ਪ੍ਰਲਯ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪ੍ਰਲਯ. ਸੰਗ੍ਯਾ—ਚੰਗੀ ਤਰਾਂ ਲੀਨ ਹੋਣਾ. ਲੈ ਨੂੰ ਪ੍ਰਾਪਤ ਹੋਣਾ। ੨ ਪੁਰਾਣਾਂ ਵਿੱਚ ਪ੍ਰਲਯ ਦਾ ਅਰਥ ਹੈ ਸੰਸਾਰ ਦਾ ਲੀਨ ਹੋਣਾ.  ਵਿ੄ਨੁਪੁਰਾਣ ਦੇ ਅੰਸ਼ ੧ ਅ: ੭ ਵਿੱਚ ਲੇਖ ਹੈ ਕਿ ਜੀਵਾਂ ਦੇ ਨਿਤ੍ਯ ਮਰਨ ਦਾ ਨਾਮ ਨਿਤ੍ਯਪ੍ਰਲਯ, ਬ੍ਰਹਮਾ ਦੇ ਸੌਣ ਪੁਰ ਨੈਮਿੱਤਿਕਪ੍ਰਲਯ, ਬ੍ਰਹਮਾ ਦੇ ਮਰਨ ਪੁਰ ਪ੍ਰਾਕ੍ਰਿਤਕ ਪ੍ਰਲਯ, ਗ੍ਯਾਨ ਦ੍ਵਾਰਾ ਆਤਮ ਵਿੱਚ ਲੀਨ ਹੋਣ ਤੋਂ ਆਤ੍ਯੰਤਿਕ ਪ੍ਰਲਯ ਹੁੰਦੀ ਹੈ.3 ਬਾਈਬਲ ਅਨੁਸਾਰ ਹੁਣ ਕਦੇ ਪ੍ਰਲਯ ਨਹੀਂ ਹੋਵੇਗੀ. ਦੇਖੋ, ਇੰਦ੍ਰਧਨੁਖ। ੩ ਕਾਵ੍ਯ ਅਨੁਸਾਰ ਇੱਕ ਸਾਤ੍ਵਿਕ ਭਾਵ, ਅਰਥਾਤ ਕਿਸੇ ਵਸਤੂ ਵਿੱਚ ਤਦਰੂਪ ਹੋਣ ਤੋਂ ਸਿਮ੍ਰਿਤੀ ਦਾ ਅਭਾਵ ਹੋਕੇ ਮੂਰਛਾਦਸ਼ਾ ਨੂੰ ਪ੍ਰਾਪਤ ਹੋਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2642, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪ੍ਰਲਯ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪ੍ਰਲਯ: ਇਸ ਦਾ ਸ਼ਾਬਦਿਕ ਅਰਥ ਹੈ ਭੂ-ਖੰਡ ਜਾਂ ਬ੍ਰਹਿਮੰਡ ਦਾ ਮਿਟ ਜਾਣਾ। ਸੰਸਾਰ ਦੀਆਂ ਸਾਰੀਆਂ ਪੁਰਾਤਨ ਕਥਾਵਾਂ ਵਿਚ ਪ੍ਰਲਯ ਦਾ ਜ਼ਿਕਰ ਕਿਸੇ ਨ ਕਿਸੇ ਰੂਪ ਵਿਚ ਹੋਇਆ ਹੈ। ਪੁਰਾਤਨ ਭਾਰਤੀ ਸਾਹਿਤ ਵਿਚ ਇਸ ਦੇ ਸਰੂਪ ਨੂੰ ਵਿਸਤਾਰ ਨਾਲ ਸਪੱਸ਼ਟ ਕੀਤਾ ਗਿਆ ਹੈ। ‘ਸ਼ਤਪਥ- ਬ੍ਰਾਹਮਣ ’ (1/8/1-6) ਅਤੇਮਹਾਭਾਰਤ ’ (ਵਨ ਪਰਵ, ਅ.187) ਤੋਂ ਇਲਾਵਾ ਇਸ ਦਾ ਅਧਿਕ ਵਰਣਨ ਪੁਰਾਣ-ਸਾਹਿਤ ਵਿਚ ਹੋਇਆ ਹੈ। ਅਸਲ ਵਿਚ, ਪੁਰਾਣਾਂ ਦੇ ਪੰਜ ਲੱਛਣਾਂ (ਸਰਗ, ਪ੍ਰਤਿਸਰਗ, ਵੰਸ਼ , ਮਨਵੰਤਰ ਅਤੇ ਵੰਸ਼ਾਨੁਚਰਿਤ) ਵਿਚੋਂ ‘ਪ੍ਰਤਿਸਰਗ’ ਦਾ ਸੰਬੰਧ ਪ੍ਰਲਯ ਨਾਲ ਹੈ।

‘ਵਿਸ਼ਣੂ-ਪੁਰਾਣ’ ਵਿਚ ਲਿਖਿਆ ਹੈ ਕਿ ਬ੍ਰਹਮਾ ਦੀ ਜਾਗ੍ਰਿਤ ਅਵਸਥਾ ਵਿਚ ਉਸ ਦੀ ਪ੍ਰਾਣ-ਸ਼ਕਤੀ ਦੀ ਪ੍ਰੇਰਣਾ ਨਾਲ ਬ੍ਰਹਿਮੰਡ-ਚੱਕਰ ਚਲਦਾ ਰਹਿੰਦਾ ਹੈ, ਪਰ ਉਸ ਦੀ ਸੁੱਤੀ ਹੋਈ ਅਵਸਥਾ ਵਿਚ ਸਾਰੇ ਬ੍ਰਹਿਮੰਡ ਦੀ ਗਤਿਵਿਧੀ ਰੁਕ ਜਾਂਦੀ ਹੈ। ਸਾਰੀ ਸ੍ਰਿਸ਼ਟੀ ਨਸ਼ਟ ਹੋ ਜਾਂਦੀ ਹੈ। ਇਸ ਨੂੰ ਸਾਧਾਰਣ ਜਾਂ ਨੈਮਿਤਿਕ ਪ੍ਰਲਯ ਕਿਹਾ ਜਾਂਦਾ ਹੈ। ਇਸ ਤੋਂ ਛੁਟ ਇਕ ‘ਪ੍ਰਾਕ੍ਰਿਤ-ਪ੍ਰਲਯ’ ਵੀ ਹੈ। ਇਸ ਨੂੰ ‘ਮਹਾਪ੍ਰਲਯ’ ਵੀ ਕਿਹਾ ਜਾਂਦਾ ਹੈ। ਇਸ ਦਾ ਸੰਬੰਧ ਬ੍ਰਹਮਾ ਦੀ ਆਯੂ ਦੇ ਘਟ ਜਾਣ ਨਾਲ ਹੈ। ਇਹ ਅਜਿਹੀ ਮਹਾਪ੍ਰਲਯ ਹੈ ਕਿ ਸਭ ਕੁਝ ਪ੍ਰਕ੍ਰਿਤੀ ਵਿਚ ਲੀਨ ਹੋ ਜਾਂਦਾ ਹੈ। ਅਤਿ- ਅਧਿਕ ਵਰਸ਼ਾ ਹੋਣ ਕਾਰਣ ਆਇਆ ਹੜ੍ਹ ਹੀ ਸਾਰੀ ਸ੍ਰਿਸ਼ਟੀ ਨੂੰ ਗ਼ਰਕ ਕਰ ਦਿੰਦਾ ਹੈ। ਵਿਅਕਤ ਜਗਤ ਅਵਿਅਕਤ ਪ੍ਰਕ੍ਰਿਤੀ ਵਿਚ ਅਤੇ ਅਵਿਅਕਤ ਪ੍ਰਕ੍ਰਿਤੀ ਪੁਰਸ਼ ਵਿਚ ਲੀਨ ਹੋ ਜਾਂਦੀ ਹੈ। ਇਹੀ ਪੁਰਸ਼ ਹੀ ਨਿੱਤ- ਪਰਮਾਤਮਾ ਅਤੇ ਜਗਤ ਦਾ ਕਾਰਣ ਹੈ। ਹੜ੍ਹ ਕਾਰਣ ਪੈਦਾ ਹੋਣ ਵਾਲੀ ਸਥਿਤੀ ਦਾ ਵਰਣਨ ‘ਬਾਈਬਲ ’ ਅਤੇ ਗ੍ਰੀਕ ਦੀਆਂ ਮਿਥਿਕ ਪਰੰਪਰਾਵਾਂ ਵਿਚ ਵੀ ਮਿਲਦਾ ਹੈ।

ਇਨ੍ਹਾਂ ਦੋਹਾਂ ਤੋਂ ਇਲਾਵਾ ਪ੍ਰਲਯ ਦੇ ਦੋ ਹੋਰ ਪ੍ਰਕਾਰ ਵੀ ਹਨ। ਇਕ ‘ਅਤਿ-ਅੰਤਿਕ ਪ੍ਰਲਯ’ ਹੈ ਇਸ ਵਿਚ ਯੋਗੀ ਗਿਆਨ ਰਾਹੀਂ ਬ੍ਰਹਮ ਵਿਚ ਲੀਨ ਹੋ ਜਾਂਦਾ ਹੈ। ਦੂਜੀ, ‘ਨਿੱਤ ਪ੍ਰਲਯ’ ਹੈ; ਇਸ ਤੋਂ ਭਾਵ ਹੈ ਪੈਦਾ ਹੋਏ ਪਦਾਰਥਾਂ ਦਾ ਨਿੱਤ ਖ਼ਤਮ ਹੁੰਦੇ ਰਹਿਣਾ। ਇਨ੍ਹਾਂ ਚੌਹਾਂ ਕਿਸਮਾਂ ਵਿਚੋਂ ਪਹਿਲੀਆਂ ਦੋ ਦਾ ਸੰਬੰਧ ਬ੍ਰਹਿਮੰਡ ਦੇ ਖ਼ਤਮ ਹੋਣ ਨਾਲ ਹੈ ਅਤੇ ਦੂਜੀਆਂ ਦੋਹਾਂ ਦਾ ਦੇਹ-ਧਾਰੀਆਂ ਨਾਲ ਹੈ। ਗੁਰਬਾਣੀ ਵਿਚ ਉਤਪੱਤੀ ਅਤੇ ਪਰਲੋ ਛਿਣ ਭਰ ਵਿਚ ਪਰਮਾਤਮਾ ਦੁਆਰਾ ਹੁੰਦੀ ਮੰਨੀ ਗਈ ਹੈ— ਓਪਤਿ ਪਰਲਉ ਖਿਨ ਮਹਿ ਕਰਤਾ (ਗੁ.ਗ੍ਰੰ.387), ਪਰ ਭਾਰਤੀ ਮਿਥਿਕ ਪ੍ਰਲਯ ਪ੍ਰਤਿ ਗੁਰਬਾਣੀ ਵਿਚ ਕੋਈ ਵਿਸ਼ਵਾਸ ਪ੍ਰਗਟ ਕੀਤਾ ਨਹੀਂ ਮਿਲਦਾ। ਅਸਲ ਵਿਚ ਸਿੱਖ ਜਗਤ ਈਸ਼ਵਰੀ ਭਾਣੇ ਵਿਚ ਵਿਸ਼ਵਾਸ ਕਰਦਾ ਹੋਇਆ ਪੌਰਾਣਿਕ ਮਿਥਾਂ ਪ੍ਰਤਿ ਅਰੁਚਿਤ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2610, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.