ਪੰਜ ਕਕਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਜ ਕਕਾਰ ਖੰਡੇ ਦਾ ਅਮ੍ਰਿਤ ਛਕਣ ਵਾਲੇ ਸਿੰਘਾਂ ਦੇ ਪੰਜ ਧਰਮਚਿੰਨ੍ਹ, ਜਿਨ੍ਹਾਂ ਦਾ ਨਾਮ ਕੱਕੇ ਅੱਖਰ ਤੋਂ ਆਰੰਭ ਹੁੰਦਾ ਹੈ—ਕੇਸ, ਕ੍ਰਿਪਾਣ, ਕੱਛ , ਕੰਘਾ ਅਤੇ ਕੜਾ. ਦੇਖੋ, ਤ੍ਰੈਮੁਦ੍ਰਾ। ੨ ਪੰਜ ਕੱਕੇ ਜੋ ਧਾਰਨ ਕਰਦਾ ਹੈ, ਉਹ ਪੰਜ ਕਕਾਰੀ ਕਹਾਉਂਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6964, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੰਜ ਕਕਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੰਜ ਕਕਾਰ: ਅੰਮ੍ਰਿਤ-ਪਾਨ ਕਰਨ ਵੇਲੇ , ਸਿੰਘ ਦੇ ਸਰੂਪ ਦੇ ਅੰਗਾਂ ਵਜੋਂ ਪੰਜ ਕਕਾਰ ਧਾਰਣ ਕਰਨੇ ਲਾਜ਼ਮੀ ਮੰਨੇ ਗਏ ਹਨ। ਇਹ ਪੰਜ ਕਕਾਰ ਇਸ ਪ੍ਰਕਾਰ ਹਨ—ਕੇਸ, ਕ੍ਰਿਪਾਨ, ਕੱਛਾ, ਕੰਘਾ ਅਤੇ ਕੜਾ। ਪੁਰਾਤਨ ਗ੍ਰੰਥਾਂ ਅਤੇ ਰਹਿਤਨਾਮਿਆਂ ਵਿਚ ਇਨ੍ਹਾਂ ਦਾ ਉਲੇਖ ਕਿਸੇ ਨ ਕਿਸੇ ਰੂਪ ਵਿਚ ਹੋਇਆ ਮਿਲ ਜਾਂਦਾ ਹੈ। ਇਨ੍ਹਾ ਸੰਬੰਧੀ ਫ਼ਾਰਸੀ ਭਾਸ਼ਾ ਵਿਚ ਲਿਖਿਆ ਇਕ ਪੁਰਾਤਨ ਕਥਨ ਮਿਲਦਾ ਹੈ—ਨਿਸ਼ਾਨੇ ਸਿੱਖੀ ਈਂ ਪੰਜ ਹਰਫ਼ੇ ਕਾਫ਼ ਹਰਗਿਜ਼ ਬਾਸ਼ਦ ਈਂ ਪੰਜ ਮੁਆਫ਼ ਕੜਾ ਕਾਰਦੋ ਕਾਛ ਕੰਘਾ ਬਿਦਾਂ ਬਿਲਾ ਕੇਸ਼ ਹੇਚਸ ਜੁਮਲਹ ਨਿਸ਼ਾਂ

ਵਿਦਵਾਨਾਂ ਨੇ ਇਨ੍ਹਾਂ ਦੇ ਸੈਨਿਕ, ਸਾਤਵਿਕ ਅਤੇ ਧਾਰਿਮਕ ਸੰਦਰਭਾਂ ਵਿਚ ਵਖ ਵਖ ਅਰਥ ਅਤੇ ਵਿਆਖਿਆ ਕੀਤੀ ਹੈ। ਪਰ ਇਹ ਤਰਕ ਦਾ ਵਿਸ਼ਾ ਨਹੀਂ , ਧਾਰਮਿਕ ਪਾਬੰਦੀ ਹੈ।

ਭਾਈ ਕਾਨ੍ਹ ਸਿੰਘ ਅਤੇ ਹੋਰ ਕਈ ਪਰਵਰਤੀ ਵਿਦਵਾਨਾਂ ਨੇ ਇਤਿਹਾਸਿਕ ਗ੍ਰੰਥਾਂ ਦੇ ਹਵਾਲੇ ਨਾਲ ਦਸਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਉਣ ਵੇਲੇ ‘ਤ੍ਰੈਮੁਦ੍ਰਾ’ (ਕੇਸ, ਕ੍ਰਿਪਾਨ ਅਤੇ ਕੱਛ) ਦੀ ਰਹਿਤ ਦੀ ਪਾਬੰਦੀ ਲਗਾਈ ਸੀ , ਜਿਵੇਂ ਤ੍ਰੈਮੁਦ੍ਰਾ ਕਛ ਕੇਸ ਕਿਰਪਾਨੰ (ਸਰਬ ਲੋਹ), ਕਛ ਕੇਸ ਕਰਦ ਗੁਰੂ ਕੀ ਤੀਨ ਮੁਦ੍ਰਾ ਇਹ (ਗੁਰੂ ਪ੍ਰਤਾਪ ਸੂਰਯ), ਨਿਯਮ ਕਛ ਅਰੁ ਕੇਸ ਕਰਦ ਕੋ ਰਾਖੋ ਅਦਬ ਗੁਰੂ ਕੀ (ਗੁਰੁ ਪਦ ਪ੍ਰੇਮ ਪ੍ਰਕਾਸ਼), ਆਦਿ। ‘ਕੰਘਾ’ ਕੇਸਾਂ ਦੀ ਸਫ਼ਾਈ ਲਈ ਜ਼ਰੂਰੀ ਹੈ ਅਤੇ ‘ਕੜਾ’ ਪ੍ਰਤਿਗਿਆ ਸੂਚਕ ਚਿੰਨ੍ਹ ਹੈ। ਇਨ੍ਹਾਂ ਵਿਚੋਂ ਤਿੰਨ ਲਾਜ਼ਮੀ ਅਤੇ ਦੋ ਇੱਛਕ ਹਨ। ਬੁੱਢਾ ਦਲ ਵੇਲੇ ਕਕਾਰਾਂ ਨਾਲ ‘ਪੰਜਸ਼ਬਦ ਦੀ ਵਰਤੋਂ ਸ਼ੁਰੂ ਹੋਈ ਪ੍ਰਤੀਤ ਹੁੰਦੀ ਹੈ ਜੋ ਹੁਣ ਤਕ ਚਲੀਰਹੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.