ਪੱਤਰਾ ਪਾਠ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪੱਤਰਾ ਪਾਠ: ਇਸ ਪ੍ਰਕਾਰ ਦੇ ਪਾਠ ਦਾ ਸੰਬੰਧ ਨਾਮਧਾਰੀ ਸੰਪ੍ਰਦਾਇ ਨਾਲ ਹੈ। ਨਾਮਧਾਰੀ-ਗੁਰੂ ਪ੍ਰਤਾਪ ਸਿੰਘ ਨੇ ਦੇਸ਼ ਵੰਡ ਤੋਂ ਪਹਿਲਾਂ ਸੰਨ 1941 ਈ. ਵਿਚ ਗੁਰੂ ਗ੍ਰੰਥ ਸਾਹਿਬ ਦੇ ਸਵਾ ਲੱਖ ਪਾਠ ਕਰਨ ਦਾ ਵਿਚਾਰ ਬਣਾਇਆ ਅਤੇ 17 ਅਪ੍ਰੈਲ 1941 ਵਾਲੇ ਦਿਨ ਗੁਰਦੁਆਰਾ ਸਿੰਘ ਸਭਾ , ਰਾਜਾ ਬਾਜ਼ਾਰ, ਰਾਵਲਪਿੰਡੀ ਵਿਚ ਗੁਰੂ ਗ੍ਰੰਥ ਸਾਹਿਬ ਦਾ ਇਕ ਇਕ ਪੱਤਰਾ ਕਰਕੇ ਆਪਣੇ ਨਾਮਧਾਰੀ ਅਨੁਯਾਈਆਂ ਵਿਚ ਵੰਡ ਦਿੱਤਾ ਕਿ ਉਹ ਆਪਣੇ ਘਰਾਂ ਵਿਚ ਇਨ੍ਹਾਂ ਪੱਤਰਿਆਂ ਤੋਂ ਪਾਠ ਕਰਨ ਅਤੇ ਜਦ ਸਵਾ ਲੱਖ ਪਾਠ ਹੋ ਜਾਣ ਤਾਂ ਸੂਚਿਤ ਕਰ ਦੇਣ। ਇਸ ਪਾਠ-ਵਿਧੀ ਉਤੇ ਬਹੁਤ ਇਤਰਾਜ਼ ਹੋਏ ਕਿਉਂਕਿ ਇਸ ਨਾਲ ਸ਼ਬਦਾਂ ਦੇ ਵਖ ਵਖ ਪੰਨਿਆਂ ਉਤੇ ਵੰਡੇ ਜਾਣ ਕਾਰਣ ਬੇਅਦਬੀ ਹੋ ਰਹੀ ਸੀ। ਨਾਲੇ ਗ੍ਰੰਥ ਸਾਹਿਬ ਦੇ ਪਾਠ ਦੀ ਨਿਰੰਤਰਤਾ ਅਤੇ ਇਕਾਈ ਖੰਡਿਤ ਹੋ ਰਹੀ ਸੀ। ਪੰਥ ਦੇ ਇਤਰਾਜ਼ ਨੂੰ ਮੁਖ ਰਖਦਿਆਂ ਇਸ ਪ੍ਰਕਾਰ ਦੇ ਪਾਠ ਨੂੰ ਬੰਦ ਕਰਵਾ ਦਿੱਤਾ ਗਿਆ। ਦਸਿਆ ਜਾਂਦਾ ਹੈ ਕਿ ਇਸ ਪਰਥਾਇ ਸ. ਆਤਮਾ ਸਿੰਘ ਰਾਵਲਪਿੰਡੀ ਵਾਲੇ ਨੇ ਪੰਥ ਤੋਂ ਖਿਮਾ ਦੀ ਯਾਚਨਾ ਕਰ ਲਈ ਸੀ।
ਪਤਾ ਚਲਿਆ ਹੈ ਕਿ ਸੰਨ 1975 ਦੇ ਨੇੜੇ ਤੇੜੇ ਨਾਮਧਾਰੀ ਗੁਰੂ ਜਗਜੀਤ ਸਿੰਘ ਨੇ ਫਿਰ ਇਸ ਪ੍ਰਕਾਰ ਦੇ ਪਾਠ ਦਾ ਆਰੰਭ ਕਰਨ ਦੀ ਯੋਜਨਾ ਤਿਆਰ ਕੀਤੀ ਸੀ, ਪਰ ਅਖ਼ਬਾਰਾਂ ਵਿਚ ਫਿਰ ਇਤਰਾਜ਼ ਛਪਣ ਕਾਰਣ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਗੱਲਬਾਤ ਕਰਕੇ ਇਹ ਕੰਮ ਬੰਦ ਕਰਵਾਇਆ। ਕਹਿੰਦੇ ਹਨ ਕਿ ਇਸ ਤਸਫ਼ੀਏ ਵਿਚ ਸ. ਕਪੂਰ ਸਿੰਘ ਨੇ ਵੀ ਇਹ ਕਹਿ ਕੇ ਭੂਮਿਕਾ ਨਿਭਾਈ ਕਿ ਇਹ ਸਭ ਕੁਝ ਸਤਿਕਾਰ ਅਤੇ ਸ਼ਰਧਾ ਨਾਲ ਹੋਇਆ ਸੀ, ਪਰ ਚੂੰਕਿ ਇਸ ਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ, ਇਸ ਲਈ ਬੰਦ ਕੀਤਾ ਜਾ ਰਿਹਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2451, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First