ਪ੍ਰਸਾਦੀ ਹਾਥੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪ੍ਰਸਾਦੀ ਹਾਥੀ :ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦਾ ਇਕ ਅਦਭੁਤ ਹਾਥੀ ਜੋ ਆਸਾਮ ਦੇ ਰਾਜਾ ਰਤਨ ਰਾਇ ਨੇ ਗੁਰੂ ਜੀ ਨੂੰ ਭੇਂਟ ਕੀਤਾ ਸੀ। ਰਾਜਾ ਰਤਨ ਰਾਇ ਦਾ ਪਿਤਾ ਰਾਜਾ ਰਾਮ ਰਾਇ ਗੁਰੂ ਤੇਗ ਬਹਾਦੁਰ ਜੀ ਦਾ ਸਿੱਖ ਸੀ ਅਤੇ ਗੁਰੂ ਜੀ ਦੀ ਆਸਾਮ ਯਾਤ੍ਰਾ ਵੇਲੇ ਸੇਵਾ ਕਰਨ ਦਾ ਮਾਣ ਪ੍ਰਾਪਤ ਕੀਤਾ ਸੀ। ਜਦੋਂ ਰਤਨ ਰਾਇ ਵੱਡਾ ਹੋਇਆ ਅਤੇ ਉਸ ਨੂੰ ਪਤਾ ਲਗਾ ਕਿ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਤੋਂ ਬਾਦ ਉਨ੍ਹਾਂ ਦਾ ਸੁਪੁੱਤਰ ਗੁਰੂ-ਗੱਦੀ ਉਤੇ ਬੈਠਾ ਹੈ, ਤਾਂ ਉਹ ਦਰਸ਼ਨ ਕਰਨ ਲਈ ਆਨੰਦਪੁਰ ਆਇਆ ਅਤੇ ਨਾਲ ਇਕ ਅਦਭੁਤ ਹਾਥੀ, ਵਧੀਆ ਨਸਲ ਦੇ ਪੰਜ ਘੋੜੇ ਅਤੇ ਕਈ ਸ਼ਸਤ੍ਰ ਤੋਹਫ਼ੇ ਵਜੋਂ ਲੈ ਕੇ ਆਇਆ।

ਪ੍ਰਸਾਦੀ ਹਾਥੀ ਦੇ ਮੱਥੇ ਉਪਰ ਪ੍ਰਸਾਦੀ (ਰੋਟੀ) ਦੇ ਆਕਾਰ ਦਾ ਇਕ ਚਿੱਟਾ ਚੰਨ ਬਣਿਆ ਹੋਇਆ ਸੀ ਅਤੇ ਸੁੰਡ ਦੀ ਨੋਕ ਤੋਂ ਲੈ ਕੇ ਪੂੰਛ ਦੇ ਸਿਰੇ ਤਕ ਇਕ ਸਫ਼ੈਦ ਰੇਖਾ ਖਿਚੀ ਹੋਈ ਸੀ। ਇਹ ਜਲਦੀ ਹੀ ਗੁਰੂ ਜੀ ਨੂੰ ਚੌਰ ਕਰਨਾ ਸਿੱਖ ਗਿਆ। ਇਹ ਰਾਤ ਵੇਲੇ ਮਸ਼ਾਲ ਲੈ ਕੇ ਗੁਰੂ ਜੀ ਦੇ ਅਗੇ ਚਲਦਾ ਹੁੰਦਾ ਸੀ, ਚਲਾਏ ਹੋਏ ਤੀਰ ਚੁਗ ਲਿਆਉਂਦਾ ਸੀ ਅਤੇ ਜਲ ਨਾਲ ਗੁਰੂ ਜੀ ਦੇ ਚਰਣ ਧੋਂਦਾ ਸੀ। ਜਲਦੀ ਹੀ ਇਸ ਹਾਥੀ ਦੀ ਧੁੰਮ ਪਹਾੜੀ ਰਿਆਸਤਾਂ ਵਿਚ ਮਚ ਗਈ। ਕਹਿਲੂਰ ਦੇ ਰਾਜਾ ਭੀਮ ਸੈਨ ਦਾ ਮਨ ਇਸ ਨੂੰ ਪ੍ਰਾਪਤ ਕਰਨ ਲਈ ਲਲਚਾਇਆ। ਉਸ ਨੇ ਗੁਰੂ ਜੀ ਤੋਂ ਇਹ ਹਾਥੀ ਮੰਗਿਆ। ਨ ਦਿੱਤੇ ਜਾਣ ’ਤੇ ਉਸ ਨੇ ਆਨੰਦਪੁਰ ਉਤੇ ਹਮਲਾ ਕਰ ਦਿੱਤਾ, ਪਰ ਹਾਰ ਕੇ ਭਜ ਗਿਆ। ਕਹਿੰਦੇ ਹਨ ਆਨੰਦਪੁਰ ਦੇ ਘੇਰੇ ਸਮੇਂ ਖ਼ੁਰਾਕ ਦੇ ਘਟ ਜਾਣ ਕਾਰਣ ਇਹ ਬਹੁਤ ਕਮਜ਼ੋਰ ਹੋ ਗਿਆ। ਭੁਖ ਦੀ ਤਕਲੀਫ਼ ਤੋਂ ਮੁਕਤ ਕਰਨ ਲਈ ਗੁਰੂ ਜੀ ਨੇ ਇਸ ਨੂੰ ਮਰਵਾ ਦਿੱਤਾ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1655, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਪ੍ਰਸਾਦੀ ਹਾਥੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਪ੍ਰਸਾਦੀ ਹਾਥੀ : ਗੁਰੂ ਗੋਬਿੰਦ ਸਿੰਘ ਜੀ ਦਾ ਇਕ ਅਦਭੁਤ ਹਾਥੀ ਜਿਹੜਾ ਆਸਾਮ ਦੇ ਰਾਜਾ ਰਤਨ ਰਾਇ ਨੇ ਗੁਰੂ ਜੀ ਨੂੰ ਭੇਟ ਕੀਤਾ ਸੀ। ਇਸ ਹਾਥੀ ਦਾ ਰੰਗ ਕਾਲਾ ਸੀ ਅਤੇ ਮੱਥੇ ਉੱਤੇ ਪ੍ਰਸਾਦੀ (ਰੋਟੀ) ਦੇ ਆਕਾਰ ਦਾ ਚਿੱਟਾ ਚੰਦ ਸੀ ਜਿਸ ਵਿਚੋਂ ਦੋ ਉਂਗਲ ਚੌੜੀ ਚਿੱਟੀ ਲਕੀਰ ਸੁੰਡ ਦੀ ਨੋਕ ਤਕ ਅਤੇ ਦੂਜੀ ਪਿੱਠ ਤੋਂ ਹੁੰਦੀ ਹੋਈ ਪੂਛ ਦੇ ਸਿਰੇ ਤਕ ਜਾਂਦੀ ਸੀ। ਇਸ ਰੰਗ, ਰੂਪ ਅਤੇ ਨਿਸ਼ਾਨਾਂ ਤੋਂ ਇਲਾਵਾ ਇਸ ਦੀਆਂ ਹੋਰ ਵੀ ਆਲੌਕਿਕ ਗੱਲਾਂ ਸਨ। ਇਹ ਗੁਰੂ ਸਾਹਿਬ ਨੂੰ ਚੌਰ ਕਰਦਾ, ਗੰਗਾਸਾਗਰ (ਗੜਵੀ) ਨਾਲ ਚਰਨ ਧੁਆ ਕੇ ਰੁਮਾਲ ਨਾਲ ਸਾਫ਼ ਕਰਦਾ, ਮਸ਼ਾਲ ਲੈ ਕੇ ਗੁਰੂ ਜੀ ਦੇ ਅੱਗੇ ਤੁਰਦਾ ਅਤੇ ਗੁਰੂ ਜੀ ਵੱਲੋਂ ਚਲਾਏ ਤੀਰ ਚੁੱਕ ਕੇ ਵਾਪਸ ਲਿਆ ਸਕਦਾ ਸੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-15-10-01-20, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : ਤ. ਗੁ. ਖਾ. : ਗੁ. ਪ੍ਰ. ਸੂ. ਗ੍ਰੰ. ; ਕਲਗੀਧਰ ਚਮਤਕਾਰ –ਭਾਈ ਵੀਰ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.