ਬਾਜ ਸਿੰਘ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬਾਜ ਸਿੰਘ (ਮ. 1716 ਈ.): ਬਲ ਗੋਤ ਦਾ ਇਕ ਜੱਟ ਸਿੰਘ , ਜਿਸ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ‘ਮੀਰਪੁਰ ਪਟੀ ’ ਵਿਚ ਹੋਇਆ। ਇਸ ਨੇ ਆਨੰਦਪੁਰ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਪਾਨ ਕੀਤਾ ਅਤੇ ਗੁਰੂ ਜੀ ਦੁਆਰਾ ਲੜੀਆਂ ਗਈਆਂ ਸਾਰੀਆਂ ਜੰਗਾਂ ਵਿਚ ਹਿੱਸਾ ਲਿਆ। ਨਾਂਦੇੜ ਤਕ ਇਹ ਗੁਰੂ ਜੀ ਦੇ ਅੰਗ-ਸੰਗ ਰਿਹਾ। ਸੰਨ 1708 ਈ. ਵਿਚ ਜਦੋਂ ਗੁਰੂ ਜੀ ਨੇ ਬਾਬਾ ਬੰਦਾ ਬਹਾਦਰ ਨੂੰ ਪੰਜਾਬ ਵਿਚ ਜ਼ੁਲਮ ਨੂੰ ਖ਼ਤਮ ਕਰਨ ਲਈ ਭੇਜਿਆ, ਤਾਂ ਇਹ ਬਾਬਾ ਜੀ ਨਾਲ ਆਏ ਪੰਜ ਮੁੱਖ ਸਿੰਘਾਂ ਵਿਚ ਸ਼ਾਮਲ ਸੀ। ਇਸ ਨੇ ਮਈ 1710 ਈ. ਵਿਚ ਚੱਪੜ ਚਿੜੀ ਕੋਲ ਲੜੀ ਗਈ ਜੰਗ ਵਿਚ ਅਦੁੱਤੀ ਵੀਰਤਾ ਦਾ ਪ੍ਰਦਰਸ਼ਨ ਕੀਤਾ ਅਤੇ ਨਵਾਬ ਵਜ਼ੀਰ ਖ਼ਾਨ ਨਾਲ ਦੁਅੰਦ ਯੁੱਧ ਰਚਾਇਆ। ਜੰਗ ਤੋਂ ਬਾਦ ਬਾਬਾ ਜੀ ਵਲੋਂ ਇਸ ਨੂੰ ਸਰਹਿੰਦ ਦਾ ਪ੍ਰਸ਼ਾਸਕ ਸਥਾਪਿਤ ਕੀਤਾ ਗਿਆ। ਦਸੰਬਰ 1715 ਈ. ਵਿਚ ਇਹ ਗੁਰਦਾਸ-ਨੰਗਲ ਦੀ ਗੜ੍ਹੀ ਵਿਚ ਪਕੜਿਆ ਗਿਆ ਅਤੇ ਬਾਬਾ ਬੰਦਾ ਬਹਾਦਰ ਤੇ ਹੋਰ ਸਿੰਘਾਂ ਨਾਲ ਦਿੱਲੀ ਲਿਆਉਂਦਾ ਗਿਆ। ਜੂਨ 1716 ਈ. ਨੂੰ ਇਸ ਨੂੰ ਸ਼ਹੀਦ ਕੀਤਾ ਗਿਆ। ਸਿੱਖ ਧਰਮ ਵਿਚ ਦ੍ਰਿੜ੍ਹ ਨਿਸਚਾ ਰਖਣ ਵਾਲਾ ਬਾਜ ਸਿੰਘ ਧਰਮ ਲਈ ਸਭ ਕੁਝ ਨਿਛਾਵਰ ਕਰ ਦੇਣ ਵਾਲੇ ਸਿੰਘਾਂ ਵਿਚ ਵਿਸ਼ੇਸ਼ ਸਥਾਨ ਰਖਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2922, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਬਾਜ ਸਿੰਘ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਬਾਜ ਸਿੰਘ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਣ ਵਾਲਾ ਬਲ ਗੋਤ ਦਾ ਇਕ ਜੱਟ ਸੀ ਜੋ ਪਿੰਡ ਮੀਰਪੁਰ ਦਾ ਵਸਨੀਕ ਸੀ। ਇਸ ਨੇ ਗੁਰੂ ਘਰ ਦੀ ਬਹੁਤ ਸੇਵਾ ਕੀਤੀ।
ਸੰਨ 1707 ਵਿਚ ਗੁਰੂ ਸਾਹਿਬ ਨੇ ਬੰਦਾ ਬਹਾਦਰ ਨੂੰ ਸਿੰਘ ਸਜਾ ਕੇ ਪੰਜਾਬ ਦੇ ਜ਼ਾਲਮਾਂ ਦਾ ਨਾਸ਼ ਕਰਨ ਲਈ ਭੇਜਿਆ ਅਤੇ ਉਸ ਦੀ ਸਹਾਇਤਾ ਲਈ ਇਕ ਜੱਥਾ ਵੀ ਭੇਜਿਆ ਜਿਸ ਵਿਚ ਭਾਈ ਬਾਜ ਸਿੰਘ ਪਹਿਲੇ ਨੰਬਰ ਤੇ ਸੀ। ਇਸ ਨਾਲ ਚਾਰ ਹੋਰ ਸੂਰਬੀਰ ਬਾਬਾ ਬਿਨੋਦ ਸਿੰਘ, ਕਾਨ੍ਹ ਸਿੰਘ, ਰਾਮ ਸਿੰਘ ਤੇ ਬਿਜੈ ਸਿੰਘ ਵੀ ਸਨ। ਇਸ ਜੱਥੇ ਦੀ ਕਮਾਂਡ ਵੀ ਗੁਰੂ ਸਾਹਿਬ ਨੇ ਭਾਈ ਬਾਜ ਸਿੰਘ ਨੂੰ ਸੌਂਪੀ ਅਤੇ ਮਲਵਈ ਸਿੰਘਾਂ ਦੇ ਨਾਂ ਹੁਕਮਨਾਮੇ ਲਿਖਕੇ ਵੀ ਇਸ ਦੇ ਸਪੁਰਦ ਕੀਤੇ ਅਤੇ ਇਸ ਜੱਥੇ ਨੂੰ ਪੰਜਾਬ ਵੱਲ ਤੋਰਿਆ। u
ਗੁਰੂ ਸਾਹਿਬ ਦੇ ਹੁਕਮਨਾਮੇ ਜਦੋਂ ਵੱਖ ਵੱਖ ਇਲਾਕਿਆਂ ਦੇ ਸਿੱਖਾਂ ਕੋਲ ਪੁਜੇ ਤਾਂ ਉਹ ਸਾਰੇ ਜੱਥੇ ਲੈ ਕੇ ਬੰਦਾ ਬਹਾਦਰ ਦੀ ਕੁਮਕ ਨੂੰ ਚਲ ਪਏ। ਨਾਂਦੇੜ ਤੋਂ ਤੁਰਨ ਸਮੇਂ ਜਿਹੜਾ ਜੱਥਾ 25 ਸਿੰਘਾਂ ਦਾ ਸੀ ਉਹ ਹੌਲੀ ਹੌਲੀ ਸੈਂਕੜੇ ਤੇ ਫਿਰ ਹਜ਼ਾਰਾਂ ਵਿਚ ਬਦਲਦਾ ਗਿਆ ਜੋ ਸੋਨੀਪਤ ਤੇ ਕੈਥਲ ਵਿਚ ਦੀ ਹੁੰਦਾ ਹੋਇਆ ਸਮਾਣੇ ਪੁੱਜਾ। ਇਥੇ ਸਿੱਖ ਧਰਮ ਦੇ ਕਈ ਦੋਖੀ ਰਹਿੰਦੇ ਸਨ ਜਿਨ੍ਹਾਂ ਵਿਚ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਸੱਯਦ ਜਲਾਲ-ਉਦ-ਦੀਨ, ਸਰਹਿੰਦ ਵਿਖੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦ, ਸਾਸ਼ਲ ਬੇਗ ਤੇ ਬਾਸ਼ਲ ਬੇਗ ਸ਼ਾਮਲ ਸਨ। 11 ਨਵੰਬਰ, 1709 ਨੂੰ ਸਵੇਰੇ ਸਿੰਘਾਂ ਦੇ ਜੱਥੇ ਨੇ ਸਮਾਣਾ ਤਹਿਸ ਨਹਿਸ ਕਰ ਦਿੱਤਾ। ਇਸ ਉਪਰੰਤ ਇਹ ਘੁੜਾਮ, ਠਸਕਾ, ਮੁਸਤਫ਼ਾਬਾਦ, ਕਪੂਰੀ ਅਤੇ ਸਢੌਰਾ ਆਦਿ ਇਲਾਕਿਆਂ ਤੇ ਕਬਜ਼ਾ ਕਰਦੇ ਹੋਏ ਰੋਪੜ ਪੁੱਜ ਗਏ।
ਰੋਪੜ ਦੀ ਜਿੱਤ ਤੋਂ ਬਾਅਦ ਸਿੰਘਾਂ ਦਾ ਅਗਲਾ ਤੇ ਅਹਿਮ ਨਿਸ਼ਾਨਾ ਸਰਹਿੰਦ ਸੀ ਜਿਥੋਂ ਦੇ ਸੂਬੇਦਾਰ ਵਜ਼ੀਰ ਖਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ ਸੀ। ਇਸ ਲੜਾਈ ਲਈ ਦੁਆਬੇ ਅਤੇ ਮਾਝੇ ਦੇ ਸਿੱਖ ਵੀ ਪੁੱਜ ਗਏ।
12 ਮਈ, 1710 ਨੂੰ ਸਰਹਿੰਦ ਤੇ ਹਮਲਾ ਕਰਨ ਦਾ ਫੈਸਲਾ ਕੀਤਾ ਗਿਆ। ਸਰਹਿੰਦ ਤੋਂ 20 ਕਿ. ਮੀ. ਦੂਰ ਚਪੜ-ਚਿੜੀ ਦੇ ਮੈਦਾਨ ਵਿਚ ਸਿੱਖਾਂ ਦਾ ਵਜ਼ੀਰ ਖਾਂ ਦੀ ਫ਼ੌਜ ਨਾਲ ਟਾਕਰਾ ਹੋਇਆ ਜਿਸ ਵਿਚ ਮੁਗਲਈ ਫ਼ੌਜ ਦੇ ਸੱਜੇ ਪਾਸੇ ਦੀ ਕਮਾਂਡ ਸ਼ੇਰ ਮੁਹੰਮਦ ਖਾਂ, ਨਵਾਬ ਮਲੇਰਕੋਟਲਾ ਕੋਲ ਸੀ ਅਤੇ ਇਸ ਦੇ ਕੇਂਦਰ ਵਿਚ ਵਜ਼ੀਰ ਖਾਂ ਸੀ। ਸਿੱਖਾਂ ਵੱਲੋਂ ਸੱਜੇ ਪਾਸੇ ਦੀ ਕਮਾਂਡ ਭਾਈ ਬਾਜ ਸਿੰਘ ਅਤੇ ਖੱਬੇ ਪਾਸੇ ਦੀ ਭਾਈ ਬਿਨੋਦ ਸਿੰਘ ਕਰ ਰਿਹਾ ਸੀ ਜਦੋਂ ਕਿ ਬੰਦਾ ਬਹਾਦਰ ਵਜ਼ੀਰ ਖਾਂ ਦੇ ਮੁਕਾਬਲੇ ਲਈ ਕੇਂਦਰ ਵਿਚ ਸੀ। ਜਿਵੇਂ ਹੀ ਵਜ਼ੀਰ ਖਾਂ ਬੰਦਾ ਬਹਾਦਰ ਨਾਲ ਲੜਨ ਲਈ ਸਾਹਮਣੇ ਹੋਇਆ ਤਾਂ ਭਾਈ ਬਾਜ ਸਿੰਘ ਅਤੇ ਬਿਨੋਦ ਸਿੰਘ ਬੰਦਾ ਬਹਾਦਰ ਦੀ ਸਹਾਇਤਾ ਲਈ ਉਸ ਨਾਲ ਆ ਰਲੇ। ਇਸ ਲੜਾਈ ਵਿਚ ਵਜ਼ੀਰ ਖਾਂ ਮਾਰਿਆ ਗਿਆ ਜਿਸ ਬਾਰੇ ਵਿਦਵਾਨਾਂ ਦੀਆਂ ਵੱਖਰੀਆਂ ਵੱਖਰੀਆਂ ਰਾਵਾਂ ਹਨ। ਮੀਰ ਮੁਹੰਮਦ ਅਹਸਨ ਇਜਾਦ ਲਿਖਦਾ ਹੈ ਕਿ ਬਾਜ ਸਿੰਘ ਉਸ ਉੱਪਰ ਝਪਟਿਆ। ਵਜ਼ੀਰ ਖਾਂ ਨੇ ਉਸ ਨੂੰ ਬਰਛਾ ਮਾਰਿਆ ਪਰ ਬਾਜ ਸਿੰਘ ਨੇ ਇਹ ਫੜ ਲਿਆ ਅਤੇ ਉਹੀ ਬਰਛਾ ਉਸ ਨੇ ਮੁੜ ਵਜ਼ੀਰ ਖ਼ਾਂ ਨੂੰ ਮਾਰਿਆ ਜਿਹੜਾ ਉਸ ਦੇ ਘੋੜੇ ਦੇ ਸਿਰ ਵਿਚ ਲਗਾ। ਵਜ਼ੀਰ ਖ਼ਾਂ ਨੇ ਇਸ ਨੂੰ ਤੀਰ ਮਾਰਿਆ ਜੋ ਇਸ ਦੀ ਬਾਂਹ ਵਿਚ ਲਗਾ ਅਤੇ ਨਾਲ ਹੀ ਤਲਵਾਰ ਨਾਲ ਇਸ ਤੇ ਵਾਰ ਕੀਤਾ। ਇਸ ਦੀ ਸਹਾਇਤਾ ਲਈ ਝੱਟ ਫ਼ਤਹਿ ਸਿੰਘ ਪੁੱਜ ਗਿਆ ਅਤੇ ਉਸ ਨੇ ਵਜ਼ੀਰ ਖ਼ਾ ਦਾ ਇਕ ਮੋਢਾ ਲਾਹ ਸੁਟਿਆ ਅਤੇ ਵਜ਼ੀਰ ਖ਼ਾਂ ਮਰ ਗਿਆ। ਲਤੀਫ਼ ਅਨੁਸਾਰ ਉਸ ਦੀ ਮੌਤ ਤੀਰ ਨਾਲ ਹੋਈ। ਕਨ੍ਹੱਈਆ ਲਾਲ ਅਨੁਸਾਰ ਉਸ ਦੀ ਛਾਤੀ ਵਿਚ ਗੋਲੀ ਲਗੀ ਜਦੋਂ ਕਿ ਮੈਕਾਲਫ਼ ਲਿਖਦਾ ਹੈ ਕਿ ਬੰਦਾ ਬਹਾਦਰ ਨੇ ਉਸ ਦਾ ਸਿਰ ਕੱਟਿਆ। ਆਖ਼ਰ ਸਰਹਿੰਦ ਤੇ ਸਿੱਖਾਂ ਦਾ ਕਬਜ਼ਾ ਹੋ ਗਿਆ। ਸਰਹਿੰਦ ਉਸ ਸਮੇਂ 28 ਪਰਗਣਿਆਂ ਦਾ ਇਲਾਕਾ ਸੀ। ਬੰਦਾ ਬਹਾਦਰ ਨੇ ਬਾਜ ਸਿੰਘ ਨੂੰ ਇਸ ਦਾ ਗਵਰਨਰ ਨਿਯੁਕਤ ਕਰ ਦਿੱਤਾ।
ਜੁਲਾਈ, 1710 ਵਿਚ ਬਹਾਦਰ ਸ਼ਾਹ ਨੇ ਬੰਦਾ ਬਹਾਦਰ ਦੀਆਂ ਕਾਰਵਾਈਆਂ ਵਿਰੁੱਧ ਚੜ੍ਹਾਈ ਕੀਤੀ ਅਤੇ ਜੁਲਾਈ, 1710 ਵਿਚ ਉਸ ਨੇ ਸਰਹਿੰਦ ਵਿਖੇ ਆਪਣਾ ਗਵਰਨਰ ਲਾ ਦਿੱਤਾ। ਬਾਜ ਸਿੰਘ ਮੁੜ ਬੰਦਾ ਬਹਾਦਰ ਕੋਲ ਪੁੱਜ ਗਿਆ। 18 ਫ਼ਰਵਰੀ, 1712 ਵਿਚ ਬਹਾਦਰ ਸ਼ਾਹ ਦੀ ਮੌਤ ਨਾਲ ਸਿੱਖ ਇਕ ਵਾਰ ਫ਼ਿਰ ਉਭਰੇ। ਇਸ ਉਪਰੰਤ ਫ਼ਰੁਖ਼ਸੀਅਰ ਨੇ ਬੰਦਾ ਬਹਾਦਰ ਵਿਰੁੱਧ ਚੜ੍ਹਾਈ ਕੀਤੀ। ਉਸ ਨੇ ਲੋਹਗੜ੍ਹ ਤੇ ਕਬਜ਼ਾ ਕਰ ਲਿਆ। ਇਕ ਸਾਲ ਪਹਾੜਾਂ ਵਿਚ ਸ਼ਾਂਤੀ ਨਾਲ ਰਹਿਣ ਤੋਂ ਬਾਅਦ ਮੈਦਾਨਾਂ ਵਿਚ ਇਨ੍ਹਾਂ ਨੇ ਮੁੜ ਹਮਲੇ ਸ਼ੁਰੂ ਕਰ ਦਿੱਤੇ। ਬਟਾਲੇ ਤੇ ਕਲਾਨੌਰ ਵਿਚਕਾਰ ਇਨ੍ਹਾਂ ਦੀ ਫ਼ੌਜ ਨੂੰ ਅਬਦੁਲ ਸਮਦ ਖਾਂ ਦੀ ਫ਼ੌਜ ਨਾਲ ਟਾਕਰਾ ਕਰਨਾ ਪਿਆ। ਉਥੋਂ ਭੱਜ ਕੇ ਇਹ ਗੁਰਦਾਸਪੁਰ ਤੋਂ 6 ਕਿ. ਮੀ. ਦੂਰ ਗੁਰਦਾਸ ਨੰਗਲ ਵਿਖੇ ਦੁਨੀ ਚੰਦ ਦੀ ਹਵੇਲੀ ਵਿਚ ਪੁੱਜ ਗਏ। ਅੱਠ ਮਹੀਨੇ ਇਥੇ ਫ਼ੌਜ ਦਾ ਘੇਰਾ ਪਿਆ ਰਿਹਾ। ਇਥੇ ਸਿੱਖ ਫ਼ੌਜ ਨੇ ਬੜੇ ਤਸੀਹੇ ਝੱਲੇ। ਅਖ਼ੀਰ 7 ਦਸੰਬਰ, 1715 ਨੂੰ ਮੁਗ਼ਲ ਫ਼ੌਜ ਨੇ ਹਵੇਲੀ ਤੇ ਕਬਜ਼ਾ ਕਰ ਲਿਆ। ਬੰਦਾ ਬਹਾਦਰ, ਬਾਜ ਸਿੰਘ, ਬਿਨੋਦ ਸਿੰਘ ਸਹਿਤ 200 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਜਾਇਆ ਗਿਆ।
ਫ਼ਰੁਖ਼ਸੀਅਰ ਦੇ ਹੁਕਮ ਨਾਲ ਇਨ੍ਹਾਂ ਨੂੰ ਵੱਖ ਕਿਲੇ ਵਿਚ ਰੱਖਿਆ ਗਿਆ। 9 ਜੂਨ, 1716 ਨੂੰ ਬੰਦਾ ਬਹਾਦਰ, ਬਾਜ ਸਿੰਘ ਆਦਿ ਸਰਦਾਰਾਂ ਨੂੰ ਬਾਹਰ ਕੱਢਿਆ ਗਿਆ। ਇਤਿਹਾਸਕਾਰਾਂ ਅਨੁਸਾਰ ਬਾਜ ਸਿੰਘ ਨੂੰ ਵੀ ਇਥੇ ਹੀ ਸ਼ਹੀਦ ਕਰ ਦਿੱਤਾ ਗਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2237, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-01-12-20-07, ਹਵਾਲੇ/ਟਿੱਪਣੀਆਂ: ਹ. ਪੁ. -ਤ. ਗੁ. ਖਾ. ; ਮ. ਕੋ.; ਪੰਜਾਬ ਦਾ ਇਤਿਹਾਸ-ਭਗਤ ਸਿੰਘ-350-368; ਹਿ. ਸਿ. –ਹਰੀ ਰਾਮ ਗੁਪਤਾ 6.12.14
ਵਿਚਾਰ / ਸੁਝਾਅ
Bhai naj singh from pamar daynsty paur rajput sikh rajput
Rajesh singh salaria,
( 2024/09/23 09:0752)
Please Login First