ਪ੍ਰਾਚੀਨ ਪੰਥ ਪ੍ਰਕਾਸ਼ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪ੍ਰਾਚੀਨ ਪੰਥ ਪ੍ਰਕਾਸ਼ (ਕਾਵਿ): ਇਹ ਭਾਈ ਰਤਨ ਸਿੰਘ ਭੰਗੂ ਦੀ ਰਚਨਾ ਹੈ ਜੋ ਪ੍ਰਸਿੱਧ ਸਿੱਖ ਸ਼ਹੀਦ ਸ. ਮਤਾਬ ਸਿੰਘ ਮੀਰਾਕੋਟੀਏ ਦਾ ਪੋਤਰਾ ਅਤੇ ਕਰੋੜੀਆ ਮਿਸਲ ਦੇ ਸ. ਸ਼ਾਮ ਸਿੰਘ ਦਾ ਦੋਹਤਾ ਸੀ। ਇਸ ਰਚਨਾ ਦਾ ਮੂਲ ਨਾਂ ‘ਪੰਥ ਪ੍ਰਕਾਸ਼ ’ ਸੀ, ਪਰ ਭਾਈ ਵੀਰ ਸਿੰਘ ਨੇ ਸੰਨ 1914 ਈ. ਵਿਚ ਇਸ ਦੇ ਪ੍ਰਕਾਸ਼ਨ ਵੇਲੇ ਇਸ ਦੇ ਨਾਂ ਤੋਂ ਪਹਿਲਾਂਪ੍ਰਾਚੀਨਸ਼ਬਦ ਜੋੜ ਦਿੱਤਾ ਤਾਂ ਜੋ ਇਸ ਨੂੰ ਇਸ ਦੀ ਪਰਵਰਤੀ ਰਚਨਾ ‘ਪੰਥ ਪ੍ਰਕਾਸ਼’ (ਗਿਆਨੀ ਗਿਆਨ ਸਿੰਘ ਵਿਰਚਿਤ) ਤੋਂ ਨਿਖੇੜਿਆ ਜਾ ਸਕੇ। ਇਸ ਵਿਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਿੱਖ ਮਿਸਲਾਂ ਦੀ ਕਾਇਮੀ ਤਕ ਦਾ ਬ੍ਰਿੱਤਾਂਤ ਸਮੇਟਿਆ ਗਿਆ ਹੈ।

ਇਸ ਇਤਿਹਾਸਿਕ ਕਾਵਿ ਦੀ ਰਚਨਾ ਪਿਛੇ ਅੰਗ੍ਰੇਜ਼ਾਂ ਦੀ ਸਿੱਖ ਧਰਮ ਅਤੇ ਇਤਿਹਾਸ ਬਾਰੇ ਜਾਣਨ ਦੀ ਜਿਗਿਆਸਾ ਕੰਮ ਕਰ ਰਹੀ ਹੈ। ਸਰ ਡੇਵਿਡ ਆਕਟਰ ਲੋਨੀ ਦੀ ਪ੍ਰੇਰਣਾ ਨਾਲ ਕਪਤਾਨ ਮਰੇ ਨੇ ਜੋ ਬ੍ਰਿੱਤਾਂਤ ਲੁਧਿਆਣੇ ਵਿਚ ਇਕੱਠਾ ਕੀਤਾ, ਉਹ ਰਤਨ ਸਿੰਘ ਭੰਗੂ ਨੇ ਜੁਟਾਇਆ। ਅਸਲ ਵਿਚ ਕਪਤਾਨ ਮਰੇ ਨੇ ਮੌਲਵੀ ਬੂਟੇ ਸ਼ਾਹ ਦੀ ਮਦਦ ਲੈਣੀ ਚਾਹੀ , ਪਰ ਰਤਨ ਸਿੰਘ ਭੰਗੂ ਨੇ ਇਸ ਕੰਮ ਲਈ ਆਪਣੇ ਆਪ ਨੂੰ ਪੇਸ਼ ਕੀਤਾ ਕਿਉਂਕਿ ਉਸ ਨੂੰ ਸੰਦੇਹ ਸੀ ਕਿ ਮੁਸਲਮਾਨ ਹੋਣ ਕਰਕੇ ਮੌਲਵੀ ਬੂਟੇ ਸ਼ਾਹ ਸਿੱਖ ਇਤਿਹਾਸ ਨੂੰ ਸ਼ੁੱਧ ਸਰੂਪ ਵਿਚ ਪੇਸ਼ ਨਹੀਂ ਕਰੇਗਾ।

ਰਤਨ ਸਿੰਘ ਭੰਗੂ ਦਿਨ ਨੂੰ ਜੋ ਬ੍ਰਿੱਤਾਂਤ ਕਪਤਾਨ ਮਰੇ ਨੂੰ ਜ਼ਬਾਨੀ ਸੁਣਾਉਂਦਾ, ਉਹੀ ਰਾਤ ਨੂੰ ਲਿਖ ਲੈਂਦਾ। ਇਸ ਸਾਰੀ ਸਾਮਗ੍ਰੀ ਨੂੰ ਉਸ ਨੇ ਛੰਦ-ਬੱਧ ਕਰਕੇ ਸੰਨ 1841 ਈ. (1898 ਬਿ.) ਵਿਚ ਮੁਕੰਮਲ ਕੀਤਾ। ਉਸ ਨੇ ਜਨਮਸਾਖੀਆਂ , ਗੁਰਬਿਲਾਸਾਂ, ਲੋਕਾਂ ਵਿਚ ਪ੍ਰਚਲਿਤ ਗਾਥਾਵਾਂ, ਕੁਲ ਪਰੰਪਰਾ ਤੋਂ ਪ੍ਰਾਪਤ ਸੂਚਨਾ ਨੂੰ ਸਰੋਤ ਸਾਮਗ੍ਰੀ ਵਜੋਂ ਵਰਤ ਕੇ ਇਸ ਰਚਨਾ ਨੂੰ ਸੰਪੂਰਣ ਕੀਤਾ। ਉਸ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ-ਪ੍ਰਸੰਗ ਨੂੰ ਜਨਮ- ਸਾਖੀਆਂ ਦੇ ਆਧਾਰ’ਤੇ ਵਿਸਤਾਰ ਸਹਿਤ ਵਰਣਿਤ ਕੀਤਾ ਹੈ, ਅਗਲੇ ਸੱਤ ਗੁਰੂ ਸਾਹਿਬਾਨ ਬਾਰੇ ਬੜੀ ਸੰਖਿਪਤ ਜਾਣਕਾਰੀ ਦਿੱਤੀ ਹੈ। ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸੰਬੰਧੀ ਉਸ ਨੇ ‘ਬਚਿਤ੍ਰ ਨਾਟਕ ’ ਨੂੰ ਆਧਾਰ ਬਣਾ ਕੇ ਮੁਗ਼ਲ ਹਕੂਮਤ ਦੀ ਬਰਬਾਦੀ ਦਾ ਕਾਰਣ ਨੌਵੇਂ ਗੁਰੂ ਦੀ ਸ਼ਹਾਦਤ ਦਸਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ-ਪ੍ਰਸੰਗ ਵਿਚ ਖ਼ਾਲਸੇ ਦੀ ਸਾਜਨਾ, ਮਸੰਦ ਪ੍ਰਥਾ ਨੂੰ ਖ਼ਤਮ ਕਰਨਾ, ਪਹਾੜੀ ਰਾਜਿਆਂ ਦੀਆਂ ਸਾਜ਼ਿਸ਼ਾਂ, ਆਨੰਦਪੁਰ ਦਾ ਘੇਰਾ , ਚਮਕੌਰ ਦੀ ਕੱਚੀ ਗੜ੍ਹੀ ਵਿਚੋਂ ਗੁਰੂ ਜੀ ਦਾ ਨਿਕਲ ਜਾਣਾ , ਦੱਖਣ ਨੂੰ ਪ੍ਰਸਥਾਨ ਅਤੇ ਜ਼ੁਲਮ ਨੂੰ ਠਲ੍ਹ ਪਾਉਣ ਲਈ ਬਾਬਾ ਬੰਦਾ ਬਹਾਦਰ ਨੂੰ ਪੰਜਾਬ ਭੇਜਣਾ ਆਦਿ ਘਟਨਾਵਾਂ ਦਾ ਵਿਸ਼ੇਸ਼ ਵਰਣਨ ਕੀਤਾ ਹੈ।

ਬੰਦਾ ਬਹਾਦਰ ਦੀਆਂ ਜਿਤਾਂ ਦਾ ਵਰਣਨ ਕਰਦੇ ਹੋਇਆਂ ਕਵੀ ਨੇ ਇਸ ਸਭ ਦਾ ਕਾਰਣ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ੀ ਸ਼ਕਤੀ ਦਸਿਆ ਹੈ। ਗੁਰੂ ਜੀ ਦੀ ਸਿਖਿਆ ਤੋਂ ਹਟਣ ਕਾਰਣ ਹੀ ਉਸ ਦੀ ਹਾਰ ਹੋਈ ਮੰਨੀ ਹੈ। ਬੰਦਾ ਬਹਾਦਰ ਦੀ ਸ਼ਹਾਦਤ ਤੋਂ ਬਾਦ ਪੰਥ ਦੇ ਦੋ ਧੜਿਆਂ (ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ) ਵਿਚ ਵੰਡੇ ਜਾਣਾ, ਸਿੱਖਾਂ ਉਤੇ ਚੜ੍ਹੀ ਜ਼ੁਲਮ ਦੀ ਹਨੇਰੀ , ਮੱਸੇ ਰੰਘੜ ਨੂੰ ਦੰਡ , ਸਿੱਖਾਂ ਦੀਆਂ ਸ਼ਹਾਦਤਾਂ, ਛੋਟੇ ਅਤੇ ਵੱਡੇ ਘਲੂਘਾਰੇ ਦਾ ਬ੍ਰਿੱਤਾਂਤ ਅਤੇ ਦਲ ਖ਼ਾਲਸਾ ਵਲੋਂ ਸਰਹਿੰਦ ਉਪਰ ਕੀਤੇ ਤੀਜੇ ਹਮਲੇ ਵਿਚ ਜ਼ੈਨ ਖ਼ਾਨ ਨੂੰ ਮਾਰਨ ਅਤੇ ਦਿੱਲੀ ਤਕ ਸਿੱਖਾਂ ਦੀ ਧਾਕ ਜੰਮਣ ਦੇ ਪ੍ਰਸੰਗਾਂ ਨੂੰ ਲਿਆ ਹੈ। ਕਵੀ ਨੇ ਬੜੀ ਸੂਝ ਅਤੇ ਰੁਚੀ ਨਾਲ ਸਾਰਾ ਬ੍ਰਿੱਤਾਂਤ ਇਕੱਤਰ ਕੀਤਾ ਹੈ ਅਤੇ ਸਿੱਖਾਂ ਦੇ ਜਜ਼ਬਿਆਂ ਨੂੰ ਬੜੇ ਸੁੰਦਰ ਢੰਗ ਨਾਲ ਬਿਆਨ ਕੀਤਾ ਹੈ। ਸਿੱਖੀ ਨੂੰ ਕਾਇਮ ਰਖਣ ਲਈ ਮੌਤ ਨੂੰ ਸਹੇੜਨਾ ਸਿੱਖ ਧਰਮੀਆਂ ਦੀ ਚਾਰਿਤ੍ਰਿਕ ਵਿਸ਼ਿਸ਼ਟਤਾ ਦਸੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5665, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.