ਪੰਜਾ ਸਾਹਿਬ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੰਜਾ ਸਾਹਿਬ [ਨਿਪੁ] ਗੁਰੂ ਨਾਨਕ ਦੇਵ ਜੀ ਨਾਲ਼ ਸੰਬੰਧਿਤ ਹਸਨ ਅਬਦਾਲ ਸਥਿਤ ਇੱਕ ਯਾਦਗਾਰੀ ਸਥਾਨ ਜੋ ਪੱਛਮੀਂ ਪੰਜਾਬ ਪਾਕਿਸਤਾਨ ਵਿੱਚ ਸਥਿਤ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10044, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੰਜਾ ਸਾਹਿਬ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੰਜਾ ਸਾਹਿਬ. ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹਸਨ ਅਬਦਾਲ ਗ੍ਰਾਮ ਪਾਸ ਇੱਕ ਸਿਲਾ ਪੁਰ ਲੱਗਿਆ ਹੋਇਆ ਹੱਥ ਦਾ ਚਿੰਨ੍ਹ , ਜਿੱਥੇ ਹੁਣ ਪ੍ਰਸਿੱਧ ਗੁਰਦ੍ਵਾਰਾ ਹੈ. ਪੰਜਾਸਾਹਿਬ ਦੇ ਪਾਸ ਜਲ ਦਾ ਚਸ਼ਮਾ ਹੈ, ਜਿਸ ਦਾ ਬਹੁਤ ਨਿਰਮਲ ਜਲ ਤਾਲ ਵਿੱਚ ਜਮਾ ਹੋਕੇ ਵਹਿਂਦਾ ਰਹਿਂਦਾ ਹੈ. ਸੰਗਤਿ ਨੇ ਖੋਜ ਕਰਕੇ ਨਿਸ਼ਚਾ ਕੀਤਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਇੱਥੇ ੨੪ ਹਾੜ ਸੰਮਤ ੧੫੭੭ ਨੂੰ ਪਧਾਰੇ ਸਨ ਅਤੇ ਇਸੇ ਦਿਨ ਪੰਜਾ ਲੱਗਾ ਹੈ.
ਰੇਲਵੇ ਸਟੇਸ਼ਨ ਹਸਨਅਬਦਾਲ ਤੋਂ ਇਹ ਗੁਰਅਸਥਾਨ ਅੱਧ ਮੀਲ ਦੱਖਣ ਪੱਛਮ ਹੈ. ਗੁਰਦ੍ਵਾਰੇ ਦੀ ਸੇਵਾ ਸਰਦਾਰ ਹਰੀ ਸਿੰਘ ਨਲਵਾ ਨੇ ਸਭ ਤੋਂ ਪਹਿਲਾਂ ਕਰਵਾਈ. ਇਸ ਗੁਰੁਧਾਮ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਅਰਪੀ ਪੰਜ ਸੌ ਰੁਪਯਾ ਸਾਲਾਨਾ ਜਾਗੀਰ ਹੈ. ਕੁਝ ਜ਼ਮੀਨ ਗੁਰਦ੍ਵਾਰੇ ਨਾਲ ਹੈ, ਪਨਚੱਕੀਆਂ ਦੀ ਭੀ ਆਮਦਨ ਹੈ. ੨੨ ਨਵੰਬਰ ੧੯੨੦ ਨੂੰ ਇਸ ਪਵਿਤ੍ਰ ਗੁਰਧਾਮ ਦੇ ਪ੍ਰਬੰਧ ਦਾ ਸੁਧਾਰ ਹੋਇਆ, ਹੁਣ ਗੁਰਸਿੱਖਾਂ ਦੀ ਕਮੇਟੀ ਗੁਰਦ੍ਵਾਰੇ ਦਾ ਉੱਤਮ ਪ੍ਰਬੰਧ ਕਰ ਰਹੀ ਹੈ, ਜਾਤ੍ਰੀਆਂ ਦੇ ਆਰਾਮ, ਕਥਾ ਕੀਰਤਨ , ਹਾਸਪਟਿਲ ਅਤੇ ਲੰਗਰ ਦਾ ਚੰਗਾ ਇੰਤਜਾਮ ਹੈ. ਬਹੁਤ ਇਮਾਰਤ ਬਣ ਗਈ ਹੈ ਅਤੇ ਦਿਨੋ ਦਿਨ ਹੋਰ ਬਣਦੀ ਜਾਂਦੀ ਹੈ. ੧੪ ਅਕਤੂਬਰ ਸਨ ੧੯੩੨ ਨੂੰ ਪੰਜੇ ਸਾਹਿਬ ਸਿੱਖ ਕ਼ੌਮ ਦਾ ਭਾਰੀ ਇਕੱਠ ਹੋਯਾ, ਜਿਸ ਵੇਲੇ ਪੰਜਾਂ ਪਿਆਰਿਆਂ ਨੇ ਹਰਿਮੰਦਿਰ ਦੀ ਨਵੀਂ ਨੀਂਹ ਰੱਖੀ ਅਤੇ ਸਰੋਵਰ ਦਾ ਬੁਨਿਆਦੀ ਪੱਥਰ ਟਿੱਕਾ ਸਾਹਿਬ ਯਾਦਵੇਂਦ੍ਰ ਸਿੰਘ ਜੀ ਪਟਿਆਲਾ ਨੇ ਰੱਖਿਆ. ਹੁਣ ਇਹ ਮਨੋਹਰ ਮੰਦਿਰ ਤਿਆਰ ਹੋ ਗਿਆ ਹੈ.
ਮਹਾਰਾਜਾ ਨਾਭਾ ਦੇ ਪ੍ਰਸਿੱਧ ਕਵਿ ਗ੍ਵਾਲ ਨੇ ਪੰਜਾਸਾਹਿਬ ਬਾਬਤ ਲਿਖਿਆ ਹੈ:—
“ਪਵਤ ਪੈ ਪਾਨੀ ਕੀ ਜਲੂਸ ਕੋ ਜਗੈਯਾ ਪੀਰ1
ਵਾਂਕੀ ਕਰਾਮਾਤ ਖੈਂਚ ਦਾਬ ਕੋ ਸ਼ਿਕੰਜਾ ਹੈ,
ਸਿੱਖਨ ਕੇ ਪਾਲਬੇ ਕੋ ਵਿੑਨੁ ਪਾਣਿਪਦਮ ਜੈਸੋ
ਦਾਰਿਦ ਦੁਖਨ ਕੋ ਤ੍ਰਿਸੂਲਿ ਸਮ ਗੰਜਾ ਹੈ,
ਗ੍ਵਾਲ ਕਵਿ ਅਰਜ ਕਰੈਯਨ ਕੀ ਪੂਰੈ ਗਜ਼
ਤੁਰਕਨ ਤੇਜ ਤੂਲ ਤੁੰਗਨ ਕੋ ਭੰਜਾ ਹੈ,
ਗਿਰਿ ਕੋ ਗਿਰਤ ਥਾਂਭਲਿਯੋ ਸੋ ਪ੍ਰਤੱਖ ਅਜੌਂ
ਦੇਖੋ ! ਸ੍ਵਛ ਐਸੋ ਗੁਰੁ ਨਾਨਕ ਕੋ ਪੰਜਾ ਹੈ.
੨ ਹੁਣ ਹਸਨਅਬਦਾਲ ਦਾ ਨਾਮ ਭੀ ਪੰਜਾਸਾਹਿਬ ਪ੍ਰਸਿੱਧ ਹੋ ਗਿਆ ਹੈ, ਭਾਵੇਂ ਬਹੁਤ ਲੋਕ ਹਸਨਅਬਦਾਲ ਭੀ ਆਖਦੇ ਹਨ. ਹਸਨਅਬਦਾਲ ਰਾਵਲਪਿੰਡੀ ਤੋਂ ੨੯ ਮੀਲ ਹੈ. ਦੇਖੋ, ਹਸਨਅਬਦਾਲ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੰਜਾ ਸਾਹਿਬ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪੰਜਾ ਸਾਹਿਬ: ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਸੰਬੰਧਿਤ ਅਟਕ (ਕੈਂਬਲਪੁਰ) ਜ਼ਿਲ੍ਹੇ ਵਿਚ ਇਹ ਇਕ ਮਹੱਤਵਪੂਰਣ ਗੁਰੂ-ਧਾਮ ਹੈ। ਇਹ ਰਾਵਲਪਿੰਡੀ ਤੋਂ ਪਿਸ਼ਾਵਰ ਜਾਣ ਵਾਲੀ ਰੇਲਵੇ ਲਾਈਨ ਉਤੇ 46 ਕਿ.ਮੀ. ਦੀ ਵਿਥ ਉਤੇ ਸਥਿਤ ਹਸਨ-ਅਬਦਾਲ ਰੇਲਵੇ ਸਟੇਸ਼ਨ ਤੋਂ ਇਕ ਕਿਲੋ- ਮੀਟਰ ਦੱਖਣ ਪੱਛਮ ਵਿਚ ਹੈ। ਇਥੇ ਇਕ ਪੱਥਰ ਉਪਰ ਗੁਰੂ ਨਾਨਕ ਸਾਹਿਬ ਦੇ ਸੱਜੇ ਹੱਥ ਦਾ ਚਿੰਨ੍ਹ ਲਗਿਆ ਹੈ ਅਤੇ ਉਸ ਦੇ ਹੇਠੋਂ ਜਲ ਦੀ ਧਾਰਾ ਫੁਟਦੀ ਹੈ। ਹਸਨ- ਅਬਦਾਲ ਇਕ ਇਤਿਹਾਸਿਕ ਮਹੱਤਵ ਵਾਲਾ ਕਸਬਾ ਹੈ। ਇਸ ਕਸਬੇ ਵਿਚ ਮੁਗ਼ਲ ਬਾਦਸ਼ਾਹ ਅਕਬਰ, ਜਹਾਂਗੀਰ ਸ਼ਾਹਜਹਾਨ ਅਤੇ ਔਰੰਗਜ਼ੇਬ ਕਈ ਵਾਰ ਆਏ ਕਿਉਂਕਿ ਇਹ ਕਸਬਾ ਪਿਸ਼ਾਵਰ ਤੋਂ ਲਾਹੌਰ ਜਾਣ ਵਾਲੀ ਮੁੱਖ ਸੜਕ ਉਤੇ ਪੈਂਦਾ ਹੈ। ਅਹਿਮਦਸ਼ਾਹ ਦੁਰਾਨੀ, ਤੈਮੂਰਸ਼ਾਹ, ਜ਼ਮਾਨ ਸ਼ਾਹ ਆਦਿ ਧਾੜਵੀ ਵੀ ਇਥੇ ਕਈ ਵਾਰ ਆਏ।
ਸਿੱਖ-ਇਤਿਹਾਸ ਅਨੁਸਾਰ ਇਥੇ ਇਕ ਪਹਾੜੀ ਉਤੇ ਹਸਨ-ਅਬਦਾਲ ਨਾਂ ਦਾ ਪੀਰ ਰਹਿੰਦਾ ਹੁੰਦਾ ਸੀ ਜੋ ਖ਼ੁਰਾਸਾਨ ਦੇ ਇਲਾਕੇ ਤੋਂ ਮਿਰਜ਼ਾ ਸ਼ਾਹ ਰੁਖ਼ ਨਾਲ ਹਿੰਦੁਸਤਾਨ ਆਇਆ ਸੀ। ਉਸ ਨੂੰ ਆਮ ਲੋਕ ‘ਵਲੀ ’ ਕਹਿੰਦੇ ਸਨ। ਉਸ ਨੇ ਪਹਾੜੀ ਉਤੇ ਇਕ ਤਾਲਾਬ ਵੀ ਬਣਾਇਆ ਹੋਇਆ ਸੀ। ਅਨੁਮਾਨਿਕ ਤੌਰ ’ਤੇ ਸੰਨ 1521 ਈ. ਦੇ ਨੇੜੇ-ਤੇੜੇ ਕੀਤੀ ਪੱਛਮ ਦੀ ਉਦਾਸੀ ਦੌਰਾਨ ਪਿਆਸ ਨਾਲ ਆਤੁਰ ਹੋਇਆ ਭਾਈ ਮਰਦਾਨਾ ਜਦੋਂ ਦੋ ਵਾਰ ਵਲੀ ਪਾਸ ਜਲ ਪੀਣ ਲਈ ਗਿਆ, ਤਾਂ ਉਸ ਨੇ ਜਲ ਪਿਲਾਣੋਂ ਨਾਂਹ ਕਰ ਦਿੱਤੀ। ਇਹ ਗੱਲ ਸੁਣ ਕੇ ਗੁਰੂ ਜੀ ਨੇ ਆਪਣੀ ਦੈਵੀ ਸ਼ਕਤੀ ਰਾਹੀਂ ਤਾਲਾਬ ਦਾ ਪਾਣੀ ਆਪਣੇ ਵਲ ਖਿਚ ਲਿਆ। ਇਸ ਤੋਂ ਖਿਝ ਕੇ ਵਲੀ ਨੇ ਇਕ ਬਹੁਤ ਵੱਡਾ ਪੱਥਰ ਗੁਰੂ ਸਾਹਿਬ ਵਲ ਰੇੜ੍ਹ ਦਿੱਤਾ। ਗੁਰੂ ਜੀ ਨੇ ਉਸ ਪੱਥਰ ਨੂੰ ਆਪਣੇ ਸੱਜੇ ਹੱਥ ਨਾਲ ਠਲ੍ਹ ਲਿਆ ਜਿਸ ਕਰਕੇ ਉਸ ਪੱਥਰ ਉਤੇ ਗੁਰੂ ਜੀ ਦੇ ਹੱਥ ਦਾ ਚਿੰਨ੍ਹ ਸਥਾਈ ਤੌਰ’ਤੇ ਲਗ ਗਿਆ। ਇਸੇ ਕਰਕੇ ਇਸ ਧਾਮ ਨੂੰ ‘ਪੰਜਾ ਸਾਹਿਬ’ ਕਿਹਾ ਜਾਂਦਾ ਹੈ। ਹਸਨ-ਅਬਦਾਲ ਦੇ ਨਾਂ’ਤੇ ਹੀ ਇਸ ਕਸਬੇ ਦਾ ਨਾਂ ਪ੍ਰਚਲਿਤ ਹੋਇਆ। ਉਸ ਦੀ ਮ੍ਰਿਤੂ ਕੰਧਾਰ ਵਿਚ ਹੋਣ ਕਰਕੇ ਉਸ ਨੂੰ ‘ਵਲੀ ਕੰਧਾਰੀ ’ ਵੀ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਸਾਖੀ ਸਾਹਿਤ ਵਿਚ ਇਸ ਦਾ ਉੱਲੇਖ ਮਿਲਦਾ ਹੈ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਵਿਚ ਇਥੇ ਗੁਰਦੁਆਰਾ ਬਣਾਇਆ ਗਿਆ। ਪਿਸ਼ਾਵਰ ਵਲ ਆਉਂਦੇ ਜਾਂਦੇ ਮਹਾਰਾਜਾ ਸਾਹਿਬ ਨੇ ਇਸ ਗੁਰੂ-ਧਾਮ ਦੇ ਇਕ ਤੋਂ ਵਧ ਵਾਰ ਦਰਸ਼ਨ ਕੀਤੇ। ਪਹਿਲਾਂ ਇਸ ਗੁਰਦੁਆਰੇ ਦੀ ਵਿਵਸਥਾ ਉਦਾਸੀ ਮਹੰਤਾਂ ਦੇ ਹੱਥ ਵਿਚ ਸੀ। ਗੁਰਦੁਆਰਾ ਸੁਧਾਰ ਲਹਿਰ ਵੇਲੇ 18 ਨਵੰਬਰ 1920 ਈ. ਨੂੰ ਜੱਥੇਦਾਰ ਕਰਤਾਰ ਸਿੰਘ ਝੱਬਰ ਨੇ ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਲਿਆਉਂਦਾ। 30 ਅਕਤੂਬਰ 1922 ਈ. ਨੂੰ ਗੁਰਦੁਆਰਾ ਸੁਧਾਰ ਲਹਿਰ ਅਧੀਨ ਪਕੜੇ ਗਏ ‘ਗੁਰੂ ਕਾ ਬਾਗ਼ ’ ਮੋਰਚੇ ਦੇ ਸਿੱਖ ਕੈਦੀਆਂ ਨੂੰ ਅਟਕ ਜੇਲ੍ਹ ਵਿਚ ਲੈ ਜਾਣ ਵਾਲੀ ਗੱਡੀ ਨੂੰ (ਸਿੰਘਾਂ ਨੂੰ ਲੰਗਰ ਛਕਾਉਣ ਲਈ) ਇਥੇ ਰੋਕਣ ਦੀ ਬੇਨਤੀ ਨੂੰ ਠੁਕਰਾਏ ਜਾਣ’ਤੇ ਸਿੱਖ-ਸਾਧਕਾਂ ਨੇ ਪਟੜੀ ਉਤੇ ਵਿਛ ਕੇ ਆਪਣੀ ਸ਼ਹਾਦਤ ਦੇ ਬਲ ’ਤੇ ਗਡੀ ਨੂੰ ਨਿਸਚਲ ਕਰਨ ਦਾ ਜੋ ਸਾਕਾ ਕੀਤਾ, ਉਹ ਇਤਿਹਾਸ ਦੀ ਦੁਰਲਭ ਮਿਸਾਲ ਹੈ। ਇਸ ਸਾਕੇ ਵਿਚ ਭਾਈ ਪ੍ਰਤਾਪ ਸਿੰਘ (ਵੇਖੋ) ਅਤੇ ਭਾਈ ਕਰਮ ਸਿੰਘ (ਵੇਖੋ) ਸ਼ਹੀਦ ਹੋਏ ਅਤੇ ਪੰਜ ਸਿੰਘ ਜ਼ਖ਼ਮੀ ਹੋਏ।
14 ਅਕਤੂਬਰ 1932 ਈ. ਨੂੰ ਨਵੇਂ ਸਰੋਵਰ ਅਤੇ ਉਸ ਨਾਲ ਉਸਾਰੇ ਜਾਣ ਵਾਲੇ ਹਰਿਮੰਦਿਰ ਸਾਹਿਬ ਦਾ ਨੀਂਹ ਪੱਥਰ ਰਖਿਆ ਗਿਆ। ਇਸ ਤਰ੍ਹਾਂ ਇਕ ਸੁੰਦਰ ਇਮਾਰਤ ਅਤੇ ਦਿਲਕਸ਼ ਸਰੋਵਰ ਹੋਂਦ ਵਿਚ ਆਏ। ਹਰ ਸਾਲ 30 ਅਕਤੂਬਰ ਨੂੰ ਸ਼ਹੀਦਾਂ ਦੀ ਯਾਦ ਵਿਚ ਉਥੇ ਭਾਰੀ ਇਕੱਠ ਹੁੰਦਾ ਰਿਹਾ ਸੀ। ਇਸ ਗੁਰੂ-ਧਾਮ ਵਿਚ ਹਰ ਸਾਲ ਵਿਸਾਖੀ ਵਾਲੇ ਦਿਨ ਬਹੁਤ ਭਾਰੀ ਸੰਗਤ ਜੁੜਦੀ ਸੀ। ਦੂਰੋਂ ਦੂਰੋਂ ਸੰਗਤਾਂ ਆ ਕੇ ਹਾਜ਼ਰੀ ਭਰਦੀਆਂ ਸਨ। ਸੰਨ 1947 ਈ. ਵਿਚ ਇਹ ਗੁਰੂ-ਧਾਮ ਪਾਕਿਸਤਾਨ ਵਿਚ ਰਹਿ ਜਾਣ ਕਾਰਣ ਭਾਰਤ ਤੋਂ ਸਿੱਖ ਸ਼ਰਧਾਲੂ ਆਮ ਤੌਰ’ਤੇ ਵਿਸਾਖੀ ਉਤੇ ਦਰਸ਼ਨਾਂ ਲਈ ਜਾਂਦੇ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9558, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਪੰਜਾ ਸਾਹਿਬ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਪੰਜਾ ਸਾਹਿਬ : ਗੁਰੂ ਨਾਨਕ ਦੇਵ ਜੀ ਦਾ, ਹਸਨ ਅਬਦਾਲ (ਪਾਕਿਸਤਾਨ) ਦੇ ਨੇੜੇ, ਇਕ ਸਿਲਾ ਉੱਪਰ ਲਗਿਆ ਹੋਇਆ ਹੱਥ ਚਿੰਨ੍ਹ ਜਿਥੇ ਹੁਣ ਪ੍ਰਸਿੱਧ ਗੁਰਦੁਆਰਾ ਪੰਜਾ ਸਾਹਿਬ ਹੈ । ਇਥੇ ਠੰਡੇ ਮਿੱਠੇ ਪਾਣੀ ਦਾ ਚਸ਼ਮਾ ਹੈ ਜਿਸ ਦਾ ਨਿਰਮਲ ਜਲ ਛੋਟੇ ਜਿਹੇ ਤਲਾਅ ਵਿਚ ਜਮ੍ਹਾ ਹੋ ਕੇ ਲਗਾਤਾਰ ਵਹਿੰਦਾ ਰਹਿੰਦਾ ਹੈ ।
ਹਸਨ ਅਬਦਾਲ ਨਗਰ ਇਸੇ ਨਾਮ ਦੇ ਇਕ ਸੱਯਦ ਬਾਬੇ ਦੇ ਨਾਮ ਤੇ ਵਸਿਆ । ਬਾਬਾ ਹਸਨ ਅਬਦਾਲ ਸੱਯਦ, ਸਬਜ਼ਵਾਰ (ਇਲਾਕਾ ਖੁਰਾਸਾਨ) ਦਾ ਸੀ ਅਤੇ ਭਾਰਤ ਵਿਚ ਮਿਰਜ਼ਾ ਸ਼ਾਹਪੁਰ ਨਾਲ ਆਇਆ ਸੀ । ਇਸ ਦਾ ਦੇਹਾਂਤ ਕੰਧਾਰ ਵਿਚ ਹੋਇਆ ।
ਅਟਕ ਜ਼ਿਲ੍ਹੇ (ਕੈਮਲਪੁਰ) ਵਿਚ ਨਗਰ ਹਸਨ ਅਬਦਾਲ ਰਾਵਲਪਿੰਡੀ ਤੋਂ ਲਗਭਗ 35 ਕਿ. ਮੀ. ਦੇ ਫਾਸਲੇ ਤੇ ਹੈ।
ਦੇਸ਼ ਦੀ ਵੰਡ ਤੋਂ ਪਹਿਲਾਂ ਹਸਨ ਅਬਦਾਲ ਦਾ ਨਾਮ ਵੀ ਪੰਜਾ ਸਾਹਿਬ ਪ੍ਰਸਿੱਧ ਹੋ ਗਿਆ ਸੀ । ਉਦੋਂ ਇਹ ਵੀ ਮੰਗ ਕੀਤੀ ਜਾ ਰਹੀ ਸੀ ਕਿ ਹਸਨ ਅਬਦਾਲ ਰੇਲਵੇ ਸਟੇਸ਼ਨ ਦਾ ਨਾਮ ਵੀ ਪੰਜਾ ਸਾਹਿਬ ਬਦਲ ਦਿੱਤਾ ਜਾਏ।
ਐਮ. ਐਲ. ਆਹਲੂਵਾਲੀਆ ਨੇ ਆਪਣੀ ਪੁਸਤਕ ਗੁਰਦੁਆਰਾ ਸੁਧਾਰ ਲਹਿਰ (1919–25 ਈ.) ਵਿਚ ਪੁਰਾਣੀਆਂ ਲਿਖਤਾਂ ਵਿਚੋਂ ਰੇਲਵੇ ਸਟੇਸ਼ਨ ਪੰਜਾ ਸਾਹਿਬ (ਹਸਨ ਅਬਦਾਲ) ਨੋਟ ਕਰ ਕੇ ਲਿਖਿਆ ਹੈ ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗੁਰੂ ਨਾਨਕ ਦੇਵ ਜੀ ਸਾਵਣ ਮਹੀਨੇ ਦੀ ਪਹਿਲੀ ਤਰੀਕ ਨੂੰ ਇਥੇ ਆਏ । ਆਪ ਨੇ ਸੰਨ ਜਾਂ ਸੰਮਤ ਨਹੀਂ ਲਿਖਿਆ । ਖਿਆਲ ਕੀਤਾ ਜਾਂਦਾ ਹੈ ਕਿ ਜਦ ਗੁਰੂ ਜੀ ਪੱਛਮੀ ਦੇਸ਼ਾਂ ਤੋਂ ਵਾਪਸ ਪਰਤੇ ਤਾਂ ਇਥੇ ਆਏ ।
ਭਾਈ ਠਾਕਰ ਸਿੰਘ ਗਿਆਨੀ ਅਨੁਸਾਰ ਜਦੋਂ ਗੁਰੂ ਨਾਨਕ ਦੇਵ ਜੀ ਕੰਧਾਰ (ਅਫ਼ਗਾਨਿਸਤਾਨ ) ਪਹੁੰਚੇ ਤਾਂ ਉਥੇ ਮੁਸਲਮਾਨਾਂ ਦੇ ਪ੍ਰਸਿੱਧ ਪੀਰ, ਵਲੀ ਮੁਹੰਮਦ ਨੇ ਗੁਰੂ ਜੀ ਪਾਸੋਂ ਮਾਰਫ਼ਤ ਦੇ ਬਹੁਤ ਸਾਰੇ ਪ੍ਰਸ਼ਨ ਪੁੱਛੇ ਅਤੇ ਗੁਰੂ ਜੀ ਨੂੰ ਵਲੀ ਅੱਲਾ ਜਾਣ ਕੇ ਸਲਾਮ ਕੀਤਾ ਅਤੇ ਆਖਿਆ , ‘ਮੇਰਾ ਇਕ ਮੁਰੀਦ ਵਲੀ ਕੰਧਾਰੀ ਹਿੰਦ ਵਿਚ ਇਕ ਵੱਡਾ ਪੀਰ ਹੈ ' । ਕੰਧਾਰ ਤੋਂ ਬਾਅਦ ਗੁਰੂ ਜੀ ਛੇਤੀ ਹੀ ਵਲੀ ਕੰਧਾਰੀ ਦੀ ਪਹਾੜੀ ਹੇਠਾਂ ਆ ਪਹੁੰਚੇ ।
ਲਗਭਗ ਸਭ ਬਿਰਤਾਂਤ ਇਉਂ ਕਹਿੰਦੇ ਹਨ ਕਿ ਗੁਰੂ ਜੀ ਦੇ ਸਾਥੀ ਭਾਈ ਮਰਦਾਨੇ ਨੂੰ ਪਿਆਸ ਲਗੀ ਅਤੇ ਜਲ ਪੀਣ ਲਈ ਵਲੀ ਪਾਸ ਉੱਪਰ ਗਿਆ । ਵਲੀ ਨੇ ਜਲ ਨਾ ਦਿੱਤਾ, ਮਰਦਾਨਾ ਖਾਲੀ ਮੁੜ ਆਇਆ । ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ , ਮੈਂ ਪਾਣੀ ਬਿਨਾ ਮਰਦਾ ਹਾਂ ਅਤੇ ਵਲੀ ਪਾਣੀ ਨਹੀਂ ਦਿੰਦਾ । ' ਤਿੰਨ ਵਾਰੀ ਭਾਈ ਮਰਦਾਨਾ ਗਿਆ ਪਰ ਨਿਰਾਸ਼ ਮੁੜ ਆਇਆ ਤਾਂ ਸਤਿਗੁਰੂ ਜੀ ਨੇ ”ਸਤਿ ਕਰਤਾਰ ” ਕਹਿ ਕੇ ”ਪ੍ਰਭੁ ਦਾਸ ਕਾ ਦੁਖ ਖਵਿ ਸਕੈ ” ਦੇ ਭਾਵ ਅਨੁਸਾਰ ਭਾਈ ਮਰਦਾਨੇ ਨੂੰ ਕੋਲ ਪਿਆ ਪੱਥਰ ਚੁੱਕਣ ਲਈ ਕਿਹਾ । ਪੱਥਰ ਚੁੱਕਦਿਆਂ ਹੀ ਹੇਠੋਂ ਪਾਣੀ ਦਾ ਚਸ਼ਮਾ ਫੁੱਟ ਪਿਆ । ਇਸ ਨਾਲ ਵਲੀ ਕੰਧਾਰੀ ਦਾ ਪਾਣੀ ਖ਼ਤਮ ਹੋਣ ਲੱਗਾ । ਇਧਰ ਇਹ ਚੋਜ ਵਰਤਿਆ ਉਧਰ ਵਲੀ ਕੰਧਾਰੀ ਨੇ ਦੇਖਿਆ ਕਿ ਉਸ ਦੇ ਜਲ ਦਾ ਚਸ਼ਮਾ ਖਾਲੀ ਹੈ ਤਾਂ ਬੜੇ ਕ੍ਰੋਧ ਵਿਚ ਆਇਆ ਅਤੇ ਉਹ ਪਹਾੜ ਜਿਸ ਹੇਠ ਗੁਰੂ ਜੀ ਬੈਠੇ ਸਨ ਆਪਣੀ ਸ਼ਕਤੀ ਨਾਲ ਹੇਠਾਂ ਗੁਰੂ ਜੀ ਵੱਲ ਧੱਕਿਆ । ਗੁਰੂ ਬਾਬੇ ਨੇ ਅੱਗੋਂ ਆਪਣੇ ਹੱਥ ਦੇ ਪੰਜੇ ਉੱਤੇ ਪਹਾੜ ਰੋਕ ਲਿਆ । ਇਹ ਵੇਖ ਕੇ ਵਲੀ ਚਰਨੀਂ ਪੈ ਗਿਆ ।
ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਚੋਖੀ ਜਾਗੀਰ ਇਸ ਦੇ ਨਾਂ ਲਗਾ ਦਿੱਤੀ ਸੀ । ਦੇਸ਼ ਦੀ ਵੰਡ ਤਕ ਕੁਝ ਪਣਚੱਕੀਆਂ ਦੀ ਵੀ ਆਮਦਨ ਸੀ । ਇਲਾਕੇ ਦੀਆਂ ਸੰਗਤਾਂ ਅਤੇ ਯਾਤਰੀ ਬੜੀ ਉਦਾਰਤਾ ਨਾਲ ਮਾਇਆ ਭੇਟ ਕਰਦੇ ਹਨ ।
ਸੰਨ 1920–25 ਦੀ ਗੁਰਦੁਆਰਾ ਸੁਧਾਰ ਲਹਿਰ ਤੋਂ ਪਹਿਲਾਂ ਇਥੋਂ ਦੇ ਪੁਜਾਰੀ ਭਾਵੇਂ ਸਿੰਘ ਸਨ ਪਰ ਉਹ ਕਾਫ਼ੀ ਬਦਨਾਮ ਹੋ ਚੁਕੇ ਸਨ । ਉਹ ਗੁਰਦੁਆਰੇ ਨੂੰ ਆਪਣੀ ਨਿੱਜੀ ਜਾਇਦਾਦ ਸਮਝਦੇ ਸਨ। ਮਹੰਤ ਮਿਠਾ ਸਿੰਘ ਨੇ ਨਾ ਕੇਵਲ ਗੁਰਦੁਆਰਾ ਸਾਹਿਬ ਉੱਪਰ, ਸਗੋਂ ਨਾਲ ਲਗਦੀ ਜਾਇਦਾਦ ਉੱਪਰ ਵੀ ਕਬਜ਼ਾ ਕੀਤਾ ਹੋਇਆ ਸੀ । ਉਸ ਨੇ ਕੁਝ ਸਿੱਖ ਤੇ ਹਿੰਦੂ ਖ਼ਰੀਦੇ ਹੋਏ ਸਨ ਤਾਂ ਜੋ ਉਸ ਦੇ ਕੰਮ ਵਿਚ ਕੋਈ ਦਖ਼ਲ ਨਾ ਦੇਵੇ।
ਸੰਨ 1906 ਵਿਚ ਮਹੰਤ ਨੇ ਗੁਰਦੁਆਰੇ ਦੀ ਜ਼ਮੀਨ ਦਾ ਇੰਤਕਾਲ ਆਪਣੇ ਨਾਮ ਕਰਾ ਲਿਆ । ਸਥਾਨਕ ਸਿੱਖਾਂ ਨੇ ਇਸ ਦੀ ਵਿਰੋਧਤਾ ਕੀਤੀ ਪਰ ਉਨ੍ਹਾਂ ਦੀ ਗਿਣਤੀ ਥੋੜ੍ਹੀ ਸੀ । ਸਰਕਾਰ ਨੇ ਉਨ੍ਹਾਂ ਦੀ ਗੱਲ ਨਾ ਸੁਣੀ । ਸੰਨ 1915 ਵਿਚ ਲਾਹੌਰ ਤੋਂ ਛਪਣ ਵਾਲੇ ‘ਪੰਥ ਸੇਵਕ ' ਅਖ਼ਬਾਰ ਵਿਚ ਕੁਝ ਐਸੇ ਪ੍ਰਮਾਣ ਛਪੇ ਜਿਨ੍ਹਾਂ ਤੋਂ ਸਪਸ਼ਟ ਸੀ ਕਿ ਮਹੰਤ ਮਿਠਾ ਸਿੰਘ ਨੇ ਪੰਥ ਨੂੰ ਧੋਖਾ ਦਿੱਤਾ । 25 ਜੂਨ, 1916 ਨੂੰ ਫ਼ਿਰੋਜ਼ਪੁਰ ਵਿਚ ਇਕ ਸਿੱਖ ਕਾਨਫ਼ਰੰਸ ਹੋਈ ਜਿਸ ਵਿਚ ਬਹੁਤ ਜ਼ੋਰਦਾਰ ਆਵਾਜ਼ ਉਠਾਈ ਗਈ । ਫ਼ਿਰ ਰਾਵਲਪਿੰਡੀ ਦੀ ਸਿੰਘ ਸਭਾ ਦੇ ਨਾਲ ਲਗਦੇ ਜ਼ਿਲ੍ਹਿਆਂ ਦੇ ਉੱਘੇ ਸਿੰਘਾਂ ਦੀ ਮੀਟਿੰਗ ਬੁਲਾਈ । ਅੰਦੋਲਨ ਤੇਜ਼ ਹੋਇਆ । ਸੰਨ 1920 ਵਿਚ ਇਕ ਪੜਤਾਲੀਆ ਕਮੇਟੀ ਬਣਾਈ ਗਈ । ਸਿੱਖਾਂ ਤੋਂ ਇਲਾਵਾ ਹਿੰਦੂਆਂ ਤੇ ਮੁਸਲਮਾਨਾਂ ਨੇ ਮਹੰਤ ਵਿਰੁੱਧ ਸੰਗੀਨ ਇਲਜ਼ਾਮ ਲਗਾਏ । ਮਹੰਤ ਨੇ ਭਾੜੇ ਦੇ ਗੁੰਡੇ ਇਕੱਠੇ ਕਰ ਲਏ ਅਤੇ ਸ਼ਸਤਰਾਂ ਰਾਹੀਂ ਰੋਕ ਪਾਉਣ ਦੀ ਵਿਉਂਤ ਤਿਆਰ ਕਰ ਲਈ । ਅੰਮ੍ਰਿਤਸਰ ਵਿਚ ਸਿੱਖ ਆਗੂਆਂ ਦੀ ਇਕ ਮੀਟਿੰਗ ਹੋਈ ਜਿਸ ਵਿਚ ਫੈਸਲਾ ਹੋਇਆ ਕਿ ਪੱਚੀ ਸਿੱਖਾਂ ਦਾ ਇਕ ਜੱਥਾ ਭਾਈ ਕਰਤਾਰ ਸਿੰਘ ਝੱਬਰ ਅਤੇ ਸ. ਅਮਰ ਸਿੰਘ ਰਈਸ ਝਬਾਲ ਦੀ ਅਗਵਾਈ ਹੇਠ ਪੰਜਾ ਸਾਹਿਬ ਜਾਵੇ । ਜੱਥਾ ਉਥੇ ਪੁੱਜ ਗਿਆ । ਕੁਝ ਚਿਰ ਮਗਰੋਂ ਰਾਵਲਪਿੰਡੀ , ਐਬਟਾਬਾਦ ਅਤੇ ਕੁਝ ਹੋਰ ਥਾਵਾਂ ਤੋਂ ਵੀ ਕੁਝ ਸਿੱਖ ਆਗੂ ਉਥੇ ਪਹੁੰਚ ਗਏ । ਉਹ ਆਪਣੇ ਨਾਲ ਚੋਖੇ ਬੰਦੇ ਅਤੇ ਮਾਇਆ ਵੀ ਲਿਆਏ । ਨਵੰਬਰ 1920 ਵਿਚ ਮਹੰਤ ਮਿਠਾ ਸਿੰਘ ਦਾ ਦੇਹਾਂਤ ਹੋ ਗਿਆ ਸੀ । ਉਸ ਦੀ ਥਾਂ ਮਹੰਤ ਸੰਤ ਸਿੰਘ ਅਤੇ ਸਿੱਖ ਆਗੂਆਂ ਵਿਚਾਲੇ ਸਰਕਾਰੀ ਅਫ਼ਸਰਾਂ ਦੀ ਮੌਜੂਦਗੀ ਵਿਚ ਲਿਖਤੀ ਸਮਝੌਤਾ ਹੋਇਆ । ਅਜੇ ਗੱਲ ਸਿਰੇ ਨਹੀਂ ਚੜ੍ਹੀ ਸੀ ਕਿ ਮਹੰਤ ਦੇ ਹਮਾਇਤੀ ਡਾਂਗਾਂ, ਬਰਛੇ ਤੇ ਤਲਵਾਰਾਂ ਲੈ ਕੇ ਆ ਗਏ ।
ਦੂਜੇ ਦਿਨ ਡਿਪਟੀ ਕਮਿਸ਼ਨਰ ਵੀ ਪਹੁੰਚ ਗਿਆ । ਉਸ ਨੇ ਪੁਲਿਸ ਰਾਹੀਂ ਮਾਮਲਾ ਵਿਗੜਨ ਤੋਂ ਰੋਕ ਲਿਆ । ਕੁਝ ਦਿਨਾਂ ਵਿਚ ਨਵਾਂ ਡਿਪਟੀ ਕਮਿਸ਼ਨਰ ਮਿਸਟਰ ਇਰਵਿੰਗ ਆ ਗਿਆ । ਉਸ ਨੇ ਸਾਰੀ ਪੁੱਛ ਗਿੱਛ ਕਰ ਕੇ 29 ਨਵੰਬਰ , 1920 ਨੂੰ ਕੇਸ ਦਾ ਫੈਸਲਾ ਪੰਥਕ ਕਮੇਟੀ ਦੇ ਹੱਕ ਵਿਚ ਦਿੱਤਾ ।
ਪੰਥਕ ਕਮੇਟੀ ਦੇ ਪ੍ਰਬੰਧ ਹੇਠ ਗੁਰਦੁਆਰਾ ਪੰਜਾ ਸਾਹਿਬ ਦਾ ਕਈ ਪੱਖੋਂ ਕਾਫ਼ੀ ਸੁਧਾਰ ਹੋਇਆ। ਯਾਤਰੀਆਂ ਨੂੰ ਸਹੂਲਤਾਂ ਦੇਣ ਲਈ ਰਿਹਾਇਸ਼ ਅਤੇ ਲੰਗਰ ਦਾ ਚੰਗਾ ਇੰਤਜ਼ਾਮ ਕੀਤਾ ਜਾਣ ਲੱਗਾ । ਗੁਰਦੁਆਰੇ ਦੇ ਪ੍ਰਬੰਧ ਆਦਿ ਲਈ ਖਰਚਾ ਚੋਖਾ ਸੀ ਜਿਸ ਦਾ ਪ੍ਰਬੰਧ ਕਮੇਟੀ ਨੇ ਆਪਣੇ ਸਾਧਨਾਂ ਨਾਲ ਹੌਲੀ ਹੌਲੀ ਕਰਨਾ ਸ਼ੁਰੂ ਕੀਤਾ ।
ਇਥੋਂ ਦੇ ਇਲਾਕੇ ਦੀਆਂ ਸੰਗਤਾਂ ਨੇ ਸੁੰਦਰ ਗੁਰਦੁਆਰਾ ਬਣਵਾਇਆ ਅਤੇ ਪਿਸ਼ਾਵਰ ਦੀ ਸੰਗਤ ਨੇ 1930 ਈ. ਤਕ ਇਕ ਸੁੰਦਰ ਸਰਾਂ ਬਣਵਾ ਦਿੱਤੀ।
14 ਅਕਤੂਬਰ, 1932 ਨੂੰ ਪੰਜਾ ਸਾਹਿਬ ਵਿਚ ਸਿੱਖ ਕੌਮ ਦਾ ਇਕ ਭਾਰੀ ਇਕੱਠ ਹੋਇਆ ਅਤੇ ਪੰਜ ਪਿਆਰਿਆਂ ਨੇ ਪੰਜਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਨੀਂਹ ਰੱਖੀ । ਸਰੋਵਰ ਦਾ ਬੁਨਿਆਦੀ ਪੱਥਰ ਟਿੱਕਾ ਸਾਹਿਬ ਯਾਦਵਿੰਦਰ ਸਿੰਘ ਪਟਿਆਲਾ ਨੇ ਰੱਖਿਆ । ਇਸ ਤਰ੍ਹਾਂ ਪੱਥਰਾਂ ਦੀ ਉਸਾਰੀ ਵਾਲਾ ਇਕ ਸੁੰਦਰ ਗੁਰਦੁਆਰਾ ਕਾਇਮ ਹੋ ਗਿਆ ।
ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਰਹਿ ਗਏ ਜਿਨ੍ਹਾਂ ਗੁਰਦੁਆਰਿਆਂ ਦਾ ਪ੍ਰਬੰਧ, ਉਥੋਂ ਦੇ ਵਕਫ਼ ਬੋਰਡ ਰਾਹੀਂ ਹੋ ਰਿਹਾ ਹੈ , ਗੁਰਦੁਆਰਾ ਪੰਜਾ ਸਾਹਿਬ ਉਨ੍ਹਾਂ ਵਿਚ ਸ਼ਾਮਲ ਹੈ ।
ਹਰ ਸਾਲ ਇਥੇ ਵਿਸਾਖੀ ਦਾ ਮੇਲਾ ਲਗਦਾ ਸੀ ਅਤੇ ਇਹ ਪਰੰਪਰਾ ਹੁਣ ਤਕ ਕਾਇਮ ਹੈ। ਇਸ ਤੋਂ ਇਲਾਵਾ ਚੇਤਰ ਦੀ ਚੌਦਸ, ਭਾਦਰੋਂ, ਦੀ ਮੱਸਿਆ ਵੱਡੇ ਪੈਮਾਨੇ ਤੇ ਮਨਾਈ ਜਾਂਦੀ ਸੀ । ਇਥੇ 22 ਹਾੜ ਤੇ ਸਾਵਣ ਦੀ ਪਹਿਲੀ ਤਕ ਮੇਲਾ ਲਗਦਾ ਸੀ ।
ਇਥੋਂ ਦੇ ਲੰਗਰ ਅਤੇ ਯਾਤਰੀਆਂ ਦੀ ਰਿਹਾਇਸ਼ ਦਾ ਪ੍ਰਬੰਧ ਬਹੁਤ ਹੀ ਅੱਛਾ ਸੀ । ਹੁਣ ਵੀ ਜਦ ਯਾਤਰੀ ਵਿਸਾਖੀ ਦੇ ਮੌਕੇ ਤੇ ਜੱਥਿਆਂ ਦੀ ਸ਼ਕਲ ਵਿਚ ਇਥੇ ਜਾਂਦੇ ਹਨ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਕਰਮਚਾਰੀ ਲੰਗਰ ਤੇ ਰਿਹਾਇਸ਼ ਦਾ ਇੰਤਜ਼ਾਮ ਕਾਫ਼ੀ ਚੰਗਾ ਕਰਦੇ ਹਨ।
ਮਹਾਰਾਜਾ ਹੀਰਾ ਸਿੰਘ ਨਾਭਾ ਦੇ ਦਰਬਾਰੀ ਕਵੀ ਗਵਾਲ ਨੇ ਪੰਜਾ ਸਾਹਿਬ ਬਾਰੇ ਇਕ ਸੁੰਦਰ ਕਵਿਤਾ ਬ੍ਰਿਜ ਭਾਸ਼ਾ ਵਿਚ ਲਿਖੀ ਹੈ । ਉਸ ਵਿਚੋਂ ਅੰਸ਼ ਮਾਤਰ ਇਸ ਪ੍ਰਕਾਰ ਹੈ :–
‘‘ਪਰਵੰਤ ਪੈ ਪਾਨੀ ਕੀ ਜਲੂਸ ਕੋ ਜਗੈਯਾ ਪੀਰ
ਵਾਕੀ ਕਰਾਮਾਤ ਖੈਂਚ ਦਾਬ ਕੋ ਸ਼ਿਕੰਜਾ ਹੈ,
ਸਿੱਖਨ ਕੋ ਪਾਲਬੈ ਕੋ ਵਿਸਨੁ ਪਾਣਿਪਦਮ ਜੈਸੋ
ਦਾਇਦ ਦੁਖਨ ਕੋ ਤ੍ਰਿਸ਼ੂਲਿ ਸਮ ਗੰਜਾ ਹੈ ,
ਗ੍ਵਾਲ ਕਵਿ ਅਰਜ ਕਰੈਯਨ ਕੀ ਪੂਰੇ ਗਜੰ ,
ਤੁਰਕਨ ਤੇਜ ਤੁਲ ਤੁੰਗਨ ਕੋ ਭੰਜਾ ਹੈ,
ਗਿਰੀ ਕੋ ਗਿਰਤ ਥਾਂਭ ਲਿਯੋ ਸੋ ਪ੍ਰਤੱਖ ਅਜੇਂ
ਦੇਖੋ ਸਵੱਛ ਐਸੋ ਗੁਰੂ ਨਾਨਕ ਕੋ ਪੰਜਾ ਹੈ
ਪੰਜਾ ਸਾਹਿਬ ਦਾ ਸਾਕਾ
ਪੰਜਾ ਸਾਹਿਬ ਦਾ ਸਾਕਾ : ਹਸਨ ਅਬਦਾਲ (ਪਾਕਿਸਤਾਨ) ਵਿਚ 31 ਅਕਤੂਬਰ, 1922 ਨੂੰ ਵਾਪਰਿਆ ਇਕ ਖੂਨੀ ਸਾਕਾ ਸੀ ਜਿਸ ਵਿਚ ਇਕ ਤੇਜ਼ ਜਾਂਦੀ ਗੱਡੀ ਨੂੰ ਸਿੱਖਾਂ ਨੇ ਆਪਣੀਆਂ ਜਾਨਾਂ ਦੇ ਕੇ ਰੋਕਿਆ ।
ਗੁਰੂ ਕੇ ਬਾਗ਼ ਦੇ ਮੋਰਚੇ ਦੇ ਫੱਟੜਾਂ ਨੂੰ ਅੰਗਰੇਜ਼ ਸਰਕਾਰ ਨੇ ਲਾਰੀਆਂ ਵਿਚ ਲੱਦ ਕੇ ਅੰਮ੍ਰਿਤਸਰ ਲਿਆਂਦਾ ਅਤੇ ਉਥੋਂ ਦੋ ਦਿਨ ਦੇ ਭੁਖੇ ਤਿਹਾਏ ਸਿੰਘਾਂ ਨੂੰ ਗੱਡੀ ਰਾਹੀਂ ਅਟਕ ਜੇਲ੍ਹ ਭੇਜ ਦਿੱਤਾ । ਪੰਜਾ ਸਾਹਿਬ ਦੀ ਸੰਗਤ ਨੂੰ ਜਦੋਂ ਪਤਾ ਲੱਗਿਆ ਕਿ ਭੁੱਖੇ ਤਿਹਾਏ ਸਿੰਘ ਗੱਡੀ ਰਾਹੀਂ ਕੈਦੀ ਬਣਾ ਕੇ ਲਿਆਏ ਜਾ ਰਹੇ ਹਨ ਤਾਂ ਉਸ ਨੇ ਉਨ੍ਹਾਂ ਨੂੰ ਲੰਗਰ ਛਕਾਉਣਾ ਚਾਹਿਆ ਕਿਉਂਕਿ ਸੰਗਤ ਇਹ ਬਰਦਾਸ਼ਤ ਨਹੀਂ ਸੀ ਕਰ ਸਕਦੀ ਕਿ ਪੰਜਾ ਸਾਹਿਬ ਦੀ ਉਹ ਪਾਵਨ ਧਰਤੀ ਜਿਥੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਦੀ ਪਿਆਸ ਬੁਝਾਈ ਸੀ ਉਥੋਂ ਭੁਖੇ ਤਿਹਾਏ ਕੈਦੀਆਂ ਨੂੰ ਲੈ ਕੇ ਗੱਡੀ ਨਿਕਲ ਜਾਏ । ਸੰਗਤ ਦੁੱਧ, ਫਲ, ਪਾਣੀ, ਲੰਗਰ ਆਦਿ ਲੈ ਕੇ ਹਸਨ ਅਬਦਾਲ ਦੇ ਸਟੇਸ਼ਨ ਤੇ ਪਹੁੰਚੀ ਅਤੇ ਸਟੇਸ਼ਨ ਮਾਸਟਰ ਨੂੰ ਗੱਡੀ ਰੋਕਣ ਲਈ ਬੇਨਤੀ
ਕੀਤੀ । ਸਟੇਸ਼ਨ ਮਾਸਟਰ ਨੇ ਜੁਆਬ ਦਿੱਤਾ , ‘‘ਮੇਰੇ ਮਾਲਕ ਦਾ ਹੁਕਮ ਹੈ ਕਿ ਇਥੇ ਗੱਡੀ ਨਹੀਂ ਰੁਕੇਗੀ ” ਇਸ ਤੇ ਗੁ. ਪੰਜਾ ਸਾਹਿਬ ਦੇ ਮੈਨੇਜਰ ਭਾਈ ਕਰਮ ਸਿੰਘ ਨੇ ਕਿਹਾ ,” ਜੇ ਤੇਰੇ ਮਾਲਕ ਦਾ ਇਹ ਹੁਕਮ ਹੈ ਕਿ ਇਥੇ ਗੱਡੀ ਨਹੀਂ ਰੁਕੇਗੀ ਤਾਂ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ ਕਿ ਗੱਡੀ ਇਥੇ ਜ਼ਰੂਰ ਰੁਕੇਗੀ । ” ਇਸ ਉਪਰੰਤ ਅਰਦਾਸ ਕਰ ਕੇ ਸਾਰੇ ਗੱਡੀ ਦੀ ਲਾਈਨ ਤੇ ਬੈਠ ਗਏ । ਜੱਥੇ ਦੀ ਅਗਵਾਈ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਕਰ ਰਹੇ ਸਨ । ਗੱਡੀ ਦੇ ਰੁਕਦਿਆਂ ਰੁਕਦਿਆਂ ਇਹ ਦੋਵੇਂ ਸ਼ਹੀਦ ਹੋ ਗਏ ਅਤੇ ਛੇ ਹੋਰ ਫੱਟੜ ਹੋਏ ਪਰ ਗੱਡੀ ਡੇਢ ਘੰਟਾ ਰੁਕੀ ਰਹੀ ਅਤੇ ਕੈਦੀਆਂ ਨੂੰ ਲੰਗਰ ਪਾਣੀ ਅਦਿ ਛਕਾ ਕੇ ਹੀ ਅੱਗੇ ਤੋਰਿਆ ।
ਲੇਖਕ : ਪ੍ਰੋ. ਪ੍ਰਕਾਸ਼ ਸਿੰਘ ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5968, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-05-11-39-16, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First