ਪੱਟੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੱਟੀ: ਪੱਟੀ ਇੱਕ ਲੋਕ-ਕਾਵਿ ਰੂਪ ਹੈ। ਇਸ ਵਿੱਚ ਗੁਰਮੁਖੀ ਵਰਨਮਾਲਾ ਦੇ ਅੱਖਰਾਂ ਨੂੰ ਆਧਾਰ ਬਣਾ ਕੇ ਕੋਈ ਉਪਦੇਸ਼ ਦਿੱਤਾ ਜਾਂਦਾ ਹੈ। ਪੱਟੀ ਦੇ ਸ਼ਾਬਦਿਕ ਅਰਥ ਫੱਟੀ ਜਾਂ ਤਖ਼ਤੀ ਦੇ ਹਨ, ਜਿਸ ਉਪਰ ਵਰਨਮਾਲਾ ਦੇ ਅੱਖਰ ਲਿਖੇ ਜਾਂਦੇ ਹਨ। ਜਿਵੇਂ:

          ਮੇਰੀ ਪਟੀਆ ਲਿਖਹੁ ਹਰਿ ਗੋਬਿੰਦ ਗੋਪਾਲ॥

     ਸਾਹਿਤ ਵਿੱਚ ਪੱਟੀ ਤੋਂ ਭਾਵ ਉਸ ਖ਼ਾਸ ਬਾਣੀ ਜਾਂ ਕਾਵਿ ਤੋਂ ਹੈ, ਜਿਸ ਦੇ ਹਰ ਬੰਦ ਵਿੱਚ ਵਰਨਮਾਲਾ ਦੇ ਕ੍ਰਮ ਅਨੁਸਾਰ ਸ਼ੁਭ ਉਪਦੇਸ਼ ਦਿੱਤਾ ਜਾਂਦਾ ਹੈ। ਗੁਰੂ ਨਾਨਕ ਦੇਵ ਨੇ ਆਪਣੀ ਰਾਗ ਆਸਾ ਵਿਚਲੀ ਅਜਿਹੀ ਬਾਣੀ ਨੂੰ ‘ਪੱਟੀ’ ਦਾ ਨਾਂ ਦਿੱਤਾ ਹੈ। ਜਨਮ-ਸਾਖੀਆਂ ਅਨੁਸਾਰ ਗੁਰੂ ਨਾਨਕ ਦੇਵ ਨੇ ਅਜਿਹੀ ਬਾਣੀ ਸੱਤ ਸਾਲ ਦੀ ਉਮਰ ਵਿੱਚ ਉਸ ਸਮੇਂ ਉਚਾਰੀ ਜਦੋਂ ਉਹ ਪਾਂਧੇ ਪਾਸ ਪੜ੍ਹਨ ਗਏ।

     ਪੱਟੀ ਫ਼ਾਰਸੀ ਸੀਹਰਫੀ ਅਤੇ ਸੰਸਕ੍ਰਿਤ/ਹਿੰਦੀ ਬਾਵਨ ਅੱਖਰੀ ਵਾਂਗ ਹੀ ਇੱਕ ਸੁਤੰਤਰ ਕਾਵਿ-ਰੂਪ ਹੈ। ਇਸ ਦਾ ਸ੍ਰੋਤ ਨਿਰੋਲ ਪੰਜਾਬੀ ਲੋਕ-ਕਾਵਿ ਰੂਪ ‘ਪੈਂਤੀ-ਅੱਖਰੀ’ ਹੈ। ਕਿਉਂਕਿ ਗੁਰਮੁਖੀ ਵਰਨਮਾਲਾ ਦੇ ਮੂਲ ਪੈਂਤੀ ਅੱਖਰ ਹਨ। ਮੱਧਕਾਲ ਵਿੱਚ ਪੈਂਤੀ-ਅੱਖਰੀ ਦਾ ਬੋਧ ਬਾਲਕ ਨੂੰ ਪੱਟੀ ਜਾਂ ਤਖ਼ਤੀ ਉੱਤੇ ਲਿਖ ਕੇ ਕਰਵਾਇਆ ਜਾਂਦਾ ਸੀ, ਇਸ ਲਈ ਇਸਦਾ ਨਾਂ ‘ਪੱਟੀ’ ਪੈ ਗਿਆ। ਸਾਹਿਤ ਵਿੱਚ ਪੈਂਤੀ-ਅੱਖਰੀ ਗੁਰਮੁਖੀ ਵਰਨਮਾਲਾ ਦੇ ਪੈਂਤੀ ਅੱਖਰਾਂ ਦੀ ਵਿਆਖਿਆ ਕਰਦੀ ਉਹ ਰਚਨਾ ਹੈ ਜਿਸ ਦੁਆਰਾ ਕੋਈ ਸੰਦੇਸ਼ ਦਿੱਤਾ ਜਾਂਦਾ ਹੈ। ਇਹ ਸੰਦੇਸ਼ ਅਧਿਆਤਮਿਕ, ਸਮਾਜਿਕ ਜਾਂ ਰਾਜਨੀਤਿਕ ਕੋਈ ਵੀ ਹੋ ਸਕਦਾ ਹੈ।

     ਗੁਰੂ ਕਾਲ ਵਿੱਚ ਹਰ ਅਧਿਆਪਕ ਦੇ ਅਜਿਹੇ ਲੋਕ- ਕਾਵਿ ਤੋਂ ਦੋ ਮੰਤਵ ਸਨ। ਇੱਕ ਤਾਂ ਫੱਟੀ ਜਾਂ ਤਖ਼ਤੀ ਉੱਤੇ ਲਿਖਣ ਨਾਲ ਬੱਚੇ ਨੂੰ ਅੱਖਰਾਂ ਅਤੇ ਅੱਖਰ-ਕ੍ਰਮ ਦੀ ਪਛਾਣ ਹੋ ਜਾਂਦੀ ਸੀ। ਦੂਸਰਾ ਉਹ ਸੁੱਤੇ-ਸਿਧ ਹੀ ਸ਼ੁਭ ਗੁਣ ਅਥਵਾ ਆਚਾਰ ਵਿਹਾਰ ਦੀਆਂ ਗੱਲਾਂ ਵੀ ਗ੍ਰਹਿਣ ਕਰ ਜਾਂਦਾ ਸੀ। ਇਹ ਗੁਣ ਹੌਲੀ-ਹੌਲੀ ਉਸ ਦੇ ਜੀਵਨ ਦਾ ਅੰਗ ਬਣ ਜਾਂਦੇ ਸਨ। ਗੁਰੂ ਨਾਨਕ ਦੇਵ ਦੀ ‘ਪਟੀ’ ਕਾਵਿ-ਰੂਪ ਸੱਸਾ ਵਰਨਮਾਲਾ ਨਾਲ ਸ਼ੁਰੂ ਹੁੰਦੀ ਹੈ ਅਤੇ ਇਸ ਵਿਚਲੇ ਬੰਦਾਂ ਦੀ ਵਰਨ-ਤਰਤੀਬ ਇਉਂ ਹੈ :

                 ਸ    ੲ    ੳ    ਙ

                 ਕ    ਖ    ਗ    ਘ

                 ਚ    ਛ    ਜ    ਝ    ਞ

                 ਟ    ਠ    ਡ    ਢ    ਣ

                 ਤ    ਥ    ਦ    ਧ    ਨ

                 ਪ    ਫ    ਬ    ਭ    ਮ

                 ਯ    ਰ    ਲ    ਵ    ੜ

                   ਹ        ਅ

     ਗੁਰੂ ਨਾਨਕ ਦੇਵ ਰਚਿਤ ਪੱਟੀ ਵਿੱਚੋਂ ਇੱਕ ਮਿਸਾਲ ਵੇਖੀ ਜਾ ਸਕਦੀ ਹੈ :

ਦਦੈ ਦੋਸੁ ਨ ਦੇਊ ਕਿਸੈ

ਦੋਸੁ ਕਰੰਮਾ ਆਪਣਿਆ॥

ਜੋ ਮੈ ਕੀਆ ਸੋ ਮੈ ਪਾਇਆ

ਦੋਸੁ ਨ ਦੀਜੈ ਅਵਰ ਜਨਾ॥

     ਗੁਰਮੁਖੀ ਵਰਨਮਾਲਾ ਦੇ ਪੈਂਤੀ ਅੱਖਰਾਂ ਦੀ ਤਰਤੀਬ ਅਧੀਨ ਆਦਿ ਗ੍ਰੰਥ ਵਿੱਚ ਪੱਟੀ ਨਾਂ ਦੀ ਇੱਕ ਹੋਰ ਬਾਣੀ ਵੀ ਹੈ, ਜੋ ਗੁਰੂ ਅਮਰਦਾਸ ਦੀ ਰਚਨਾ ਹੈ। ਪੱਟੀ ਨਾਂ ਦੀ ਇਸ ਬਾਣੀ ਵਿੱਚ ਲੰਡਿਆਂ ਦੀ ਮੁਹਾਰਨੀ ਵਾਲੇ ਢੰਗ ਨੂੰ ਅਪਣਾ ਕੇ ਪਾਂਧੇ ਨੂੰ ਉਪਦੇਸ਼ ਦਿੱਤਾ ਗਿਆ ਹੈ।

     ਇਸ ਕਾਵਿ-ਰੂਪ ਦੀ ਇੱਕ ਵੰਨਗੀ ਅਜਿਹੀ ਹੈ, ਜਿਸ ਵਿੱਚ ਕਵਿਤਾ ਦੀਆਂ ਤੁਕਾਂ ਦਾ ਅਰੰਭ ਗੁਰਮੁਖੀ ਦੇ ਪੈਂਤੀ ਅੱਖਰ ਕ੍ਰਮ ਅਨੁਸਾਰ ਹੁੰਦਾ ਹੈ। ਜਿਵੇਂ :

ਉੱਠ ਜਾਗ ਦੇਸ਼ ਦੇ ਵੀਰ ਜਵਾਨ।

ਅੱਜ ਕਰੀਏ ਦੇਸ਼ ਦੀ ਉੱਚੀ ਸ਼ਾਨ।

ਇੰਝ ਸੁੱਤਾ ਰਿਹਾ ਜੇ ਤੂੰ ਇਨਸਾਨ।

ਸਾਡਾ ਦੇਸ਼ ਬਣੇਗਾ ਕਿੰਝ ਮਹਾਨ।

ਹੋ ਸੰਭਾਲ ਅਜੇ ਵੀ ਕਦਰਦਾਨ।

ਕਰ ਦੇਸ਼ ਹਵਾਲੇ ਆਪਣੀ ਜਾਨ।

     ਇਸ ਕਾਵਿ-ਟੁਕੜੀ ਦੀ ਹਰ ਤੁਕ ਵਿੱਚ ਅਰੰਭਲਾ ਅੱਖਰ ੳ, ਅ, ੲ, ਸ, ਹ, ਕ ਅੱਖਰ-ਕ੍ਰਮ ਅਨੁਸਾਰ ਆਏ ਹਨ।

     ਦਸਮ ਗ੍ਰੰਥ ਦੇ ‘ਕ੍ਰਿਸ਼ਨਾਵਤਾਰ’ ਵਿੱਚ ‘ਸਵੱਯਾ ਛੰਦ’ ਦੇ ਅੰਤ ਤੇ ਲਿਖੀ ਪੈਂਤੀ-ਅੱਖਰੀ ਇਸੇ ਕਾਵਿ-ਰੂਪ ਦੀ ਇੱਕ ਹੋਰ ਵੰਨਗੀ ਹੈ। ਇਸ ਵਿੱਚ ਅੰਤਲੇ ਅੱਖਰ-ਕ੍ਰਮ ਅਨੁਸਾਰ ਰੱਖੇ ਗਏ ਹਨ :

ਕੋਤਕ ਏਕ ਵਿਚਾਰ ਜਦੂਪਤਿ,

ਸੂਰਤ ਏਕ ਧਰੀ ਗਿਰੀ ਬਾਕੀ।

ਹੋਇ ਰਹੈ ਵਿਸਮੈ ਸਭ ਗੋਪ,

ਸੁਨੀ ਹਰਿ ਕੇ ਮੁਖ ਤੇ ਜਬ ਸਾਖੀ।

ਔਰ ਗਈ ਸੁਧ ਭੁਲ ਸਭੇ,

ਇੱਕ ਕਾਨੁਹਿ ਹੈ ਰਸ ਮੇਂ ਅਨੁਰਾਗੇ।

ਕਾਨ੍ਹ ਕਹੀ ਸਭ ਕੋ ਹਸ ਕੈ,

ਮਿਲ ਧਾਮ ਚਲੋ ਜੋਉ ਹੈ ਹਰਤਾ ਅਘ।

ਭੂਸੁਤ ਸੋ ਲਰ ਕੇ ਜਿਨਹੂ,

ਨਵਸਾਤ ਛਡਾਹਿ ਲਈ ਬਰਮੰਙਾ।

     ਉਪਰੋਕਤ ਟੂਕ ਵਿਚਲੀ ਹਰ ਪੰਕਤੀ ਦੇ ਅੰਤਲੇ ਅੱਖਰ ਕ, ਖ, ਗ, ਘ, ਙ ਗੁਰਮੁਖੀ ਪੈਂਤੀ ਦੇ ‘ਕਵਰਗ’ ਦੇ ਅੱਖਰ ਕ੍ਰਮ ਅਨੁਸਾਰ ਹਨ।


ਲੇਖਕ : ਕੁਲਦੀਪ ਸਿੰਘ ਧੀਰ, ਡੀ.ਬੀ. ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 15180, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪੱਟੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਟੀ (ਨਾਂ,ਇ) ਜਖ਼ਮ ਜਾਂ ਫੋੜੇ ਆਦਿ ’ਤੇ ਬੰਨ੍ਹੀ ਜਾਣ ਵਾਲੀ ਲੰਮੀ ਲੀਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15179, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੱਟੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਟੀ (ਨਾਂ,ਇ) ਇਸਤਰੀਆਂ ਦੇ ਵਾਲਾਂ ਦੀ ਵਾਹੀ ਹੋਈ ਇੱਕ ਪਾਸੇ ਦੀ ਲਿਟ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15171, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੱਟੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਟੀ [ਨਾਂਇ] ਜ਼ਖ਼ਮ ਜਾਂ ਫੋੜੇ ਆਦਿ ਉੱਤੇ ਬੰਨ੍ਹਣ ਵਾਲ਼ਾ ਕੱਪੜਾ , ਘੱਟ ਚੌੜਾ ਪਰ ਲੰਮਾ ਕੱਪੜਾ; ਅਨੁਸੂਚੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15165, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੱਟੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਟੀ. ਸੰਗ੍ਯਾ—ਤਖਤੀ. ਫੱਟੀ. ਦੇਖੋ, ਪਟੀ। ੨ ਲੱਤ ਲੱਕ ਆਦਿ ਅੰਗਾਂ ਪੁਰ ਲਪੇਟਣ ਦਾ ਵਸਤ੍ਰ। ੩ ਜ਼ਖਮ ਅਤੇ ਫੋੜੇ ਆਦਿ ਪੁਰ ਬੰਨ੍ਹਣ ਦਾ ਕਪੜਾ। ੪ ਇੱਕ ਪ੍ਰਕਾਰ ਦਾ ਉਂਨੀ ਵਸਤ੍ਰ, ਜਿਸ ਦਾ ਅ਼ਰ੒ ਛੋਟਾ ਹੁੰਦਾ ਹੈ. ਕਾਬੁਲ ਅਤੇ ਕਸ਼ਮੀਰ ਦੀ ਪੱਟੀ ਉੱਤਮ ਗਿਣੀ ਗਈ ਹੈ। ੫ ਪੜਦੇ ਦਾ ਵਸਤ੍ਰ ਕਨਾਤ ਆਦਿ. ਸੰ. ਅਪਟੀ। ੬ ਭਾਜ. ਦੌੜ। ੭ ਪਿੰਡ ਦੀ ਪੱਤੀ । ੮ ਲਹੌਰ ਜਿਲੇ ਦੀ ਕੁਸੂਰ ਤਸੀਲ ਦਾ ਇੱਕ ਨਗਰ, ਜੋ ਹੁਣ ਅੰਮ੍ਰਿਤਸਰ ਕੁਸੂਰ ਰੇਲਵੇ ਲੈਨ ਪੁਰ ਸਟੇਸ਼ਨ ਹੈ. ਦੇਖੋ, ਸੰਤ ਸਿੰਘ.

     ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਉੱਤਮ ਘੋੜਿਆਂ ਦੀ ਨਸਲ ਵਧਾਉਣ ਲਈ ਸਟਡ (stud) ਬਣਾਇਆ ਸੀ। ੯ ਦੇਖੋ, ਗੁਰੂਆਣਾ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14731, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੱਟੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੱਟੀ : ‘ਪੱਟੀ’ ਦੇ ਸ਼ਾਬਦਿਕ ਅਰਥ ਫੱਟੀ ਜਾਂ ਲਿਖਣ ਵਾਲੀ ਲੱਕੜ ਦੀ ਤਖ਼ਤੀ ਹਨ, ‘ਮੇਰੀ ਪਟੀਆ ਲਿਖਹੁ ਹਰਿ ਗੋਬਿੰਦ ਗੋਪਾਲਾ’––(ਭੈਰਉ ਮ.੩) ਤੇ ਦੂਜੇ ਅਰਥ ਪੱਟ ਜਾਂ ਰੇਸ਼ਮ ਦੀ ਅੱਟੀ ਹਨ। ਆਮ ਤੌਰ ’ਤੇ ਵਿਆਹੀਆਂ ਹੋਈਆਂ ਇਸਤ੍ਰੀਆਂ ਸਿਰ ਦੇ ਵਾਲਾਂ ਨੂੰ ਮੱਥੇ ਦੇ ਉੱਤੇ ਵਾਹ ਕੇ ਚਿਪਕਾ ਲੈਂਦੀਆਂ ਹਨ। ਇੰਜ ਚਿਪਕੇ ਵਾਲਾਂ ਨੂੰ ਵੀ ਪੱਟੀਆਂ ਆਖਦੇ ਹਨ :

                   ਜਿਨਿ ਸਿਰਿ ਸੋਹਨਿ ਪਟੀਆਂ ਮਾਂਗੀ ਪਾਇ ਸੰਧੂਰੁ।                    ––(ਆ. ਗ੍ਰੰਥ, ਪੰ. ੪੧੭)

ਪਰ ਸਾਹਿੱਤ ਵਿਚ ਪੱਟੀ ਤੋਂ ਮੁਰਾਦ ਉਹ ਖ਼ਾਸ ਬਾਣੀ ਦਾ ਕਾਵਿ ਹੈ ਜਿਸ ਵਿਚ ਵਰਣਮਾਲਾ ਦੇ ਕ੍ਰਮ ਅਨੁਸਾਰ ਸ਼ੁਭ ਉਪਦੇਸ਼ ਦਿੱਤਾ ਜਾਂਦਾ ਹੈ। ਗੁਰੂ ਸਾਹਿਬ ਦੀ ਰਾਗ ਆਸਾ ਵਿਚ ਆਈ ਬਾਣੀ ‘ਪੱਟੀ’ ਇਸੇ ਤਰ੍ਹਾਂ ਦੀ ਹੈ।

          ਪੱਟੀ ਨੂੰ ਕਈ ਵਾਰ ਪੰਜਾਬੀ ਵਿਚ ਪੈਂਤੀ ਅੱਖਰੀ ਆਖ ਦਿੰਦੇ ਹਨ ਕਿਉਂਕਿ ਗੁਰਮੁਖੀ ਵਰਣਮਾਲਾ ਦੇ ਮੂਲ ਪੈਂਤੀ ਅੱਖਰ ਹਨ। ਕਾਵਿ ਜਾਂ ਸਾਹਿੱਤ ਵਿਚ ‘ਪੈਂਤੀ–ਅੱਖਰੀ’ ਵਰਣਮਾਲਾ ਦੇ ਪੈਂਤੀ ਅੱਖਰਾਂ ਦੀ ਵਿਆਖਿਆ ਦਰਸਾਉਂਦੀ ਹੋਈ ਉਹ ਰਚਨਾ ਹੈ ਜਿਸ ਦੁਆਰਾ ਕਵੀ ਸੰਦੇਸ਼ ਦਿੰਦਾ ਹੈ। ਇਹ ਸੰਦੇਸ਼ ਅਧਿਆਤਮਕ, ਸਮਾਜਕ, ਰਾਜਨੀਤਿਕ, ਕੋਈ ਵੀ ਹੋ ਸਕਦਾ ਹੈ।

          ਕਈ ਵਾਰ ਕਾਵਿ ਵਿਚ ਆਏ ਛੰਦਾਂ ਦੇ ਅੰਤਲੇ ਅੱਖਰ ਪੈਂਤੀ ਦੇ ਅੱਖਰ–ਕ੍ਰਮ ਅਨੁਸਾਰ ਰੱਖੇ ਜਾਂਦੇ ਹਨ। ਅਜਿਹੀ ਕਾਵਿ–ਰਚਨਾ ਨੂੰ ਵੀ ਪੈਂਤੀ ਆਖਦੇ ਹਨ। ਭਾਈ ਕਾਨ੍ਹ ਸਿੰਘ (ਨਾਭਾ) ਨੇ ‘ਮਹਾਨ ਕੋਸ਼’ ਵਿਚ ਪੈਂਤੀ–ਅੱਖਰੀ ਦੀ ਇਹ ਪਰਿਭਾਸ਼ਾ ਦਿੱਤੀ ਹੈ––“ਉਹ ਕਾਵੑਯ ਜਿਸ ਦੇ ਆਦਿ ਅਥਵਾ ਅੰਤ ਪੈਂਤੀਸ ਅੱਖਰ ਯਥਾਕ੍ਰਮ ਰੱਖੇ ਜਾਣ, ਜੈਸੇ ‘ਦਸਮ–ਗ੍ਰੰਥ’ ਦੇ ‘ਕ੍ਰਿਸ਼ਨਾਵਤਾਰ’ ਵਿਚ ਸਵੱਯੇ ਛੰਦਾਂ ਦੇ ਅੰਤ ਪੈਂਤੀ ਲਿਖੀ ਹੈ” :

                   ਕੋਤਕ ਏਕ ਵਿਚਾਰ ਜਦੂਪਤਿ, ਸੂਰਤ ਏਕ ਧਰੀ ਗਿਰਿ ਬਾਕੀ।

                   ਹੋਇ ਰਹੈ ਵਿਸਮੈ ਸਭ ਗੋਪ, ਸੁਨੀ ਹਰਿ ਕੇ ਮੁਖ ਤੇ ਜਬ ਸਾਖੀ।

                   ਔਰ ਗਈ ਸੁਧ ਭੂਲ ਸਭੋ, ਇਕ ਕਾਨ੍ਹਹਿਂ ਕੈ ਰਸ ਮੇਂ ਅਨੁਰਾਗੇ।

                   ਕਾਨ੍ਹ ਕਹੀ ਸਭ ਤੋ ਹਸ ਕੈ, ਮਿਲ ਧਾਮ ਚਲੋ ਜੋਉ ਹੈ ਹਰਤਾ ਅਘ।

                   ਭੂਸੁਤ ਸੋਂ ਲਰ ਕੇ ਜਿਨਹੂ, ਨਞਸਾਤ ਛਡਾਇ ਲਈ ਬਰਮੰਙਾ।

          ਉਪਰੋਕਤ ਟੂਕ ਵਿਚਲੀ ਹਰ ਪੰਕਤੀ ਦੇ ਅੰਤਲੇ ਸ਼ਬਦ ਬਾਕੀ ਦਾ ‘ਕ’, ਸਾਖੀ ਦਾ ‘ਖ’, ਅਨੁਰਾਗੇ ਦਾ ‘ਗ’, ਅਘ ਦਾ ‘ਘ’ ਤੇ ਬਰਮੰਙਾ ਦਾ ‘ਙ’ ਅੱਖਰ ਗੁਰਮੁਖੀ ਪੈਂਤੀ ਦੇ ‘ਕਵਰਗ’ ਦੇ ਅੱਖਰ ਕ੍ਰਮ ਅਨੁਸਾਰ ਹਨ।

          ਇਸ ਤਰ੍ਹਾਂ ‘ਗੑਯਾਨ ਪ੍ਰਬੋਧ’ ਵਿਚ ਛੰਦਾਂ ਦੇ ਆਦਿ ਪੈਂਤੀ ਲਿਖੀ ਹੈ। ‘ਗਯਾਨ–ਪ੍ਰਬੋਧ’ ਵਿਚੋਂ ਭਾਈ ਕਾਨ੍ਹ ਸਿੰਘ (ਨਾਭਾ) ਹੋਰਾਂ ਇਹ ਉਦਾਹਰਣ ਦਿੱਤੀ ਹੈ :

                   ਕ੍ਰਿਪਸਤਵਾ ਕ੍ਰਿਪਾਰੰ।

                   ਖਿਪਸਤਵਾ ਅਖੰਡੰ।

                   ਗਤਸਤਵਾ ਅਗੰਡੰ।

                   ਘਤਸਤਵਾ ਘਰਾਨੰ।

                   ਙਿਅਸਤਵਾ ਙਿਹਾਲੁੰ। ਆਦਿ।                                                         


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11993, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਪੱਟੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਪੱਟੀ : ਅੰਮ੍ਰਿਤਸਰ ਜ਼ਿਲ੍ਹੇ ਦੀ ਪੱਟੀ ਤਹਿਸੀਲ ਦਾ ਇਹ ਇਕ ਉੱਘਾ ਸਰਹੱਦੀ ਸ਼ਹਿਰ ਹੈ ਜੋ ਅੰਮ੍ਰਿਤਸਰ ਸ਼ਹਿਰ ਤੋਂ 45 ਕਿ. ਮੀ. ਦੀ ਦੂਰੀ ਤੇ ਸਥਿਤ ਹੈ । ਸੰਨ 1947 ਦੀ ਭਾਰਤ-ਪਾਕਿ ਵੰਡ ਤੋਂ ਪਹਿਲਾਂ ਇਹ ਪਿੰਡ ਲਾਹੌਰ ਜ਼ਿਲ੍ਹੇ ਦੀ ਕਸੂਰ ਤਹਿਸੀਲ ਵਿਚ ਸੀ । ਉਸ ਸਮੇਂ ਇਸ ਨੂੰ ਨੌ ਲੱਖੀ ਪੱਟੀ ਵੀ ਕਿਹਾ ਜਾਂਦਾ ਸੀ ਅਤੇ ਇਥੇ ਮੁਸਲਮਾਨਾਂ ਦੀ ਵਧੇਰੇ ਵਸੋਂ ਸੀ । ਇਸ ਤੋਂ ਇਲਾਵਾ ਜੈਨ ਵਰਗ ਦੇ ਵਪਾਰੀ ਲੋਕ ਇਥੇ ਕਾਫ਼ੀ ਵਸਦੇ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ ਜੈਨ ਧਰਮ ਦੇ ਨਾਹਰ ਗੋਤ ਦੇ ਲੋਕ, ਤੇਰ੍ਹਵੀਂ ਸਦੀ ਵਿਚ, ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਨਦੌਣ ਸ਼ਹਿਰ ਤੋਂ ਇਥੇ ਆ ਵਸੇ ਸਨ ।

ਦੇਸ਼ ਦੀ ਸਰਹੱਦ ਦੇ ਨੇੜੇ ਹੋਣ ਦੇ ਬਾਵਜੂਦ ਪੱਟੀ ਇਕ ਖੁਸ਼ਹਾਲ ਅਤੇ ਉੱਨਤ ਕਸਬਾ ਹੈ । ਦੇਸ਼ ਦੀ ਵੰਡ ਤੋਂ ਪਹਿਲਾਂ ਲਘੂ ਹੱਥਖੱਡੀ ਉਦਯੋਗ ਦਾ ਇਹ ਪ੍ਰਸਿੱਧ ਕੇਂਦਰ ਸੀ । ਇਥੇ ਪ੍ਰਸਿੱਧ ਮੁਸਲਮਾਨ ਕਾਰੀਗਰਾਂ ਨੇ ਲੂੰਗੀਆਂ ਬਣਾਉਣ ਲਈ ਬਹੁਤ ਸਾਰੀਆਂ ਹੱਡ-ਖੱਡੀਆਂ ਲਗਾਈਆਂ ਸਨ। ਪੰਜਾਬ ਭਰ ਵਿਚ ਮਜ਼ਦੂਰ ਅਤੇ ਕਾਮੇ ਲੋਕ ਇਥੋਂ ਦੀਆਂ ਸਸਤੀਆਂ ਲੁੰਗੀਆਂ ਦਾ ਇਸਤੇਮਾਲ ਕਰਦੇ ਸਨ। ਸੰਨ 1947 ਤੋਂ ਪਹਿਲਾਂ ਹੀ ਇਥੇ ਲਗਭਗ ਸੱਤ ਕਪਾਹ ਵੇਲਣ ਦੇ ਕਾਰਖਾਨੇ ਸਨ ਕਿਉਂਕਿ ਇਸ ਖੇਤਰ ਵਿਚ ਕਪਾਹ ਦੀ ਭਰਪੂਰ ਕਾਸ਼ਤ ਕੀਤੀ ਜਾਂਦੀ ਸੀ । ਸੰਨ 1955 ਤੋਂ ਬਾਅਦ ਇਸ ਖੇਤਰ ਵਿਚ ਹੜ੍ਹਾਂ ਦੇ ਪਾਣੀ ਕਾਰਨ ਪਾਣੀ ਦਾ ਸਤਰ ਉੱਚਾ ਹੋ ਗਿਆ ਅਤੇ ਕਾਸ਼ਤਕਾਰਾਂ ਨੇ ਕਪਾਹ ਦੀ ਕਾਸ਼ਤ ਛੱਡ ਕੇ ਚਾਵਲ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ । ਇਸੇ ਕਾਰਨ ਹੁਣ ਇਥੇ ਕੇਵਲ ਦੋ ਕਪਾਹ ਵੇਲਣ ਦੇ ਕਾਰਖਾਨੇ ਹਨ ਅਤੇ ਬਾਕੀ ਹੋਰ ਸ਼ਹਿਰਾਂ ਵਿਚ ਬਦਲ ਦਿੱਤੇ ਗਏ ਹਨ। ਹੱਥ-ਖੱਡੀ ਉਦਯੋਗ ਵੀ ਹੁਣ ਨਾਂ-ਮਾਤਰ ਹੀ ਹੈ।

ਪੱਟੀ ਸ਼ਹਿਰ ਵਿਚ ਕੁਝ ਵਰਣਨਯੋਗ ਪੁਰਾਤਨ ਧਾਰਮਿਕ ਇਮਾਰਤਾਂ ਹਨ । ਇਥੇ ਭਾਈ ਬਿਧੀ ਚੰਦ ਜੀ ਦਾ ਇਕ ਗੁਰਦੁਆਰਾ ਹੈ । ਸ਼ਹਿਰ ਦੇ ਅੰਦਰ ਇਕ ‘ਸ਼ਿਵ ਮੰਦਰ' ਹੈ ਜੋ ਮੰਨਿਆ ਜਾਂਦਾ ਹੈ ਲਗਭਗ 500 ਸਾਲ ਪਹਿਲਾਂ ਬਣਾਇਆ ਗਿਆ । ਇਸ ਮੰਦਰ ਨੂੰ ਛੱਡ ਕੇ ਨਾਲ ਲਗਦੀਆਂ ਪੁਰਾਤਨ ਇਮਾਰਤਾਂ ਥੇਹ ਦੇ ਰੂਪ ਵਿਚ ਹਨ। ਇਕ ਹੋਰ 300 ਸਾਲ ਪੁਰਾਣਾ ਠਾਕੁਰਦੁਆਰਾ ਵੀ ਹੈ ਜਿਸ ਦਾ ਪ੍ਰਬੰਧ ਗਿਰੀ ਮਹੰਤਾਂ ਦੇ ਹੱਥ ਵਿਚ ਹੈ । ਸ਼ਹਿਰ ਤੋਂ ਬਾਹਰ ਰੋਹੀ ਦੇ ਨੇੜੇ ਇਕ ਹੋਰ ਸ਼ਿਵ ਮੰਦਰ ਹੈ ਜੋ ਕਾਫ਼ੀ ਪੁਰਾਣਾ ਹੈ ਪਰ ਇਸ ਦੀ ਇਮਾਰਤ ਦੀ ਹਾਲਤ ਚੰਗੀ ਹੈ। ਇਥੇ ਸ਼ਿਵਰਾਤਰੀ ਦਾ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਲੰਗਰ ਵੀ ਵਰਤਾਇਆ ਜਾਂਦਾ ਹੈ । ਇਥੇ ਮਹਾਰਾਜਾ ਰਣਜੀਤ ਸਿੰਘ ਨੇ ਇਕ ਛੋਟਾ ਜਿਹਾ ਕਿਲਾ ਬਣਵਾਇਆ ਜਿਥੇ ਅਜੋਕਾ ਪੁਲਿਸ ਸਟੇਸ਼ਨ ਹੈ । ਸ਼ਹਿਰ ਦੇ ਵਿਚਕਾਰ ਇਕ ਹੋਰ ਜੈਨ ਮੰਦਰ ਹੈ ਜੋ ਸਵਾਮੀ ਆਤਮਾ ਰਾਮ ਨੇ ਲਗਭਗ ਸੌ ਸਾਲ ਪਹਿਲਾਂ ਬਣਵਾਇਆ ਸੀ ।

ਪੱਟੀ ਵਿਚ ਇਕ ਸਰਕਾਰੀ ਕਾਲਜ, ਚਾਰ ਹਾਈ ਸਕੂਲ (ਦੋ ਲੜਕਿਆਂ ਲਈ ਅਤੇ ਦੋ ਲੜਕੀਆਂ ਲਈ ) ਤੋਂ ਇਲਾਵਾ ਇਕ ਮਾਰਕੀਟ-ਕਮੇਟੀ, ਇਕ ਪੁਲਿਸ਼ ਸਟੇਸ਼ਨ, ਇਕ ਸਰਾਂ, ਇਕ ਰੈਸਟ ਹਾਊਸ, ਇਕ ਹਸਪਤਾਲ ਅਤੇ ਇਕ ਡਾਕ-ਤਾਰ ਘਰ ਵੀ ਹਨ।

          ਆਬਾਦੀ – 34,432(2001)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9176, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-13-03-03-33, ਹਵਾਲੇ/ਟਿੱਪਣੀਆਂ: ਹ. ਪੁ.–ਡਿਸ. ਗਜ. –ਅੰਮ੍ਰਿਤਸਰ; ਡਿ. ਸੈ. ਹੈ. ਬੁ–ਅੰਮ੍ਰਿਤਸਰ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.