ਬਘੌਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬਘੌਰ (ਕਸਬਾ): ਰਾਜਸਥਾਨ ਦਾ ਕੋਠਾਰੀ ਨਦੀ ਉਤੇ ਵਸਿਆ ਇਕ ਪ੍ਰਸਿੱਧ ਕਸਬਾ ਜਿਸ ਵਿਚ ਕੀਚਕ-ਬੱਧ ਸਥਾਨ ਹੈ। ਭਟ ਵਹੀਆਂ ਦੀ ਸੂਚਨਾ ਦੇ ਆਧਾਰ’ਤੇ ਇਸ ਕਸਬੇ ਵਿਚ ਗੁਰੂ ਗੋਬਿੰਦ ਸਿੰਘ ਜੀ ਮਾਰਚ 1707 ਈ. ਵਿਚ ਆਏ ਸਨ। ਉਦੋਂ ਬਘੌਰ, ਰਿਆਸਤ ਉਦੈਪੁਰ ਦੇ ਇਕ ਜਾਗੀਰ ਦਾ ਕੇਂਦਰ ਸੀ ਅਤੇ ਉਦੈਪੁਰ ਤੋਂ ਲਗਭਗ 125 ਕਿ.ਮੀ. ਦੀ ਵਿਥ ਉਤੇ ਸਥਿਤ ਸੀ। ਅਜ-ਕਲ ਇਹ ਭੀਲਵਾੜਾ ਦੇ ਜ਼ਿਲ੍ਹਾ-ਮੁਕਾਮ ਤੋਂ 40 ਕਿ.ਮੀ. ਦੂਰ ਹੈ। ਕਵੀ ਸੈਨਾਪਤਿ ਦੁਆਰਾ ਸੰਨ 1711 ਈ. ਵਿਚ ਰਚਿਤ ‘ਸ੍ਰੀ ਗੁਰ ਸੋਭਾ ’ ਵਿਚ ਲਿਖਿਆ ਹੈ ਕਿ ਰਾਜਸਥਾਨ ਵਿਚੋਂ ਲੰਘਦਿਆਂ ਗੁਰੂ ਜੀ ਬਘੌਰ ਸ਼ਹਿਰ ਵਿਚ ਪਧਾਰੇ ਸਨ—ਅਧਿਕ ਠਉਰ ਦੇਖੀ ਤਹਾਂ ਹੁਇ ਹੈ ਤਹਾਂ ਨ ਘਾਮ। ਉਤਰ ਰਹੇ ਤਾਹੀ ਤਲੇ ਕੀਨੇ ਤਹਾਂ ਮੁਕਾਮ। ਕੀਚਕ ਭੂਮ ਦੇਖਨ ਨਮਿਤ ਗਏ ਪ੍ਰਭ ਤਿਹ ਠਉਰ। ਆਨ ਪਹੂਚੇ ਤਾਹਿ ਦਿਸ ਨਿਕਟਿ ਸ਼ਹਰ ਬਘੌਰ। (14 ਅ.)।
ਗੁਰੂ ਜੀ ਨੇ ਬਘੌਰ ਪਹੁੰਚ ਕੇ ਨਗਰ ਤੋਂ ਬਾਹਰ ਇਕ ਬਾਗ਼ ਵਾਲੀ ਥਾਂ ਉਤੇ ਡੇਰਾ ਕੀਤਾ। ਗੁਰੂ ਸਾਹਿਬ ਦੇ ਸ਼ਸਤ੍ਰਧਾਰੀ ਸਿੰਘਾਂ ਨੂੰ ਵੇਖ ਕੇ ਕੁਝ ਲੋਕਾਂ ਨੂੰ ਸੰਦੇਹ ਹੋ ਗਿਆ ਕਿ ਸ਼ਾਇਦ ਇਹ ਕਸਬੇ ਨੂੰ ਲੁਟਣ ਲਈ ਆਏ ਹਨ। ਗੁਰੂ ਜੀ ਨੇ ਉਥੋਂ ਦੇ ਨਿਵਾਸੀਆਂ ਨੂੰ ਆਸ਼ਵਸਤ ਕਰਨ ਲਈ ਭਾਈ ਧਰਮ ਸਿੰਘ ਨੂੰ ਭੇਜਿਆ। ਕੁਝ ਦਿਨ ਚੰਗੇ ਬੀਤ ਗਏ। ਇਕ ਦਿਨ ਗੁਰੂ ਜੀ ਦੇ ਕਾਫ਼ਲੇ ਦੇ ਕੁਝ ਊਠ ਬਾਗ਼ ਵਿਚ ਜਾ ਵੜੇ। ਊਠਾਂ ਦੁਆਰਾ ਬਾਗ਼ ਉਜਾੜੇ ਜਾਣ ਦੀ ਸੂਚਨਾ ਉਥੋਂ ਦੇ ਚੌਧਰੀ ਨੂੰ ਭੇਜੀ ਗਈ। ਚੌਧਰੀ ਲੋਹਾ-ਲਾਖਾ ਹੋਇਆ। ਨਗਰ ਵਲ ਗਏ ਇਕ ਸਿੰਘ ਨਾਲ ਵੀ ਝਗੜਾ ਹੋ ਗਿਆ। ਅੰਤ ਵਿਚ ਸਿੰਘਾਂ ਅਤੇ ਉਥੋਂ ਦੇ ਵਾਸੀਆਂ ਨਾਲ ਤਿੰਨ ਦਿਨ ਲੜਾਈ ਹੁੰਦੀ ਰਹੀ। ਉਸ ਭਿੜੰਤ ਵਿਚ ਪਿੰਡ ਦੇ ਦੋ ਭੂਮੀਏ ਭਰਾ—ਮਹਾਨੰਦ ਅਤੇ ਮੋਖ ਰਾਇ—ਮਾਰੇ ਗਏ। ਸਿੰਘਾਂ ਨੇ ਕਿਲ੍ਹੇ ਉਤੇ ਕਬਜ਼ਾ ਕਰ ਲਿਆ। ਉਥੇ ਹੀ ਗੁਰੂ ਜੀ ਨੂੰ ਔਰੰਗਜ਼ੇਬ ਦੇ ਦੇਹਾਂਤ ਦਾ ਪਤਾ ਚਲਿਆ। ਕੁਝ ਦਿਨ ਉਥੇ ਰਹਿਣ ਤੋਂ ਬਾਦ ਗੁਰੂ ਜੀ ਨੇ ਦਿੱਲੀ ਵਲ ਕੂਚ ਕੀਤਾ।
ਸਿੱਖ ਜਗਤ ਤੋਂ ਦੂਰ ਹੋਣ ਕਾਰਣ ਬਘੌਰ ਵਿਚ ਸੰਨ1980 ਈ. ਤਕ ਗੁਰੂ ਜੀ ਦੀ ਆਮਦ ਦਾ ਕੋਈ ਸਮਾਰਕ ਤਿਆਰ ਨ ਹੋ ਸਕਿਆ। ਇਸੇ ਸਾਲ ਦੇ ਅੰਤ ਵਿਚ ਗਿਆਨੀ ਜਸਬੀਰ ਸਿੰਘ ਨੇ ਉਦਮ ਕਰਕੇ ਭੀਲਵਾੜਾ, ਉਦੈਪੁਰ, ਚਤੌੜਗੜ੍ਹ ਦੇ ਸਿੱਖਾਂ ਨੂੰ ਪ੍ਰੇਰਿਤ ਕੀਤਾ ਅਤੇ 5 ਜਨਵਰੀ 1981 ਈ. ਨੂੰ ਬਘੌਰ ਵਿਚ ਬੈਠਕ ਕੀਤੀ। ਉਸ ਤੋਂ ਬਾਦ 12 ਜਨਵਰੀ ਨੂੰ ਇਕ ਹੋਰ ਮੀਟਿੰਗ ਕਰਕੇ ਕਿਲ੍ਹੇ ਵਿਚ ਗੁਰੂ-ਧਾਮ ਉਸਾਰਨ ਦਾ ਫ਼ੈਸਲਾ ਕੀਤਾ। ਕਈ ਸਾਲ ਉਸਾਰੀ ਦਾ ਕੰਮ ਰੁਕਿਆ ਰਿਹਾ, ਪਰ ਸੰਨ 2001 ਈ. ਵਿਚ ਪੂਰੀ ਸ਼ਿਦਤ ਨਾਲ ਕੰਮ ਸ਼ੁਰੂ ਕੀਤਾ ਗਿਆ। ਹੁਣ ‘ਗੁਰਦੁਆਰਾ ਕਲਗੀਧਰ ਸਾਹਿਬ’ ਦੀ ਪੰਜ ਮੰਜ਼ਲੀ ਇਮਾਰਤ ਤਿਆਰ ਹੈ। ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ ਅਤੇ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਿੰਘ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3944, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First