ਪੰਜਾਬੀ ਸੱਭਿਆਚਾਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੰਜਾਬੀ ਸੱਭਿਆਚਾਰ: ਸੱਭਿਆਚਾਰ ਮਨੁੱਖ ਦੀ ਸਭ ਤੋਂ ਉੱਤਮ ਅਤੇ ਅਨੂਪਮ ਸਿਰਜਣਾ ਹੈ। ਇਹ ਹੀ ਮਨੁੱਖ ਨੂੰ ਇਸ ਕਾਇਨਾਤ ਦੇ ਸਾਰੇ ਦੂਸਰੇ ਜੀਵਾਂ ਤੋਂ ਬੁਨਿਆਦੀ ਤੌਰ `ਤੇ ਨਿਖੇੜਦੀ ਹੈ। ਆਮ ਅਰਥਾਂ ਵਿੱਚ ਸੱਭਿਆਚਾਰ ਤੋਂ ਭਾਵ ਕਿਸੇ ਵਿਸ਼ੇਸ਼ ਲੋਕ ਸਮੂਹ ਦੀ ਵਿਲੱਖਣ ਜੀਵਨ ਜਾਚ ਤੋਂ ਹੈ। ਹਰੇਕ ਲੋਕ ਸਮੂਹ ਆਪਣੇ ਵਿਸ਼ੇਸ਼ ਭੂਗੋਲਿਕ ਪ੍ਰਾਕ੍ਰਿਤਕ ਚੁਗਿਰਦੇ ਵਿੱਚੋਂ ਆਪਣੀਆਂ ਸਾਂਝੀਆਂ ਲੋੜਾਂ, ਚਾਹਤਾਂ ਅਤੇ ਆਦਰਸ਼ਾਂ ਮੁਤਾਬਕ ਜਿਸ ਪ੍ਰਕਾਰ ਦੀ ਵਿਲੱਖਣ ਜੀਵਨ ਸ਼ੈਲੀ ਸਿਰਜਦਾ ਹੈ, ਉਸ ਨੂੰ ਅਸੀਂ ਉਸ ਲੋਕ ਸਮੂਹ ਦਾ ਸੱਭਿਆਚਾਰ ਆਖਦੇ ਹਾਂ। ਸੱਭਿਆਚਾਰ ਵਿੱਚ ਘਰ, ਪਰਿਵਾਰ, ਸਮਾਜ ਨੂੰ ਵਿਉਂਤਣ ਵਾਲੀਆਂ ਸਾਰੀਆਂ ਸੰਸਥਾਵਾਂ (ਵਿਆਹ, ਸਾਕਾਦਾਰੀ ਆਦਿ) ਅਤੇ ਇਹਨਾਂ ਦੀ ਸਿਰਜਣਾ ਪਿੱਛੇ ਕਾਰਜਸ਼ੀਲ ਨਿਆਰੀਆਂ ਕੀਮਤਾਂ ਅਤੇ ਚਿੰਨ੍ਹ-ਪ੍ਰਬੰਧ ਹੁੰਦੇ ਹਨ, ਇਹਨਾਂ ਅਨੁਕੂਲ ਚੱਲਦਿਆਂ ਹੀ ਕੋਈ ਭਾਈਚਾਰਾ ਆਪਣੀ ਵਿਲੱਖਣ ਜੀਵਨ ਜਾਚ ਸਿਰਜਦਾ ਹੈ।

     ਪੰਜਾਬ ਦੇ ਵਿਸ਼ੇਸ਼ ਭੂਗੋਲਿਕ ਖਿੱਤੇ ਵਿੱਚ ਲੰਬੇ ਇਤਿਹਾਸਿਕ ਪ੍ਰਵਾਹ ਵਿੱਚੋਂ ਵਿਲੱਖਣ ਸਰੂਪ ਗ੍ਰਹਿਣ ਕਰ ਚੁੱਕੇ ਸੱਭਿਆਚਾਰ ਨੂੰ ਅਸੀਂ ਪੰਜਾਬੀ ਸੱਭਿਆਚਾਰ ਆਖਦੇ ਹਾਂ। ਪੰਜਾਬ ਦਾ ਨਿਆਰਾ ਭੂਗੋਲਿਕ ਖਿੱਤਾ ਏਸ਼ੀਆ ਉਪ-ਮਹਾਂਦੀਪ ਵਿਚ ਸਥਿਤ ਹੈ। ਇਹ ਸਮੁੰਦਰ ਤੱਟ ਤੋਂ ਲਗਪਗ ਇੱਕ ਹਜ਼ਾਰ ਫੁੱਟ ਉਚਾਈ ਵਾਲਾ ਹੈ।

     ਪੰਜਾਬ ਦਾ ਵਿਸ਼ਾਲ ਮੈਦਾਨੀ ਇਲਾਕਾ ਏਸ਼ੀਆ ਉਪਮਹਾਂਦੀਪ ਵਿੱਚ ਉੱਤਰੀ ਭਾਰਤੀ ਮੈਦਾਨ ਦੇ ਉੱਤਰ ਪੱਛਮੀ ਹਿੱਸੇ ਵਿਚ ਸਥਿਤ ਹੈ। ਇਹ ਮੈਦਾਨ 27.39 ਤੋਂ 35.2 Lat. ਅਤੇ 69.35 ਤੋਂ 78.35 Long. ਵਿਚਕਾਰ ਫੈਲਿਆ ਹੋਇਆ ਹੈ। ਗੰਡਾ ਸਿੰਘ ਨੇ ਪੰਜਾਬ ਦੀਆਂ ਪ੍ਰਾਚੀਨ ਭੂਗੋਲਿਕ ਹੱਦਾਂ ਨੂੰ ਨਿਖੇੜਦੇ ਹੋਏ ਲਿਖਿਆ ਹੈ:

     ਪੰਜਾਬ ਦੇ ਉੱਤਰ ਵਲ ਹਿਮਾਲਾ ਪਰਬਤ ਹੈ ਜੋ ਇਸ ਨੂੰ ਕਸ਼ਮੀਰ ਤੇ ਪਠਾਣੀ ਇਲਾਕੇ ਤੋਂ ਵੱਖ ਕਰਦਾ ਹੈ। ਲਹਿੰਦੇ ਵਲ ਮੋਟੀ ਹੱਦ ਸਿੰਧ ਦਰਿਆ ਦੀ ਹੈ। ਇਸ ਦੇ ਪਾਰ ਪਠਾਣੀ ਦੇਸ਼ ਹੈ, ਪੰਜਾਬ ਦੀ ਲਹਿੰਦੀ ਦੱਖਣੀ ਹੱਦ ਸੁਲੇਮਾਨ ਪਰਬਤ ਨੂੰ ਜਾ ਲਗਦੀ ਹੈ, ਜੋ ਇਸ ਨੂੰ ਬਲੋਚਿਸਤਾਨ ਤੋਂ ਵੱਖ ਕਰਦੀ ਸੀ। ਧੁਰ ਦੱਖਣ ਲਹਿੰਦੇ ਵੱਲ ਸਿੰਧ ਦਾ ਇਲਾਕਾ ਹੈ। ਦੱਖਣ ਨੂੰ ਰਾਜਪੂਤਾਨੇ ਦੀ ਹੱਦ ਲੱਗਦੀ ਹੈ। ਚੜ੍ਹਦੇ ਵਲ ਜਮਨਾ ਨਦੀ ਹੈ ਤੇ ਉਤਰ ਚੜ੍ਹਦੇ ਵਲ ਹਿਮਾਲਾ ਪਰਬਤ ਦੀਆਂ ਸ਼ਿਵਾਲਕ ਪਹਾੜੀਆਂ ਹਨ।

     ਹਿਮਾਲਿਆ ਪਰਬਤ ਸ਼੍ਰਿੰਖਲਾ ਵਿੱਚੋਂ ਨਿਕਲਦੇ ਪੰਜ ਦਰਿਆਵਾਂ (ਜਿਹਲਮ, ਝਨਾਬ, ਰਾਵੀ, ਬਿਆਸ ਅਤੇ ਸਤੁਲਜ) ਦਾ ਵਹਿਣ ਸਥਾਨ ਹੋਣ ਕਰ ਕੇ ਇਸ ਵਿਸ਼ਾਲ ਪੱਧਰੇ ਮੈਦਾਨੀ ਇਲਾਕੇ ਨੂੰ ਪੰਜਾਬ ਆਖਿਆ ਜਾਂਦਾ ਹੈ। ਪੰਜਾਬ ਸ਼ਬਦ ਪਹਿਲੀ ਵਾਰ ਤੇਰ੍ਹਵੀਂ ਸਦੀ ਵਿੱਚ ਅਮੀਰ ਖ਼ੁਸਰੋ ਨੇ ਵਰਤਿਆ। ਇਸ ਤੋਂ ਪਹਿਲਾਂ ਇਸ ਖਿੱਤੇ ਲਈ ‘ਪੰਚਨਦ` ਸ਼ਬਦ ਵਰਤੇ ਜਾਣ ਦੇ ਹਵਾਲੇ ਮਿਲਦੇ ਹਨ। ਇਹ ਮੈਦਾਨੀ ਇਲਾਕਾ ਬੇਹੱਦ ਜਰਖੇਜ਼ ਹੈ। ਇਸ ਖਿੱਤੇ ਵਿੱਚ ਬਹੁਤ ਪ੍ਰਾਚੀਨ ਕਾਲ ਤੋਂ ਮਨੁੱਖੀ ਸੱਭਿਅਤਾ ਵਿਕਸਿਤ ਹੋਣ ਦੇ ਪ੍ਰਮਾਣ ਮਿਲਦੇ ਹਨ। ਇਸੇ ਕਰ ਕੇ ਇਸ ਨੂੰ ‘ਮਨੁੱਖੀ ਸੱਭਿਅਤਾ ਦਾ ਪੰਘੂੜਾ` ਆਖਿਆ ਜਾਂਦਾ ਹੈ।

     ਪ੍ਰਾਚੀਨ ਲੱਭਤਾਂ ਤੇ ਖੁਦਾਈਆਂ (ਮੋਹਿੰਜੋਦਾੜੋ, ਸੰਘੋਲ ਆਦਿ) ਤੋਂ ਕਈ ਲੱਖ ਵਰ੍ਹੇ ਪਹਿਲਾਂ ਇਸ ਧਰਤੀ ਤੇ ਮਨੁੱਖ ਜਾਤੀ ਦੇ ਵਸੇਬੇ ਦੇ ਹਵਾਲੇ ਮਿਲੇ ਹਨ। ਪ੍ਰਾਪਤ ਪ੍ਰਮਾਣਾਂ ਮੁਤਾਬਕ ਕ੍ਰਮਵਾਰ ਸੁਹਾਂ ਨਦੀ ਸੱਭਿਆਚਾਰ, ਸਪਤ ਸਿੰਧੂ ਸੱਭਿਅਤਾ, ਆਰੀਅਨ ਸੱਭਿਆਚਾਰ ਤੇ ਇਸ ਤੋੱ ਅੱਗੇ ਨਿਰੰਤਰ ਵਿਕਾਸ ਦੇ ਹਵਾਲੇ ਮਿਲਦੇ ਹਨ। ਇਸੇ ਪ੍ਰਾਚੀਨ ਉੱਨਤ ਸੱਭਿਆਚਾਰ ਨੇ ਸੰਸਕ੍ਰਿਤ ਵਰਗੀ ਮਹਾਨ ਭਾਸ਼ਾ ਨੂੰ ਸਿਰਜਿਆ। ਰਿਗਵੇਦ ਵਰਗੇ ਮਹਾਨ ਗ੍ਰੰਥ ਰਚੇ ਗਏ। ਪਾਣਿਨੀ ਦਾ ਸੰਸਾਰ ਪ੍ਰਸਿਧ ਅਸ਼ਟਾਧਿਆਈ ਇੱਥੇ ਰਚਿਆ ਗਿਆ। ਤਕਸ਼ਿਲਾ ਨਾਂ ਦੀ ਪ੍ਰਾਚੀਨਤਮ ਯੂਨੀਵਰਸਿਟੀ ਤੇ ਗੰਧਾਰ ਵਰਗੇ ਪ੍ਰਾਚੀਨਤਮ ਕਲਾ ਕੇਂਦਰ ਇਸੇ ਖਿੱਤੇ ਵਿੱਚ ਪ੍ਰਵਾਨ ਚੜ੍ਹੇ।

     ਪੰਜਾਬ ਦੀ ਭੂਗੋਲਿਕ ਸਥਿਤੀ ਦਾ ਇੱਕ ਅਹਿਮ ਪੱਖ ਇਹ ਵੀ ਹੈ ਕਿ ਇਹ ਪੱਛਮੀ ਏਸ਼ਿਆਈ ਮੁਲਕਾਂ ਤੇ ਭਾਰਤ ਦੇ ਵਿਚਕਾਰ ਸਰਹੱਦੀ ਖੇਤਰ ਬਣਦਾ ਹੈ। ਪ੍ਰਾਚੀਨ ਯੁੱਗਾਂ ਵਿੱਚ ਸਾਰੇ ਬਾਹਰਲੇ ਹਮਲੇ ਰਸਤਿਓਂ ਹੋਣ ਕਰ ਕੇ ਪੰਜਾਬ ਦਾ ਇਹ ਇਲਾਕਾ ਯੁੱਧ ਦਾ ਅਖਾੜਾ ਬਣਿਆ ਰਿਹਾ ਹੈ। ਏਸੇ ਕਰ ਕੇ ਇਤਿਹਾਸਕਾਰ ਇਸ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਆਖਦੇ ਹਨ। ਇਸ ਭੂਗੋਲਿਕ ਲੋਕੇਸ਼ਨ ਕਰ ਕੇ ਪੰਜਾਬ ਨਿਰੰਤਰ ਯੁੱਧਭੂਮੀ ਬਣਿਆ ਰਿਹਾ ਅਤੇ ਨਾਲ ਹੀ ਸੱਭਿਆਚਾਰਾਂ ਦੀ ਸੰਗਮਭੂਮੀ ਵੀ। ਅੱਡ-ਅੱਡ ਮੌਕਿਆਂ ਤੇ ਅੱਡ-ਅੱਡ ਕੌਮਾਂ ਤੇ ਨਸਲਾਂ ਦੇ ਹਮਲਾਵਰਾਂ ਨੇ ਇੱਥੋਂ ਦੇ ਲੋਕਾਂ `ਤੇ ਹਮਲੇ ਕੀਤੇ, ਯੁੱਧ ਹੋਏ, ਹਾਰਾਂ ਤੇ ਜਿੱਤਾਂ ਦਾ ਸਿਲਸਿਲਾ ਚੱਲਦਾ ਰਿਹਾ। ਹਾਰ ਕੇ ਹਮਲਾਵਰ ਭੱਜ ਜਾਂਦੇ ਰਹੇ, ਜਿੱਤ ਕੇ ਏਥੇ ਵੱਸਦੇ ਰਹੇ। ਸੱਭਿਆਚਾਰਿਕ, ਨਸਲੀ ਤੇ ਭਾਸ਼ਾਈ ਸੁਮੇਲ ਪੰਜਾਬ ਦੀ ਜੀਵਨ-ਜਾਚ ਦਾ ਅਕੱਟ ਵਰਤਾਰਾ ਬਣਿਆ ਰਿਹਾ। ਅਮੀਰ ਤੇ ਖ਼ੁਸ਼ਹਾਲ ਖਿੱਤਾ ਹੋਣ ਕਾਰਨ ਜੇ ਇੱਥੋਂ ਦੇ ਲੋਕ ਚੰਗਾ ਜੀਵਨ ਬਸਰ ਕਰਦੇ ਸਨ ਤਾਂ ਇਹਨਾਂ ਨੂੰ ਨਿਰੰਤਰ ਜੰਗਾਂ, ਲੁੱਟਾਂ, ਖੋਹਾਂ ਤੇ ਉਜਾੜਿਆਂ ਦਾ ਸਾਮ੍ਹਣਾ ਵੀ ਕਰਨਾ ਪੈਂਦਾ ਸੀ। ਵੱਸਣ, ਉਜੜਨ, ਲੜਨ, ਜਿੱਤਣ, ਹਾਰਨ, ਮੁੜ ਵੱਸਣ ਦੇ ਇਸ ਨਿਰੰਤਰ ਅਮਲ ਨੇ ਪੰਜਾਬੀਆਂ ਦੀ ਸਰੀਰਕ ਤਕੜਾਈ, ਖੁੱਲ੍ਹੀ ਖੁਰਾਕ, ਖੁੱਲ੍ਹੇ ਸੁਭਾਅ ਸਮੇਤ ਸਮੁੱਚੀ ਜੀਵਨ ਜਾਚ ਨੂੰ ਬੇਹੱਦ ਪ੍ਰਭਾਵਿਤ ਕੀਤਾ।

     ਨਿਰੰਤਰ ਯੁੱਧਭੂਮੀ ਤੇ ਸੰਗਮਭੂਮੀ ਹੋਣ ਕਾਰਨ ਪੰਜਾਬ ਦੀਆਂ ਰਾਜਨੀਤਿਕ ਹੱਦਾਂ ਲਗਾਤਾਰ ਬਦਲਦੀਆਂ ਰਹੀਆਂ ਹਨ। ਅੱਜ ਦਾ ਪੰਜਾਬ, 1947 ਵੇਲੇ ਦਾ ਪੰਜਾਬ, ਅੰਗਰੇਜ਼ਾਂ ਵੇਲੇ ਦਾ ਪੰਜਾਬ, ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਪੰਜਾਬ, ਉਸ ਤੋਂ ਪਹਿਲਾਂ ਮੁਗ਼ਲਾਂ ਵੇਲੇ ਦੇ ਸੂਬੇ ਪੰਜਾਬ ਦੀ ਇਸ ਨਿਰੰਤਰ ਬਦਲਦੀ ਤਸਵੀਰ ਤੇ ਤਕਦੀਰ ਦੇ ਗਵਾਹ ਹਨ। ਪੰਜਾਬੀ ਸੱਭਿਆਚਾਰ ਨੂੰ ਅਸੀਂ ਅੱਜ ਦੇ ਰਾਜਨੀਤਿਕ ਪੰਜਾਬ ਤੱਕ ਮਹਿਦੂਦ ਨਹੀਂ ਕਰ ਸਕਦੇ। ਅੱਜ ਦੇ ਪੰਜਾਬੀ ਸੱਭਿਆਚਾਰ ਦੇ ਸਮੁੱਚੇ ਮੁਹਾਂਦਰੇ ਅਤੇ ਤਾਸੀਰ ਨੂੰ ਸਮਝਣ ਲਈ ਸਾਨੂੰ ਭਾਰਤ ਹੀ ਨਹੀਂ, ਪਾਕਿਸਤਾਨ ਵਿਚਲੇ ਪੰਜਾਬੀ ਸੱਭਿਆਚਾਰ ਤੇ ਸਮੁੱਚੇ ਪਰਵਾਸੀ ਪੰਜਾਬੀਆਂ ਦੇ ਸੱਭਿਆਚਾਰ ਨੂੰ ਦ੍ਰਿਸ਼ਟੀਗੋਚਰ ਕਰਨਾ ਪਵੇਗਾ। ਇਸ ਪ੍ਰਸੰਗ ਵਿੱਚ ਸਮਕਾਲੀ ਪੰਜਾਬੀ ਸੱਭਿਆਚਾਰ ਗਲੋਬਲ ਮੁਹਾਂਦਰੇ ਦਾ ਧਾਰਨੀ ਹੈ।

     ਪੰਜਾਬੀ ਸੱਭਿਆਚਾਰ ਦਾ ਮੂਲ ਚਰਿੱਤਰ ਬਹੁ-ਧਰਮੀ, ਬਹੁ-ਨਸਲੀ ਹੈ। ਲੰਬੇ ਇਤਿਹਾਸਿਕ ਵਿਕਾਸ ਦੌਰਾਨ ਵਿਭਿੰਨ ਨਸਲਾਂ, ਧਰਮਾਂ ਤੇ ਭਾਸ਼ਾਵਾਂ ਨੇ ਇਸ ਦੀ ਵਿਲੱਖਣ ਤਸਵੀਰ ਤੇ ਤਾਸੀਰ ਬਣਾਈ ਹੈ। ਇਸੇ ਕਰ ਕੇ ਨਸਲੀ ਸ਼ੁਧਤਾ ਪੰਜਾਬੀ ਸੱਭਿਆਚਾਰ ਦਾ ਖ਼ਾਸਾ ਨਹੀਂ। ਪੰਜਾਬੀ ਸੱਭਿਆਚਾਰ ਦੇ ਜੀਵੰਤ ਸਰੂਪ ਵਿਚ ਇਸਲਾਮ ਧਰਮ, ਸਿੱਖ ਧਰਮ ਤੇ ਹਿੰਦੂ ਧਰਮ ਦੀ ਬੇਮਿਸਾਲ ਤੇ ਗੂੜ੍ਹੀ ਸਾਂਝ ਦਾ ਅੰਸ਼ ਹੈ। ਸਿੱਖ ਧਰਮ ਦਾ ਜਨਮ ਅਤੇ ਸਮੁੱਚਾ ਇਤਿਹਾਸਿਕ ਵਿਕਾਸ ਪੰਜਾਬ ਦੀ ਧਰਤੀ `ਤੇ ਹੋਇਆ। ਪੰਜਾਬੀਆਂ ਨੇ ਆਪਣੀਆਂ ਕਦੀਮੀ ਮਾਨਵੀ ਰੁਚੀਆਂ, ਚਾਹਤਾਂ ਤੇ ਆਦਰਸ਼ਾਂ ਮੁਤਾਬਕ ਇਹਨਾਂ ਧਰਮਾਂ ਦੇ ਉੱਤਮ, ਖ਼ੂਬਸੂਰਤ, ਜੀਵਨ ਅਨੁਕੂਲ ਰੰਗਾਂ ਨੂੰ ਆਪਣੇ ਵਿੱਚ ਰਚਾਇਆ ਹੈ। ਪੰਜਾਬੀ ਭਾਸ਼ਾ, ਪੰਜਾਬੀ ਰੀਤਾਂ- ਰਸਮਾਂ, ਪੰਜਾਬੀ ਖਾਣ-ਪੀਣ, ਪੰਜਾਬੀ ਪਹਿਰਾਵਾ, ਪੰਜਾਬੀ ਹਾਰ- ਸ਼ਿੰਗਾਰ, ਪੰਜਾਬੀ ਲੋਕ-ਕਲਾਵਾਂ, ਲੋਕ- ਖੇਡਾਂ, ਲੋਕ- ਸਾਹਿਤ, ਪੰਜਾਬ ਦੇ ਮੇਲੇ, ਤਿਉਹਾਰ, ਪੁਰਵ ਇਸ ਸਾਂਝੇ ਸੱਭਿਆਚਾਰ ਦੀ ਮੌਲਿਕ ਤੇ ਰੰਗੀਨ ਤਸਵੀਰ ਪੇਸ਼ ਕਰਦੇ ਹਨ। ਇਸ ਦੇ ਉੱਤਮ ਨਮੂਨੇ ਪੰਜਾਬ ਦੀ ਲੋਕਧਾਰਾ ਵਿਚ ਥਾਂ ਪਰ ਥਾਂ ਹਾਜ਼ਰ ਹਨ। ਇਸ ਧਾਰਮਿਕ ਸਹਿਹੋਂਦ ਨੇ ਪੰਜਾਬੀ ਸੁਭਾਅ ਨੂੰ ਉੱਤਮ ਮਨੁੱਖੀ ਕੀਮਤਾਂ ਅਤੇ ਆਦਰਸ਼ਾਂ ਨਾਲ ਅਮੀਰ ਕੀਤਾ ਹੈ। ਇਸ ਵਿੱਚੋਂ ਸੰਕੀਰਣ, ਕੱਟੜ ਤੇ ਪਿਛਾਂਹ-ਖਿਚੂ ਰੁਚੀਆਂ ਨੂੰ ਖਾਰਜ ਕਰੀ ਰੱਖਿਆ ਹੈ।

     ਜਰਖੇਜ਼ ਭੂਮੀ ਹੋਣ ਕਾਰਨ, ਸਿਰੇ ਦੀ ਗਰਮੀ ਸਰਦੀ ਹੋਣ ਕਰ ਕੇ, ਪਰ ਨਾਲ ਹੀ ਜੀਵਨ ਅਨੁਕੂਲ ਪੌਣ-ਪਾਣੀ ਹੋਣ ਸਦਕਾ ਪੰਜਾਬ ਪ੍ਰਾਚੀਨ ਸਮਿਆਂ ਤੋਂ ਮੁੱਖ ਤੌਰ `ਤੇ ਖੇਤੀ ਪ੍ਰਧਾਨ ਪ੍ਰਦੇਸ਼ ਰਿਹਾ ਹੈ। ਖੇਤੀ ਪੰਜਾਬੀਆਂ ਦਾ ਮੁੱਖ ਧੰਦਾ ਹੋਣ ਕਾਰਨ ਪੰਜਾਬੀ ਰਹਿਤਲ ਵਿੱਚ ਪਿੰਡ, ਖੇਤ, ਖੇਤੀ, ਖੂਹ, ਫ਼ਸਲਾਂ ਤੇ ਇਹਨਾਂ ਨਾਲ ਸੰਬੰਧਿਤ ਚੀਜ਼ਾਂ ਤੇ ਵਰਤਾਰੇ ਪੰਜਾਬੀ ਸੱਭਿਆਚਾਰ ਦਾ ਧੁਰਾ ਬਣੇ ਰਹੇ ਹਨ। ਇਸ ਪੇਂਡੂ ਖੇਤੀ ਜੀਵਨ ਸ਼ੈਲੀ ਉੱਤੇ ਉਸਰਿਆ ਪੰਜਾਬੀ ਸੱਭਿਆਚਾਰ ਆਪਣੀ ਵੱਖਰੀ ਨੁਹਾਰ ਰੱਖਦਾ ਹੈ। ਹੁਣ ਇਸ ਵਿੱਚ ਵੱਡੀ ਤਬਦੀਲੀ ਆ ਰਹੀ ਹੈ। ਪੰਜਾਬ ਦੇ ਇਸ ਖਿੱਤੇ ਦਾ ਸਿਖਰਲਾ ਸਰਦ ਤੇ ਸਿਖਰਲਾ ਗਰਮ ਪੌਣ-ਪਾਣੀ ਤੇ ਖਾਧ ਪਦਾਰਥਾਂ ਦੀ ਬਹੁਤਾਤ ਨੇ ਪੰਜਾਬੀਆਂ ਦੀ ਡੀਲ-ਡੌਲ ਖੁੱਲ੍ਹੀ ਤੇ ਤਕੜੀ ਬਣਾ ਦਿੱਤੀ। ਇਸ ਪੌਣ-ਪਾਣੀ ਨੇ ਪੰਜਾਬੀਆਂ ਦਾ ਰੰਗ ਨਾ ਸ਼ੁੱਧ ਗੋਰਾ ਤੇ ਨਾ ਹੀ ਮੂਲੋਂ ਕਾਲਾ, ਸਗੋਂ ਕਣਕ-ਵੰਨਾ ਬਣਾ ਦਿੱਤਾ। ਇਸੇ ਮੌਸਮ ਦੀ ਸਿਖਰਲੀ ਤਬਦੀਲੀ ਕਰ ਕੇ ਪੰਜਾਬੀ ਜੀਨ ਤਕੜੇ ਤੇ ਤੰਦਰੁਸਤ ਬਣੇ। ਪੰਜਾਬੀਆਂ ਦੇ ਨੈਣ ਨਕਸ਼ਾਂ ਦੀ ਵੱਖਰੀ ਨੁਹਾਰ ਤੇ ਬਣਾਵਟ ਬਣਦੀ ਗਈ। ਪੰਜਾਬੀਆਂ ਦੇ ਵਾਲਾਂ, ਅੱਖਾਂ ਦਾ ਰੰਗ ਕਾਲਾ ਹੈ। ਪੰਜਾਬੀ ਮਨੁੱਖ ਦੀ ਸੁੰਦਰਤਾ ਦੇ ਪੈਮਾਨੇ ਗੋਰੀ ਨਸਲ ਤੋਂ ਵੱਖਰੇ ਹਨ। ਸਾਨੂੰ ਗ਼ੁਲਾਮੀ ਜਾਂ ਭ੍ਰਾਂਤੀਵਸ ਠੰਡੇ ਪੌਣ-ਪਾਣੀ ਵਿੱਚੋਂ ਵਿਕਸਿਤ ਪੱਛਮੀ ਸੱਭਿਆਚਾਰਾਂ ਦੇ ਮਨੁੱਖੀ ਸਰੀਰਕ ਸੁੰਦਰਤਾ ਦੇ ਪੈਮਾਨੇ ਅਪਣਾਉਣ ਦੀ ਬਜਾਏ ਆਪਣੀ ਮੌਲਿਕ ਸੁੰਦਰਤਾ, ਸੁਹਜ ਅਤੇ ਸਲੀਕੇ ਨੂੰ ਸਹੀ ਤਰ੍ਹਾਂ ਸਮਝਣਾ, ਅਪਣਾਉਣਾ ਤੇ ਮਾਣ ਕਰਨ ਦੀ ਜਾਚ ਸਿਖਣ ਦੀ ਲੋੜ ਹੈ।

     ਪੰਜਾਬੀ ਸੱਭਿਆਚਾਰ ਦੇ ਸਾਰੇ ਕਾਰਜਾਂ, ਵਸਤਾਂ, ਵਰਤਾਰਿਆਂ ਦੀ ਰੂਹ ਦਾ ਨਾਂ ਪੰਜਾਬੀਅਤ ਹੈ।ਪੰਜਾਬੀਆਂ ਨੇ ਆਪਣੇ ਸਦੀਆਂ ਦੇ ਸਾਂਝੇ ਅਨੁਭਵਾਂ, ਵਿਲੱਖਣ ਜੀਨਜ਼ ਤੇ ਨਿਆਰੇ ਚੁਗਿਰਦੇ ਵਿੱਚੋਂ ਕੁਦਰਤੀ ਜੀਵਨ-ਜਾਚ ਦੇ ਸਮਾਨਾਂਤਰ ਜੋ ਆਦਰਸ਼, ਆਦਤਾਂ, ਵਿਹਾਰ, ਕੀਮਤਾਂ, ਕਾਮਨਾਵਾਂ ਅਤੇ ਭਾਵਨਾਵਾਂ ਸਿਰਜੀਆਂ, ਉਸ ਵਿਲੱਖਣਤਾ ਦਾ ਨਾਂ ਪੰਜਾਬੀਅਤ ਹੈ। ਲੰਬੇ ਇਤਿਹਾਸ ਵਿੱਚ ਨਿਰੰਤਰ ਯੁੱਧਾਂ ਦਾ ਅਖਾੜਾ ਬਣੇ ਰਹਿਣ ਕਰ ਕੇ, ਵੱਖ-ਵੱਖ ਸੱਭਿਆਤਾਵਾਂ, ਸੱਭਿਆਚਾਰਾਂ ਦੀ ਸੁਮੇਲ ਭੂਮੀ ਹੋਣ ਕਾਰਨ ਪੰਜਾਬੀਅਤ ਇਸ ਜੀਵਨ ਨੂੰ ਰੱਜ ਕੇ ਜਿਊਂਣ ਦਾ ਨਾਂ ਹੈ। ਜੀਵਨ ਦੇ ਮਚਲੇ ਚਾਅ ਤੇ ਵੇਗ ਦਾ ਨਾਂ ਹੈ। ਹਰ ਨਵੀਂ ਆਫ਼ਤ ਦਾ ਪੂਰੇ ਸਿਰੜ, ਸਾਹਸ ਨਾਲ ਮੁਕਾਬਲਾ ਕਰਨ ਦਾ ਨਾਂ ਹੈ। ਨਿੱਤ ਨਵੀਂਆਂ-ਮੰਜ਼ਲਾਂ ਦੇ ਸੁਪਨੇ ਲੈਣ ਤੇ ਸਰ ਕਰਨ ਦਾ ਨਾਂ ਹੈ। ਨਿਰੰਤਰ ਉੱਜੜਨ ਤੇ ਵੱਸਣ ਦੀ ਰੁਚੀ ਕਾਰਨ ਪੰਜਾਬੀ ਕਿਰਤ ਕਰਨ, ਖ਼ਤਰੇ ਸਹੇੜਨ ਤੇ ਪਹਿਲਕਦਮੀਆਂ ਕਰਨ ਦੇ ਆਦੀ ਹਨ। ਬੇਰੋਕ ਪਰਵਾਸ ਦੀ ਰੁਚੀ ਇਸੇ ਮਾਨਸਿਕਤਾ ਦਾ ਪ੍ਰਮਾਣ ਹੈ।

     ਪੰਜਾਬੀ ਸੱਭਿਆਚਾਰ ਦੀ ਹੋਂਦ ਅਤੇ ਹੋਣੀ ਜਿਨ੍ਹਾਂ ਵੰਗਾਰਾਂ ਵਿੱਚੋਂ ਘੜੀ ਗਈ, ਉਸ ਸਦਕਾ ਪੰਜਾਬੀ ਸੱਭਿਆਚਾਰ ਵਿੱਚ ਅੰਨ੍ਹੀ ਕੱਟੜਤਾ ਤੇ ਫਜ਼ੂਲ ਸੰਕੀਰਣਤਾ ਲਈ ਕੋਈ ਜਗ੍ਹਾ ਨਹੀਂ। ਵਿਭਿੰਨ ਨਸਲਾਂ ਦੀ ਸੰਗਮ ਭੂਮੀ ਹੋਣ ਕਾਰਨ ਪੰਜਾਬੀ ਫ਼ਜ਼ੂਲ ਸ਼ੁਧਤਾਵਾਦੀ ਰੁਚੀ ਵਾਲੇ ਨਹੀਂ। ਇਹਨਾਂ ਦਾ ਜੀਵਨ ਦ੍ਰਿਸ਼ਟੀਕੋਣ ਵਿਹਾਰਿਕ ਅਤੇ ਲੋਕਵਾਦੀ ਹੈ। ਫਜ਼ੂਲ ਕਰਮਾਂ ਕਾਂਡਾਂ ਅਤੇ ਪਾਰਲੌਕਿਕ ਸੰਸਾਰ ਦੇ ਬੇਲੋੜੇ ਝਮੇਲਿਆਂ ਤੋਂ ਪੰਜਾਬੀ ਘੱਟ ਚਿੰਤਿਤ ਹੋਣ ਕਰ ਕੇ ਇਸ ਜੀਵਨ ਪ੍ਰਤਿ, ਇਸ ਨੂੰ ਜੀਣਯੋਗ ਬਣਾਉਣ ਪ੍ਰਤਿ, ਇਸ ਨੂੰ ਜਸ਼ਨ ਵਾਂਗ ਮਾਨਣ ਪ੍ਰਤਿ ਵਧੇਰੇ ਤਤਪਰ ਰਹਿੰਦਾ ਹੈ। ਪੰਜਾਬੀ ਲੋਕਧਾਰਾ ਵਿੱਚ ਪੰਜਾਬੀਆਂ ਦੇ ਇਸ ਜੀਵਨ ਨੂੰ ਜਿਊਂਣ ਦੀ ਪ੍ਰਬਲ ਤਾਂਘ, ਤੇ ਮਾਨਣ ਦਾ ਵਲਵਲਾ ਬੇਪਨਾਹ ਹੈ।

          -        ਇਹ ਜੱਗ ਮਿੱਠਾ, ਅਗਲਾ ਕਿਸੇ ਨਾ ਡਿੱਠਾ।

          -        ਜੀ ਨਾਲ ਜਹਾਨ ਹੈ।

          -        ਆਪ ਮਰੇ ਜਗ ਪਰਲੋ।

          -        ਖਾਧਾ ਪੀਤਾ ਲਾਹੇ ਦਾ ਰਹਿੰਦਾ, ਅਹਿਮਦ ਸ਼ਾਹੇ ਦਾ।

     ਪੰਜਾਬੀਆਂ ਦੀ ਆਧੁਨਿਕ ਸੰਸਾਰ ਦੇ ਸਾਰੇ ਮੁਲਕਾਂ ਅਤੇ ਖੇਤਰਾਂ ਵਿੱਚ ਮਾਣਯੋਗ ਤਰੱਕੀ ਅਤੇ ਉਚੇਰੀਆਂ ਮੰਜ਼ਲਾਂ ਮਾਰਨ ਦੀ ਗੌਰਵਮਈ ਗਾਥਾ ਇਸੇ ਪੰਜਾਬੀ ਸੁਭਾਅ ਦਾ ਕ੍ਰਿਸ਼ਮਾ ਹੈ।

     ਪੰਜਾਬੀ ਸੱਭਿਆਚਾਰ ਵਿੱਚ ਇਸ ਦਾ ਲੋਕ ਨਾਇਕ ਅਜਿਹੀਆਂ ਪੰਜਾਬੀ ਆਦਰਸ਼ ਕੀਮਤਾਂ ਵਾਲਾ ਕਰਮਸ਼ੀਲ ਮਨੁੱਖ ਹੈ ਜੋ ਇਸ ਜੀਵਨ ਨੂੰ ਆਦਰਸ਼ ਮਨੁੱਖੀ ਕੀਮਤਾਂ ਅਨੁਕੂਲ ਢਾਲਣ ਦੀ ਉਚੇਰੀ ਤੇ ਵਡੇਰੀ ਸਮਰੱਥਾ ਰੱਖਦਾ ਹੈ। ਇਹ ਜੀਵਨ ਦੇ ਪਿੜ ਵਿੱਚ ਆਪਣੇ ਉੱਤਮ ਗੁਣਾਂ, ਆਦਰਸ਼ ਕੀਮਤਾਂ ਅਤੇ ਅਸਲ ਕਾਰਜਾਂ ਦਾ ਸਕਾਰ ਰੂਪ ਹੈ। ਇਹ ਨਾਇਕ ਪੰਜਾਬ ਦੇ ਇਤਿਹਾਸ, ਪੰਜਾਬੀ ਲੋਕਧਾਰਾ, ਸਾਡੇ ਲੋਕ-ਗੀਤਾਂ, ਲੋਕ-ਕਥਾਵਾਂ ਵਿੱਚ ਉੱਤਮ ਰੂਪ ਵਿਚ ਹਾਜ਼ਰ ਹੈ। ਪੰਜਾਬੀ ਸੱਭਿਆਚਾਰ ਦਾ ਨਾਇਕ ਜ਼ਾਲਮ ਰਾਜਾ ਨਹੀਂ, ਨਾ ਹੀ ਕਰਮ ਕਾਂਡੀ ਪੁਜਾਰੀ ਹੈ। ਇਹ ਯੋਧਾ ਹੈ (ਦੁੱਲਾ ਭੱਟੀ, ਰਾਜਾ ਰਸਾਲੂ, ਭਗਤ ਸਿੰਘ), ਇਹ ਸੱਚਾ ਆਸ਼ਕ ਹੈ (ਹੀਰ ਰਾਂਝਾ, ਸੱਸੀ ਪੁੰਨੂੰ, ਸੋਹਣੀ ਮਹੀਂਵਾਲ), ਇਹ ਆਦਰਸ਼ ਪੁਰਖ ਅਥਵਾ ਗੁਰੂ ਪੀਰ ਹੈ (ਬਾਬਾ ਫ਼ਰੀਦ, ਗੁਰੂ ਸਾਹਿਬਾਨ, ਪੂਰਨ ਭਗਤ)। ਪੰਜਾਬੀ ਸੱਭਿਆਚਾਰ ਦਾ ਇਹ ਨਾਇਕ ਪੰਜਾਬੀ ਜੀਵਨ- ਜਾਚ ਦੀਆਂ ਆਦਰਸ਼ ਕੀਮਤਾਂ-ਸੱਚਾਈ, ਦਲੇਰੀ, ਚੰਗਿਆਈ, ਪਰਉਪਕਾਰ, ਕੁਰਬਾਨੀ, ਮਿਲਵਰਤਨ, ਭਰਾਤਰੀ ਭਾਵ, ਬਰਾਬਰੀ, ਇਨਸਾਫ਼ ਆਦਿਕ ਸਦੀਵੀ ਤੇ ਬੁਨਿਆਦੀ ਇਨਸਾਨੀ ਗੁਣਾਂ ਦਾ ਪ੍ਰਤੀਕ ਹੈ। ਅਜੋਕੇ ਦੌਰ ਵਿੱਚ ਅੰਨ੍ਹੇ ਲਾਲਚਾਂ ਅਤੇ ਮੰਡੀ ਸਿਸਟਮ ਨੇ ਸਾਡੇ ਪੰਜਾਬੀ ਨਾਇਕਤਵ ਦੇ ਪੈਮਾਨਿਆਂ ਨੂੰ ਨਾ ਸਿਰਫ਼ ਖੋਰਾ ਲਾਇਆ ਹੈ ਸਗੋਂ ਮਨ ਲੁਭਾਵਣੇ ਭੁਲੇਖੇ ਪੈਦਾ ਕੀਤੇ ਹਨ।

     ਪੰਜਾਬੀ ਸੱਭਿਆਚਾਰ ਹੱਡ-ਭੰਨਵੀਂ ਮਿਹਨਤ ਤੇ ਕਿਰਤ ਕਮਾਈ ਦਾ ਨਾਂ ਹੈ। ਸਾਡੇ ਸੱਭਿਆਚਾਰ ਵਿੱਚ ਭੀਖ ਮੰਗਣ ਨੂੰ ਮਰਨ ਤੋਂ ਵੀ ਬਦਤਰ ਮੰਨਿਆ ਗਿਆ ਹੈ। ਪੰਜਾਬੀ ਕਿਰਤ ਕਮਾਈ ਕਰ ਕੇ ਆਪਣੇ ਜੀਵਨ ਨੂੰ ਚਾਅ ਨਾਲ ਜਿਊਂਣ ਦਾ ਸ਼ੈਦਾਈ ਹੈ। ਗੁਰਬਾਣੀ ਦਾ ਤਾਂ ਮੂਲ ਸੰਦੇਸ਼ ਹੀ ਕਿਰਤ ਕਰਨਾ ਤੇ ਵੰਡ ਛਕਣਾ ਹੈ। ਪੰਜਾਬ ਕਿਉਂਕਿ ਕਾਫ਼ੀ ਖ਼ੁਸ਼ਹਾਲ ਖਿੱਤਾ ਰਿਹਾ ਹੈ, ਇਸ ਕਰ ਕੇ ਪੌਸ਼ਟਿਕ ਖ਼ੁਰਾਕ ਦੀ ਇੱਥੇ ਕਦੇ ਕਮੀ ਨਹੀਂ ਰਹੀ। ਇਸੇ ਕਰ ਕੇ ਪੰਜਾਬੀ ਸਿਹਤ ਪੱਖੋਂ ਤਕੜਾ, ਕੰਮ ਪੱਖੋਂ ਸਿਰੜੀ ਤੇ ਮਾਰਧਾੜ ਪੱਖੋਂ ਦਲੇਰ ਹੈ। ਪੰਜਾਬ ਦੇ ਪੌਣ-ਪਾਣੀ ਮੁਤਾਬਕ ਇਹ ਖ਼ੁਰਾਕ ਸਾਦੀ ਜ਼ਰੂਰ ਹੈ ਪਰ ਇਹ ਬੇਹੱਦ ਫ਼ਾਇਦੇਮੰਦ ਹੈ।

     ਪੰਜਾਬੀ ਜੀਵਨ-ਜਾਚ ਦਾ ਇੱਕ ਅਹਿਮ ਪਸਾਰ ਇਸ ਦਾ ਰਹਿਣ-ਸਹਿਣ ਤੇ ਪਹਿਰਾਵਾ ਹੈ। ਪ੍ਰਾਚੀਨ ਪੰਜਾਬੀ ਸੱਭਿਆਚਾਰ ਮੁੱਖ ਤੌਰ `ਤੇ ਖੇਤੀ ਆਧਾਰਿਤ ਪੇਂਡੂ ਸੱਭਿਆਚਾਰ ਰਿਹਾ ਹੈ। ਆਧੁਨਿਕ ਯੁੱਗ ਵਿੱਚ ਉਦਯੋਗੀਕਰਨ, ਮਸ਼ੀਨੀਕਰਨ ਤੇ ਸ਼ਹਿਰੀਕਰਨ ਦਾ ਅਮਲ ਤੇਜ਼ ਦਰ ਤੇਜ਼ ਹੋ ਰਿਹਾ ਹੈ। ਪੰਜਾਬੀ ਸੱਭਿਆਚਾਰ ਦਾ ਪ੍ਰਾਚੀਨ ਧੁਰਾ ਪਿੰਡ ਰਿਹਾ ਹੈ ਤੇ ਇਸੇ ਮੁਤਾਬਕ ਪਿੰਡਾਂ ਵਿੱਚ ਘਰ, ਮਹੱਲੇ, ਪੱਤੀਆਂ ਅਤੇ ਹੋਰ ਜੀਵਨ- ਜਾਚ ਦੇ ਵਿਭਿੰਨ ਅੰਗ ਬਣਦੇ ਗਏ। ਇਹ ਪਿੰਡ ਜੱਦੀ- ਪੁਸ਼ਤੀ ਲੋਕਾਂ ਦਾ ਪੱਕਾ ਵਸੇਬਾ ਹੋਣ ਕਰ ਕੇ ਇੱਕੋ ਭਾਈਚਾਰਾ ਵੱਸਦਾ ਤੁਰਿਆ ਆਉਂਦਾ ਸੀ। ਨਤੀਜੇ ਵਜੋਂ ਇਸ ਵਿੱਚ ਆਪਸੀ ਸਾਂਝ, ਮਿਲਵਰਤਨ, ਸਾਕਾਦਾਰੀ ਦੀਆਂ ਸਾਰੀਆਂ ਤੰਦਾਂ ਬਹੁਤ ਪੀਡੀਆਂ ਹੁੰਦੀਆਂ ਸਨ। ਅਜੋਕੇ ਸ਼ਹਿਰੀ ਜੀਵਨ ਨੇ ਇਸ ਸਭ ਕਾਸੇ ਨੂੰ ਬਦਲ ਦਿੱਤਾ ਹੈ। ਕੱਚੇ ਪੱਕੇ ਘਰਾਂ ਦੀ ਬਨਾਵਟ, ਸਜਾਵਟ ਦੇ ਆਪਣੇ ਨਿਆਰੇ ਪੱਖ ਹਨ। ਇਸੇ ਜੀਵਨ-ਜਾਚ ਵਿੱਚੋਂ ਪੰਜਾਬ ਦੇ ਲੋਕ-ਧੰਦੇ, ਲੋਕ-ਖੇਡਾਂ, ਲੋਕ-ਕਲਾਵਾਂ ਆਦਿ ਵਿਕਸਦੇ ਆਏ ਹਨ ਜੋ ਪੰਜਾਬੀ ਸੱਭਿਆਚਾਰ ਦੀ ਰੰਗੀਨ ਤਸਵੀਰ ਪੇਸ਼ ਕਰਦੇ ਹਨ। ਪੰਜਾਬੀ ਲੋਕਧਾਰਾ ਵਿੱਚ ਪੰਜਾਬ ਦੇ ਇਹਨਾਂ ਪੱਖਾਂ ਦੇ ਦਿਲਚਸਪ ਵੇਰਵੇ ਵੇਖੇ ਜਾ ਸਕਦੇ ਹਨ। ਜੱਟ, ਕਿਰਸਾਣ, ਲੁਹਾਰ, ਤਰਖਾਣ, ਨਾਈ, ਝਿਊਰ, ਬਾਜੀਗਰ ਅਤੇ ਹੋਰ ਕਾਮਾ ਸ਼੍ਰੇਣੀਆਂ ਪੇਂਡੂ ਜੀਵਨ ਦਾ ਮੁਹਾਂਦਰਾ ਘੜਦੀਆਂ ਹਨ। ਲੋਕ ਮਨੋਰੰਜਨ ਲਈ ਜੇ ਇੱਕ ਪਾਸੇ ਲੋਕ-ਖੇਡਾਂ ਦੀ ਨਿਆਰੀ ਪਰੰਪਰਾ ਹਾਜ਼ਰ ਹੈ ਤਾਂ ਨਾਲੋ-ਨਾਲ ਸੱਚੀਆਂ-ਸੁੱਚੀਆਂ ਭਾਵਨਾਵਾਂ, ਇੱਛਾਵਾਂ ਤੇ ਕਾਮਨਾਵਾਂ ਨੂੰ ਜ਼ਬਾਨ ਦੇਣ ਵਾਲੀਆਂ ਲੋਕ-ਕਲਾਵਾਂ ਦਾ ਆਪਣਾ ਰੰਗ-ਢੰਗ ਹੈ। ਕੁੜੀਆਂ ਦੁਆਰਾ ਬਣਾਏ ਕੰਧ ਚਿੱਤਰਾਂ ਤੋਂ ਲੈ ਕੇ ਕਸੀਦਾਕਾਰੀ (ਫੁੱਲਕਾਰੀ-ਚੋਪ, ਸੁਭਰ, ਬਾਗ਼ ਆਦਿ), ਲੋਕ-ਨਾਚ (ਗਿੱਧਾ, ਭੰਗੜਾ, ਕਿੱਕਲੀ ਆਦਿਕ) ਦਾ ਆਪਣਾ ਕਮਾਲ ਦਾ ਰੰਗ ਹੈ। ਇਉਂ ਹੀ ਲੋਕ-ਗੀਤਾਂ, ਲੋਕ-ਕਥਾਵਾਂ, ਲੋਕ-ਨਾਟਾਂ, ਲੋਕ- ਨਾਚਾਂ ਤੇ ਬਾਤਾਂ ਚੁਟਕਲਿਆਂ ਦੀ ਆਪਣੀ ਹਰਮਨ- ਪਿਆਰੀ ਵਿਰਾਸਤ ਹੈ। ਕਹਿੰਦੇ ਨੇ ਪੰਜਾਬੀ ਲੋਕ-ਗੀਤਾਂ ਦੀ ਗੋਦੀ ਵਿਚ ਜੰਮਦਾ, ਪਲਦਾ, ਜਵਾਨ ਹੁੰਦਾ ਅਤੇ ਪੂਰਾ ਹੁੰਦਾ ਹੈ। ਪੰਜਾਬੀ ਲੋਕ-ਗੀਤਾਂ ਵਿੱਚੋਂ ਪੰਜਾਬੀਆਂ ਦੀ ਜ਼ਿੰਦਗੀ ਦੇ ਸਾਰੇ ਰੰਗ ਵੇਖੇ ਜਾ ਸਕਦੇ ਹਨ।

     ਪੰਜਾਬੀ ਸੱਭਿਆਚਾਰ ਦੀ ਰੀੜ੍ਹ ਦੀ ਹੱਡੀ ਇਸ ਦਾ ਭਾਈਚਾਰਕ ਤੇ ਸਾਕਾਦਾਰੀ ਸਿਸਟਮ ਹੈ। ਭਾਈਚਾਰਕ ਭਾਵਨਾ ਹੀ ਕਿਸੇ ਸੱਭਿਆਚਾਰਿਕ ਸਮੂਹ ਨੂੰ ਇੱਕ ਸਾਂਝੀ ਹੋਂਦ ਪ੍ਰਦਾਨ ਕਰਦੀ ਹੈ। ਜੇ ਸਾਡੇ ਵਿੱਚ ਆਪਣੇ ਸੱਭਿਆਚਾਰ ਪ੍ਰਤਿ ਮੋਹ ਤੇ ਵਫ਼ਾਦਾਰੀ ਨਹੀਂ ਤਾਂ ਅਸੀਂ ਉਸ ਯਤੀਮ ਬਾਲ ਵਾਂਗ ਹੁੰਦੇ ਹਾਂ ਜਿਸ ਨੂੰ ਸਾਂਭਣ, ਸਮਝਾਉਣ, ਖ਼ੁਸ਼ੀਆਂ-ਗ਼ਮੀਆਂ ਸਾਂਝੀਆਂ ਕਰਨ, ਪ੍ਰਾਪਤੀਆਂ ਦੇ ਜਸ਼ਨ ਮਨਾਉਣ, ਮੁਸ਼ਕਲਾਂ ਵੰਡਾਉਣ ਵਾਲਾ ਕੋਈ ਨਹੀਂ ਹੁੰਦਾ। ਉਹ ਰੁੱਖੋਂ ਟੁੱਟੇ ਉਸ ਪੀਲੇ ਪੱਤੇ ਵਾਂਗ ਹੁੰਦਾ ਹੈ ਜਿਸ ਨੂੰ ਮੂੰਹ-ਜ਼ੋਰ ਹਵਾ ਨੇ ਉਡਾ ਲੈ ਜਾਣਾ ਹੈ। ਪੰਜਾਬੀ ਸੱਭਿਆਚਾਰ ਉਹ ਰੁੱਖ ਹੈ ਜਿਸ ਪਾਸੋਂ ਹਰੇਕ ਪੰਜਾਬੀ ਨੂੰ ਆਪਣੀ ਜੀਵਨ ਸ਼ਕਤੀ, ਅਸਾਧ ਖ਼ੁਸ਼ੀ ਤੇ ਮਾਣਯੋਗ ਪਹਿਚਾਣ ਪ੍ਰਾਪਤ ਹੁੰਦੀ ਰਹਿੰਦੀ ਹੈ। ਭਾਵੇਂ ਅਜੋਕੇ ਜ਼ਮਾਨੇ ਵਿਚ ਬੰਦੇ ਦੀ ਪਰਵਾਜ਼ ਭਰਨ ਲਈ ਵਧੇਰੇ ਖੁੱਲ੍ਹੇ ਅਸਮਾਨ ਹਨ ਪਰ ਸਾਨੂੰ ਇਹ ਪਰਵਾਜ਼ ਭਰਨ ਦਾ ਚਾਅ ਵੀ ਹੋਣਾ ਚਾਹੀਦਾ ਹੈ ਤੇ ਜਾਚ ਵੀ। ਨਵੀਆਂ ਮੰਜ਼ਲਾਂ ਜ਼ਰੂਰੀ ਹਨ ਪਰ ਇਸ ਦੇ ਨਾਲ ਹੀ ਸਾਡੀ ਮਾਨਵੀ ਹੋਂਦ ਲਈ ਕੋਈ ਹਰਾ-ਭਰਾ ਦਰਖ਼ਤ, ਕੋਈ ਚਾਵਾਂ ਲੱਧਾ ਘਰ ਵਿਹੜਾ ਵੀ ਜ਼ਰੂਰੀ ਹੈ।

     ਪੰਜਾਬੀ ਸੱਭਿਆਚਾਰ ਜੇ ਇੱਕ ਪਾਸੇ ਕਿਰਤ ਕਮਾਈ ਨੂੰ ਪ੍ਰਣਾਇਆ ਹੋਇਆ ਹੈ ਤਾਂ ਨਾਲ ਦੀ ਨਾਲ ਇਸ ਮਾਨਵੀ ਜੀਵਨ ਨੂੰ ਜਿਊਂਣ ਦੀ, ਜ਼ਸ਼ਨ ਵਾਂਗ ਮਾਨਣ ਦੀ ਤਾਂਘ ਵੀ ਪੰਜਾਬੀਆਂ ਵਿਚ ਬਹੁਤ ਸ਼ਕਤੀਸ਼ਾਲੀ ਹੈ। ਇਹਨਾਂ ਜ਼ੋਸ਼ੀਲੀਆਂ ਤਾਂਘਾਂ ਦਾ ਪ੍ਰਮਾਣ ਹਨ-ਪੰਜਾਬੀ ਦੇ ਮੇਲੇ, ਤਿਉਹਾਰ ਤੇ ਪੁਰਬ। ਭਾਰਤੀ ਪਰੰਪਰਾ ਵਿੱਚੋਂ ਪੰਜਾਬੀਆਂ ਨੇ ਦਿਵਾਲੀ, ਦੁਸਹਿਰਾ, ਹੋਲੀ, ਰੱਖੜੀ ਆਦਿ ਅਹਿਮ ਤਿਉਹਾਰ ਬੜੀ ਖੁੱਲ੍ਹਦਿਲੀ ਨਾਲ ਆਪਣੀ ਜੀਵਨ ਸ਼ੈਲੀ ਵਿੱਚ ਰਚਾ ਮਿਚਾ ਲਏ। ਇਸ ਦੇ ਨਾਲ ਹੀ ਪੰਜਾਬੀਆਂ ਨੇ ਆਪਣੇ ਸ਼ੌਕ ਤੇ ਚਾਅ ਮੁਤਾਬਕ ਹੋਰ ਵੱਖਰੇ ਮੇਲੇ ਤੇ ਤਿਉਹਾਰਾਂ ਦੀ ਝੜੀ ਲਾ ਰੱਖੀ ਹੈ। ਪਿੰਡ- ਪਿੰਡ, ਸ਼ਹਿਰ-ਸ਼ਹਿਰ ਲੱਗਦੇ ਮੇਲੇ ਤੇ ਮੇਲਿਆਂ ਵਿੱਚ ਲਗਦੇ ਅਖਾੜੇ, ਮੰਨੀਆਂ ਜਾਂਦੀਆਂ ਤੇ ਚੜਾਈਆਂ ਜਾਂਦੀਆਂ ਮੰਨਤਾਂ, ਖੇਡਾਂ, ਘੋਲ ਤੇ ਹੋਰ ਵੰਨ-ਸਵੰਨੀਆਂ ਦੁਕਾਨਾਂ ਦੇ ਆਪਣੇ ਜਸ਼ਨਾਵੀ ਜਲੌਅ ਹਨ। ਪੰਜਾਬੀ ਬੰਦਾ ਸਿਰੇ ਤਕ ਜੀਵਨ ਨੂੰ ਮਾਨਣ ਦਾ ਸ਼ੈਦਾਈ ਹੈ। ‘ਦੋ ਪੈਰ ਘਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ` ਪੰਜਾਬੀਅਤ ਦਾ ਮੂਲ ਮੰਤਰ ਹੈ। ਪੰਜਾਬੀ ਦੀ ਇਹ ਸ਼ਕਤੀਸ਼ਾਲੀ ਕਦੀਮੀ ਬਿਰਤੀ ਸਦਕਾ ਹੀ ਇਹਨਾਂ ਨੇ ਏਡੀਆਂ ਮਲਾਂ ਮਾਰੀਆਂ ਹਨ।

     ਕਿਸੇ ਵੀ ਸੱਭਿਆਚਾਰ ਦੀ ਵਿਲੱਖਣਤਾ ਅਤੇ ਬਹੁਮੰਤਵੀ ਪ੍ਰਕਾਰਜਾਂ ਦਾ ਸਭ ਤੋਂ ਮੂਲ ਸ੍ਰੋਤ ਅਤੇ ਸਾਧਨ ਉਸ ਦੀ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਪੰਜਾਬੀ ਸੱਭਿਆਚਾਰ ਦਾ ਨਾਂ ਹੀ ‘ਪੰਜਾਬੀ` ਸ਼ਬਦ ਸਦਕਾ ਵਿਲੱਖਣਤਾ ਦਾ ਧਾਰਨੀ ਹੈ। ਪੰਜਾਬੀ ਸ਼ਬਦ ਇਥੇ ਦੋ ਭਾਵਾਂ ਦਾ ਸੂਚਕ ਹੈ-ਇੱਕ ਪੰਜਾਬੀ ਕੌਮ ਦਾ ਤੇ ਦੂਜਾ ਪੰਜਾਬੀ ਬੋਲੀ ਦਾ। ਪੰਜਾਬੀ ਪੰਜਾਬੀਆਂ ਦੀ ਮਾਂ-ਬੋਲੀ ਹੈ। ਮਾਂ-ਬੋਲੀ ਦਾ ਕਿਸੇ ਲੋਕ-ਸਮੂਹ ਦੇ ਹਰੇਕ ਪ੍ਰਾਣੀ ਲਈ ਜੀਵਨ ਸ੍ਰੋਤ ਵਰਗਾ ਮਹੱਤਵ ਹੁੰਦਾ ਹੈ। ਹਰੇਕ ਵਿਅਕਤੀ ਆਪਣੀ ਮਾਂ-ਬੋਲੀ ਵਿੱਚ ਸੋਚਦਾ, ਸੁਪਨੇ ਲੈਂਦਾ, ਦਿਲ ਦੇ ਸੱਚੇ-ਸੁਚੇ ਜਜ਼ਬਾਤ ਅਤੇ ਹਰ ਕਿਸਮ ਦਾ ਗਿਆਨ ਪ੍ਰਗਟਾਉਂਦਾ ਹੈ। ਪੰਜਾਬੀ ਭਾਸ਼ਾ ਇੱਕ ਬੇਹੱਦ ਅਮੀਰ ਭਾਸ਼ਾ ਹੈ। ਇਸ ਵਿੱਚ ਮਹਾਨ ਸਾਹਿਤ ਪ੍ਰਾਪਤ ਹੈ। ਸ਼ੇਖ਼ ਫ਼ਰੀਦ, ਗੁਰੂ ਨਾਨਕ, ਵਾਰਿਸ, ਬੁੱਲ੍ਹੇਸ਼ਾਹ ਸਮੇਤ ਇਹ ਭਾਸ਼ਾ ਮਹਾਨ ਗੁਰੂਆਂ, ਫ਼ਕੀਰਾਂ, ਭਗਤਾਂ, ਪੀਰਾਂ ਦੀ ਵਰੋਸਾਈ ਹੋਈ ਹੈ।

     ਪੰਜਾਬੀ ਸੱਭਿਆਚਾਰ ਦਾ ਆਪਣਾ ਸੁਹਜ-ਸਲੀਕਾ, ਪਹਿਰਾਵਾ ਤੇ ਚੱਜ-ਆਚਾਰ ਹੈ। ਹਰੇਕ ਸੱਭਿਆਚਾਰ ਵਾਂਗ ਪੰਜਾਬੀ ਜੀਵਨ ਸਲੀਕੇ ਦੇ ਆਪਣੇ ਅਦਬ-ਅਦਾਬ, ਕਾਇਦੇ-ਕਨੂੰਨ ਹਨ ਜਿਨ੍ਹਾਂ ਰਾਹੀਂ ਅਸੀਂ ਨਿੱਕੇ ਬੱਚੇ ਤੋਂ ਲੈ ਕੇ ਜੀਵਨ ਦੇ ਅੰਤਲੇ ਸਾਹਾਂ ਤਕ ਹੀ ਨਹੀਂ, ਉਸ ਤੋਂ ਪਿੱਛੋਂ ਵੀ ਮਨੁੱਖੀ ਸਿਸ਼ਟਾਚਾਰ ਦਾ ਇੱਕ ਉੱਤਮ ਚੱਜ-ਆਚਾਰ ਨਿਭਾਉਂਦੇ ਹਾਂ। ਹਰੇਕ ਸੱਭਿਆਚਾਰ ਵਿੱਚ ਦੂਸਰੇ ਵਿਅਕਤੀ ਨੂੰ ਮਿਲਣ ਸਮੇਂ ਉਸ ਨੂੰ ਰਿਸ਼ਤੇ ਮੁਤਾਬਕ ਸੁਆਗਤ ਕਰਨ ਦਾ, ਪਿਆਰ ਸਤਿਕਾਰ ਪ੍ਰਗਟਾਉਣ ਦਾ ਆਪਣਾ ਅੰਦਾਜ਼ ਹੁੰਦਾ ਹੈ, ਜਿਸ ਵਿੱਚੋਂ ਉਸ ਸੱਭਿਆਚਾਰ ਦੀ ਖ਼ੁਸ਼ਬੂ, ਕੀਮਤਾਂ ਤੇ ਸਲੀਕੇ ਦੇ ਦਰਸ਼ਨ ਹੁੰਦੇ ਹਨ। ਪੰਜਾਬੀ ਜਦ ਆਪਣੇ ਤੋਂ ਵੱਡਿਆਂ ਦੇ ਪੈਰੀਂ ਹੱਥ ਲਾਉਂਦੇ ਹਨ, ਆਪਣੇ ਬਰਾਬਰ ਦਿਆਂ ਨੂੰ ਗਰਮਜ਼ੋਸ਼ੀ ਨਾਲ ਹੱਥ ਮਿਲਾ ਗਲਵਕੜੀ ਪਾਉਂਦੇ ਹਨ, ਆਪਣੇ ਤੋਂ ਛੋਟਿਆਂ ਦਾ ਸਿਰ ਪਲੋਸ ਉਹਨਾਂ ਨੂੰ ਅਸੀਸ ਤੇ ਪਿਆਰ ਦਿੰਦੇ ਹਨ ਤਾਂ ਇਸ ਵਿਚ ਦੂਜੇ ਦੀ ਹੋਂਦ ਹਸਤੀ ਦਾ ਚਾਅ ਮਲਾਰ ਹੁੰਦਾ ਹੈ, ਸੱਚੀਆਂ-ਸੁੱਚੀਆਂ ਭਾਵਨਾਵਾਂ ਦੁਆਵਾਂ ਦਾ ਇਜ਼ਹਾਰ ਵੀ ਹੁੰਦਾ ਹੈ ਅਤੇ ਇੱਕ ਨਿੱਘੀ ਪੀਡੀ ਸਾਂਝ ਦਾ ਪ੍ਰਗਟਾਵਾ ਵੀ। ਇਸੇ ਨੂੰ ਸੱਭਿਆਚਾਰਿਕ ਸਲੀਕਾ ਅਖਦੇ ਹਨ। ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਵਿੱਚ ਜੀਵਨ ਦੇ ਹਰ ਪਲ, ਹਰ ਮੌਕੇ, ਹਰ ਰਿਸ਼ਤੇ ਸੰਬੰਧੀ ਖ਼ੂਬਸੂਰਤ ਸੱਭਿਆਚਾਰਿਕ ਸਿਰਜਨਾਵਾਂ ਸਾਡੇ ਅੰਗ-ਸੰਗ ਰਹਿੰਦੀਆਂ ਹਨ। ਬੱਚੇ ਦੇ ਜਨਮ ਤੋਂ ਵੀ ਪਹਿਲਾਂ ਸ਼ੁਰੂ ਹੋ ਕੇ ਬੰਦੇ ਦੇ ਪੂਰਾ ਹੋ ਜਾਣ ਤੋਂ ਪਿੱਛੋਂ ਵੀ ਇਹ ਰਸਮਾਂ ਹਰੇਕ ਵਿਅਕਤੀ ਨੂੰ ਆਪਣੇ ਆਪ ਨਾਲ, ਆਪਣੇ ਸਾਕਾਂ ਸੰਬੰਧੀਆਂ ਨਾਲ, ਆਪਣੇ ਸੱਭਿਆਚਾਰ ਨਾਲ ਜੋੜੀ ਰੱਖਦੀਆਂ ਹਨ। ਉਸ ਨੂੰ ਹਰ ਦੁੱਖ ਵੇਲੇ ਧਰਵਾਸ ਦਿਵਾਉਂਦੀਆਂ ਹਨ, ਖ਼ੁਸ਼ੀ ਵੇਲੇ ਚਾਅ ਮਲਾਰ ਪ੍ਰਦਾਨ ਕਰਦੀਆਂ ਹਨ, ਸੰਕਟ ਵੇਲੇ ਸੁਰੱਖਿਆ ਤੇ ਲੋੜ ਵੇਲੇ ਮਦਦ ਦਿੰਦੀਆਂ ਹਨ।

     ਪਹਿਰਾਵਾ ਹਰੇਕ ਸੱਭਿਆਚਾਰ ਦੀ ਦਿੱਖ ਤੇ ਖ਼ੂਬਸੂਰਤੀ ਦਾ ਚਿੰਨ੍ਹ ਹੁੰਦਾ ਹੈ। ਪੰਜਾਬੀ ਸੱਭਿਆਚਾਰ ਵਿੱਚ ਔਰਤਾਂ, ਮਰਦਾਂ, ਬੱਚਿਆਂ, ਬਜ਼ੁਰਗਾਂ, ਨੌਜਵਾਨਾਂ ਦਾ ਪਹਿਰਾਵਾ ਆਪਣੇ ਰੰਗਾਂ, ਮੌਕਿਆਂ ਤੇ ਉਮਰਾਂ ਮੁਤਾਬਕ ਹੈ। ਪ੍ਰਾਚੀਨ ਜ਼ਮਾਨੇ ਤੋਂ ਅਜੋਕੇ ਸਮੇਂ ਤੱਕ ਪੰਜਾਬੀਆਂ ਦਾ ਪਹਿਰਾਵਾ ਬਦਲਦਾ ਆਇਆ ਹੈ। ਪੰਜਾਬੀਆਂ ਦੀ ਇੱਕ ਉੱਤਮ ਖ਼ੂਬੀ ਇਹ ਹੈ ਕਿ ਉਹ ਜਿਸ ਵੀ ਸੱਭਿਆਚਾਰ ਦੇ ਸੰਪਰਕ ਵਿੱਚ ਆਏ, ਉਹਨਾਂ ਨੇ ਉਸ ਵਿੱਚੋਂ ਜ਼ਰੂਰੀ ਤੇ ਉੱਤਮ ਵਸਤਾਂ, ਕਦਰਾਂ-ਕੀਮਤਾਂ, ਆਦਰਸ਼ਾਂ ਨੂੰ ਗ੍ਰਹਿਣ ਕਰਨ ਵਿੱਚ ਮਨ ਖੁੱਲ੍ਹਾ ਰੱਖਿਆ ਪਰ ਨਾਲ ਹੀ ਭੈੜੀਆਂ, ਆਰੋਪਿਤ ਤੇ ਗ਼ਲਤ ਚੀਜ਼ਾਂ ਜਾਂ ਦਬਾਵਾਂ ਪ੍ਰਤਿ ਬਗ਼ਾਵਤੀ ਸੁਰ ਅਪਣਾਇਆ। ਪੰਜਾਬੀਆਂ ਦੀ ਚੜ੍ਹਤ, ਉੱਨਤੀ ਅਤੇ ਮੋਹਰੀ ਰਹਿਣ ਦਾ ਇਹੀ ਰਾਜ਼ ਹੈ। ਮੁਸਲਮਾਨੀ ਸੱਭਿਆਚਾਰ ਤੋਂ ਪੰਜਾਬੀ ਮਰਦ ਨੇ ਕੁੜਤਾ-ਪਜਾਮਾ ਤੇ ਔਰਤ ਨੇ ਸਲਵਾਰ-ਕਮੀਜ਼ ਤੇ ਦੁਪੱਟਾ ਸਹਿਜ ਭਾਅ ਅਪਣਾ ਲਿਆ। ਪਰ ਧੋਤੀ ਜਾਂ ਬੁਰਕੇ ਨੂੰ ਆਪਣੇ ਪਹਿਰਾਵੇ ਦਾ ਸਹਿਜ ਅੰਗ ਬਣਾਉਣ ਤੋਂ ਗੁਰੇਜ਼ ਕੀਤਾ ਅੰਗਰੇਜ਼ਾਂ ਦੇ ਆਉਣ ਨਾਲ ਪੈਂਟ-ਕਮੀਜ਼ ਆਦਿ ਅਪਣਾ ਲਈ। ਮੁੱਖ ਗੱਲ ਪਹਿਰਾਵੇ ਦਾ ਪੰਜਾਬੀ ਸ਼ਿਸ਼ਟਾਚਾਰ, ਸਲੀਕੇ ਅਤੇ ਸੁਹਜ ਅਨੁਕੂਲ ਹੋਣਾ ਹੈ। ਨੰਗੇਜ਼ ਕਦੇ ਵੀ ਪੰਜਾਬੀ ਸੱਭਿਆਚਾਰਿਕ ਸਲੀਕੇ ਦਾ ਹਿੱਸਾ ਨਹੀਂ ਬਣਿਆ।

     ਹਰੇਕ ਸੱਭਿਆਚਾਰ ਵਾਂਗ ਪੰਜਾਬੀ ਸੱਭਿਆਚਾਰ ਵੀ ਨਿਰੰਤਰ ਬਦਲ ਰਿਹਾ ਹੈ। ਇਸ ਨੇ ਹਮੇਸ਼ਾਂ ਬਦਲਣਾ ਹੈ। ਵਿਸ਼ਵੀਕਰਨ ਨੇ ਇਸ ਤਬਦੀਲੀ ਨੂੰ ਤੇਜ਼ ਵੀ ਕੀਤਾ ਹੈ। ਕੁਝ ਪੱਖਾਂ ਤੋਂ ਹਾਂ ਵਾਚਕ ਪ੍ਰਭਾਵ ਪਏ ਹਨ। ਫਜ਼ੂਲ ਤੇ ਦਕੀਆਨੂਸੀ ਦੀਵਾਰਾਂ ਨੂੰ ਲਾਂਭੇ ਕਰਨ ਦਾ ਕਾਰਜ ਕੀਤਾ ਹੈ। ਨਵੇਂ ਵਧੀਆ ਮੌਕੇ ਵੀ ਦਿੱਤੇ ਹਨ। ਪਰ ਨਾਲੋ ਨਾਲ ਸਾਡੀਆਂ ਖ਼ੂਬਸੂਰਤ, ਲਾਹੇਵੰਦ, ਲਾਜ਼ਮੀ ਤੇ ਚਿਰੰਜੀਵੀ ਸੱਭਿਆਚਾਰਿਕ ਸਿਰਜਨਾਵਾਂ ਨੂੰ ਢਾਹ ਵੀ ਲਾਈ ਹੈ। ਸਿਰਫ਼ ਤਬਦੀਲੀ ਆਪਣੇ ਆਪ ਵਿੱਚ ਵੱਡੇ ਮਾਅਨੇ ਨਹੀਂ ਰੱਖਦੀ। ਤਬਦੀਲੀ ਦਾ ਮੰਤਵ ਤੇ ਦਿਸ਼ਾ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ। ਖੁੱਲ੍ਹੇ ਪੰਜਾਬੀ ਸੁਭਾਅ ਨੂੰ ਬਰਕਰਾਰ ਰੱਖਦਿਆਂ ਹੋਇਆਂ ਪੰਜਾਬੀਆਂ ਨੂੰ ਆਧੁਨਿਕ ਜ਼ਮਾਨੇ ਦੇ ਚੰਗੇ ਤੇ ਉੱਤਮ ਪ੍ਰਭਾਵ ਗ੍ਰਹਿਣ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਪਰ ਹਰੇਕ ਪੱਛਮੀ ਚੀਜ਼ ਦੀ ਨਕਲ ਕਰਨਾ ਵੀ ਸਿਆਣਪ ਨਹੀਂ ਸਗੋਂ ਇਹ ਕਮ-ਅਕਲੀ ਦਾ ਸਬੂਤ ਹੈ। ਪੰਜਾਬੀ ਸੱਭਿਆਚਾਰ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਪੰਜਾਬੀ ਜ਼ਮਾਨੇ ਦੀਆਂ ਨਵੀਆਂ ਵੰਗਾਰਾਂ ਅਤੇ ਵਧੀਆ ਮੌਕਿਆਂ ਨੂੰ ਆਪਣੀ ਦੂਰ-ਅੰਦੇਸ਼ੀ, ਵਿਹਾਰਕ ਸਿਆਣਪ ਅਤੇ ਦਲੇਰ ਪਹਿਲ-ਕਦਮੀ ਵਾਲੇ ਸੁਭਾਅ ਮੁਤਾਬਕ ਟੱਕਰੇ ਹਨ, ਉਹਨਾਂ ਨੇ ਨਵਾਂ ਇਤਿਹਾਸ ਸਿਰਜਿਆ ਹੈ; ਨਵੀਆਂ ਪ੍ਰਾਪਤੀਆਂ ਕੀਤੀਆਂ ਹਨ, ਨਵੀਆਂ ਮੰਜ਼ਲਾਂ ਮਾਰੀਆਂ ਹਨ।


ਲੇਖਕ : ਜਸਵਿੰਦਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 84048, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Pls add inages with each and every topic so that students can easily get the Knowledge. My personal experience is that i easily learn if i saw the images .pls its my humble request to add the images with all the topics.


Vaneet Kaur, ( 2014/06/30 12:00AM)

Pdf ਦੇ ਰੂਪ ਵਿਚ ਕਿਵੇਂ downlod ਕਰ ਸਕਦੇ ਆ ਜੀ plz ਦਸਿਊ ਜੀ


Gurmail singh, ( 2021/07/22 05:4001)

how we can download


GAGANDEEP KAUR, ( 2022/01/08 12:2023)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.