ਪਿੰਡ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪਿੰਡ: ਖੇਤੀ ਨਾਲ ਸੰਬੰਧਿਤ ਸਮਾਜਾਂ ਦੀ ਸਭ ਤੋਂ ਮਹੱਤਵਪੂਰਨ ਇਕਾਈ ਪਿੰਡ ਹਨ। ਪਿੰਡ ਆਪਣੇ-ਆਪ ਵਿੱਚ ਇੱਕ ਸੰਪੂਰਨ ਸੰਸਥਾ ਹੁੰਦੀ ਹੈ। ਸੰਪੂਰਨ ਤੋਂ ਭਾਵ, ਪਿੰਡ ਮਨੁੱਖ ਦੇ ਜੀਵਨ ਨਾਲ ਸੰਬੰਧਿਤ ਸਾਰੀਆਂ ਲੋੜਾਂ, ਸਮੱਸਿਆਵਾਂ, ਰਹੁ-ਰੀਤਾਂ ਅਤੇ ਕਾਰਜ-ਵਿਹਾਰ ਪੂਰੇ ਕਰਨ ਲਈ ਆਪਣੇ-ਆਪ ਵਿੱਚ ਸਮਰੱਥ ਹੁੰਦਾ ਹੈ। ਕੋਈ ਵੀ ਪਿੰਡ ਸਹਿਜ-ਸੁਭਾਅ ਜਾਂ ਅਚੇਤਨ ਨਹੀਂ ਵੱਸਦਾ ਸਗੋਂ ਇਸ ਦੇ ਨਾਮਕਰਨ ਤੋਂ ਲੈ ਕੇ, ਪਿੰਡ ਵਸਾਉਣ ਲਈ ਕੀਤੀ ਗਈ ਭੋਂ ਦੀ ਚੋਣ, ਆਪਣੇ-ਆਪ ਵਿੱਚ ਵਿਸ਼ੇਸ਼ ਮਹੱਤਵ ਰੱਖਦੀ ਹੈ। ਵਿਅਕਤੀ ਦੀ ਪਿੰਡ ਵਿੱਚ, ਉਸ ਦੇ ਕਿੱਤੇ, ਗਿਆਨ ਜਾਂ ਮਲਕੀਅਤ ਕਾਰਨ ਕੀ ਹੈਸੀਅਤ ਹੈ ? ਇਹ ਵੀ ਨਿਰਧਾਰਿਤ ਹੁੰਦਾ ਹੈ। ਭਾਵੇਂ ਪਿੰਡ ਦਾ ਕੋਈ ਵਿਸ਼ੇਸ਼ ਸੰਵਿਧਾਨ ਨਹੀਂ ਹੁੰਦਾ ਪਰੰਤੂ ਉੱਥੇ ਵਾਪਰਨ ਵਾਲਾ ਹਰ ਕਾਰਜ ਕਿਸੇ ਨਾ ਕਿਸੇ ਵਿਧਾਨ ਅਨੁਸਾਰ ਹੀ ਚੱਲਦਾ ਹੈ।
ਪਿੰਡ ਬੰਨ੍ਹਣ ਵੇਲੇ ਬਹੁਤ ਸਾਰੇ ਪ੍ਰਕਿਰਤਿਕ, ਸਮਾਜਿਕ ਅਤੇ ਆਰਥਿਕ ਵਰਤਾਰਿਆਂ ਦਾ ਵਿਸ਼ੇਸ਼ ਰੂਪ ਵਿੱਚ ਧਿਆਨ ਰੱਖਿਆ ਜਾਂਦਾ ਹੈ। ਜਿਵੇਂ ਪਾਣੀ, ਉਪਜਾਊ, ਭੋਂ, ਜੋ ਸਧਾਰਨ ਭੂਮੀ ਤੋਂ ਉੱਚੇ ਸਥਾਨ ਤੇ ਹੋਵੇ ਅਤੇ ਪਿੰਡ ਦੇ ਰਸਤੇ ਹੋਰ ਪਿੰਡਾਂ ਨਾਲ ਜੁੜਦੇ ਹੋਣ। ਪਿੰਡ, ਸ਼ਹਿਰਾਂ ਵਾਂਗ ਗਲੀਆਂ ਅਤੇ ਚਕੋਰ ਪਲਾਟ ਵਿਉਂਤ ਕੇ ਨਹੀਂ ਵਸਾਇਆ ਜਾਂਦਾ ਸਗੋਂ ਇੱਕ ਵਿਅਕਤੀ ਜਾਂ ਕੁਝ ਵਿਅਕਤੀਆਂ ਦਾ ਸਮੂਹ ਇਸ ਦਾ ਮੁੱਢ ਬੰਨ੍ਹਦਾ ਹੈ, ਜੋ ਹੌਲੀ-ਹੌਲੀ ਵਿਕਾਸ ਕਰਦਾ ਹੋਇਆ ਆਪਣਾ ਪੂਰਨ ਸੰਸਾਰ ਸਿਰਜ ਲੈਂਦਾ ਹੈ। ਨਵੇਂ ਪਿੰਡ ਨੂੰ ਵਸਾਉਣ ਦੀ ਰਸਮ ਨੂੰ ਮੋਹੜੀ ਗੱਡਣਾ ਕਿਹਾ ਜਾਂਦਾ ਹੈ। ਹਰ ਪਿੰਡ ਦੀ ਭੋਂ ਦੀ ਮਲਕੀਅਤ ਅਨੁਸਾਰ ਉਸ ਪਿੰਡ ਦੀ ਸੀਮਾ ਰੇਖਾ ਜਾਂ ਹੱਦ ਹੁੰਦੀ ਹੈ। ਪਿੰਡ ਦਾ ਆਕਾਰ, ਪ੍ਰਾਪਤ ਭੋਂ ਅਤੇ ਪ੍ਰਕਿਰਤਿਕ ਸਾਧਨਾਂ ਉਪਰ ਨਿਰਭਰ ਕਰਦਾ ਹੈ। ਇਸ ਦੀ ਕੋਈ ਨਿਸ਼ਚਿਤ ਸੀਮਾ ਨਹੀਂ ਹੁੰਦੀ।
ਮੁੱਢ ਵਿੱਚ ਹੀ ਪਿੰਡ ਦਾ ਨਾਮਕਰਨ ਕੀਤਾ ਜਾਂਦਾ ਹੈ। ਇਹ ਕਿਸੇ ਵਿਸ਼ੇਸ਼ ਵਿਅਕਤੀ, ਗੁਣ, ਜਾਤ ਜਾਂ ਸਥਾਨ ’ਤੇ ਆਧਾਰਿਤ ਹੁੰਦਾ ਹੈ। ਜਿਵੇਂ ਕਿਸ਼ਨ ਸਿੰਘ ਦੇ ਨਾਂ ਤੇ ‘ਕਿਸ਼ਨਗੜ੍ਹ’, ਅਤਰ ਸਿੰਘ ਦੇ ਨਾਂ ’ਤੇ ‘ਚੱਕ ਅਤਰ ਸਿੰਘ ਵਾਲਾ’ ਅਤੇ ਸੁਰ ਸਿੰਘ ਦੇ ਨਾਂ ਉਪਰ ‘ਸੁਰ ਸਿੰਘ ਵਾਲਾ’ ਨਾਂ ਰੱਖ ਦਿੱਤਾ ਜਾਂਦਾ ਹੈ। ਵਿਸ਼ੇਸ਼ ਗੁਣ ਦੇ ਆਧਾਰ ’ਤੇ ਵੀ ਪਿੰਡ ਦਾ ਨਾਮਕਰਨ ਕੀਤਾ ਜਾਂਦਾ ਹੈ ਜਿਵੇਂ ਦਾਨ ਕਰਨ ਵਾਲੇ ਵਿਅਕਤੀਆਂ ਦੇ ਪਿੰਡ ਨੂੰ ‘ਦਾਨਿਆਂਵਾਲੀ’, ਭੁੱਖ ਦਿਖਾਉਣ ਵਾਲੇ ਪਿੰਡ ਨੂੰ ‘ਭੁੱਖਿਆਂਵਾਲੀ’, ਜਿਸ ਪਿੰਡ ਵਿੱਚ ਪਹਿਲਵਾਨ (ਮੱਲ) ਜ਼ਿਆਦਾ ਹੋਣ ਉਸ ਦਾ ਨਾਂ ‘ਮੱਲਵਾਲਾ’ ਰੱਖ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਇਲਾਕੇ ਦੇ ਪਸ਼ੂਆਂ ਦੀ ਗਿਣਤੀ ਦੇ ਆਧਾਰ ਉਪਰ ਵੀ ਪਿੰਡਾਂ ਦੇ ਨਾਂ ਮਿਲਦੇ ਹਨ, ਜਿਵੇਂ ‘ਕੱਟਿਆਂਵਾਲੀ’ ਜਾਂ ‘ਕੁੱਤਿਆਂਵਾਲੀ’ ਆਦਿ। ਕੁਝ ਪਿੰਡਾਂ ਦੇ ਜਾਤੀ ਦੇ ਆਧਾਰ ਉਪਰ ਵੀ ਨਾਮਕਰਨ ਕੀਤੇ ਹੋਏ ਮਿਲਦੇ ਹਨ ਜਿਵੇਂ ‘ਤਰਖਾਣ ਵਾਲਾ’, ਲੋਹਾਰਾਂ ਅਤੇ ਨਾਈਆਂ ਦੀ ਵੱਧ ਗਿਣਤੀ ਵਾਲੇ ਪਿੰਡ ਨੂੰ ‘ਨਾਈਵਾਲੇ’ ਦੀ ਸੰਗਿਆ ਦਿੱਤੀ ਗਈ ਮਿਲਦੀ ਹੈ। ਕੁਝ ਪਿੰਡਾਂ ਦੇ ਨਾਂ ਖੇਤੀਕਾਰਾਂ ਦੇ ਗੋਤਾਂ ਦੇ ਨਾਂ ਉਪਰ ਵੀ ਰੱਖੇ ਜਾਂਦੇ ਹਨ। ਜਿਵੇਂ, ਜਿੱਥੇ ਮਾਨ ਗੋਤ ਦੇ ਵਸਨੀਕ ਜ਼ਿਆਦਾ ਹੋਣ ਤਾਂ ਪਿੰਡ ਦਾ ਨਾਂ ‘ਮਾਨਾਵਾਲਾ’ ਰੱਖ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਕਈ ਪਿੰਡਾਂ ਦੇ ਨਾਂ ਢਿਲਵਾਂ, ਮੌੜ ਜਾਂ ਗਿੱਲਪੱਤੀ ਬਣੇ ਹੋਏ ਹਨ। ਇਸ ਪ੍ਰਕਾਰ ਪਿੰਡ ਦਾ ਨਾਮਕਰਨ ਉਸ ਪਿੰਡ ਦੀ ਖ਼ਾਸ ਵਿਸ਼ੇਸ਼ਤਾ ਵੱਲ ਅਚੇਤ ਜਾਂ ਸੁਚੇਤ ਰੂਪ ਵਿੱਚ ਇਸ਼ਾਰਾ ਕਰਦਾ ਹੈ।
ਹਰ ਪਿੰਡ ਦੀ ਵਰਗ ਵੰਡ ਕੀਤੀ ਮਿਲਦੀ ਹੈ। ਪਿੰਡ ਦੇ ਵੱਖ-ਵੱਖ ਖੰਡ ਨਿਸ਼ਚਿਤ ਰੂਪ ਵਿੱਚ ਇੱਕ ਇਕਾਈ ਬਣਾਉਂਦੇ ਹਨ। ਪਿੰਡ ਨੂੰ ਸਭ ਤੋਂ ਪਹਿਲਾਂ ਪੱਤੀਆਂ ਵਿੱਚ ਵੰਡਿਆ ਜਾਂਦਾ ਹੈ ਜਿੱਥੇ ਵਿਸ਼ੇਸ਼ ਬਜ਼ੁਰਗ ਦੀ ਔਲਾਦ ਜਾਂ ਇੱਕੋ ਪਰਿਵਾਰ ਦਾ ਫੈਲਾਅ ਹੁੰਦਾ ਹੈ। ਜਿਵੇਂ ਕਾਲੂ ਕੀ ਪੱਤੀ, ਸੰਧੂ ਪੱਤੀ, ਮਾਨ ਪੱਤੀ ਆਦਿ। ਪੱਤੀਆਂ ਤੋਂ ਬਾਅਦ ਅਗਵਾੜ ਆਉਂਦੇ ਹਨ ਇੱਕ ਵੱਡੀ ਪੱਤੀ ਵਿੱਚ ਇੱਕ ਤੋਂ ਜ਼ਿਆਦਾ ਅਗਵਾੜ ਹੋ ਸਕਦੇ ਹਨ ਜੋ ਗਲੀਆਂ ਰਾਹੀਂ ਇੱਕ ਦੂਜੇ ਨਾਲ ਜੁੜੇ ਹੁੰਦੇ ਹਨ। ਹਰ ਅਗਵਾੜ ਦੀ ਇੱਕ ਸੱਥ ਹੁੰਦੀ ਹੈ ਜੋ ਪਿੰਡ ਦੀ ਵਿਸ਼ੇਸ਼ ਪੱਤੀ ਵਿੱਚ ਸਵੇਰੇ, ਸ਼ਾਮ ਜਾਂ ਕੰਮ ਤੋਂ ਵਿਹਲੇ ਸਮੇਂ ਬੈਠਣ ਦਾ, ਸਾਂਝਾ ਕੇਂਦਰ ਹੁੰਦਾ ਹੈ। ਸੱਥ ਲਈ ਕੋਈ ਵਿਸ਼ੇਸ਼ ਥਾਂ ਨਿਸ਼ਚਿਤ ਨਹੀਂ ਹੁੰਦੀ। ਇਹ ਕਿਸੇ ਟਾਹਲੀ, ਬੋਹੜ, ਤੂਤ ਜਾਂ ਕਿੱਕਰ ਥੱਲੇ ਵੀ ਹੋ ਸਕਦੀ ਹੈ। ਪਿੰਡ ਵਿੱਚ ਸੱਥ ਇੱਕ ਅਜਿਹੀ ਸਾਂਝੀ ਥਾਂ ਹੁੰਦੀ ਹੈ ਜਿੱਥੇ ਪਿੰਡ ਵਿੱਚ ਵਾਪਰਨ ਵਾਲੀ ਹਰ ਚੰਗੀ-ਮੰਦੀ ਗੱਲ ਦੀ ਚਰਚਾ ਹੁੰਦੀ ਰਹਿੰਦੀ ਹੈ ਅਤੇ ਤਾਸ਼ ਆਦਿ ਖੇਡੀ ਜਾਂਦੀ ਹੈ। ਇੱਥੇ ਸਿਆਣਿਆਂ ਵੱਲੋਂ ਦਰਸਾਈ ਸਿਆਣਪ ਦੀ ਇੱਜ਼ਤ ਕੀਤੀ ਜਾਂਦੀ ਹੈ। ਨੈਤਿਕ ਦਬਾਅ ਹੀ ਵਿਅਕਤੀਆਂ ਨੂੰ ਸਜ਼ਾ ਦਿੰਦਾ ਹੈ। ਸਾਰਾ ਪਿੰਡ ਪੱਤੀਆਂ, ਅਗਵਾੜਾਂ, ਸੱਥਾਂ ਅਤੇ ਗਲੀਆਂ ਰਾਹੀਂ ਇੱਕ ਦੂਸਰੇ ਨਾਲ ਜੁੜਿਆ ਹੁੰਦਾ ਹੈ।
ਹਰ ਪਿੰਡ ਦੀ ਬਣਤਰ ਵਿੱਚ ਵੱਖ-ਵੱਖ ਕਿੱਤਿਆਂ ਨਾਲ ਸੰਬੰਧਿਤ ਵਿਅਕਤੀ ਜੋ ਖੇਤੀ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ, ਜੁੜੇ ਹੁੰਦੇ ਹਨ। ਜਿਵੇਂ ਲੱਕੜੀ ਦੇ ਸੰਦ ਬਣਾਉਣ ਲਈ ਤਰਖਾਣ, ਲੋਹੇ ਦੇ ਸੰਦਾਂ ਲਈ ਲੁਹਾਰ, ਉਸਾਰੀ ਲਈ ਰਾਜ ਮਿਸਤਰੀ, ਸੁਨੇਹੇ ਦੇਣ ਲਈ ਨਾਈ, ਜੁੱਤੀਆਂ ਬਣਾਉਣ ਲਈ ਚਮਿਆਰ, ਧਾਰਮਿਕ ਰਸਮਾਂ ਲਈ ਪੰਡਤ ਅਤੇ ਕੱਪੜਾ ਬੁਣਨ ਲਈ ਜੁਲਾਹੇ ਆਦਿ ਦੀ ਵਿਵਸਥਾ ਹੁੰਦੀ ਹੈ। ਇਹ ਸਾਰੇ ਕਿੱਤਾਕਾਰ ਸੰਪੂਰਨ ਪਿੰਡ ਦੀ ਇਕਾਈ ਦਾ ਮਹੱਤਵਪੂਰਨ ਭਾਗ ਹੁੰਦੇ ਹਨ। ਪਿੰਡ ਵਿੱਚ ਖੇਡਾਂ ਲਈ ਬਾਜੀਗਰ ਅਤੇ ਮਨਪਰਚਾਵੇ ਲਈ ਮਰਾਸੀ ਵੀ ਸੱਭਿਆਚਾਰਿਕ ਖੇਤਰ ਵਿੱਚ ਆਪਣਾ ਹਿੱਸਾ ਪਾਉਂਦੇ ਹਨ। ਅੰਗਰੇਜ਼ੀ ਸੰਦਾਂ ਦੇ ਆਉਣ ਤੋਂ ਪਹਿਲਾਂ ਇਹ ਸਾਰੇ ਵਿਅਕਤੀ ‘ਸੇਪੀ’ ਤੇ (ਦਾਣਿਆਂ ਦੇ ਇਵਜ਼ ਵਿੱਚ) ਕੰਮ ਕਰਦੇ ਹਨ। ‘ਸੇਪੀ’ ਤੋਂ ਭਾਵ ਛੇ ਮਹੀਨਿਆਂ ਪਿੱਛੋਂ ਫ਼ਸਲ ਆਉਣ ਤੇ ਪਿੰਡ ਦਾ ਹਰ ਵਿਅਕਤੀ ਇਹਨਾਂ ਨੂੰ ਆਪਣੇ ਭੋਂ ਦੇ ਹਿਸਾਬ ਨਾਲ ਫ਼ਸਲ ਵਿੱਚੋਂ ਕੁਝ ਹਿੱਸਾ ਦੇ ਦਿੰਦਾ ਸੀ। ਉਸ ਸਮੇਂ ਜ਼ਿਮੀਂਦਾਰਾਂ ਨਾਲ ਹਿੱਸੇ ’ਤੇ ਕੰਮ ਕਰਨ ਵਾਲੇ ਕਾਮਿਆਂ ਨੂੰ ‘ਸੀਰੀ’ ਕਿਹਾ ਜਾਂਦਾ ਸੀ, ਕਿਉਂਕਿ ਭੋਂ ਵਿੱਚੋਂ ਪੈਦਾ ਹੋਈ ਉਪਜ ਵਿੱਚ ਉਹਨਾਂ ਦਾ ਸੀਰ ਹੁੰਦਾ ਸੀ।
ਸਧਾਰਨ ਰੂਪ ਵਿੱਚ ਪਿੰਡ ਦੇ ਪੂਰਬ ਵਾਲੇ ਪਾਸੇ ਛੋਟੀਆਂ ਜਾਤੀਆਂ ਦੇ ਘਰ ਹੁੰਦੇ ਹਨ। ਉਹਨਾਂ ਦੇ ਨਾਲ ਜ਼ਰੂਰਤ ਅਨੁਸਾਰ ਬਾਕੀ ਜਾਤੀਆਂ ਦੇ ਘਰ ਵੀ ਆ ਜਾਂਦੇ ਹਨ। ਪਿੰਡ ਦੇ ਪੱਛਮ ਵਾਲੇ ਪਾਸੇ ਅਕਸਰ ਪਿੰਡ ਦੇ ਸਮਰੱਥਾ ਵਾਲੇ ਵਿਅਕਤੀਆਂ ਦੇ ਘਰ ਹੁੰਦੇ ਹਨ। ਇਹ ਸਾਰਾ ਪ੍ਰਬੰਧ ਪਿੰਡ ਦੀ ਫਿਰਨੀ (ਚੁਫੇਰੇ ਦੇ ਰਸਤੇ) ਅੰਦਰ ਹੁੰਦਾ ਹੈ, ਜਿਸ ਨੂੰ ਮਾਲ ਮਹਿਕਮੇ ਅਨੁਸਾਰ ‘ਲਾਲ ਲਕੀਰ’ ਕਿਹਾ ਜਾਂਦਾ ਹੈ। ਲਾਲ ਲਕੀਰ ਦੇ ਅੰਦਰ ਭੋਂ ਦੀ ਮਾਲਕੀ ਵਾਲੇ ਟੱਬਰ ਲਈ ਤਿੰਨ ਵਿਸ਼ੇਸ਼ ਸਥਾਨ ਹੁੰਦੇ ਹਨ। ਖੇਤੀ ਨਾਲ ਸੰਬੰਧਿਤ ਵਿਅਕਤੀ ਦਾ ਘਰ, ਪਸ਼ੂਆਂ ਲਈ ਬਾਹਰਲਾ ਵਾੜਾ ਅਤੇ ਲੱਕੜ ਬਾਲਣ ਜਾਂ ਪਸ਼ੂਆਂ ਦੇ ਗੋਹੇ ਲਈ ਪਿੰਡ ਦੀ ਫਿਰਨੀ ਉਪਰ ਰੂੜ੍ਹੀ ਅਤੇ ਗੋਹਾ ਪੱਥਣ ਲਈ ਥਾਂ ਹੁੰਦਾ ਹੈ। ਪਿੰਡ ਦੇ ਬਾਹਰਵਾਰ ਪਿੜ ਹੁੰਦੇ ਹਨ ਜਿੱਥੇ ਫ਼ਸਲ ਦੇ ਸਮੇਂ ਗਹਾਈ ਕੀਤੀ ਜਾਂਦੀ ਹੈ ਅਤੇ ਜਦੋਂ ਫ਼ਸਲ ਦਾ ਸਮਾਂ ਨਹੀਂ ਹੁੰਦਾ ਤਾਂ ਉਸ ਖ਼ਾਲੀ ਥਾਂ ਨੂੰ ਬਾਜੀ ਪਾਉਣ, ਕੁਸ਼ਤੀ ਕਰਨ, ਕੌਡੀ ਖੇਡਣ, ਗੁੱਲੀ ਡੰਡਾ ਖੇਡਣ, ਪੀਰ ਦਾ ਰੋਟ ਪਕਾਉਣ ਜਾਂ ਪਿੰਡ ਦੀਆਂ ਇਸਤਰੀਆਂ ਦੁਆਰਾ ਤੀਆਂ ਅਤੇ ਪੁਰਸ਼ਾਂ ਵੱਲੋਂ ਅਖਾੜਾ ਲਾਉਣ ਲਈ ਵਰਤ ਲਿਆ ਜਾਂਦਾ ਹੈ।
ਪਿੰਡ ਲਈ ਪਾਣੀ ਦੀਆਂ ਜ਼ਰੂਰਤਾਂ ਦੋ ਤਰ੍ਹਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਪਿੰਡ ਉੱਚੇ ਸਥਾਨ ’ਤੇ ਹੁੰਦਾ ਹੈ ਅਤੇ ਮੀਂਹ ਦਾ ਪਾਣੀ ਇਕੱਤਰ ਕਰਨ ਲਈ ਛੱਪੜ ਜਾਂ ਢਾਬ ਹੁੰਦੀ ਹੈ। ਜਿਸ ਵਿੱਚ ਤਕਰੀਬਨ ਸਾਰਾ ਸਾਲ ਪਾਣੀ ਜਮ੍ਹਾਂ ਰਹਿੰਦਾ ਹੈ। ਇਹਨਾਂ ਛੱਪੜਾਂ ਦਾ ਆਕਾਰ ਨਿਸ਼ਚਿਤ ਨਹੀਂ ਹੈ। ਪਿੰਡ ਦੇ ਪਸ਼ੂਆਂ ਨੂੰ ਨ੍ਹਾਉਣ, ਕੱਪੜੇ ਧੋਣ, ਪਾਣੀ ਵਿੱਚ ਲੱਕੜ ਸੁਕਾਉਣ ਅਤੇ ਘੱਟ ਪਾਣੀ ਰਹਿ ਜਾਣ ਦੀ ਸੂਰਤ ਵਿੱਚ ਸਣ ਦੱਬਣ ਲਈ ਛੱਪੜ ਜਾਂ ਢਾਬ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਗਰਮੀਆਂ ਵਿੱਚ ਛੱਪੜ ਦਾ ਪਾਣੀ ਸੁੱਕਣ ਲੱਗਦਾ ਹੈ ਤਾਂ ਇਸ ਦੇ ਗਾਰੇ ਵਿੱਚ ਤੂੜੀ ਅਤੇ ਗੂਣਾਂ ਰਲਾ ਕੇ ਪਿੰਡ ਦੇ ਕੱਚੇ ਘਰਾਂ ਦੀਆਂ ਕੰਧਾਂ ਅਤੇ ਛੱਤਾਂ ਲਿੱਪੀਆਂ-ਪੋਚੀਆਂ ਜਾਂਦੀਆਂ ਹਨ। ਜਦੋਂ ਛੱਪੜ ਸੁੱਕ ਜਾਂਦਾ ਹੈ ਤਾਂ ਉਸ ਦੇ ਤਲ ਦੀ ਚੀਕਣੀ ਮਿੱਟੀ ਵਿੱਚ ਤਰੇੜਾਂ ਪੈ ਕੇ ਡਲੇ ਬਣ ਜਾਂਦੇ ਹਨ। ਉਹਨਾਂ ਡਲਿਆਂ ਨੂੰ ਚੁੱਕ ਕੇ ਕੰਧਾਂ ਕੱਢਣ ਲਈ ਵਰਤ ਲਿਆ ਜਾਂਦਾ ਹੈ। ਪਿੰਡ ਦੀਆਂ ਕੰਧਾਂ ਤੋਂ ਮੀਂਹ ਨਾਲ ਖੁਰ ਕੇ ਆਇਆ ਰੇਤਾ-ਮਿੱਟੀ ਛੱਪੜ ਦੇ ਤਲ ਨੂੰ ਭਰ ਦਿੰਦਾ ਹੈ। ਗਾਰਾ ਅਤੇ ਡਲੇ ਕੱਢਣ ਨਾਲ ਉਸ ਦਾ ਤਲ ਫਿਰ ਡੂੰਘਾ ਹੋ ਜਾਂਦਾ ਹੈ। ਇਉਂ ਸਹਿਜ ਰੂਪ ਵਿੱਚ ਭੋਂ ਦੀ ਕਟਾਈ ਅਤੇ ਮੁੜ ਉਸਾਰੀ ਦਾ ਵਿਗਿਆਨਿਕ ਚੱਕਰ ਬਣਿਆ ਰਹਿੰਦਾ ਹੈ। ਅੱਜ-ਕੱਲ੍ਹ ਕੁਝ ਪਿੰਡਾਂ ਵਿੱਚ ਬਰਸਾਤੀ ਪਾਣੀ ਰਾਹੀਂ ਬਣਨ ਵਾਲੀ ਢਾਬ ਜਾਂ ਛੱਪੜ ਦੇ ਨਾਲ ਟੋਭੇ ਵੀ ਬਣਾਏ ਗਏ ਹਨ। ਇਸ ਵਿੱਚ ਨਹਿਰੀ ਪਾਣੀ ਪਾ ਕੇ ਪਸ਼ੂਆਂ ਦੇ ਪੀਣ ਲਈ ਸਾਫ਼-ਸੁਥਰਾ ਪਾਣੀ ਰੱਖਿਆ ਜਾਂਦਾ ਹੈ।
ਹਰ ਪਿੰਡ ਵਿੱਚ ਕੋਈ ਵੈਦ, ਸਾਧ, ਟੁੱਟੀਆਂ ਹੱਡੀਆਂ ਗੰਢਣ ਵਾਲਾ, ਟੂਣੇ ਕਰਨ ਵਾਲਾ, ਖੋਜੀ (ਚੋਰ ਦੀ ਪੈੜ ਲੱਭਣ ਵਾਲਾ), ਵਿਸ਼ੇਸ਼ ਵਿਅਕਤੀ ਹੁੰਦੇ ਹਨ। ਪੰਜਾਬ ਦੇ ਹਰ ਪਿੰਡ ਵਿੱਚ ਕੁਝ ਵਿਸ਼ੇਸ਼ ਘਰਾਂ ਦੀ ਅੱਲ ਪਈ ਹੁੰਦੀ ਹੈ ਜੋ ਉਸ ਪਰਿਵਾਰ ਦੇ ਕੁਝ ਵਿਸ਼ੇਸ਼ ਗੁਣਾਂ-ਔਗੁਣਾਂ ਨੂੰ ਦਰਸਾਉਂਦੀ ਹੈ। ਜਿਵੇਂ ਸੱਪ ਛੱਡਣੇ, ਗੁਆਰਾ ਖਾਣੇ, ਕੀਕਣੇ, ਖੱਬਲਪੱਟ, ਬੁੱਗ ਆਦਿ। ਹਰ ਪਿੰਡ ਵਿੱਚ ਉਸ ਪਿੰਡ ਦੀ ਆਰਥਿਕ ਸਮਰੱਥਾ ਅਨੁਸਾਰ ਪੂਜਾ ਸਥਾਨ, ਡੇਰਾ, ਗੁਰਦੁਆਰਾ ਜਾਂ ਮੰਦਿਰ ਹੁੰਦਾ ਹੈ। ਕਈ ਪਿੰਡਾਂ ਵਿੱਚ ਮੜ੍ਹੀਆਂ-ਮਸਾਣਾਂ ਵੀ ਬਣਾਈਆਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਕਿਸੇ ਵਡਾਰੂਆਂ ਦੀ ਸਮਾਧ ਉੱਤੇ ਮੇਲਾ ਵੀ ਲੱਗਦਾ ਹੈ। ਪਿੰਡ ਵਿੱਚ ਆਈ ਬਰਾਤ ਦੇ ਠਹਿਰਨ ਲਈ ਧਰਮਸ਼ਾਲਾ ਹੁੰਦੀ ਹੈ। ਇਸ ਪ੍ਰਕਾਰ ਹਰ ਪਿੰਡ ਦੀ ਆਪਣੇ-ਆਪ ਵਿੱਚ ਇੱਕ ਸੰਪੂਰਨ ਇਕਾਈ ਦੇ ਤੌਰ ਤੇ ਹੋਂਦ ਬਣੀ ਦਿੱਸਦੀ ਹੈ।
ਲੇਖਕ : ਸਤਨਾਮ ਸਿੰਘ ਸੰਧੂ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 24635, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਪਿੰਡ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਿੰਡ (ਨਾਂ,ਪੁ) 1 ਕਿਸੇ ਵਡਿੱਕੇ ਵੱਲੋਂ ਖੇਤੀ ਆਦਿ ਨਾਲ ਸੰਬੰਧਿਤ ਵਿਭਿੰਨ ਕਿੱਤੇ ਕਰਨ ਵਾਲੇ ਟੱਬਰਾਂ ਦੇ ਇੱਕ ਥਾਂ ਸਥਿਤ ਵੱਸੋਂ ਵਾਲੇ ਘਰਾਂ ਦਾ ਵਸਾਇਆ ਗਰਾਂ 2 ਪਿੱਤਰਾਂ ਨਿਮਿੱਤ ਅਰਪਣ ਕੀਤਾ ਜਾਣ ਵਾਲਾ ਜੌਂ, ਚੌਲ, ਆਦਿ ਦਾ ਪਿੰਨਾ 3 ਦੇਹ; ਸਰੀਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24623, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪਿੰਡ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਿੰਡ [ਨਾਂਪੁ] ਕਸਬੇ ਤੋਂ ਛੋਟਾ ਅਤੇ ਡੇਰੇ ਤੋਂ ਵੱਡਾ ਘਰਾਂ ਦਾ ਸਮੂਹ , ਗਿਰਾਂ, ਪੁਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24607, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਿੰਡ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਿੰਡ ਸੰ. पिण्ड्. ਧਾ—ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨ ਸੰਗ੍ਯਾ—ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩ ਪਿਤਰਾਂ ਨਿਮਿੱਤ ਅਰਪੇ ਹੋਏ ਜੌਂ ਦੇ ਆਟੇ ਆਦਿ ਦੇ ਪਿੰਨ. “ਪਿੰਡੁ ਪਤਲਿ ਮੇਰੀ ਕੇਸਉ ਕਿਰਿਆ.” (ਆਸਾ ਮ: ੧) ੪ ਦੇਹ. ਸ਼ਰੀਰ. “ਮਿਲਿ ਮਾਤਾ ਪਿਤਾ ਪਿੰਡ ਕਮਾਇਆ.” (ਮਾਰੂ ਮ: ੧) “ਜਿਨਿ ਏ ਵਡੁ ਪਿਡ ਠਿਣਿਕਿਓਨੁ.” (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫ ਗੋਲਾਕਾਰ ਬ੍ਰਹਮਾਂਡ। ੬ ਗ੍ਰਾਮ. ਗਾਂਵ. “ਹਉ ਹੋਆ ਮਾਹਰੁ ਪਿੰਡ ਦਾ.” (ਸ੍ਰੀ ਮ: ੫ ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭ ਢੇਰ. ਸਮੁਦਾਯ। ੮ ਭੋਜਨ. ਆਹਾਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First