ਪੁਰਖੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੁਰਖੁ. ਸੰ. ਪੁਰੁ. ਸੰਗ੍ਯਾ—ਮਨੁੱਖ. ਆਦਮੀ, ਜੋ ਪੁਰ (ਦੇਹ) ਵਿੱਚ ਸੌਂਦਾ (ਨਿਵਾਸ ਕਰਦਾ) ਹੈ. “ਨਾਰੀ ਤੇ ਜੋ ਪੁਰਖੁ ਕਰਾਵੈ, ਪੁਰਖਨ ਤੇ ਜੋ ਨਾਰੀ.” (ਸਾਰ ਕਬੀਰ)। ੨ ਪਤਿ. ਭਰਤਾ. “ਜਿਉ ਪੁਰਖੈ ਘਰਿ ਭਗਤੀ ਨਾਰਿ ਹੈ.” (ਸਵਾ ਮ ੩)। ੩ ਪੂਰਣਰੂਪ ਕਰਤਾਰ. ਸਰਵਵ੍ਯਾਪੀ ਪਾਰਬ੍ਰਹਮ । “ਸਤਿ ਨਾਮੁ ਕਰਤਾ ਪੁਰਖੁ.” (ਜਪੁ)। ੪ ਜੀਵਾਤਮਾ । “ਪੁਰਖੈ ਪੁਰਖੁ ਮਿਲਿਆ ਗੁਰੁ ਪਾਇਆ.” (ਸੋਰ ਮ ੪) ੫ ਸੂਰਜ । ੬ ਪਾਰਾ । ੭ ਨਰ. ਪੁਰੁਤ੍ਵ ਦੇ ਲੱਛਣਾਂ ਵਾਲਾ. “ਬਿਨੁ ਪਿਰ ਪੁਰਖੁ ਨ ਜਾਣਈ.” (ਸ੍ਰੀ ਅ: ਮ: ੧) ੮ ਸਾਂਖ੍ਯਮਤ ਅਨੁਸਾਰ ਪ੍ਰਕ੍ਰਿਤਿ ਤੋਂ ਭਿੰਨ ਇੱਕ ਪਦਾਰਥ, ਜੋ ਇੱਕ ਰਸ ਰਹਿਣ ਵਾਲਾ, ਅਕਰਤਾ ਅਤੇ ਅਸੰਗ ਹੈ। ੯ ਰਿਗਵੇਦ ਅਨੁਸਾਰ ਈਸ਼੍ਵਰ , ਜੋ ਜਗਤਰਚਨਾ ਕਰਦਾ ਹੈ. ਰਿਗਵੇਦ ਦੇ ‘ਪੁਰੁ-ਸੂਕ੍ਤ’ ਵਿੱਚ ਲਿਖਿਆ ਹੈ ਕਿ ਇਸ ਦੇ ੧੦੦੦ ਸਿਰ , ੧੦੦੦ ਅੱਖਾਂ ਅਤੇ ੧੦੦੦ ਪੈਰ ਹਨ. ਸਾਰੀ ਪ੍ਰਿਥਿਵੀ ਦੇ ਚੁਫੇਰੇ ਲਪੇਟਣ ਪੁਰ ਇਹ ੧੦ ਉਂਗਲ ਵਧ ਰਿਹਾ ਸੀ. ਇਸ ਸਾਰੀ ਪ੍ਰਿਥਿਵੀ ਤੇ ਜੋ ਕੁਝ ਹੋ ਚੁੱਕਾ ਹੈ ਅਤੇ ਜੋ ਕੁਛ ਅੱਗੋਂ ਹੋਵੇਗਾ, ਉਹ ਸਭ ਪੁਰਖੁ ਹੀ ਹੈ. ਸਾਰੀ ਉਤਪੱਤੀ ਇਸ ਦਾ ੧/੪ ਭਾਗ ਹੈ, ਅਤੇ ਇਸ ਦਾ ੩/੪ ਭਾਗ ਉਹ ਚੀਜਾਂ ਹਨ, ਜੇਹੜੀਆਂ ਕਿ ਆਕਾਸ਼ ਵਿੱਚ ਹਨ ਅਤੇ ਅਮਰ ਹਨ. ਜਦ ਇਹ ਪੁਰਖ ਖੜਾ ਹੋਇਆ ਤਾਂ ਏਸ ਦਾ ੧/੪ ਭਾਗ ਆਕਾਸ਼ ਤੋਂ ਭੀ ਉੱਪਰ ਲੰਘ ਗਿਆ. ਜਦ ਦੇਵਤਿਆਂ ਨੇ “ਪੁਰੁ ਯਗ੍ਯ” ਕੀਤਾ ਤਦ ਬਸੰਤ ਰੁੱਤ ਦਾ ਘੀ, ਗ੍ਰੀਖਮ ਦੀਆਂ ਲੱਕੜਾਂ ਹੋਈਆਂ ਅਤੇ ਸ਼ਿਸ਼ਿਰ ਦਾ ਹਵਨ ਕੀਤਾ ਤਾਂ ਇਸ ਯਗ੍ਯ ਵਿੱਚੋਂ ਵੇਦ ਅਤੇ ਪਸ਼ੁ ਪੰਛੀ ਉਪਜੇ, ਜਦ ਦੇਵਤਿਆਂ ਨੇ ਪੁਰੁਸ ਦੀ ਵੰਡ ਕੀਤੀ ਤਾਂ ਇਸ ਦਾ ਮੁਖ ਬ੍ਰਾਹਮਣ , ਭੁਜਾ ਛਤ੍ਰੀ , ਪੱਟ ਵੈਸ਼੍ਯ ਅਤੇ ਪੈਰ ਸ਼ੂਦ੍ਰ ਬਣੇ. ਇਸ ਦੇ ਮਨ ਵਿੱਚੋਂ ਪ੍ਰਾਤਹਕਾਲ ਦਾ ਸਮਾਂ, ਅੱਖਾਂ ਵਿੱਚੋਂ ਸੂਰਜ, ਮੂੰਹ ਵਿੱਚੋਂ ਇੰਦ੍ਰ ਅਤੇ ਅਗਨਿ, ਸ੍ਵਾਸ ਵਿੱਚੋਂ ਵਾਯੂ, ਸਿਰ ਵਿੱਚੋਂ ਆਕਾਸ਼, ਪੈਰਾਂ ਵਿੱਚੋਂ ਧਰਤੀ ਅਤੇ ਕੰਨਾਂ ਵਿੱਚੋਂ ਚਾਰ ਦਿਸ਼ਾ ਪ੍ਰਗਟ ਹੋਈਆਂ. “ਜਹ ਨਿਰਮਲ ਪੁਰਖੁ ਪੁਰਖਪਤਿ ਹੋਤਾ.” (ਸੁਖਮਨੀ)। ੧੦ ਵ੍ਯਾਕਰਣ ਅਨੁਸਾਰ ਉੱਤਮ ਮਧ੍ਯਮ ਅਤੇ ਅਨ੍ਯਪੁਰਖ. Person. ਜੈਸੇ—“ਮੈ ਤੈਨੂ ਅਨੇਕ ਵਾਰ ਸਮਝਾਇਆ ਹੈ ਕਿ ਤੂੰ ਕਦੇ ਉਸ ਦੀ ਸੰਗਤਿ ਨਾ ਕਰੀਂ. “ਇਸ ਵਾਕ ਵਿੱਚ ਮੈਂ ਉੱਤਮ ਪੁਰਖੁ, first person ਹੈ, ਤੂੰ ਮੱਧਮ ਪੁਰਖ second person ਹੈ, ਉਹ ਅਨ੍ਯਪੁਰਖ third person ਹੈ। ੧੧ ਸ਼ਿਵ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25765, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
ਸਤਿ ਸ੍ਰੀ ਅਕਾਲ ਜੀ,
ਮੈਂ ਇੱਕ ਗੱਲ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਸ਼ੁਰੂਆਤ ਤੋਂ ਤੀਸਰੇ ਪੈਰ੍ਹੇ ਵਿੱਚ ਗਲਤੀ ਨਾਲ਼ 'ਸ੍ਰੋਤੇ ਲਈ ਪਹਿਲਾ ਪੁਰਖ, ਬੁਲਾਰੇ ਲਈ ਦੂਜਾ ਪੁਰਖ' ਅੰਕਿਤ ਹੋ ਗਿਆ ਹੈ।
ਉਮੀਦ ਹੈ ਕਿ ਛੇਤੀ ਹੀ ਸੋਧ ਕੀਤੀ ਜਾਵੇਗੀ।
ਧੰਨਵਾਦ।
ੲਿਕਬਾਲ ਸਿੰਘ,
( 2018/05/06 10:5007)
Please Login First