ਪੋਥੀ ਆਸਾਵਰੀਆਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੋਥੀ ਆਸਾਵਰੀਆਂ: ਇਹ ਪੋਥੀ ਸੇਵਾਪੰਥੀ ਸਾਧਕਾਂ ਦੀ ਪੰਜਾਬੀ ਸਾਹਿਤ ਨੂੰ ਮਹੱਤਵਪੂਰਣ ਦੇਣ ਹੈ। ਗੱਦ-ਪੱਦ ਮਿਸ਼ਰਿਤ ਇਸ ਪੋਥੀ ਵਿਚ 700 ਆਸਾਵਰੀਆਂ ਦੇ ਸੰਦਰਭ ਵਿਚ 245 ਬਚਨ ਵੀ ਸੰਕਲਿਤ ਹਨ ਜੋ ਜਿਗਿਆਸੂਆਂ ਨੂੰ ਨਿੱਤ ਦੇ ਜੀਵਨ ਵਿਚ ਪੇਸ਼ ਆਉਣ ਵਾਲੀਆਂ ਨੈਤਿਕ ਅਤੇ ਸਦਾਚਾਰਿਕ ਸਮਸਿਆਵਾਂ ਦਾ ਸਮਾਧਾਨ ਪੇਸ਼ ਕਰਦੇ ਹੋਇਆਂ ਉਨ੍ਹਾਂ ਦੇ ਸੰਕਟ ਦੂਰ ਕਰਨ ਵਿਚ ਸਹਾਇਕ ਹਨ। ਇਸ ਪੋਥੀ ਦਾ ਸਭ ਤੋਂ ਪੁਰਾਤਨ ਉਤਾਰਾ ਭਾਈ ਅਮਰ ਸਿੰਘ ਨੇ ਸੰਨ 1855 ਈ. (ਸੰ.1912 ਬਿ.) ਵਿਚ ਤਿਆਰ ਕੀਤਾ। ਇਸ ਦੀ ਇਕ ਨਕਲ ਭਾਈ ਸੋਭਾ ਰਾਮ ਨੇ 1863-68 ਈ. (ਸੰ.1920-25 ਬਿ.) ਵਿਚ ਤਿਆਰ ਕੀਤੀ, ਜੋ ਹੁਣ ਡੇਰਾ ਭਾਈ ਲਖੂ ਰਾਮ, ਅੰਮ੍ਰਿਤਸਰ ਵਿਚ ਪਈ ਦਸੀ ਜਾਂਦੀ ਹੈ। ਇਨ੍ਹਾਂ ਹੀ ਉਤਾਰਿਆਂ ਨੂੰ ਆਧਾਰ ਬਣਾ ਕੇ ਜੋਤ ਸਿੰਘ ਸੰਤ ਸਿੰਘ ਐਂਡ ਸੰਨਜ਼, ਲਾਹੌਰ ਵਾਲਿਆਂ ਦੁਆਰਾ ਛਾਪੇ ਗਏ ਆਸਾਵਰੀਆਂ ਦੇ ਸੰਸਕਰਣ ਨੂੰ ਵਰਤ ਕੇ ਮਹੰਤ ਹੀਰਾ ਸਿੰਘ (ਡੇਰਾ ਭਾਈ ਰਾਮ ਕਿਸ਼ਨ, ਸ਼ੇਰਾਂ ਵਾਲਾ ਗੇਟ , ਪਟਿਆਲਾ) ਨੇ ਸੰਗਤਾਂ ਦੇ ਲਾਭ ਹਿਤ ਆਪਣਾ ਪਹਿਲਾ ਸੰਸਕਰਣ 1955 ਈ. ਵਿਚ ਛਾਪਿਆ ਅਤੇ ਹੁਣ ਇਸ ਦੀਆਂ ਕਈ ਛਾਪਾਂ ਸਾਹਮਣੇ ਆ ਚੁਕੀਆਂ ਹਨ।

ਇਸ ਪੋਥੀ ਦਾ ਕਰਤ੍ਰਿਤਵ ਸੰਦਿਗਧ ਹੈ ਕਿਉਂਕਿ ਇਸ ਦੇ ਰਚੈਤਾ ਬਾਰੇ ਕੋਈ ਅੰਦਰਲੀ ਗਵਾਹੀ ਨਹੀਂ ਮਿਲਦੀ। ਪਰ ਆਮ ਧਾਰਣਾ ਅਨੁਸਾਰ ਇਸ ਨੂੰ ਭਾਈ ਸਹਿਜ ਰਾਮ ਦੀ ਕਿਰਤ ਮੰਨਿਆ ਜਾਂਦਾ ਹੈ। ਭਾਈ ਸੋਭਾ ਰਾਮ ਦੀ ਲਿਖੀ ‘ਸੰਤ ਮਾਲ ’ ਵਿਚ ਵੀ ਇਸ ਨੂੰ ਸਹਿਜ ਰਾਮ ਦੀ ਕਿਰਤ ਮੰਨਿਆ ਗਿਆ ਹੈ, ਜਿਸ ਨੇ ਪਾਰਸ ਭਾਗ ਆਦਿ ਗ੍ਰੰਥਾਂ ਦਾ ਸਾਰ ਇਸ ਵਿਚ ਪੇਸ਼ ਕੀਤਾ ਹੈ। ਸੰਭਵ ਹੈ ਭਾਈ ਅੱਡਣ ਸ਼ਾਹ ਦੇ ਡੇਰੇ ਰਹਿੰਦਿਆਂ ਉਨ੍ਹਾਂ ਵਲੋਂ ਨਿੱਤ ਦੀ ਸੰਗਤ ਨੂੰ ਕੀਤੇ ਗਏ ਪ੍ਰਵਚਨਾਂ ਨੂੰ ਹੀ ਸਹਿਜ ਰਾਮ ਨੇ ਲਿਪੀਬੱਧ ਕੀਤਾ ਹੋਵੇ। ਇਸ ਤਰ੍ਹਾਂ ਇਹ ਅਨੁਮਾਨਿਕ ਤੌਰ ’ਤੇ 18ਵੀਂ ਸਦੀ ਦੇ ਮੱਧ ਦੀ ਰਚਨਾ ਪ੍ਰਤੀਤ ਹੁੰਦੀ ਹੈ।

ਇਸ ਪੋਥੀ ਦੇ ਗੱਦ ਅੰਸ਼ ਵਿਚ ਅਧਿਕਤਰ ਗੁਰਮਤਿ ਸਿੱਧਾਂਤਾਂ ਅਤੇ ਧਾਰਮਿਕ ਮਾਨਤਾਵਾਂ ਦੀ ਸੇਵਾਪੰਥੀ ਸੰਪ੍ਰਦਾਇ ਦੀਆਂ ਪ੍ਰਵ੍ਰਿੱਤੀਆਂ ਦੇ ਸੰਦਰਭ ਵਿਚ ਵਿਆਖਿਆ ਕੀਤੀ ਗਈ ਹੈ ਅਤੇ ਲੋੜ ਅਨੁਸਾਰ ਅਨੇਕ ਮਹਾਪੁਰਸ਼ਾਂ ਦੀਆਂ ਰਚਨਾਵਾਂ ਵਿਚੋਂ ਟੂਕਾਂ ਦੇ ਕੇ ਆਪਣੇ ਵਿਸ਼ਲੇਸ਼ਣ ਨੂੰ ਪ੍ਰਮਾਣ-ਪੁਸ਼ਟ ਕੀਤਾ ਗਿਆ ਹੈ। ਗੁਰਬਾਣੀ ਦੀਆਂ ਟੂਕਾਂ ਦੀ ਵਿਆਖਿਆ ਕਰਦਿਆਂ ਟੀਕਾ ਵਿਧੀ ਨੂੰ ਅਪਣਾਇਆ ਗਿਆ ਪ੍ਰਤੀਤ ਹੁੰਦਾ ਹੈ। ਉਂਜ ਪ੍ਰਧਾਨਤਾ ਉਪਦੇਸ਼ਾਤਮਕ ਸ਼ੈਲੀ ਦੀ ਹੈ। ਵਿਸ਼ੇ ਅਤੇ ਪ੍ਰਸੰਗ ਅਨੁਸਾਰ ਇਹ ਸ਼ੈਲੀ ਕਿਤੇ ਗੰਭੀਰ ਅਤੇ ਕਿਤੇ ਭਾਵੁਕ ਹੋ ਗਈ ਹੈ। ਆਪਣੇ ਮਤ ਦੀ ਸਥਾਪਨਾ ਨਾਲ ਕਿਤੇ ਕਿਤੇ ਖੰਡਨ-ਮੰਡਨ ਵਾਲੀ ਪ੍ਰਵ੍ਰਿੱਤੀ ਵੀ ਦਿਸ ਪੈਂਦੀ ਹੈ। ਗੋਸ਼ਟਿ ਸ਼ੈਲੀ ਅਤੇ ਪ੍ਰਸ਼ਨੋਤਰੀ ਸ਼ੈਲੀ ਦੀ ਵਰਤੋਂ ਹੋਈ ਵੀ ਮਿਲ ਜਾਂਦੀ ਹੈ। ਅਲੰਕਾਰ ਵੀ ਕਿਤੇ ਕਿਤੇ ਵਰਤੇ ਦਿਸਦੇ ਹਨ ਅਤੇ ਪੌਰਾਣਿਕ ਹਵਾਲੇ ਵੀ ਆਮ ਦਿੱਤੇ ਗਏ ਹਨ ਜਿਨ੍ਹਾਂ ਤੋਂ ਲੇਖਕ ਦੇ ਬਹੁਗਿਆਤਾ ਹੋਣ ਦਾ ਬੋਧ ਹੁੰਦਾ ਹੈ। ਉਦਾਹਰਣ ਵਜੋਂ :

ਸੰਤ ਜਨਾ ਕਉ ਰਾਵਣ ਰੂਪੀ ਅਹੰਕਾਰ ਮਾਰਨੇ ਕੀ ਬੜੀ ਜ਼ਰੂਰਤ ਆਨ ਬਨੀ ਹੈ ਜੈਸੇ ਰਾਵਣ ਸੁਇਨੇ ਕੀ ਲੰਕਾ ਕੇ ਕੋਟ ਮਹਿ ਰਹਤਾ ਹੈ ਜੈਸੇ ਰਾਵਣ ਸਭ ਦੇਵਤਿਹੰ ਕਉ ਬੰਦੀਖ਼ਾਨੇ ਮਹਿ ਆਨ ਪਾਇਆ ਥਾ ਤੈਸੇ ਸੁਭ ਗੁਣ ਰੂਪੀ

ੇਵਤੇ ਅਹੰਕਾਰ ਰੂਪੀ ਰਾਵਣ ਨੇ ਸਭ ਛੁਪਾਇ ਛੋਡੇ ਹੈ ਅਰ ਇਹ ਅਹੰਕਾਰ ਹੀ ਕਰ ਕੇ ਗੁਣ ਪ੍ਰਗਟ ਨਹੀਂ ਹੋਤੇ ਸੋ ਜਿਉ ਜਿਉ ਸੰਤ ਜਨ ਅਹੰਕਾਰ ਰੂਪੀ ਰਾਵਣ ਪਰ ਬਲ ਪਾਵਤੇ ਹੈ ਤਿਉ ਤਿਉ ਸਭ ਗੁਣ ਆਪਣੇ ਹਿਰਦੇ ਮਹਿ

੍ਰਗਟ ਕਰਤੇ ਹੈ

ਇਸ ਟੂਕ ਵਿਚ ਅਲੰਕਾਰਿਕ ਛਟਾ ਅਤੇ ਪੌਰਾਣਿਕ ਹਵਾਲੇ ਉਪਲਬਧ ਹਨ।

ਆਮ ਤੌਰ’ਤੇ ਇਨ੍ਹਾਂ ਬਚਨਾਂ ਦਾ ਗੱਦ ਬੜਾ ਸਰਲ ਹੈ, ਫਿਰ ਵੀ ਦਾਰਸ਼ਨਿਕ ਵਿਸ਼ਲੇਸ਼ਣ ਵੇਲੇ ਵਾਕ ਲੰਮੇ ਅਤੇ ਦੁਰਬੋਧ ਹੋ ਗਏ ਹਨ। ਭਾਸ਼ਾ ਵਿਚ ਅਰਬੀ , ਫ਼ਾਰਸੀ ਸ਼ਬਦਾਵਲੀ ਤੋਂ ਇਲਾਵਾ ਲਹਿੰਦੀ ਦੇ ਵੀ ਸ਼ਬਦ ਮਿਲ ਜਾਂਦੇ ਹਨ। ਉਂਜ ਬੋਲੀ ਦਾ ਸਮੁੱਚਾ ਮੁਹਾਂਦਰਾ ਸਾਧ ਭਾਸ਼ਾ ਵਾਲਾ ਹੈ, ਪਰ ਇਸ ਦਾ ਪਿੰਡਾ ਪੰਜਾਬੀ ਹੈ।

ਜਿਥੋਂ ਤਕ ਇਸ ਪੋਥੀ ਦੇ ਪੱਦ ਅੰਸ਼ ਦਾ ਸੰਬੰਧ ਹੈ, ਇਸ ਵਿਚ ਮੰਗਲਾਚਰਣ ਤੋਂ ਬਾਦ ਦੋਹਰੇ ਅਥਵਾ ਸੋਰਠੇ ਦਾ ਪਾਠ ਲਿਖਿਆ ਹੁੰਦਾ ਹੈ। ਇਨ੍ਹਾਂ ਤੋਂ ਬਾਦ ‘ਬਚਨ’ ਅਥਵਾ ਅਧਿਆਤਮ ਨਾਲ ਸੰਬੰਧਿਤ ਕਥਾ-ਪ੍ਰਸੰਗ ਜਾਂ ਉਪਦੇਸ਼ ਗੱਦ ਵਿਚ ਲਿਖਿਆ ਹੁੰਦਾ ਹੈ। ਫਿਰ ਉਸ ਸਾਰੇ ‘ਬਚਨ’ ਦਾ ਸਾਰ ਕਵਿਤਾ ਵਿਚ ਦਿੱਤਾ ਜਾਂਦਾ ਹੈ, ਜੋ ਆਮ ਤੌਰ ਤੇ ਦੋ ਆਸਾਵਰੀਆਂ ਵਿਚ ਹੁੰਦਾ ਹੈ। ਇਸ ਪ੍ਰਕਾਰ ਲਗਭਗ ਸੱਤ ਸੌ ਆਸਾਵਰੀਆਂ ਸੰਕਲਿਤ ਹੋਈਆਂ ਹਨ। ਇਨ੍ਹਾਂ ਦੀ ਭਾਸ਼ਾ ਉਤੇ ਲਹਿੰਦੀ ਦਾ ਪ੍ਰਭਾਵ ਸਪੱਸ਼ਟ ਹੈ ਕਿਉਂਕਿ ਸੇਵਾ ਪੰਥੀ ਸਾਧੂਆਂ ਦਾ ਪ੍ਰਚਾਰ ਖੇਤਰ ਅਧਿਕਤਰ ਪੱਛਮ ਦਾ ਖੇਤਰ ਹੀ ਰਿਹਾ ਹੈ, ਜਿਵੇਂ :

ਇਹ ਮਨ ਭੋਲੂ ਤੇ ਲੋਭ ਕਲੰਰ ਦਰੁ ਦਰੁ ਫਿਰੈ ਨਚੈਂਦਾ

੍ਰਿਸਨਾ ਛਮਕਾਂ ਮਾਰੇ ਤਨ ਪਰ ਬਹੁਤੇ ਸਾਂਗ ਬਨੈਂਦਾ

ਗਾਲੀ ਪ੍ਰਭ ਸਿਉ ਵਿਥ ਪਾਇਨ ਸੇਈ ਲੋਭ ਕਰੈਂਦਾ ਧਾਨ ਕੁਧਾਨ ਦੇਖੈ ਸੇਵਾ ਸਭ ਚੰਮ ਸੀਸ ਧਰੈਂਦਾ

ਇਨ੍ਹਾਂ ਆਸਾਵਰੀਆਂ ਵਿਚੋਂ ਬਹੁਤੀਆਂ ਸਹਿਜ ਰਾਮ ਦੀਆਂ ਰਚੀਆਂ ਪ੍ਰਤੀਤ ਹੁੰਦੀਆਂ ਹਨ, ਪਰ ਕਿਤੇ ਕਿਤੇ ਚੂਹੜ ਜੀ ਦੀਆਂ ਲਿਖੀਆਂ ਵੀ ਮਿਲਦੀਆਂ ਹਨ, ਜਿਵੇਂ—

ਸਾਂਈ ਵਾਲੇ ਸੁਖ ਸਉਂਦੇ ਅਤੇ ਰਜ ਖਾਂਦੇ ਰੋਟੀ

ਰਤ ਦੇਖ ਉਹ ਨਾਹਿ ਲੁਭੀਵਨ ਚਾੜ੍ਹੀ ਅਸਲ ਲੰਗੋਟੀ

ਨਹੋਂ ਸਭ ਮਨਵਾਵਣ ਅਪਣੀ ਸਚ ਦੀ ਮਾਰ ਕੇ ਸੋਟੀ

ੂਹੜ ਸਾਂਈ ਵਾਲਾ ਕੋਈ ਇਕ ਅੱਧ ਹੋਰ ਖਲਕਤ ਹਭਾ ਖੋਟੀ

            ਗੁਰਮਤਿ ਦੀ ਸਿੱਧਾਂਤਿਕ ਵਿਆਖਿਆ ਕਰਦਿਆਂ ਅਤੇ ਸੇਵਾਪੰਥੀ ਦ੍ਰਿਸ਼ਟੀਕੋਣ ਪੇਸ਼ ਕਰਦਿਆਂ ਗੁਰਬਾਣੀ ਤੋਂ ਬਹੁਤ ਟੂਕਾਂ ਦਿੱਤੀਆਂ ਮਿਲਦੀਆਂ ਹਨ। ਗੁਰਬਾਣੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਭਗਤਾਂ, ਸਾਧਕਾਂ ਦੀਆਂ ਬਾਣੀਆਂ ਤੋਂ ਸੰਦਰਭ ਦਿੱਤੇ ਗਏ ਹਨ। ਉਨ੍ਹਾਂ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਆਏ ਭਗਤਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਭਗਤ ਸ਼ਾਮਲ ਹਨ। ਚੂਹੜ ਜੀ ਵੀ ਕੋਈ ਸੇਵਾਪੰਥੀ ਸਾਧ ਪ੍ਰਤੀਤ ਹੁੰਦਾ ਹੈ। ਇਸ ਸੰਕਲਨ ਵਿਚ ਆਸਾਵਰੀਆਂ ਤੋਂ ਇਲਾਵਾ ਬਹੁਤ ਸਾਰੇ ਸੋਰਠੇ, ਦੋਹਰੇ, ਰੇਖਤੇ, ਛਪੈ , ਕਬਿੱਤ ਅਤੇ ਸ਼ਲੋਕ ਵੀ ਵਰਤੇ ਮਿਲ ਜਾਂਦੇ ਹਨ। ਜੇ ਇਨ੍ਹਾਂ ਕਾਵਿ-ਤੱਤ੍ਵਾਂ ਦਾ ਵਖਰਾ ਸੰਕਲਨ ਤਿਆਰ ਕਰ ਲਿਆ ਜਾਵੇ, ਤਾਂ ਉਸ ਵਕਤ ਦੇ ਅਧਿਆਤਮੀ ਕਾਵਿ ਲਈ ਵਰਤੀ ਪੰਜਾਬੀ ਦੇ ਰੂਪ-ਨਿਖਾਰ ਦਾ ਸਹਿਜ ਹੀ ਅੰਦਾਜ਼ਾ ਹੋ ਸਕਦਾ ਹੈ।

ਸਥੂਲ ਤੌਰ’ਤੇ ਸਹਿਜ ਰਾਮ ਦੀਆਂ ਅਧਿਆਤਮਿਕ ਮਾਨਤਾਵਾਂ ਨੂੰ ਕੁਝ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਉਸ ਅਨੁਸਾਰ ਪਰਮਾਤਮਾ ਰਿਜ਼ਕ ਦੇਣ ਵਾਲਾ, ਰਹਿਮ ਕਰਨ ਵਾਲਾ, ਸੁਖ ਪ੍ਰਦਾਨ ਕਰਨ ਵਾਲਾ, ਸਭ ਦੀ ਪ੍ਰਤਿਪਾਲਨਾ ਕਰਨ ਵਾਲਾ ਅਤੇ ਸਰਬ ਵਿਆਪਕ ਹੈ। ਉਸ ਦੇ ਉਪਕਾਰਾਂ ਨਾਲ ਸਾਰੀ ਸ੍ਰਿਸ਼ਟੀ ਦਬੀ ਹੋਈ ਹੈ ਕਿਉਂਕਿ ਉਸੇ ਦਾ ਦਿੱਤਾ ਹੀ ਸਭ ਕੋਈ ਖਾਂਦਾ ਹੈ, ਪਰ ਪਰਮਾਤਮਾ ਕਿਸੇ ਤੋਂ ਕੋਈ ਬਦਲਾ ਨਹੀਂ ਭਾਲਦਾ—ਖਾਵੈ ਦਾਤ ਤੁਮਾਰੀ ਸਭ ਕੋ ਕਛੁ ਬਦਲਾ ਭਾਲਹਿ ਇਹ ਮਾਨਤਾ ਗੁਰਬਾਣੀ ਅਨੁਰੂਪ ਹੈ।

ਇਹ ਸੰਸਾਰ ਛਿਣ ਮਾਤ੍ਰ ਹੈ। ਮਨੁੱਖ ਦਾ ਜੀਵਨ ਵੀ ਥੋੜੇ ਸਮੇਂ ਲਈ ਹੈ। ਸਹਿਜ ਰਾਮ ਨੇ ਸੰਸਾਰਿਕ ਪ੍ਰਪੰਚ ਨੂੰ ‘ਕੂੜੀ ਬਾਜੀ ’ ਕਹਿ ਕੇ ਇਸ ਪ੍ਰਤਿ ਵਿਰਕਤੀ ਦਾ ਉਪਦੇਸ਼ ਦਿੱਤਾ ਹੈ :

ਬਾਜੀਗਰ ਕੂੜੀ ਬਾਜੀ ਪਾਈ ਕੂੜ ਪਹਿ ਰਿਝਾਹਿਆ ਕੂੜਾ

ਪਲ ਵਿਚ ਛਾਈਂ ਮਾਈਂ ਹੋਸੀ ਸਮਝ ਨਾ ਦੇਖੇ ਮੂੜਾ

ਸੁਤ ਬਿਨਤਾ ਕੇ ਕਲੋਲ ਨਾ ਭਾਵਹਿੰ ਗਿਆਨ ਪਾਇਆ ਗੂੜਾ

ਲਖ ਚੳਬਰਾਸੀ ਭਰਮਹਿ ਸੇਵਾ ਭਜਿਆ ਨਾ ਠਾਕਰ ਰੂੜਾ

ਮਾਨਸ ਜਨਮ ਦੁਰਲਭ ਹੈ। ਇਸ ਲਈ ਦੁਰਲਭ ਵਸਤੂ ਨੂੰ ਪ੍ਰਾਪਤ ਕਰਕੇ ਉਸ ਦਾ ਸਦ-ਉਪਯੋਗ ਕਰਨਾ ਹੀ ਉਚਿਤ ਹੈ। ਇਸ ਵਾਸਤੇ ਸਰਬ-ਉਚ ਸਾਧਨ ਨਾਮ ਦਾ ਜਾਪ ਹੈ। ਜੋ ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਸ ਤੋਂ ਬੇਮੁਖ ਰਹਿੰਦੇ ਹਨ, ਉਨ੍ਹਾਂ ਬਾਰੇ ਸਹਿਜ ਰਾਮ ਦੀ ਸਥਾਪਨਾ ਹੈ :

ਇਕ ਨਿਮਖ ਹਰਿ ਨਾਮ ਜਪਿਆ ਬੇਮੁਖ ਰਹੇ ਹਰਿ ਜੂ ਤੇ

ਹਾ ਹੈ ਹੈ ਕਰਤ ਗੁਜਾਰੀ ਮਰ ਰਲਿਆ ਵਿਚ ਭੂਤੇ

ਸਹਿਜ ਰਾਮ ਨੇ ਸਦਾਚਾਰਿਕ ਗੁਣਾਂ ਨੂੰ ਗ੍ਰਹਿਣ ਕਰਕੇ ਅਤੇ ਮਾੜੇ ਕੰਮਾਂ ਨੂੰ ਛਡ ਕੇ ਹਰਿ-ਭਗਤੀ ਵਿਚ ਲੀਨ ਹੋਣ ਦਾ ਜੋ ਉਪਦੇਸ਼ ਦਿੱਤਾ ਹੈ, ਉਹ ਬੜਾ ਵੈਰਾਗਮਈ ਅਤੇ ਸਚੇ ਧਰਮ ’ਤੇ ਆਧਾਰਿਤ ਹੈ।

ਇਨ੍ਹਾਂ ਆਸਾਵਰੀਆਂ ਵਿਚ ਭਾਵ ਅਭਿਵਿਅਕਤੀ ਬੜੇ ਸਹਿਜ ਅਤੇ ਸਰਲ ਢੰਗ ਵਿਚ ਹੋਈ ਹੈ। ਲੋੜ ਅਨੁਸਾਰ ਲੋਕ ਜੀਵਨ ਵਿਚ ਪ੍ਰਚਲਿਤ ਪੌਰਾਣਿਕ ਪ੍ਰਸੰਗਾਂ ਅਤੇ ਪਾਤਰਾਂ ਦੇ ਕ੍ਰਿਤਾਂ ਨੂੰ ਉਪਮਾਨਾਂ ਵਜੋਂ ਵਰਤਿਆ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਆਸਾਵਰੀਆਂ ਦਾ ਉਪਮਾਨ- ਵਿਧਾਨ ਲੋਕ ਜੀਵਨ ਦੇ ਬਹੁਤ ਨੇੜੇ ਰਿਹਾ ਹੈ। ਕਈਆਂ ਥਾਂਵਾਂ’ਤੇ ਇਹ ਉਪਮਾਨ ਪ੍ਰਤੀਕਾਂ ਦਾ ਰੂਪ ਵੀ ਧਾਰਦੇ ਗਏ ਹਨ। ਛੰਦ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਵਿਚ ਇਤਨੀ ਪੁਖ਼ਤਗੀ ਨਹੀਂ ਹੈ। ਇਸ ਦੇ ਦੋ ਕਾਰਣ ਹੋ ਸਕਦੇ ਹਨ। ਇਕ ਇਹ ਸਾਧਾਂ/ਫ਼ਕੀਰਾਂ ਦੇ ਬਚਨ ਹਨ। ਇਨ੍ਹਾਂ ਨੂੰ ਕਾਵਿ ਅਥਵਾ ਛੰਦ ਸ਼ਾਸਤ੍ਰ ਦੀ ਕਸਵਟੀ ਉਤੇ ਪਰਖਣਾ ਉਚਿਤ ਨਹੀਂ ਹੈ ਕਿਉਂਕਿ ਇਨ੍ਹ੍ਹਾਂ ਦੀ ਰਚਨਾ ਕਾਵਿ ਚਮਤਕਾਰ ਵਿਖਾਣ ਲਈ ਨਹੀਂ, ਸਗੋਂ ਭਾਵ ਅਭਿਵਿਅਕਤੀ ਲਈ ਹੋਈ ਹੈ। ਦੂਜਾ , ਇਹ ਆਸਾਵਰੀਆਂ ਲਿਖਿਤ ਰੂਪ ਵਿਚ ਨਹੀਂ, ਲੋਕ-ਕੰਠ ਰਾਹੀਂ ਪ੍ਰਾਪਤ ਹੋਈਆਂ ਹਨ। ਇਸ ਲਈ ਇਨ੍ਹਾਂ ਵਿਚ ਪਾਠਾਂ ਦੇ ਬਦਲਣ ਜਾਂ ਉਨ੍ਹਾਂ ਵਿਚ ਰਲੇ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਨ੍ਹਾਂ ਵਿਚ ਭਾਸ਼ਾ ਸਰਲ ਅਤੇ ਲਹਿੰਦੀ ਤੋਂ ਪ੍ਰਭਾਵਿਤ ਪੰਜਾਬੀ ਹੈ। ਕਿਉਂਕਿ ਇਸ ਦੇ ਰਚੈਤਾ ਦਾ ਵਿਚਰਣ ਖੇਤਰ ਅਧਿਕਤਰ ਪੱਛਮੀ ਪੰਜਾਬ ਰਿਹਾ ਹੈ। ਸਾਧ ਭਾਸ਼ਾ ਤੋਂ ਵੀ ਬਹੁਤ ਸ਼ਬਦਾਵਲੀ ਲਈ ਗਈ ਹੈ। ਉਸ ਵਕਤ ਤਕ ਜੋ ਅਰਬੀ ਫ਼ਾਰਸੀ ਦੀ ਸ਼ਬਦਾਵਲੀ ਪੰਜਾਬੀ ਜਨ- ਜੀਵਨ ਵਿਚ ਰਚ-ਮਿਚ ਗਈ ਸੀ , ਉਸ ਨੂੰ ਵੀ ਕਾਫ਼ੀ ਮਾਤ੍ਰਾ ਵਿਚ ਵਰਤ ਲਿਆ ਗਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1249, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.