ਪੂਰਕ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਪੂਰਕ: ਪੂਰਕ ਸੰਕਲਪ ਦੀ ਵਰਤੋਂ ਵਿਆਕਰਨਕ ਕਾਰਜ ਦੀ ਵਿਆਖਿਆ ਲਈ ਕੀਤੀ ਜਾਂਦੀ ਹੈ।ਪਰੰਪਰਾਵਾਦੀ ਵਿਆਕਰਨਕਾਰ ਵਾਕ ਨੂੰ ਉਦੇਸ਼ ਅਤੇ ਵਿਧੇ ਵਿਚ ਵੰਡਦੇ ਹਨ। ਉਦੇਸ਼ ਦੀ ਬਣਤਰ ਵਿਚ ਇਕ ਨਾਂਵ ਵਾਕੰਸ਼ ਵਿਚਰਦਾ ਹੈ ਜਦੋਂ ਕਿ ਵਿਧੇ ਦੀ ਬਣਤਰ ਵਿਚ ਕਿਰਿਆ ਵਾਕੰਸ਼ ਤੋਂ ਇਲਾਵਾ ਕਰਮ ਨਾਂਵ ਵਾਕੰਸ਼ਾਂ ਦੇ ਵਿਚਰਨ ਦੀ ਸੰਭਾਵਨਾ ਹੁੰਦੀ ਹੈ। ਵਿਧੇ ਦੀ ਬਣਤਰ ਵਿਚ ਵਿਚਰਨ ਵਾਲੇ ਸਾਰੇ ਨਾਂਵ ਵਾਕੰਸ਼ ਕਰਮ ਵਜੋਂ ਹੀ ਕਾਰਜ ਨਹੀਂ ਕਰ ਰਹੇ ਹੁੰਦੇ। ਅਰਥ ਦੀ ਦਰਿਸ਼ਟੀ ਤੋਂ ਕਈ ਨਾਂਵ ਪੂਰਕ ਵਜੋਂ ਕਾਰਜ ਕਰਦੇ ਹਨ। ਪੰਜਾਬੀ ਵਿਚ ਪੂਰਕ ਨਾਂਵ ਦੋ ਪਰਕਾਰ ਦਾ ਕਾਰਜ ਕਰਦੇ ਹਨ : (i) ਕਰਤਾ ਪੂਰਕ ਅਤੇ (ii) ਕਰਮ ਪੂਰਕ। ਇਹ ਦੋਵੇਂ ਪੂਰਕ ਕਰਤਾ ਜਾਂ ਕਰਮ ਦੀ ਵਿਆਖਿਆ-ਸੂਚਕ ਹੁੰਦੇ ਹਨ ਜਿਵੇਂ : ‘ਇਹ ਮੁੰਡਾ ਯੂਨੀਵਰਸਿਟੀ ਦਾ ਵਿਦਿਆਰਥੀ ਹੈ’। ‘ਇਹ ਮੁੰਡਾ’ ਉਦੇਸ਼ ਵਜੋਂ ਕਾਰਜ ਕਰਦਾ ਹੈ ਅਤੇ ਇਸ ਮੁੰਡੇ ਦੀ ਵਿਆਖਿਆ ਅੱਗੋਂ ‘ਯੂਨੀਵਰਸਿਟੀ ਦਾ ਵਿਦਿਆਰਥੀ’ ਰਾਹੀਂ ਕੀਤੀ ਗਈ ਹੈ। ਇਸ ਲਈ ਦੂਜਾ ਅੰਸ਼ ਪਹਿਲੇ ਅੰਸ਼ ਦਾ ਪੂਰਕ ਹੈ। ਇਹ ਅੰਸ਼ ਕਰਤਾ\ਉਦੇਸ਼ ਦਾ ਪੂਰਕ ਹੈ ਇਸ ਲਈ ਇਸ ਅੰਸ਼ ਨੂੰ ਕਰਤਾ ਪੂਰਕ ਨਾਂ ਦਿੱਤਾ ਜਾਂਦਾ ਹੈ। ਕਰਤਾ ਪੂਰਕ ਅੰਸ਼ ਨਾਂਵ, ਵਿਸ਼ੇਸ਼ਣ ਆਦਿ ’ਤੇ ਅਧਾਰਤ ਹੁੰਦਾ ਹੈ ਜਿਵੇਂ : ‘ਉਹ ਕੁੜੀ ਨਰਸ ਹੈ, ਉਹ ਆਦਮੀ ਮੂਰਖ ਹੈ, ਕੁੜੀ ਪਰਾਏ ਘਰ ਦਾ ਸ਼ਿੰਗਾਰ ਹੁੰਦੀ ਹੈ’ ਵਿਚ ਗੂੜ੍ਹੇ ਛਪੇ ਸ਼ਬਦ ਕਰਤਾ ਪੂਰਕ ਵਜੋਂ ਕਾਰਜ ਕਰਦੇ ਹਨ। ਦੂਜੇ ਪਾਸੇ ਵਿਧੇ ਦੀ ਬਣਤਰ ਵਿਚ ਵਿਚਰਨ ਵਾਲੇ ਨਾਂਵ ਵਾਕੰਸ਼ ਕਰਮ ਵਜੋਂ ਕਾਰਜ ਕਰਦੇ ਹਨ। ਕਰਮ ਨਾਂਵ ਵਾਕੰਸ਼ ਦੇ ਵੀ ਕਰਤਾ ਵਾਂਗ ਪੂਰਕ ਹੁੰਦੇ ਹਨ ਜਿਵੇਂ : ‘ਉਸ ਆਦਮੀ ਨੇ ਆਪਣੇ ਦੋਸਤ ਦੀ ਵਿਧਵਾ ਨੂੰ ਆਪਣੀ ਘਰਵਾਲੀ ਬਣਾਇਆ, ਉਸ ਨੇ ਆਪਣੀ ਪਤਨੀ ਨੂੰ ਪਿੰਡ ਦੀ ਪੰਚਣੀ ਬਣਾਇਆ, ਉਸ ਨੇ ਆਪਣੀ ਪਤਨੀ ਨੂੰ ਮੂਰਖ ਬਣਾਇਆ।’ ਇਨ੍ਹਾਂ ਵਾਕਾਂ ਦੀ ਬਣਤਰ ਵਿਚ ਗੂੜ੍ਹੇ ਛਪੇ ਅੰਸ਼ ਕਰਮ ਦੇ ਪੂਰਕ ਵਜੋਂ ਕਾਰਜ ਕਰਦੇ ਹਨ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 6943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਪੂਰਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੂਰਕ. ਸੰ. ਵਿ—ਪੂਰਾ ਕਰਨ ਵਾਲਾ। ੨ ਪੂਰਣ ਕਰਤਾ. ਭਰਣ ਪੋਖਣ ਕਰਤਾ. “ਸਗਲ ਪੂਰਕ ਪ੍ਰਭੁ ਧਨੀ.” (ਆਸਾ ਛੰਤ ਮ: ੫) ੩ ਸੰਗ੍ਯਾ—ਪ੍ਰਾਣਾਯਾਮ ਦਾ ਪ੍ਰਿਥਮ ਅੰਗ. ਓਅੰ ਜਪ ਨਾਲ ਸ੍ਵਾਸ ਅੰਦਰ ਲੈ ਜਾਣੇ. “ਰੇਚਕ ਪੂਰਕ ਕੁੰਭ ਕਰੈ.” (ਪ੍ਰਭਾ ਅ: ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੂਰਕ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪੂਰਕ (ਗੁ.। ਸੰਸਕ੍ਰਿਤ) ੧. ਪੂਰਨ। ਯਥਾ-‘ਏਕ ਅਨੇਕ ਬਿਆਪਕ ਪੂਰਕ’।
੨. ਪੂਰੀ ਕਰਨ ਵਾਲਾ। ਯਥਾ-‘ਜੈਸੀ ਭੂਖ ਤੈਸੀ ਕਾ ਪੂਰਕੁ ’।
੩. ਸ੍ਵਾਸਾਂ ਦਾ ਦਸਮ ਦੁਆਰ ਵਿਚ ਚਾੜ੍ਹਨਾ। ਯਥਾ-‘ਪੂਰਕੁ ਕੁੰਭਕ ਰੇਚਕ ਕਰ ਮਾਤਾ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6548, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First