ਬਚਨ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਬਚਨ: ‘ਵਾਰਤਕ’ ਪੰਜਾਬੀ ਸਾਹਿਤ ਦਾ ਇੱਕ ਵਿਸ਼ਾਲ ਅਤੇ ਵਿਰਾਟ ਰੂਪਾਕਾਰ ਹੈ। ਇਸ ਦੀਆਂ ਅੱਗੋਂ ਕਈ ਵੰਨਗੀਆਂ ਹਨ ਜਿਨ੍ਹਾਂ ਵਿੱਚੋਂ ਇੱਕ ‘ਬਚਨ’ ਵੀ ਹੈ। ਮੱਧਕਾਲ ਵਿੱਚ ਲਿਖੀ ਗਈ ਵਾਰਤਕ ਵਿੱਚ ਇਸ ਵੰਨਗੀ ਨੂੰ ਅਹਿਮ ਸਥਾਨ ਪ੍ਰਾਪਤ ਰਿਹਾ ਹੈ। ਮੱਧ-ਕਾਲ ਨੂੰ ‘ਨਾਨਕ ਕਾਲ’ ਵੀ ਕਿਹਾ ਜਾਂਦਾ ਹੈ। ਵਿਦਵਾਨ ਇਸ ਕਾਲ ਦਾ ਸਮਾਂ 1500 ਤੋਂ 1850 ਤਕ ਮੰਨਦੇ ਹਨ। ਜੇ ਅਸੀਂ ਇਸ ਵਾਰਤਕ-ਵੰਨਗੀ ਦੇ ਹੋਰ ਪਿਛੋਕੜ ਵੱਲ ਜਾਈਏ ਤਾਂ ਇਸ ਦਾ ਵਜੂਦ ਮਹਾਤਮਾ ਬੁੱਧ ਨਾਲ ਜਾ ਜੁੜਦਾ ਹੈ। ਸਮੇਂ-ਸਮੇਂ ਤੇ ਮਹਾਤਮਾ ਬੁੱਧ, ਉਹਨਾਂ ਦੇ ਅਨੁਆਈਆਂ, ਗੁਰੂਆਂ ਅਤੇ ਪੀਰਾਂ ਫ਼ਕੀਰਾਂ ਵੱਲੋਂ ਜਿਹੜੇ ਉਪਦੇਸ਼ ਲੋਕਾਂ ਨੂੰ ਦਿੱਤੇ ਗਏ ਸਨ, ਉਹ ਸਾਹਿਤ ਦੇ ਪਿੜ ਵਿੱਚ ਇੱਕ ਵੱਖਰੇ ਰੂਪ ਵਜੋਂ ਜਾਣੇ ਜਾਣ ਲੱਗ ਪਏ। ਇਉਂ ਕਿਸੇ ਮਹਾਂਪੁਰਖ ਦੇ ਉਹਨਾਂ ਸਿੱਖਿਆ ਭਰੇ ਬੋਲਾਂ ਨੂੰ ‘ਬਚਨ’ ਆਖਿਆ ਜਾਣ ਲੱਗ ਪਿਆ ਜੋ ਮਨੁੱਖੀ ਜੀਵਨ ਦੇ ਕਿਸੇ ਪਰਮ ਸੱਚ ਦਾ ਉਲੇਖ ਕਰਦੇ ਹਨ। ਦੂਜੇ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਇਸ ਵਿੱਚ ਗੁਰੂਆਂ ਜਾਂ ਅਵਤਾਰਾਂ ਵੱਲੋਂ ਮਨੁੱਖ ਜਾਤੀ ਨੂੰ ਦਿੱਤੇ ਗਏ ਉਪਦੇਸ਼ਾਂ ਜਾਂ ਉੱਚੇ ਮਿਆਰਾਂ ਨੂੰ ਲੋਕ ਬੋਲੀ ਅਤੇ ਸੰਖੇਪ ਰੂਪ ਵਿੱਚ ਪ੍ਰਗਟ ਕੀਤਾ ਜਾਂਦਾ ਹੈ। ਇਸ ਸੰਬੰਧੀ ਮਹਾਂਪੁਰਖਾਂ ਦੇ ਮੂੰਹਾਂ ਵਿੱਚੋਂ ਕੱਢੇ ਗਏ ਬਚਨਾਂ ਵਿੱਚ ਲੇਖਕਾਂ/ ਸਾਹਿਤਕਾਰਾਂ ਵੱਲੋਂ ਅਜਿਹੇ ਬਿਰਤਾਂਤਕ ਅੰਸ਼ ਜੋੜੇ ਗਏ ਕਿ ਉਹ ਇੱਕ ਕਥਾ ਦੇ ਰੂਪ ਵਿੱਚ ਢਲ ਗਏ। ਪੰਜਾਬੀ ਸਾਹਿਤ ਦੇ ਇਸ ਰੂਪ (ਬਚਨ) ਨੂੰ ਫ਼ਾਰਸੀ ਵਿੱਚ ‘ਮਲਫੂਜ਼ਾਤ’ ਜਾਂ ‘ਅਕਵਾਲ’ ਕਿਹਾ ਜਾਂਦਾ ਹੈ। ਮਹਾਤਮਾ ਬੁੱਧ ਦੇ ਸਮੇਂ ਵਿੱਚ ਇਹ ਰੁਚੀ ਵਧੇਰੇ ਵੇਖਣ ਵਿੱਚ ਆਈ। ਬਾਅਦ ਵਿੱਚ ਇਹ ਪਰੰਪਰਾ ਬੋਧੀ ਅਵਦਾਨਾਂ ਦੇ ਰੂਪ ਵਿੱਚ ਪ੍ਰਸਿੱਧ ਹੋ ਗਈ। ਭਾਵੇਂ ਬੋਧੀ-ਸਾਹਿਤ ਵਿੱਚ ‘ਬਚਨ’ ਕੋਈ ਵੱਖਰੀ ਕਥਾ ਦੇ ਰੂਪ ਵਿੱਚ ਉਪਲਬਧ ਨਹੀਂ ਹੈ ਪਰ ਆਉਣ ਵਾਲੇ ਯੁਗ, ਖ਼ਾਸ ਕਰ ਕੇ ਭਗਤੀ ਲਹਿਰ ਦੇ ਯੁੱਗ ਵਿੱਚ ਇਹ ਵਿਧਾ ਕਾਫ਼ੀ ਪ੍ਰਫੁਲਿਤ ਅਤੇ ਲੋਕ-ਪ੍ਰਿਆ ਹੋਣ ਲੱਗੀ। ਰਸ, ਖਿੱਚ ਅਤੇ ਪ੍ਰਭਾਵ ਦੇ ਗੁਣਾਂ ਸਦਕਾ ਇਸ ਵਿਧਾ ਨੂੰ ਉਸ ਸਮੇਂ ਤੋਂ ਵੀ ਪਹਿਲਾਂ ਦੇ ਵੈਦਿਕ ਮੰਤਰਾਂ ਨਾਲੋਂ ਵਧੇਰੇ ਅਹਿਮੀਅਤ ਮਿਲਣ ਲੱਗੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ‘ਬਚਨ’ ਆਮ ਲੋਕਾਂ ਦੀ ਬੋਲੀ ਵਿੱਚ ਸਨ ਅਤੇ ਲੋਕ ਉਹਨਾਂ ਵਿਚਲੇ ਅਰਥ ਸਹਿਜਤਾ/ਅਸਾਨੀ ਨਾਲ ਗ੍ਰਹਿਣ ਕਰ ਲੈਂਦੇ ਸਨ। ਇਸ ਲਹਿਰ ਅਰਥਾਤ ‘ਭਗਤੀ ਲਹਿਰ’ ਦੇ ਕਾਲ ਵਿੱਚ ਬਚਨ ਨਾਲ ਬਿਰਤਾਂਤਕ ਤੱਤ ਜੋੜਨ ਦਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਰਿਹਾ ਕਿਉਂਕਿ ਇਹ ਉਸ ਸਮੇਂ ਦੀ ਮੁੱਖ ਲੋੜ ਸੀ।
‘ਬਚਨ’ ਇੱਕ ਕਿਸਮ ਨਾਲ ‘ਸੁਖ਼ਨ’ ਦਾ ਹੀ ਪਰਿਆਇਵਾਚੀ ਸ਼ਬਦ ਹੈ ਪਰ ਥੋੜ੍ਹਾ ਬਹੁਤ ਅੰਤਰ ਵੀ ਹੈ।ਅੰਤਰ ਇਹ ਹੈ ਕਿ ‘ਬਚਨ’ ਜਿਥੇ ਭਾਰਤੀ ਸਾਧੂ, ਸੰਤਾਂ ਅਤੇ ਗੁਰੂਆਂ ਜਾਂ ਘਰ ਦੇ ਨਿਕਟਵਰਤੀ- ਮਹਾਂਪੁਰਖਾਂ ਨਾਲ ਸੰਬੰਧਿਤ ਹਨ ਉੱਥੇ ‘ਸੁਖ਼ਨ’ ਦਾ ਸੰਬੰਧ ਮੁਸਲਮਾਨੀ ਸੱਭਿਅਤਾ ਨਾਲ ਹੈ। ਸੁਖ਼ਨ ਮੁਸਲਮਾਨੀ ਪੀਰਾਂ ਫ਼ਕੀਰਾਂ ਦੇ ਮੂੰਹੋਂ ਨਿਕਲੇ ‘ਸ਼ੁਭ ਬੋਲ’ ਹਨ।
ਮੱਧ-ਕਾਲ ਵਿੱਚ ਲਿਖੇ ਗਏ ਬਚਨਾਂ ਦੀ ਪ੍ਰਕਿਰਤੀ ਇਕੋ ਜਿਹੀ ਨਹੀਂ ਹੈ। ਕਈ ‘ਬਚਨ’ ਤਾਂ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਬਿਰਤਾਂਤ ਦੀ ਅਣਹੋਂਦ ਹੈ ਭਾਵ ਉਹ ਬਿਰਤਾਂਤ ਤੋਂ ਮੁਕਤ ਹਨ, ਜਿਹੜੇ ਕਿਸੇ ਕਥਾ ਦੇ ਅੰਤਰਗਤ ਨਹੀਂ ਆਉਂਦੇ। ਪਰ ਦੂਜੇ ਪਾਸੇ ਅਜਿਹੇ ਬਚਨ ਵੀ ਉਪਲਬਧ ਹਨ ਜਿਹੜੇ ਮਹਾਂਪੁਰਖਾਂ ਅਤੇ ਉਹਨਾਂ ਦੇ ਅਨੁਯਾਈਆਂ ਵਿਚਕਾਰ ਵਾਰਤਾਲਾਪ ਦੇ ਰੂਪ ਵਿੱਚ ਚੱਲਦੇ ਹਨ। ਕਿਸੇ ਜਿਗਿਆਸੂ ਵੱਲੋਂ ਮਹਾਂਪੁਰਖਾਂ ਨੂੰ ਆਪਣੀ ਜਿਗਿਆਸਾ ਸ਼ਾਂਤ ਕਰਨ ਲਈ ਸਵਾਲ ਪੁਛਿਆ ਜਾਂਦਾ ਸੀ। ਮਹਾਂਪੁਰਖ ਉਸ ਸਵਾਲ ਦਾ ਰਹੱਸ ਖੋਲ੍ਹਦੇ ਸਨ। ਉਹਨਾਂ ਉਤਰਾਂ ਵਿੱਚ ਰੂਪਕਾਂ ਅਤੇ ਚਿੰਨ੍ਹਾਂ ਦੁਆਰਾ ਅਜਿਹੀ ਰੋਚਕਤਾ ਭਰੀ ਜਾਂਦੀ ਸੀ ਕਿ ਜਿਗਿਆਸੂ ਮੰਤਰ ਮੁਗਧ ਹੋ ਕੇ ਬਚਨ ਵਿਚਲੇ ਅਰਥਾਂ ਨੂੰ ਗ੍ਰਹਿਣ ਕਰਦਾ ਰਹਿੰਦਾ। ਵਾਰਤਾਲਾਪੀ ਅੰਸ਼ ਹੋਣ ਕਰ ਕੇ ਇਸ ਵੰਨਗੀ ਵਿੱਚ ਨਾਟਕੀਅਤਾ ਪੈਦਾ ਹੋ ਜਾਂਦੀ ਸੀ।
‘ਬਚਨ’ ਵੰਨਗੀ ਦੇ ਵਾਕ ਬਹੁਤੇ ਲੰਮੇ ਜਾਂ ਜਟਿਲ ਭਾਵ ਔਖੇ ਜਾਂ ਭਾਰੇ ਨਹੀਂ ਹੁੰਦੇ। ਇਹ ਨਿੱਕੇ ਅਤੇ ਇਕਹਿਰੇ ਹੁੰਦੇ ਹਨ ਤਾਂ ਜੋ ਆਮ ਸ੍ਰੋਤੇ/ਪਾਠਕ ਦੀ ਸਮਝ ਵਿੱਚ ਆ ਸਕਣ। ਦੂਜੇ ਪਾਸੇ ਜਿਨ੍ਹਾਂ ਬਚਨਾਂ ਵਿੱਚ ਕਿਸੇ ਸਿਧਾਂਤ ਦੀ ਪਰਖ ਪੜਚੋਲ ਹੁੰਦੀ ਹੈ, ਉਸ ਵਿੱਚ ਦਲੀਲ ਅਤੇ ਨਿਰਣੇਜਨਕ ਢੰਗ ਨਾਲ ਮੁੱਖ ਵਿਸ਼ੇ ਨੂੰ ਖੋਲ੍ਹ ਕੇ ਸਮਝਾਇਆ ਜਾਂਦਾ ਹੈ। ਇਹਨਾਂ ਵਿੱਚ ਪਹਿਲਾਂ ਨਿੱਕੇ ਨਿੱਕੇ ਪ੍ਰਸ਼ਨ ਪੈਦਾ ਕਰ ਲਏ ਜਾਂਦੇ ਹਨ ਅਤੇ ਫਿਰ ਉਹਨਾਂ ਦਾ ਉੱਤਰ ਵੀ ਸਪਸ਼ਟ ਕਰ ਦਿੱਤਾ ਜਾਂਦਾ ਹੈ।
ਬਚਨ ਅਖਾਣਾਂ ਵਾਂਗ ਸੰਜਮ ਭਰਪੂਰ ਹੁੰਦੇ ਹਨ ਅਤੇ ਸੰਖੇਪ ਵੀ। ਇਹ ਲੋਕ ਸਿਮਰਤੀ ਦਾ ਅੰਗ ਬਣ ਕੇ ਜਿਗਿਆਸੂਆਂ ਦੀ ਜਿਗਿਆਸਾ ਦੂਰ ਕਰਦੇ ਹਨ ਅਤੇ ਅਨੁਯਾਈਆਂ ਦਾ ਮਾਰਗ ਦਰਸ਼ਨ ਕਰਦੇ ਹਨ। ਪੰਜਾਬੀ ਵਿੱਚ ਇਹਨਾਂ ਦੇ ਬਹੁਤੇ ਸੰਗ੍ਰਹਿ ਉਪਲਬਧ ਨਹੀਂ ਹਨ ਪਰੰਤੂ ਫਿਰ ਵੀ ਸਾਨੂੰ ‘ਜਨਮਸਾਖੀਆਂ’ ਅਤੇ ‘ਗੋਸ਼ਟਾਂ’ ਵਿੱਚ ਇਸ ਵੰਨਗੀ ਦੇ ਨਮੂਨੇ ਮਿਲ ਜਾਂਦੇ ਹਨ। ਇਸ ਤੋਂ ਜ਼ਾਹਰ ਹੈ ਕਿ ਇਸ ਵੰਨਗੀ ਦਾ ਅਰੰਭ ਮੱਧ-ਕਾਲ ਵਿੱਚ ਹੀ ਹੋ ਗਿਆ ਸੀ। ਨਵੀਂ ਖੋਜ ਦੱਸਦੀ ਹੈ ਕਿ ਵਿਧੀਵਤ ਰੂਪ ਵਿੱਚ ਅੱਡਣਸ਼ਾਹੀ ਪ੍ਰਥਾ ਸਮੇਂ ਇਸ ਵੰਨਗੀ ਨੂੰ ਪ੍ਰਮਾਣਿਕਤਾ ਮਿਲਣੀ ਸ਼ੁਰੂ ਹੋ ਗਈ ਸੀ ਜਦੋਂ ਵੱਖ-ਵੱਖ ਗੁਰੂ ਸਾਹਿਬਾਨ ਜਾਂ ਮਹਾਂਪੁਰਖਾਂ ਦੇ ਬਚਨਾਂ ਨੂੰ ਬਚਨ ਗੋਬਿੰਦ ਲੋਕਾਂ ਕੇ ਨਾਂ ਦੀ ਪੁਸਤਕ ਵਿੱਚ ਸੰਕਲਿਤ ਕੀਤਾ ਗਿਆ ਸੀ।ਇਹ ਪੁਸਤਕ ਪੰਜਾਬੀ ਜਨ-ਜੀਵਨ ਨੂੰ ਨੈਤਿਕ ਕਦਰਾਂ-ਕੀਮਤਾਂ, ਸਚਾਈ ਤੇ ਸ਼ੁਭ ਕਾਰਜਾਂ ਨਾਲ ਜੁੜਨ ਦਾ ਉਪਦੇਸ਼ ਦਿੰਦੀ ਹੈ। ਇਹ ਪੁਸਤਕ ਹੱਥ ਲਿਖਤ ਰੂਪ ਵਿੱਚ ਉਪਲਬਧ ਹੈ। ਗੁਰੂ ਸਾਹਿਬਾਨ ਦੇ ਬਚਨਾਂ ਨੂੰ ਖ਼ੁਦ ਗੁਰੂਆਂ ਜਾਂ ਹੋਰ ਲਿਖਾਰੀਆਂ ਨੇ ਹੱਥ ਲਿਖਤ ਬੀੜਾਂ ਦੇ ਅੰਤ ਵਿੱਚ ਸੰਕਲਿਤ ਕੀਤਾ। ਸਾਖੀਆਂ ਅੱਡਣ ਸ਼ਾਹ ਵਿੱਚ ਵੀ ‘ਗੋਬਿੰਦ ਲੋਕਾਂ ਦੇ ਬਚਨ’ ਮਿਲਦੇ ਹਨ। ਬਚਨਾਂ ਦਾ ਕੇਂਦਰੀ ਵਿਸ਼ਾ-ਵਸਤੂ ਸਿੱਖੀ ਰਹਿਤ ਮਰਯਾਦਾ ਦਾ ਪਾਲਣ ਕਰਨ ਉਪਰ ਆਧਾਰਿਤ ਹੈ। ਬਹੁਤੇ ਬਚਨ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਮਨੁੱਖਾ ਜਨਮ ਦੀ ਵਡਿਆਈ ਕੀਤੀ ਮਿਲਦੀ ਹੈ ਅਤੇ ਮਨੁੱਖ ਨੂੰ ਲੋਭ ਲਾਲਚ ਦੀ ਭਾਵਨਾ ਦਾ ਤਿਆਗ ਕਰ ਕੇ ਪਰਮਾਤਮਾ ਤੇ ਅਟੱਲ ਭਰੋਸਾ ਰੱਖਣ ਦੀ ਪ੍ਰੇਰਨਾ ਦਿੱਤੀ ਗਈ ਹੈ। ਪਿਆਰਾ ਸਿੰਘ ਪਦਮ ਨੇ ਬਹੁਤ ਸਾਰੇ ਬਚਨਾਂ ਨੂੰ ਆਪਣੀ ਪੁਸਤਕ ਬਚਨ ਸਾਈਂ ਲੋਕਾਂ ਦੇ ਵਿੱਚ ਸੰਭਾਲਿਆ ਹੈ।
ਭਾਵੇਂ ਬਚਨਾਂ ਦੀ ਭਾਸ਼ਾ ਦਾ ਮੂਲ ਪਿੰਡਾ ਪੰਜਾਬੀ ਹੀ ਹੁੰਦਾ ਹੈ ਪਰ ਕਿਉਂਕਿ ਜਦੋਂ ਇਹ ਬਚਨ ਬੋਲੇ ਜਾਂ ਲਿਖਤੀ ਰੂਪ ਵਿੱਚ ਸੰਭਾਲੇ ਗਏ ਸਨ ਉਸ ਸਮੇਂ ਪੰਜਾਬੀ ਭਾਸ਼ਾ ਉਪਰ ਸੰਸਕ੍ਰਿਤ, ਬ੍ਰਜੀ, ਲਹਿੰਦੀ, ਫ਼ਾਰਸੀ ਆਦਿ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਪ੍ਰਭਾਵ ਅਧਿਕ ਸੀ, ਇਸ ਲਈ ਕਈ ਬਚਨਾਂ ਉਪਰ ਇਹ ਬਹੁਭਾਸ਼ਾਈ ਰੰਗ ਚੜ੍ਹਿਆ ਹੋਇਆ ਵੇਖਿਆ ਜਾ ਸਕਦਾ ਹੈ ਜਿਵੇਂ :
ਬਚਨ ਗੋਬਿੰਦ ਲੋਕਾਂ ਦੇ॥
ਮਨ ਰੂਪੀ ਏਕ ਬਿਲਾ ਹੈ॥ ਜੈਸੇ ਬਿਲਾ ਭੋਜਨ ਹਤਿਆ ਕਾ ਕਰਤਾ ਹੈ॥ ਤੈਸੇ ਮਨ ਭੀ ਨਾਨਾ ਪਰਕਾਰ ਦਾ ਪਰਪੰਚ ਕਰ ਕੈ ਭੋਗ ਭੋਗਤਾ ਹੈ। ਪਾਪੁ ਕਰਮੁ ਕਰ ਕੈ ਪਰਸੰਨ ਹੋਤਾ ਹੈ। ਇਸ ਕਰ ਗੁਰਮੁਖਿ ਮਨ ਆਪਦੇ ਪਰ ਪਹਰਾ ਦੇਤੇ ਹੈ॥ ਅਰਥ ਏਹੁ ਜੋ ਮਨ ਕਾ ਕਹਿਆ ਨਹੀਂ ਕਰਤੇ। ਸਤਿ ਬੀਚਾਰ ਕਾ ਕਹਿਆ ਕਰਤੇ ਹੈ॥ ਜੋ ਸਤਿ ਬੀਚਾਰ ਕਾ ਕਹਿਆ ਕਰਤੇ ਹੈ॥ ਜਾਗਰਿਤ ਪੁਰਖੁ ਵਹੀ ਹੈ॥ ਤਿਨ ਕੇ ਪਰਥਾਇ ਵਚਨ ਹੋਇਆ ਹੈ॥ ਤਿਨ ਘਰ ਰਾਖਅੜਾ ਜੋ ਅਨ ਦਿਨ ਜਾਗੇ॥ ਰੁਰ ਪੂਛ ਜਾਗੇ ਨਾਮ ਲਾਗੇ ਤਿਨਾ ਰੇਨਿ ਸੁਹੇਲੀਆ॥ ਗੁਰ ਸਬਦ ਕਮਾਵਹਿ ਜਨਮੁ ਨ ਆਵਹਿ ਤਿਨਾ ਹਰਿ ਪ੍ਰਭ ਬੇਲੀਆ॥੧॥ਅਉਰ ਬਚਨ ਸਤ ਕਾ ਏਹੁ ਹੈ॥ ਕਿਸੀ ਸਾਧ ਸੋਂ ਸਾਧ ਗੁਰਮਤਿ ਕਾ ਰੂਪ ਪੂਛਿਆ॥ ਤਬ ਸਾਧ ਉਤਰ ਦੀਆ॥ ਜੋ ਗੁਰਮਤਿ ਕਾ ਰੂਪ ਏਹੁ ਹੈ॥ ਜੈਸੇ ਬਿਰਛ ਕੋ ਮਾਲੀ ਪੇਂਵਦੀ ਕਰਤਾ ਹੈ॥ ਪਹਿਲੇ ਪਾਤ ਪਹਲੀ ਡਾਲੀ ਸਭ ਕਉ ਕਾਟ ਡਾਰਤਾ ਹੈ॥ ਏਕ ਟਾਸੀ ਪੇਵੰਦਿ ਵਾਲੀ ਰਾਖਤਾ ਹੈ॥ ਤਬ ਉਹ ਟਾਸੀ ਫੈਲ ਕਰ ਬ੍ਰਿਛ ਹੋ ਜਾਤੀ ਹੈ॥ ਜੋ ਅਉਰ ਟਾਸੀ ਉਗਵਤ ਹੈ॥ ਤਉ ਭੀ ਕਾਟ ਛੋਡਤੇ ਹੈ॥ ਫੇਰ ਉਸ ਕੇ ਜੋ ਫਲ ਹੋਤੇ ਹੈ॥ ਸੋ ਅਦਭੁਤ ਹੋਤੇ ਹੈ॥ ਬ੍ਰਿਛ ਉਹੀ ਦਿਸ ਆਵਤਾ ਹੈ॥ ਅਰ ਫਲੁ ਅਉਰ ਹੋਇ ਜਾਤੇ ਹੈ॥ ਤੈਸੇ ਜਬ ਮਨ ਮਤਿ ਕੇ ਧਰਮੁ ਸਭੀ ਬਿਲਾਇ ਜਾਤੇ ਹੈ॥ ਤਬ ਸਤਿਗੁਰ ਰੂਪੀ ਮਾਲੀ ਗੁਰਮਤਿ ਰੂਪ ਪੇਵਦ ਲਗਾਵਦਾ ਹੈ। ਤਬ ਅਉਗੁਣ ਬਿਲਾਇ ਜਾਤੇ ਹੈ॥ ਅਰ ਸੁਭ ਗੁਨ ਪਰਗਟ ਹੋਤੇ ਹੈ॥ ਦਿਸ ਉਹੀ ਮਨੁਖ ਆਵਤਾ ਹੈ॥ ਅਰ ਹੋਇ ਸਤ ਜਾਤਾ ਹੈ॥ ਇਸੀ ਪਰਥਾਇ ਏਹੁ ਬਚਨ ਹੋਇਆ ਹੈ। ਹਰਿ ਜਨ ਹਰਿ ਹੋਇ ਰਹਿਆ ਨਾਨਕ ਹਰਿ ਇੱਕੇ॥੨॥
ਅੱਜ-ਕੱਲ੍ਹ ਇਹ ਵੰਨਗੀ ਲੋਕ-ਪ੍ਰਿਆ ਨਹੀਂ ਰਹੀ ਅਤੇ ਨਾ ਹੀ ਰਚੀ ਜਾਂਦੀ ਹੈ। ਗੁਰਮਤਿ ਕਾਲ ਵਿੱਚ ਲਿਖੇ ਗਏ ਬਚਨ ਹੀ ਸਾਹਿਤ ਦਾ ਸਰਮਾਇਆ ਹਨ।
ਲੇਖਕ : ਰਾਜਵੰਤ ਕੌਰ ਪੰਜਾਬੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9816, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਬਚਨ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਚਨ (ਨਾਂ,ਪੁ) ਕਿਸੇ ਮਹਾਂਪੁਰਖ ਦੁਆਰਾ ਬੋਲਿਆ ਗਿਆ ਕਥਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9816, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਬਚਨ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਚਨ [ਨਾਂਪੁ] ਮਹਾਂਪੁਰਖਾਂ ਦੇ ਉਚਾਰੇ ਸ਼ਬਦ , ਬੋਲ; ਕੌਲ਼, ਇਕਰਾਰ , ਵਾਇਦਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9805, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬਚਨ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬਚਨ (ਸੰ.। ਸੰਸਕ੍ਰਿਤ ਵਚਨ। ਪੰਜਾਬੀ ਬਚਨ) ਬੋਲ , ਕਥਨ, ਵਾਕ। ਯਥਾ-‘ਉਤਮ ਸਲੋਕ ਸਾਧ ਕੇ ਬਚਨ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9427, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First