ਪਾਹੁਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਹੁਲ  ਸੰਗ੍ਯਾ—ਪਾਹ-ਜਲ. ਆਦਮੀ ਨੂੰ ਪਾਹ (ਪਾਣ) ਚੜ੍ਹਾਉਣ ਵਾਲਾ ਧਰਮਮੰਤ੍ਰ ਨਾਲ ਤਿਆਰ ਕੀਤਾ ਜਲ.2 “ਪਾਹੁਰ ਜਾਨ ਗ੍ਰਿਹਹਿ ਲੈ ਆਏ.” (ਵਿਚਿਤ੍ਰ) ੨ ਖੰਡੇ ਦਾ ਅਮ੍ਰਿਤ. “ਪੀਓ ਪਾਹੁਲ ਖੰਡਧਾਰ.” (ਗੁਰਦਾਸ ਕਵਿ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7110, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਾਹੁਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਾਹੁਲ: ਵੇਖੋ ‘ਅੰਮ੍ਰਿਤ ’ (ਪਾਹੁਲ)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7090, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਪਾਹੁਲ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਪਾਹੁਲ : ਪਾਦਜਲ ਤੋਂ ਬਣਿਆ ਸ਼ਬਦ ਜਿਸ ਦਾ ਅਰਥ ਚਰਣਾਮ੍ਰਿਤ ਜਾਂ ਚਰਣੋਦਕ ਹੈ ਭਾਵ ਉਹ ਜਲ ਜਿਸ ਨਾਲ ਗੁਰੂ ਦੇ ਪੈਰ ਧੋਤੇ ਜਾਣ। ਮਹਾਨ ਕੋਸ਼ ਅਨੁਸਾਰ ਇਹ ਆਦਮੀ ਨੂੰ ਪਾਹ (ਪਾਣ) ਚੜ੍ਹਾਉਣ ਵਾਲਾ, ਧਰਮ ਮੰਤ੍ਰ ਨਾਲ ਤਿਆਰ ਕੀਤਾ ਜਲ ਹੈ।

          ਚਰਣਾਮ੍ਰਿਤ ਦੀ ਪਰੰਪਰਾ ਬਹੁਤ ਪੁਰਾਣੀ ਹੈ–

          ‘ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤ ਸਿਖਾਂ ਪਿਲਾਇਆ।’

(ਭਾਈ ਗੁਰਦਾਸ ਜੀ)

ਸੰਨ 1699 ਵਿਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਕੇਸਗੜ੍ਹ  ਸਾਹਿਬ ਦੇ ਸਥਾਨ ਤੇ ਖੰਡੇ ਦਾ ਅੰਮ੍ਰਿਤ ਤਿਆਰ ਕਰ ਕੇ ਸਿੱਖਾਂ ਨੂੰ ਛਕਾਇਆ ਅਤੇ ਖਾਲਸਾ ਪੰਥ ਦੀ ਸਾਜਨਾ ਕੀਤੀ। ਭਾਈ ਗੁਰਦਾਸ ਜੀ (ਦੂਜੇ) ਨੇ ਇਸ ਨੂੰ ਪਾਹੁਲ ਲਿਖਿਆ ਹੈ–

          'ਪੀਓ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ।

          ਰਹਿਤਨਾਮੇ ਅਨੁਸਾਰ-

          ਪ੍ਰਥਮ ਰਹਿਤ ਯਹਿ ਜਾਨ ਖੰਡੇ ਕੀ ਪਾਹੁਲ ਛਕੈ।

          ਸੋਈ ਸਿੰਘ ਪ੍ਰਧਾਨ ਅਵਰ ਨ ਪਾਹੁਲ ਜੋ ਲਏ।

ਖੰਡੇ ਦੀ ਪਾਹੁਲ ਛਕਣ ਨਾਲ ਸਿੱਖ ਅਮਰ ਹੋ ਜਾਂਦਾ ਹੈ ਕਿਉਂਕਿ ਇਸ ਦਾ ਜਲ ਨਿਰਮਲਤਾ ਦਾ ਪ੍ਰਤੀਕ ਹੈ, ਪਤਾਸੇ (ਮਿਠਾਸ) ਪ੍ਰੇਮ ਦੇ ਸੂਚਕ ਅਤੇ ਖੰਡੇ ਦੀ ਛੁਹ ਸ਼ਕਤੀ ਦੀ ਸੰਚਾਰਕ ਹੈ। ਇਹ ਉਹ ਦਵਾਈ ਹੈ ਜਿਹੜੀ ਨਿਰਮਲਤਾ ਦੇ ਧਰਾਤਲ ਤੇ ਬਣ ਕੇ ਕਮਜ਼ੋਰਾਂ ਨੂੰ ਬਲਵਾਨ ਬਣਾਉਂਦੀ ਹੈ ਅਤੇ ਪਰਸਪਰ ਪ੍ਰੇਮ ਭਾਵ ਦਾ ਸੰਚਾਰ ਕਰ ਕੇ ਵੈਰ ਵਿਰੋਧ ਦੇ ਰੋਗ ਨੂੰ ਦੂਰ ਕਰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਰਾਹੀਂ ਨਿਤਾਣੀ ਹੋ ਚੁੱਕੀ ਜਨਤਾ ਵਿਚ ਇੰਨਾ ਜ਼ੋਰ ਭਰ ਦਿੱਤਾ ਕਿ ਇਕ ਇਕ ਸਿੰਘ ਲੱਖਾਂ ਉੱਤੇ ਭਾਰੂ ਹੋਇਆ–

          'ਚਿੜੀਓਂ ਸੇ ਮੈਂ ਬਾਜ ਤੁੜਾਊਂ।

          ਸਵਾ ਲਾਖ ਸੇ ਏਕ ਲੜਾਊਂ।

          ਤਬੈ ਗੋਬਿੰਦ ਸਿੰਘ ਨਾਮ ਕਹਾਊਂ।'

ਖੰਡੇ ਦੀ ਪਾਹੁਲ ਸਮੁੱਚੀ ਸ਼ਖ਼ਸੀਅਤ ਵਿਚ ਪਰਿਵਰਤਨ ਲਿਆਉਂਦੀ ਹੈ। ਇਹ ਜੀਵ ਨੂੰ ਸਮਦ੍ਰਿਸ਼ਟਾ ਬਣਾ ਦਿੰਦੀ ਹੈ ਅਰਥਾਤ ਉਹ ਜਾਤ-ਪਾਤ, ਨਸਲ, ਰੰਗ, ਅਮੀਰ-ਗਰੀਬ, ਊਚ-ਨੀਚ, ਦੇਸ਼ ਰਾਸ਼ਟਰ ਦੇ ਭੇਦ ਭਾਵ ਤੋਂ ਉੱਚਾ ਉਠ ਜਾਂਦਾ ਹੈ। ਪੰਜ ਤੱਤਾਂ ਦੇ ਇਸ ਸਰੀਰ ਤੋਂ ਉਸ ਦਾ ਮੋਹ ਟੁੱਟ ਜਾਂਦਾ ਹੈ ਅਤੇ ਉਹ ਆਪਣੇ ਅੰਦਰ ਬੈਠੀ ਪ੍ਰਮਾਤਮਾ ਦੀ ਅੰਸ਼ 'ਆਤਮਾ ਨੂੰ ਪਛਾਣ ਲੈਂਦਾ ਹੈ–

          ਜਾਗਤ ਜੋਤਿ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੇ॥

          ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ॥

          ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ॥

          ਪੂਰਨ ਜੋਤ ਜਗੈ ਘਟ ਮੈ ਤਬ ਖ਼ਾਲਸ ਤਾਹਿ ਨਖ਼ਾਲਸ ਜਾਨੈ॥

          ਹਰ ਸਿੱਖ ਲਈ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ–

          ਕੇਸ ਧਰੇ ਪਾਹੁਲ ਬਿਨਾ ਭੇਖੀ ਮੂਰਖ ਸਿਖ ॥

          ਗੁਰ ਬਿਲਾਸ ਪਾਤਸ਼ਾਹੀ ਦਸਵੀਂ ਅਨੁਸਾਰ :–

          ਬਿਨਾ ਸਸਤ੍ਰ ਕੇਸੰ ਨਰੰ ਭੇਡ ਜਾਨੋ।

          ਗਹੈ ਕਾਨ ਤਾਂ ਕੋ ਕਿਤੈ ਲੈ ਸਿਧਾਨੋ।

          ਇਹੈ ਮੋਰ ਆਗਿਆ ਸੁਨੋ ਹੇ ਪਿਆਰੋ।

          ਬਿਨਾ ਤੇਗ ਕੇਸੰ ਦਿਵੋ ਨ ਦੀਦਾਰੇ।

ਪੁਰਾਤਨ ਜਨਮਸਾਖੀ ਵਿਚ ਵੀ ਪਾਹੁਲ ਸਬੰਧੀ ਹਵਾਲਾ ਮਿਲਦਾ ਹੈ। ਸੰਤਾਲੀਵੀਂ ਸਾਖੀ ਵਿਚ ਗੁਰੂ ਨਾਨਕ ਦੇਵ ਜੀ ਦੇ ਹੁਕਮ ਅਨੁਸਾਰ ਰਾਜਾ ਸ਼ਿਵਨਾਭ ਨੂੰ ਸੈਦੋ ਘੇਹੋ ਦੁਆਰਾ ਪਾਹੁਲ ਦੇਣ ਬਾਰੇ ਲਿਖਿਆ ਹੈ–

'ਪਰ ਜਾ ਅਖੀ ਖੋਲਨ ਤਾਂ ਗੁਰੂ ਬਾਬਾ ਨਾਹੀ। ਤਬ ਰਾਜਾ ਬਿਆਕੁਲ ਹੋਇ ਗਾਇਆ। ਉਦਿਆਨ ਪਕੜਿਆਸੂ। ਪੈਰਾਂ ਤੇ ਉਬਾਹਣਾ, ਸਿਰ ਤੇ ਨੰਗਾ ਗੁਰੂ ਗੁਰੂ ਕਰਦਾ ਫਿਰੈ। ਤਬ ਬਾਰਹ ਮਹੀਨਿਆਂ ਪਿਛੋਂ ਆਇ ਦਰਸ਼ਨ ਦਿਤੋਸੁ। ਚਰਨੀ ਲਾਇਓਸੁ। ਜਨਮ ਮਰਣੁ ਰਾਜੇ ਸਿਉਨਾਭਿ ਕਾ ਕਟਿਆ ; ਸਿਖ ਹੋਆ। ਸੈਦੋ ਜਟਿ ਜਾਤਿ ਘੇਹੋ ਪਾਹੁਲਿ ਹੁਕਮ ਨਾਲਿ ਦਿਤੀ ਸਾਰਾ ਸਿੰਘਲਾਦੀਪ ਸਿਖ ਹੋਆ, ਗੁਰੂ ਗੁਰੂ ਲਾਗਾ ਜਪਣਿ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3534, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-16-10-03-52, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ., ਗੁ. ਬਿ. ਪਾ. ਦਸਵੀ. ਦਸਮ ਗ੍ਰੰਥ ਸਟੀਕ -ਗਿਆਨੀ ਨਰਿੰਜਨ ਸਿੰਘ ; ਪੰ. ਲੋ. ਵਿ. ਕੋ. : ਪੰ. ਸਾ. ਸੰ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.