ. ਵਿਚ ਇਬਰਾਹੀਮ ਗਜ਼ਨੀ ਨੇ ਜਿੱਤਿਆ।
ਇਸ ਕਸਬੇ ਦਾ ਅਜੋਕਾ ਨਾਂ 'ਪਾਕਪਟਨ', ਪ੍ਰਸਿੱਧ ਮੁਸਲਮਾਨ ਫ਼ਕੀਰ ਬਾਬਾ ਫ਼ਰੀਦ ਜੀ ਦੇ ਇਥੇ ਨਿਵਾਸ ਕਰਨ ਕਾਰਨ ਪਿਆ। ਫ਼ਰੀਦ ਜੀ ਆਪਣੀ ਉਮਰ ਦਾ ਵਧੇਰੇ ਸਮਾਂ ਇਥੇ ਰਹੇ ਅਤੇ 1266 ਈ. ਵਿਚ ਇਥੇ ਹੀ ਉਨ੍ਹਾਂ ਦੀ ਮੌਤ ਹੋ ਗਈ। ਇਥੇ ਜੋ ਮਸਜਿਦ ਬਣੀ ਹੋਈ ਹੈ ਉਸ ਨੂੰ ਸਾਰੇ ਮੁਸਲਮਾਨ ਪੂਜਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਦੀਵਾਨ ਬਦਰੁੱਦੀਨ ਸੁਲੇਮਾਨ ਗੱਦੀ ਉੱਪਰ ਬੈਠਿਆ। ਪ੍ਰਸਿੱਧ ਅਰਬੀ ਯਾਤਰੀ ਇਬਨ ਬਤੂਤਾ ਵੀ 1334 ਈ. ਵਿਚ ਇਸ ਥਾਂ ਆਇਆ ਅਤੇ ਉਸ ਨੇ ਆਪਣੀਆਂ ਲਿਖਤਾਂ ਵਿਚ ਇਥੋਂ ਦਾ ਜ਼ਿਕਰ ਕੀਤਾ।
ਇਤਿਹਾਸਕਾਰਾਂ ਅਨੁਸਾਰ ਖੋਖਰ ਸਰਦਾਰ ਸ਼ੇਖਾ ਨੇ 1394 ਈ. ਵਿਚ ਕਸਬੇ ਨੂੰ ਫ਼ਤਹਿ ਕੀਤਾ ਅਤੇ 1398 ਈ. ਵਿਚ ਇਥੇ ਤੈਮੂਰ ਨੇ ਵੀ ਹਮਲਾ ਕੀਤਾ। ਤੈਮੂਰ ਨੇ ਫ਼ਰੀਦ ਜੀ ਦੀ ਮਸਜਿਦ ਕਾਰਨ ਇਥੇ ਵਸਦੇ ਲੋਕਾਂ ਦਾ ਸਤਿਕਾਰ ਕੀਤਾ ਅਤੇ ਉਨ੍ਹਾਂ ਉੱਪਰ ਕੋਈ ਜ਼ੁਲਮ ਨਹੀਂ ਕੀਤਾ। ਖਿਜ਼ਰ ਖ਼ਾਨ ਨੇ ਵੀ 1401 ਅਤੇ 1405 ਈ. ਵਿਚ ਇਸ ਥਾਂ ਦੋ ਲੜਾਈਆਂ ਜਿੱਤੀਆਂ। ਬਾਬਾ ਫ਼ਰੀਦ ਜੀ ਦੀ ਮਸਜਿਦ ਉੱਤੇ ਅਫ਼ਗਾਨਿਸਤਾਨ ਅਤੇ ਕੇਂਦਰੀ ਏਸ਼ੀਆ ਤੋਂ ਵੀ ਸ਼ਰਧਾਲੂ ਆਉਂਦੇ ਹਨ। ਮੁਹੱਰਮ ਦੇ ਮੌਕੇ ਇਥੇ ਬਹੁਤ ਇਕੱਠ ਹੁੰਦਾ ਹੈ।
ਸੰਨ 1867 ਵਿਚ ਇਥੇ ਮਿਉਂਸਪਲ ਕਮੇਟੀ ਸਥਾਪਤ ਕੀਤੀ ਗਈ। ਇਹ ਸਥਾਨ ਇਕ ਉੱਘਾ ਵਪਾਰਕ ਕੇਂਦਰ ਵੀ ਹੈ ਇਥੇ ਕਪਾਹ, ਦਾਲਾਂ, ਗੁੜ, ਚੀਨੀ ਅਤੇ ਫਲਾਂ ਆਦਿ ਦਾ ਵਾਪਾਰ ਹੁੰਦਾ ਹੈ। ਇਥੋਂ ਦੀਆਂ ਸਿਲਕ ਦੀਆਂ ਲੁੰਗੀਆਂ ਅਤੇ ਲਾਖ ਦਾ ਬਣਿਆ ਸਮਾਨ ਬਹੁਤ ਪ੍ਰਸਿੱਧ ਹੈ।
ਇਥੇ ਗੁਰੂ ਨਾਨਕ ਦੇਵ ਜੀ ਵੀ ਆਏ ਸਨ ਅਤੇ ਉਨ੍ਹਾਂ ਦੀ ਯਾਦ ਵਿਚ ਇਕ ਗੁਰਦੁਆਰਾ ਨਾਨਕਸਰ ਬਣਿਆ ਹੋਇਆ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2128, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-16-02-42-41, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ. 19 : 332 ; ਮ. ਕੋ. : 759. 811
ਵਿਚਾਰ / ਸੁਝਾਅ
Please Login First