ਪੀਰ ਮੁਹੰਮਦ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੀਰ ਮੁਹੰਮਦ: ਮੱਧ-ਕਾਲੀ ਪੰਜਾਬੀ ਸਾਹਿਤ ਵਿੱਚ ਨਜਾਬਤ ਦੀ ਨਾਦਰ ਸ਼ਾਹ ਦੀ ਵਾਰ ਤੋਂ ਪਿੱਛੋਂ ਇਸ ਵੰਨਗੀ ਦੀ ਜਿਸ ਰਚਨਾ ਦਾ ਜ਼ਿਕਰ ਦੂਜੇ ਥਾਂ ਉੱਤੇ ਆਉਂਦਾ ਹੈ, ਉਹ ਪੀਰ ਮੁਹੰਮਦ ਦੀ ਲਿਖੀ ਹੋਈ ਚੱਠਿਆਂ ਦੀ ਵਾਰ ਹੈ। ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਅਤੇ ਮੁਸਲਮਾਨ ਚੱਠੇ ਸਰਦਾਰਾਂ ਵਿਚਕਾਰ ਹੋਈ ਲੜਾਈ ਨੂੰ ਇਸ ਦਾ ਵਿਸ਼ਾ ਬਣਾਇਆ ਗਿਆ ਹੈ। ਇਸ ਵਾਰ ਦੇ ਲੇਖਕ ਪੀਰ ਮੁਹੰਮਦ ਦੇ ਜੀਵਨ ਬਾਰੇ ਏਨੀ ਕੁ ਜਾਣਕਾਰੀ ਪ੍ਰਾਪਤ ਹੈ ਕਿ ਉਹ ਲਹਿੰਦੇ ਪੰਜਾਬ ਵਿਚਲੇ ਸ਼ਹਿਰ ਗੁਜਰਾਤ ਦਾ ਵਸਨੀਕ ਸੀ। ਉਸ ਨੇ ਵਾਰ ਦੇ ਲਿਖਣ ਦੀ ਤਾਰੀਖ਼ ਨਹੀਂ ਦੱਸੀ ਪਰ ਅਨੁਮਾਨ ਹੈ ਕਿ ਇਹ ਖ਼ਾਲਸਾ ਰਾਜ ਦੇ ਅਖੀਰ ਅਤੇ ਅੰਗਰੇਜ਼ ਕਾਲ ਦੇ ਮੁੱਢ ਦੀ ਰਚਨਾ ਹੈ ਕਿਉਂਕਿ ਇਸ ਵਿੱਚ ਫਰੰਗੀਆਂ ਦਾ ਜ਼ਿਕਰ ਵੀ ਹੈ। ਇਸ ਤਰ੍ਹਾਂ ਇਹ ਵਾਰ ਸ. ਮਹਾਂ ਸਿੰਘ ਅਤੇ ਚੱਠਿਆਂ ਵਿਚਕਾਰ ਲੜਾਈ ਹੋਣ ਦੇ ਲਗਪਗ 50 ਵਰ੍ਹੇ ਮਗਰੋਂ ਲਿਖੀ ਗਈ।
ਚੱਠੇ ਵਜ਼ੀਰਾਬਾਦ ਤੇ ਹਾਫਜ਼ਾਬਾਦ ਦੀਆਂ ਤਹਿਸੀਲਾਂ ਵਿਚਲੇ ਪਿੰਡਾਂ ਦੇ ਵਸਨੀਕ ਸਨ। 1750 ਦੇ ਲਾਗੇ ਇਸ ਇਲਾਕੇ ਵਿੱਚ ਉਹਨਾਂ ਦਾ ਜ਼ੋਰ ਸੀ। 1780-90 ਵਿੱਚ ਸ਼ੁਕਰਚਕੀਆ ਮਿਸਲ ਦੇ ਮਹਾਂ ਸਿੰਘ ਅਤੇ ਚੱਠਿਆਂ ਦੇ ਮੋਢੀ ਨੂਰ ਮੁਹੰਮਦ ਚੱਠਾ ਵਿਚਕਾਰ ਆਪੋ-ਆਪਣੇ ਇਲਾਕੇ ਦੇ ਵਿਸਤਾਰ ਨੂੰ ਲੈ ਕੇ ਦੋ ਲੜਾਈਆਂ ਹੋਈਆਂ- ਇੱਕ ਸੱਯਦ ਨਗਰ ਦੀ ਲੜਾਈ ਅਤੇ ਦੂਜੀ ਮਾਨਚਰ ਦੀ। ਇਸ ਵਾਰ ਵਿੱਚ ਇਹਨਾਂ ਦੋਹਾਂ ਲੜਾਈਆਂ ਦਾ ਵੇਰਵਾ ਹੈ। ਮਹਾਂ ਸਿੰਘ ਅਤੇ ਚੱਠਿਆਂ ਦੇ ਮੋਢੀ ਨੂਰ ਮੁਹੰਮਦ ਦੋਹਾਂ ਨੇ ਆਪਣੇ ਇਲਾਕੇ ਇੱਕ ਦੂਜੇ ਵੱਲ ਵਧਾਉਣ ਦਾ ਯਤਨ ਕੀਤਾ ਸੀ, ਪਰ ਕੋਈ ਵੀ ਇੱਕ-ਦੂਜੇ ਨੂੰ ਜਿੱਤ ਨਾ ਸਕਿਆ।
ਵਾਰ ਵਿੱਚ ਤਤਕਾਲੀਨ ਪੰਜਾਬ ਦੇ ਹਾਲਾਤ ਦੀ ਇੱਕ ਆਮ ਤਸਵੀਰ ਉੱਘੜਦੀ ਹੈ ਪਰ ਇਤਿਹਾਸਿਕ ਪੱਖ ਤੋਂ ਇਹ ਕੋਈ ਜ਼ਿਆਦਾ ਪ੍ਰਮਾਣਿਕ ਰਚਨਾ ਨਹੀਂ। ਇਸ ਦਾ ਵੱਡਾ ਕਾਰਨ ਇਹ ਹੈ ਕਿ ਲੇਖਕ ਆਪਣੀ ਪਹੁੰਚ ਵਿੱਚ ਨਿਰਪੱਖ ਨਹੀਂ ਰਿਹਾ। ਉਸ ਵੱਲੋਂ ਨੂਰ ਮੁਹੰਮਦ ਨੂੰ ਉੱਚਾ ਚੁੱਕਣ ਦਾ ਯਤਨ ਪ੍ਰਤੱਖ ਨਜ਼ਰ ਆਉਂਦਾ ਹੈ। ਘਟਨਾਵਾਂ ਨੂੰ ਬਿਆਨ ਕਰਨ ਦੀ ਤਰਤੀਬ ਵਿੱਚ ਵੀ ਗੜਬੜ ਹੈ। ਇੱਕ ਲੜਾਈ ਦੀ ਘਟਨਾ ਨੂੰ ਦੂਜੀ ਵਿੱਚ ਰਲਾ ਦਿੱਤਾ ਗਿਆ ਹੈ ਪਰ ਇਤਿਹਾਸਿਕ ਪੱਖ ਤੋਂ ਪ੍ਰਮਾਣਿਕਤਾ ਦੀ ਘਾਟ ਦੇ ਬਾਵਜੂਦ ਸਾਹਿਤਿਕ ਦ੍ਰਿਸ਼ਟੀ ਤੋਂ ਇਹ ਵਾਰ ਨਿਸ਼ਚੇ ਹੀ ਵਡੇਰੇ ਮੁੱਲ ਵਾਲੀ ਰਚਨਾ ਹੈ। ਇਸੇ ਲਈ ਇਸ ਦਾ ਸ਼ੁਮਾਰ ਪੰਜਾਬੀ ਦੀਆਂ ਪਹਿਲੀ ਕਤਾਰ ਦੀਆਂ ਵਾਰਾਂ ਵਿੱਚ ਹੁੰਦਾ ਹੈ। ਕੁਝ ਹਲਕਿਆਂ ਵੱਲੋਂ ਇਸ ਵਾਰ ਦਾ ਨਾਮਕਰਨ ਚੱਠਿਆਂ ਦੀ ਵਾਰ ਦੀ ਥਾਂ ‘ਮਹਾਂ ਸਿੰਘ ਦੀ ਵਾਰ’ ਕਰਨ ਦਾ ਯਤਨ ਕੀਤਾ ਗਿਆ ਹੈ। ਪਰ ਇਸ ਤਰ੍ਹਾਂ ਦਾ ਯਤਨ ਪੀਰ ਮੁਹੰਮਦ ਦੇ ਚੱਠਿਆਂ ਵੱਲ ਉਲਾਰ ਦੇ ਵਿਰੋਧ ਵਿੱਚ ਉੱਭਰਦੇ ਮਹਾਂ ਸਿੰਘ ਵੱਲ ਉਲਾਰ ਦਾ ਹੀ ਸੰਕੇਤਕ ਹੈ।
ਇਸ ਵਾਰ ਦੀਆਂ ਕੁੱਲ 91 ਪਉੜੀਆਂ ਹਨ। ਪਹਿਲੀਆਂ ਤਿੰਨ ਪਉੜੀਆਂ, ਜੋ ਚੋਖੀਆਂ ਲੰਮੀਆਂ ਹਨ, ਤੋਂ ਬਿਨਾਂ ਬਾਕੀ ਸਭ ਵਿੱਚ ਤੁਕਾਂ ਦੀ ਗਿਣਤੀ ਚਾਰ ਤੋਂ ਅੱਠ ਹੈ। ਅਰੰਭ ਰੱਬ ਦੀ ਉਸਤਤ ਤੋਂ ਕੀਤਾ ਗਿਆ ਹੈ। ਫਿਰ ਇਸਲਾਮੀ ਅਤੇ ਅਰਬੀ ਮਿਥਿਹਾਸਿਕ ਨਾਂਵਾਂ ਆਦਮ, ਨੂਹ੍ਹ, ਇਬਰਾਹੀਮ, ਇਸਮਾਈਲ, ਯਹੀਆ, ਅਯੂਬ, ਸੁਲੇਮਾਨ, ਯਾਕੂਬ, ਈਸਾ, ਹਜ਼ਰਤ ਮੁਹੰਮਦ ਅਤੇ ਹਸਨ ਹੁਸੈਨ ਦਾ ਜ਼ਿਕਰ ਹੈ। ਤੀਜੀ ਪਉੜੀ ਵਿੱਚ ਨੂਰ ਮੁਹੰਮਦ ਨੂੰ ਇਸਲਾਮ ਦਾ ਬੰਦਾ ਕਿਹਾ ਗਿਆ ਹੈ।
ਵਾਰ ਦੀ ਲੋੜ ਅਨੁਸਾਰ ਪੀਰ ਮੁਹੰਮਦ ਦੀ ਰਚਨਾ ਦੀ ਛੰਦ-ਚਾਲ ਬਹੁਤ ਚੁਸਤ ਤੇ ਤਿੱਖੀ ਹੈ। ਉਤਸ਼ਾਹ ਭਰੇ ਸ਼ਬਦਾਂ ਅਤੇ ਜੋਸ਼ੀਲੀਆਂ ਤੁਲਨਾਵਾਂ ਨਾਲ ਜੁੜ ਕੇ ਕਾਵਿ-ਬੋਲ ਜੰਗ ਦਾ ਹੁਲਾਸਮਈ ਮਹੌਲ ਸਿਰਜਦੇ ਹਨ। ਭਾਵੇਂ ਲੇਖਕ ਦੀ ਹਮਦਰਦੀ ਨੂਰ ਮੁਹੰਮਦ ਨਾਲ ਹੀ ਰਹੀ ਹੋਵੇ ਪਰ ਮਹਾਂ ਸਿੰਘ ਅਤੇ ਉਸ ਦੇ ਲਸ਼ਕਰ ਦੀ ਚੜ੍ਹਤ ਨੂੰ ਦਰਸਾਉਣ ਵਿੱਚ ਉਸ ਨੇ ਕਿਸੇ ਤਰ੍ਹਾਂ ਦਾ ਕੋਈ ਸੰਕੋਚ ਨਹੀਂ ਵਿਖਾਇਆ। ਮਹਾਂ ਸਿੰਘ ਦੇ ਲਸ਼ਕਰ ਨੂੰ ਸਾਵਣ ਦੀ ਘਟਾ ਨਾਲ ਤੁਲਨਾਉਂਦਿਆਂ ਇਸ ਤਰ੍ਹਾਂ ਦਾ ਨਜ਼ਾਰਾ ਪੇਸ਼ ਕੀਤਾ ਗਿਆ ਹੈ :
ਲਸ਼ਕਰ ਮਹਾਂ ਸਿੰਘ ਦਾ ਜਿਉਂ ਸਾਵਣ ਹਾਠਾਂ
ਟੁਰਿਆ ਫੌਜਾਂ ਜੋੜ ਕੇ ਦਰਿਆਵੀਂ ਠਾਠਾਂ
ਰਾਹ ਛੁਪਾਇਆ ਗਰਦ ਨੇ ਨਾ ਦਿੱਸਣ ਵਾਟਾਂ
ਲਸਕਰ ਪਾਰ ਚੜ੍ਹੇਂਦੀਆਂ ਨਾ ਵਾਰੀਂ ਘਾਟਾਂ
ਨੇਜ਼ੇ ਸੂਰਜ ਸਾਹਮਣੇ ਵਿੱਚ ਮਾਰਨ ਲਾਟਾਂ
ਹੋਇਆ ਜੰਗ ਮੁਕਾਬਲਾ ਵਿੱਚ ਸਿੰਘਾਂ ਰਾਠਾਂ।
ਫ਼ਾਰਸੀ ਦੇ ਗਿਆਨ ਸਦਕਾ ਇਸ ਜ਼ਬਾਨ ਦੇ ਲਫ਼ਜ਼ਾਂ ਅਤੇ ਮੁਹਾਵਰਿਆਂ ਨੂੰ ਅਵੱਸ਼ ਪੀਰ ਮੁਹੰਮਦ ਨੇ ਆਪਣੇ ਅਥਾਹ ਦੇਸੀ ਸ਼ਬਦ ਭੰਡਾਰ ਵਿੱਚ ਸਮੋਇਆ ਹੈ ਪਰ ਠੇਠ ਪੰਜਾਬੀ ਜ਼ਬਾਨ ਦੀ ਵਰਤੋਂ ਦੀ ਇੱਕ ਮਿਸਾਲ ਵੀ ਉਸ ਨੇ ਕਾਇਮ ਕੀਤੀ ਹੈ। ਘਰੋਗੀ ਮਿਸਾਲਾਂ ਨਾਲ ਉਸ ਦੀ ਰਚਨਾ ਵਿੱਚੋਂ ਕਮਾਲ ਦਾ ਸਥਾਨਿਕ ਰੰਗ ਉੱਭਰਦਾ ਹੈ। ਦ੍ਰਿਸ਼ ਖਿੱਚਣ ਦੀ ਕਲਾ ਵਿੱਚ ਵੀ ਉਸ ਨੂੰ ਕਮਾਲ ਹਾਸਲ ਹੈ:
ਜਿਉਂ ਫਰਵਾਹਾਂ ਝੱਖੜਾਂ ਤਿਉਂ ਤੀਰ ਸ਼ੁਕਾਵਣ
ਤੇ ਚਾਮਲ ਚਾਮਲ ਘੋੜਿਆਂ ਉਹ ਗਰਦ ਉਠਾਵਣ
ਬੱਦਲ ਹੋਇਆ ਧੂੜ ਦਾ ਚੜ੍ਹ ਹਾਠਾਂ ਆਵਣ
ਵਰ੍ਹਿਆਂ ਮੀਂਹ ਤਦ ਰੱਤ ਦਾ ਜਿਉਂ ਲੱਗਾ ਸਾਵਣ।
ਪੀਰ ਮੁਹੰਮਦ ਦੀ ਰਚਨਾ ਵਿੱਚ ਸ਼ਬਦ ਹੀ ਨਿਗਾਰਿਆਂ ਅਤੇ ਧੌਂਸਿਆਂ ਦੀਆਂ ਅਵਾਜ਼ਾਂ ਦਾ ਕੰਮ ਦਿੰਦੇ ਹਨ :
ਲੱਗੀ ਸੱਟ ਨਗਾਰਿਆਂ ਪਏ ਮਾਰੂ ਵੱਜਣ
ਤੋਪਾਂ ਹੋਰ ਜੰਬੂਰਚੇ ਜਿਉਂ ਬੱਦਲ ਗੱਜਣ
ਘੋੜੇ ਕਰਨ ਸ਼ਤਾਬੀਆਂ ਉਠ ਕਟਕੋਂ ਭੱਜਣ
ਤੇਗਾਂ ਬਹੁਤ ਪਿਆਸੀਆਂ ਨਾ ਰੱਤੋਂ ਰੱਜਣ।
ਇਸਲਾਮੀ ਮਿਥਿਹਾਸ ਅਤੇ ਅਰਬ ਦੀ ਤਾਰੀਖ਼ ਦੇ ਹਵਾਲਿਆਂ ਨੂੰ ਏਨੀ ਖ਼ੂਬਸੂਰਤੀ ਨਾਲ ਵਾਰ ਦੇ ਚੌਖਟੇ ਵਿੱਚ ਜੜਿਆ ਗਿਆ ਹੈ ਕਿ ਇੱਕ ਸਥਾਨਿਕ ਲੜਾਈ ਨੂੰ ਚਿਤਰਦੀ ਇਹ ਵਾਰ ਵਿਸ਼ਾਲ ਘੇਰੇ ਵਿੱਚ ਪਸਰਦੀ ਜਾਪਦੀ ਹੈ।
ਲੇਖਕ : ਰਘਬੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2967, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਪੀਰ ਮੁਹੰਮਦ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਪੀਰ ਮੁਹੰਮਦ : ਇਹ ਚੱਠਿਆਂ ਦੀ ਵਾਰ ਦਾ ਕਰਤਾ ਹੈ ਜਿਸ ਨੇ 1780 ਅਤੇ 1790 ਈ. ਵਿਚ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸ. ਮਹਾਂ ਸਿੰਘ ਸ਼ੁਕਰਚਕੀਏ ਦੁਆਰਾ ਚੱਠਿਆਂ ਦੇ ਮੋਢੀ ਗ਼ੁਲਾਮ ਮੁਹੰਮਦ ਚੱਠਾ ਰਸੂਲ ਨਗਰ (ਗੁਜਰਾਂਵਾਲਾ) ਦੇ ਵਸਨੀਕ ਨਾਲ ਲੜੀਆਂ ਦੋ ਲੜਾਈਆਂ ਦਾ ਹਾਲ ਦਰਜ ਕੀਤਾ। ਚੱਠਾ ਗੋਤ ਦੇ ਵਿਅਕਤੀ ਪਾਕਿਸਤਾਨ ਦੀਆਂ ਵਜ਼ੀਰਾਬਾਦ ਤੇ ਹਾਫ਼ਿਜ਼ਾਬਾਦ ਤਹਿਸੀਲਾਂ ਵਿਚਕਾਰਲੇ ਪਿੰਡਾਂ ਦੇ ਵਸਨੀਕ ਸਨ। ਇਨ੍ਹਾਂ ਦਾ ਝਗੜਾ ਸ. ਮਹਾ ਸਿੰਘ ਸ਼ੁਕਰਚਕੀਏ ਦੇ ਨਾਲ ਰਹਿੰਦਾ ਸੀ। ਇਸ ਇਤਿਹਾਸਕ ਪ੍ਰਸੰਗ ਨੂੰ ਆਧਾਰ ਬਣਾ ਕੇ ਇਹ ਵਾਰ ਲਿਖੀ ਗਈ ਜੋ ਪੰਜਾਬੀ ਵਾਰ ਸਾਹਿਤ ਵਿਚ ਮਹੱਤਵਪੂਰਨ ਸਥਾਨ ਦੀ ਧਾਰਨੀ ਹੈ।
ਪੀਰ ਮੁਹੰਮਦ ਗੁਜਰਾਤ ਦਾ ਵਸਨੀਕ ਦੱਸਿਆ ਜਾਂਦਾ ਹੈ ਅਤੇ ਇਸ ਤੋਂ ਵੱਧ ਇਸ ਸਬੰਧੀ ਕੋਈ ਵਾਕਫੀਅਤ ਨਹੀਂ ਮਿਲਦੀ। ਇਹ ਵਾਰ ਅਧੂਰੀ ਮਿਲੀ ਹੈ ਜਿਸ ਕਾਰਨ ਇਸ ਦੇ ਲਿਖੇ ਜਾਣ ਦੀ ਮਿਤੀ ਅਤੇ ਲੇਖਕ ਬਾਰੇ ਕੋਈ ਵਾਕਫ਼ੀਅਤ ਨਹੀਂ ਮਿਲ ਸਕੀ। ਪ੍ਰਿੰ. ਸੀਤਾ ਰਾਮ ਕੋਹਲੀ ਅਨੁਸਾਰ ਇਹ ਵਾਰ ਚੱਠਿਆ ਦੀ ਜੰਗ ਤੋਂ 50 ਜਾਂ 60 ਸਾਲ ਬਾਅਦ ਵਿਚ ਲਿਖੀ ਗਈ ਕਿਉਂਕਿ ਇਸ ਨੇ ਇਸ ਵਾਰ ਫ਼ਰੰਗੀਆਂ ਦਾ ਜ਼ਿਕਰ ਵੀ ਕੀਤਾ ਹੈ। ਇਹ ਵਾਰ ਅੰਗਰੇਜ਼ੀ ਰਾਜ ਦੇ ਮੁੱਢ ਤੇ ਖਾਲਸਾ ਰਾਜ ਦੇ ਅੰਤ ਸਮੇਂ ਲਿਖੀ ਗਈ।
ਵਾਰ ਦਾ ਮੁੱਖ ਵਿਸ਼ਾ ਸ. ਮਹਾਂ ਸਿੰਘ ਸ਼ੁਕਰਚਕੀਏ ਤੇ ਸ. ਚੜ੍ਹਤ ਸਿੰਘ ਦੀ ਅਤੇ ਦੂਜੇ ਪਾਸੇ ਚੱਠਿਆਂ ਦੀ ਸੂਰਬੀਰਤਾ ਦਾ ਵਰਣਨ ਹੈ। ਇਹ ਵਾਰ ਨਿਰਪੱਖ ਹੋ ਕੇ ਨਹੀਂ ਲਿਖੀ ਗਈ ਤੇ ਲੇਖਕ ਸਿੱਖਾਂ ਨੂੰ ਗ਼ਲਤ, ਧੋਖੇਬਾਜ਼ ਆਦਿ ਵਿਖਾਉਂਦਾ ਹੈ ਤੇ ਇਤਿਹਾਸਕ ਤੱਥਾਂ ਨੂੰ ਵੀ ਤੋੜ ਮਰੋੜ ਕੇ ਪੇਸ਼ ਕਰਦਾ ਹੈ। ਇਸ ਲਈ ਵਿਦਵਾਨਾਂ ਅਨੁਸਾਰ ਇਤਿਹਾਸਕ ਦ੍ਰਿਸ਼ਟੀ ਤੋਂ ਇਸ ਵਾਰ ਦੀ ਮਹੱਤਤਾ ਜਿੰਨੀ ਘੱਟ ਹੈ, ਸਾਹਿਤਿਕ ਦ੍ਰਿਸ਼ਟੀ ਤੋਂ ਉੰਨੀ ਹੀ ਇਹ ਉਚੇਰੀ ਹੈ। ਇਸ ਨੂੰ ਪੰਜਾਬੀ ਭਾਸ਼ਾ ਦੀਆਂ ਉਸ ਸਮੇਂ ਦੀਆਂ ਰਚਨਾਵਾਂ ਵਿਚ ਪਹਿਲੀ ਕਤਾਰ ਵਿਚ ਰੱਖਿਆ ਜਾ ਸਕਦਾ ਹੈ।
ਲੜਾਈ ਦੀਆਂ ਘਟਨਾਵਾਂ ਇਕ ਦੂਜੀ ਨਾਲ ਰਲ ਮਿਲ ਗਈਆਂ ਤੇ ਕਾਫ਼ੀ ਗੱਲਾਂ ਕਾਲਪਨਿਕ ਸ਼ਾਮਲ ਕਰ ਦਿੱਤੀਆਂ ਗਈਆਂ ਜਿਸ ਨਾਲ ਇਸ ਦਾ ਇਤਿਹਾਸਕ ਮਹੱਤਵ ਘੱਟ ਗਿਆ। ਸਾਹਿਤ ਵਿਚ ਵਾਰ ਇਕ ਯੁੱਧ ਕਾਵਿ ਹੈ ਜਿਸ ਨੂੰ ਪਉੜੀ ਛੰਦ ਵਿਚ ਲਿਖਿਆ ਜਾਂਦਾ ਹੈ। ਇਸ ਵਾਰ ਦੀਆਂ ਕੁੱਲ 91 ਪਉੜੀਆਂ ਹਨ। ਪਹਿਲੀਆਂ ਤਿੰਨ ਪਉੜੀਆਂ ਛੱਡ ਕੇ ਬਾਕੀ ਸਾਰੀਆਂ ਵਿਚ ਤੁਕਾਂ ਦੀ ਗਿਣਤੀ 4 ਤੋਂ 8 ਤਕ ਹੈ। ਸਾਰੀ ਪਉੜੀ ਵਿਚ ਤੁਕਾਂਤ ਇਕੋ ਰਹਿੰਦਾ ਹੈ।
ਵਾਰ ਦਾ ਆਰੰਭ ਰੱਬ ਦੀ ਉਸਤਤ ਤੋਂ ਹੁੰਦਾ ਹੈ ਤੇ ਮੁਸਲਮਾਨੀ ਮਿਥਿਹਾਸ ਸੰਖੇਪ ਵਿਚ ਦਿੱਤਾ ਗਿਆ ਹੈ। ਆਦਮ ਨੂਰ ਤੋਂ ਲੈ ਕੇ ਇਬਰਾਹੀਮ, ਇਸਮਾਈਲ, ਯਹੀਆ, ਆਯੂਬ, ਸੁਲੇਮਾਨ, ਯਾਕੂਬ, ਈਸਾ, ਹਜ਼ਰਤ ਮੁਹੰਮਦ ਤੋਂ ਹਸਨ ਹੁਸੈਨ ਤਕ ਦਾ ਜ਼ਿਕਰ ਪਹਿਲੀ ਪਉੜੀ ਵਿਚ ਕਰ ਦਿੱਤਾ ਹੈ। ਦੂਜੀ ਵਿਚ ਅਲੀ ਨੂੰ ਖੁਦਾ ਤੇ ਨੂਰ ਮੁਹੰਮਦ ਨੂੰ ਇਸਲਾਮ ਦਾ ਬੰਦਾ ਕਿਹਾ ਗਿਆ ਹੈ। ਵਾਰ ਦਾ ਇਹ ਮਜ਼੍ਹਬੀ ਰੰਗਣ ਪੰਜਾਬੀ ਵਾਰ ਪਰੰਪਰਾ ਅਨੁਸਾਰ ਢੁੱਕਵਾਂ ਨਹੀਂ ਜਾਪਦਾ।
ਇਸ ਕਵੀ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਸ ਨੇ ਠੇਠ ਪੰਜਾਬੀ ਦੀ ਵਰਤੋਂ ਕੀਤੀ ਹੈ। ਪੰਜਾਬੀ ਮੁਹਾਵਰੇ ਬੜੇ ਢੁੱਕਵੇਂ ਜੜੇ ਗਏ ਹਨ ਤੇ ਦ੍ਰਿਸ਼ ਆਦਿ ਦੇ ਬਿਆਨ ਕਰਨ ਸਮੇਂ ਕਵੀ ਦੀ ਠੇਠ ਪੰਜਾਬੀ ਤੇ ਹੋਰ ਵੀ ਨਿਖਾਰ ਆ ਗਿਆ ਹੈ।
ਇਸ ਦੀ ਕਵਿਤਾ ਵਿਚ ਅਟਲ ਸੱਚਾਈਆਂ ਵੀ ਅੰਕਿਤ ਕੀਤੀਆਂ ਗਈਆਂ ਹਨ।
ਇਸ ਕੋਲ ਅਥਾਹ ਸ਼ਬਦ ਭੰਡਾਰ ਹੈ ਤੇ ਇਹ ਫ਼ਾਰਸੀ ਭਾਸ਼ਾ ਦੀ ਵੀ ਚੰਗੀ ਜਾਣਕਾਰੀ ਰੱਖਦਾ ਜਾਪਦਾ ਹੈ।
ਇਸ ਨੂੰ ਅਰਥ ਦੀ ਤਵਾਰੀਖ ਤੇ ਇਸਲਾਮ ਦੀ ਵੀ ਚੰਗੀ ਵਾਕਫ਼ੀਅਤ ਜਾਪਦੀ ਹੈ। ਇਸ ਨੇ ਇਸਲਾਮੀ ਮਿਥਿਹਾਸ ਤੇ ਇਤਿਹਾਸ ਵਿਚ ਹਵਾਲੇ ਦੇ ਕੇ ਆਪਣੀ ਵਿਦਵਤਾ ਦਾ ਪ੍ਰਮਾਣ ਦਿੱਤਾ ਹੈ।
ਇਸ ਤਰ੍ਹਾਂ ਇਸ ਦੀ ਇਹ ਵਾਰ ਪੰਜਾਬੀ ਸਾਹਿਤ ਵਿਚ ਇਕ ਮੀਲ ਪੱਥਰ ਹੈ ਤੇ ਇਸ ਸਦਕਾ ਚੱਠਿਆਂ ਨੂੰ ਸਦਾ ਲਈ ਇਤਿਹਾਸ ਤੇ ਸਾਹਿਤ ਵਿਚ ਥਾਂ ਮਿਲ ਗਈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1827, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-20-11-51-27, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲਿ. ਕੋ. -ਰਾਮਦੇਵ : 216 ; ਪੰ. ਸਾ. ਇ. -ਡਾ. ਗੋਪਾਲ ਸਿੰਘ ਦਰਦੀ : 181.
ਵਿਚਾਰ / ਸੁਝਾਅ
Please Login First