ਬਾਵਨ ਅੱਖਰੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਾਵਨ ਅੱਖਰੀ: ਬਾਵਨ ਦਾ ਅਰਥ ਹੈ, ਬਵੰਜਾ।ਦੇਵਨਾਗਰੀ ਲਿਪੀ ਦੇ ਬਵੰਜਾ ਵਰਨ ਜਾਂ ਅੱਖਰ ਹਨ। ਬਾਵਨ ਅੱਖਰੀ ਇੱਕ ਵਿਸ਼ੇਸ਼ ਕਾਵਿ-ਸੰਰਚਨਾ ਹੈ ਜਿਸ ਨੂੰ ਦੇਵਨਾਗਰੀ ਵਰਨਮਾਲਾ ਦੇ ਬਵੰਜਾ ਵਰਣਾਂ ਵਿੱਚੋਂ ਹਰ ਇੱਕ ਨੂੰ ਵਾਰੀ-ਵਾਰੀ ਲੈ ਕੇ ਕਾਵਿ-ਬੰਦਾਂ ਦੀ ਰਚਨਾ ਕਰ ਕੇ ਉਹਨਾਂ ਨੂੰ ਇੱਕ ਲੰਬੇ ਪ੍ਰਬੰਧ ਵਿੱਚ ਬੰਨ੍ਹ ਦਿੱਤਾ ਜਾਂਦਾ ਹੈ। ਇਸ ਪ੍ਰਬੰਧ ਵਿੱਚ ਬੰਦ ਤੇ ਛੰਦ ਦੋਹਾਂ ਦਾ ਪਹਿਲਾ ਵਰਨ ਇਕੋ ਹੁੰਦਾ ਹੈ। ਉਦਾਹਰਨ ਲਈ ਇੱਕ ਬੰਦ ਦੀ ਅਰੰਭਿਕ ਤੁਕ ਇਹ ਹੈ :

          ਧਧਾ ਧਾਵਤ ਤਉ ਮਿਟੈ ਸੰਤ ਸੰਗ ਹੋਇ ਬਾਸੁ॥

     ਇਸ ਵਿੱਚ ਬੰਦ ਤੇ ਛੰਦ ਦੋਹਾਂ ਵਿੱਚ ਹੀ ਪਹਿਲਾ ਵਰਨ ਧੱਧਾ ਹੈ। ਬਾਵਨ ਅੱਖਰੀ ਦੀ ਪਰੰਪਰਾ ਦਾ ਇੱਕ ਸਿਰਾ ਸੀਹਰਫੀ ਨਾਲ ਜਾ ਜੁੜਦਾ ਹੈ ਤੇ ਦੂਜਾ ਸਿਰਾ ਪੱਟੀ ਨਾਲ। ਗੁਰੂ ਗ੍ਰੰਥ ਸਾਹਿਬ ਵਿੱਚ ਬਾਵਨ ਅੱਖਰੀ ਸਿਰਲੇਖ ਵਾਲੀਆਂ ਦੋ ਰਚਨਾਵਾਂ ਦਰਜ ਹਨ। ਇਹਨਾਂ ਦੇ ਰਚੇਤਾ ਭਗਤ ਕਬੀਰ ਅਤੇ ਗੁਰੂ ਅਰਜਨ ਦੇਵ   ਹਨ। ਇਹ ਰਚਨਾਵਾਂ ਗਉੜੀ ਰਾਗ ਵਿੱਚ ਹਨ। ਭਾਵੇਂ ਇਹ ਹਿੰਦੀ ਦੇਵਨਾਗਰੀ ਵਰਨਮਾਲਾ ਉੱਤੇ ਆਧਾਰਿਤ ਹਨ ਪਰੰਤੂ ਇਹ ਪੰਜਾਬੀ ਰਚਨਾਵਾਂ ਹਨ। ਕਬੀਰ ਜੀ ਦੀ ਬਾਵਨ ਅੱਖਰੀ ਵਿੱਚ ਪੰਜਤਾਲੀ ਬੰਦ ਹਨ। ਇਸ ਤਰ੍ਹਾਂ ਦੇਵਨਾਗਰੀ ਵਰਨਮਾਲਾ ਦੇ ਸਾਰੇ ਵਰਨਾਂ ਦੀ ਵਰਤੋਂ ਇਹਨਾਂ ਰਚਨਾਵਾਂ ਵਿੱਚ ਇੱਕ ਕਠੋਰ ਨੇਮ ਨਹੀਂ ਬਣਦੀ। ਦੋਵੇਂ ਹੀ ਰਚਨਾਵਾਂ ਵਿੱਚ ਦੇਵਨਾਗਰੀ ਵਰਨਮਾਲਾ ਦੀ ਅਜੋਕੀ ਤਰਤੀਬ ਨੂੰ ਵੀ ਨਹੀਂ ਅਪਣਾਇਆ ਗਿਆ। ਮੋਟੇ ਰੂਪ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਰਚਨਾਵਾਂ ਦਾ ਸੰਰਚਨਾਤਮਿਕ ਪ੍ਰਬੰਧ ਦੇਵਨਾਗਰੀ ਵਰਨਮਾਲਾ ਦੇ ਆਧਾਰ ਉੱਤੇ ਖੜ੍ਹਾ ਹੈ। ਦੋਹਾਂ ਰਚਨਾਵਾਂ ਨੂੰ ਰਾਗ ਵਿੱਚ ਦਰਜ ਕਰ ਕੇ ਪ੍ਰਗੀਤ ਵਜੋਂ ਉਸਾਰਿਆ ਗਿਆ ਹੈ। ਦੋਵੇਂ ਬਾਵਨ ਅੱਖਰੀਆਂ ਗੰਭੀਰ ਦਾਰਸ਼ਨਿਕ, ਅਧਿਆਤਮਿਕ ਵਿਚਾਰਾਂ ਨੂੰ ਪੇਸ਼ ਕਰਦੀਆਂ ਹਨ। ਕਬੀਰ ਤੇ ਗੁਰੂ ਅਰਜਨ ਦੇਵ ਦੋਹਾਂ ਨੇ ਜਨ-ਸਧਾਰਨ ਦੇ ਆਪਣੀ ਪਰੰਪਰਾ ਪ੍ਰਤਿ ਸਹਿਜ ਮੋਹ ਤੇ ਪਰੰਪਰਾ ਦੀ ਆਮ ਆਦਮੀ ਉੱਤੇ ਸਹਿਜ ਪਕੜ ਦਾ ਲਾਭ ਉਠਾਉਣ ਲਈ ਬਾਵਨ ਅੱਖਰੀ ਕਾਵਿ-ਰੂਪ ਦਾ ਪ੍ਰਯੋਗ ਕੀਤਾ ਹੈ।

     ਬਾਵਨ ਅੱਖਰੀ ਦੇ ਰੂਪ ਵਿੱਚ ਪੇਸ਼ ਉਕਤ ਰਚਨਾਵਾਂ ਆਕਾਰ ਵਿੱਚ ਲੰਬੀਆਂ ਹੋਣ ਦੇ ਬਾਵਜੂਦ ਕਿਸੇ ਇੱਕ ਨਿਸ਼ਚਿਤ ਬਿਰਤਾਂਤ ਨੂੰ ਉਸਾਰਨ ਜਾਂ ਕਿਸੇ ਇੱਕ ਦ੍ਰਿਸ਼ ਨੂੰ ਵਰਣਨ ਕਰਨ ਵੱਲ ਰੁਚਿਤ ਨਹੀਂ। ਇਹ ਤਾਂ ਅੱਗੋਂ ਛੋਟੇ-ਛੋਟੇ ਬੰਦਾਂ ਵਿੱਚ ਟੁੱਟ ਕੇ ਰਚਨਾਕਾਰਾਂ ਦੇ ਮਨ ਵਿੱਚ ਉੱਭਰੇ ਗੰਭੀਰ ਦਾਰਸ਼ਨਿਕ ਸੱਚ ਨੂੰ ਪੇਸ਼ ਕਰਨ ਵੱਲ ਰੁਚਿਤ ਹਨ। ਇਸ ਸੱਚ ਦੀ ਪੇਸ਼ਕਾਰੀ ਸਮੇਂ ਇਹ ਸ੍ਰੋਤਾ ਦੀ ਹਾਜ਼ਰੀ ਜਾਂ ਗ਼ੈਰ-ਹਾਜ਼ਰੀ ਤੋਂ ਬੇਖ਼ਬਰ ਵਿਚਰਦੀਆਂ ਹਨ। ਇਹ ਅਡੋਲ ਬਿਰਤੀ ਬਾਵਨ ਅੱਖਰੀ ਨੂੰ ਸ਼ਾਸਤਰੀ ਰੂਪ ਵਿੱਚ ਪ੍ਰਗੀਤ ਕਾਵਿ ਦੀ ਇੱਕ ਵੰਨਗੀ ਵਜੋਂ ਸਥਾਪਿਤ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹਿੰਦੀ ਸਾਹਿਤ ਵਿੱਚ ਹੀ ਬਾਵਨ ਅੱਖਰੀ ਦੀ ਰਚਨਾ ਹੋਈ ਹੈ। ਇਹਨਾਂ ਸਾਰੀਆਂ ਰਚਨਾਵਾਂ ਦਾ ਵਿਸ਼ਾ ਮੁੱਖ ਰੂਪ ਵਿੱਚ ਉਪ- ਦੇਸ਼ਾਤਮਿਕ ਹੀ ਹੈ।

             ਲਿਪੀ ਤੇ ਭਾਸ਼ਾ ਪੱਖੋਂ ਗੁਰੂ ਅਰਜਨ ਦੇਵ ਤੇ ਭਗਤ ਕਬੀਰ ਦੀ ਬਾਵਨ ਅੱਖਰੀ ਦਾ ਤੁਲਨਾਤਮਿਕ ਅਧਿਐਨ ਸਪਸ਼ਟ ਕਰਦਾ ਹੈ ਕਿ ਕਬੀਰ ਨਾਲੋਂ ਗੁਰੂ ਅਰਜਨ ਦੇਵ ਦੀ ਰਚਨਾ ਵਰਨਾਂ ਦੀ ਗਿਣਤੀ, ਤਰਤੀਬ ਤੇ ਸ਼ਾਸਤਰੀ ਨੇਮ ਵਿਧਾਨ ਹਰ ਪੱਖੋਂ ਬਾਵਨ ਅੱਖਰੀ ਦੀ ਰੂਹ ਦੇ ਵਧੇਰੇ ਨੇੜੇ ਹੈ। ਕਬੀਰ ਨੇ (ੜਾ) ਦਾ ਪ੍ਰਯੋਗ ਨਹੀਂ ਕੀਤਾ। ਗੁਰੂ ਅਰਜਨ ਦੇਵ ਦੀ ਬਾਵਨ ਅੱਖਰੀ ਵਿੱਚ (ੜਾ) ਦਾ ਜ਼ਿਕਰ ਹੈ। ਕਬੀਰ ਦੀ ਰਚਨਾ ਦੇ 45 ਬੰਦ ਹੀ ਹਨ ਤੇ ਇਸ ਲਈ ਇਸ ਵਿੱਚ ਸੰਪੂਰਨ ਵਰਨਮਾਲਾ ਦੀ ਵਰਤੋਂ ਨਹੀਂ।ਗੁਰੂ ਅਰਜਨ ਦੇਵ ਦੀ ਬਾਵਨ ਅੱਖਰੀ ਵਿੱਚ ਵਰਨਾਂ ਦਾ ਕ੍ਰਮ ਇਸ ਪ੍ਰਕਾਰ ਹੈ :

                     ਓ      ਸ       ਧ        ਙ

                     ਏ      ਏ       ਰੇ        ਰਾ

                     ਲ      ਲ       ਆ       ਯ       ਙ

                     ਕ      ਖ       ਗ       ਘ       ਙ

                     ਚ      ਛ       ਜ        ਝ        ਞ

                     ਟ      ਠ       ਡ        ਢ        ਣ

                     ਤ      ਥ       ਦ        ਧ        ਨ

                     ਪ      ਫ       ਬ        ਭ        ਮ (ਦੋ ਵਾਰ)

                     ਯ      ਰ       ਲ       ਵ        ੜ

                     ਸ਼      ਖ       ਸ        ਹ

                     ਲ      ਖ       ਅ       ਹ

     ਵਰਨਾਂ ਦਾ ਦੁਹਰਾਅ ਦੇਵਨਾਗਰੀ ਲਿਪੀ ਦੇ ਸਵਰਾਂ ਤੇ ਵਿਅੰਜਨਾਂ ਦੇ ਬਦਲਵੇਂ ਉਚਾਰਨ ਅਤੇ ਪੰਜਾਬੀ ਨਾਲੋਂ ਵੱਖਰੀਆਂ ਧੁਨੀਆਂ ਵੱਲ ਸੰਕੇਤ ਕਰਦਾ ਹੈ। ਭਾਸ਼ਾ ਵਿਗਿਆਨੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਹਨਾਂ ਬਾਵਨ ਅੱਖਰੀਆਂ ਦੇ ਗੰਭੀਰ ਅਧਿਐਨ ਤੋਂ ਗੁਰਮੁਖੀ ਤੇ ਦੇਵਨਾਗਰੀ ਵਰਨਮਾਲਾ ਬਾਰੇ ਕਈ ਮਹੱਤਵਪੂਰਨ ਨਿਰਣੇ ਪ੍ਰਾਪਤ ਕਰ ਸਕਦੇ ਹਨ।


ਲੇਖਕ : ਕੁਲਦੀਪ ਸਿੰਘ ਧੀਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10935, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਬਾਵਨ ਅੱਖਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਵਨ ਅੱਖਰੀ [ਨਿਇ] (ਗੁਰ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇੱਕ ਬਾਣੀ ਜਿਸ ਦੇ ਸ਼ਬਦ ਵਰਨ-ਮਾਲ਼ਾ ਦੇ 52 ਅੱਖਰਾਂ ਨਾਲ਼ ਅਰੰਭ ਹੁੰਦੇ ਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10927, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਾਵਨ ਅੱਖਰੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬਾਵਨ ਅੱਖਰੀ : ‘ਬਾਵਨ’ ਦੇ ਅਰਥ ਹਨ ਬਵੰਜਾ (52) ਤੇ ‘ਬਾਵਨ ਅੱਖਰੀ’ ਦਾ ਮਤਲਬ ਉਹ ਕਾਵਿ–ਰਚਨਾ ਜਿਸ ਵਿਚ ਬਵੰਜਾ ਅੱਖਰਾਂ ਦਾ ਵਿਆਖਿਆ ਸਹਿਤ ਉਪਦੇਸ਼ ਦਿੱਤਾ ਗਿਆ ਹੋਵੇ ਜਾਂ ਛੰਦ ਰਚੇ ਗਏ ਹੋਣ। ਕਬੀਰ ਸਾਹਿਬ ਨੇ ਆਖਿਅ ‘ਬਾਵਨ ਅੱਖਰ ਸੋਧਿ ਕੈ ਹਰਿ ਚਰਨੀ ਚਿਤੁ ਲਾਇ’ (ਸਲੋਕ–ਕਬੀਰ)। ਕਵਿਤਾ ਦਾ ਹਰ ਬੰਦ ਜਾਂ ਛੰਦ, ਕ੍ਰਮ ਅਨੁਸਾਰ, ਇਕ ਅੱਖਰ ਨਾਲ ਸ਼ੁਰੂ ਹੁੰਦਾ ਹੈ ਤੇ ਕਈ ਵਾਰ ਉਸ ਸ਼ਬਦ ਨਾਲ ਹੁੰਦਾ ਹੈ ਜਿਸ ਦਾ ਮੁੱਢਲਾ ਇਹ ਖ਼ਾਸ ਅੱਖਰ ਹੁੰਦਾ ਹੈ। ਮਿਸਾਲ ਦੇ ਤੌਰ ਤੇ ਗਉੜੀ ਬਾਵਨ ਅੱਖਰੀ ਮ. 5 ਵਿਚ ਧੱਧਾ ਅੱਖਰ ਵਾਲਾ ਛੰਦ ਇੰਜ ਸ਼ੁਰੂ ਹੁੰਦਾ ਹੈ :

                   ਧਧਾ ਧਾਵਤ ਤਉ ਮਿਟੈ ਸੰਤ ਸੰਗ ਹੋਇ ਬਾਸੁ।

          ਛੰਦ ਦਾ ਪਹਿਲਾ ਅੱਖਰ ‘ਧੱਧਾ’ (ਧ) ਹੈ ਤੇ ਛੰਦ ਜਿਸ ਸ਼ਬਦ (ਧਾਵਤ) ਨਾਲ ਸ਼ੁਰੂ ਹੁੰਦਾ ਹੈ ਉਸ ਦਾ ਪਹਿਲਾ ਅੱਖਰ ਵੀ ‘ਧੱਧਾ’ ਹੈ। ਬਾਕੀ ਅੱਖਰਾਂ ਲਈ ਵੀ ਇਹੋ ਵਿਧੀ ਨਿਰੰਤਰ ਚਲਦੀ ਹੈ।

          ਗੁਰੂ ਗ੍ਰੰਥ ਸਾਹਿਬ ਦੇ ਰਾਗ ਗਉੜੀ ਵਿਚ ਗੁਰੂ ਅਰਜਨ ਸਾਹਿਬ ਦੀ ਰਚਨਾ ਤੇ ਕਬੀਰ ਸਾਹਿਬ ਜੀ ਦੀ ਬਾਣੀ ਵਿਚ ਬਾਵਨ ਅੱਖਰੀਆਂ ਮਿਲਦੀਆਂ ਹਨ ਪਰ ਇਨ੍ਹਾਂ ਵਿਚ ਸੰਸਕ੍ਰਿਤ ਅੱਖਰਾਂ ਦੀ ਗਿਣਤੀ ਪੂਰੀ ਨਹੀਂ ਅਤੇ ਨਾ ਹੀ ਪ੍ਰਚੱਲਿਤ ਅੱਖਰ–ਕ੍ਰਮ ਹੈ। ਬਾਵਨ ਅੱਖਰੀ ਵਾਂਗ ਪੰਜਾਬੀ ਵਰਣਮਾਲਾ ਦੇ ਪੈਂਤੀ ਅੱਖਰਾਂ ਅਨੁਸਾਰ ਲਿਖਿਆ ਕਾਵਿ ‘ਪੈਂਤੀ ਅੱਖਰੀ’ ਜਾਂ ‘ਪੱਟੀ’ ਅਖਵਾਉਣ ਲੱਗ ਪਿਆ। ਉਰਦੂ–ਫ਼ਾਰਸੀ ਤੋਂ ਪ੍ਰਭਾਵਿਤ ਪੰਜਾਬੀ ਕਵੀਆਂ ਦੀਆਂ ਲਿਖੀਆਂ ਸੀਹਰਫ਼ੀਆਂ ਵੀ ਮਿਲਦੀਆਂ ਹਨ। (ਵੇਖੋ ਪੈਂਤੀ ਅੱਖਰੀ, ਪੱਟੀ, ਸੀਹਰਫ਼ੀ)।

          ਬਾਵਨ ਅੱਖਰੀਆਂ ਸਾਧਾਰਣ ਤੌਰ ਤੇ ਅਧਿਆਤਮਕ ਉਪਦੇਸ਼ ਦੇਣ ਲਈ ਲਿਖੀਆਂ ਗਈਆਂ ਹਨ।


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਬਾਵਨ ਅੱਖਰੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬਾਵਨ ਅੱਖਰੀ : ਇਹ ਕਾਵਿ ਦਾ ਇਕ ਅਜਿਹਾ ਰੂਪ ਹੈ ਜਿਸ ਵਿਚ ਦੇਵਨਾਗਰੀ ਦੇ ਬਵੰਜਾ ਅੱਖਰਾਂ ਦੇ ਕ੍ਰਮ ਅਨੁਸਾਰ ਕਾਵਿ ਬੰਦਾਂ ਜਾਂ ਸ਼ਬਦਾਂ ਦੀ ਰਚਨਾ ਕੀਤੀ ਜਾਂਦੀ ਹੈ। ਗੁਰਮੁਖੀ ਅੱਖਰਾਂ ਦੀ ਤਰਤੀਬ ਅਨੁਸਾਰ ਪੱਟੀ ਅਤੇ ਫ਼ਾਰਸੀ ਲਿਪੀ ਦੇ 30 ਅੱਖਰਾਂ ਦੀ ਤਰਤੀਬ ਅਨੁਸਾਰ ਸੀਹਰਫ਼ੀ ਵੀ ਇਸੇ ਤਰ੍ਹਾਂ ਦੀ ਕਾਵਿ ਰਚਨਾ ਹੈ। ਗਉੜੀ ਰਾਗ ਵਿਚ ਭਗਤ ਕਬੀਰ ਜੀ ਦੀ ਬਾਵਨ ਅੱਖਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 340 ਤੋਂ 343 ਤਕ ਦਰਜ ਹੈ ਅਤੇ ਇਸੇ ਰਾਗ ਵਿਚ ਗੁਰੂ ਅਰਜਨ ਦੇਵ ਜੀ ਦੀ ਬਾਵਨ ਅੱਖਰੀ ਪੰਨਾ 250 ਤੋਂ 262 ਤਕ ਅੰਕਿਤ ਕੀਤੀ ਹੋਈ ਹੈ। ਗੁਰੂ ਅਰਜਨ ਦੇਵ ਜੀ ਦੁਆਰਾ ਰਚੀ ਬਾਵਨ ਅੱਖਰੀ ਵਿਚ ਅੱਖਰਾਂ ਦੀ ਗਿਣਤੀ 52 ਨਹੀਂ ਬਣਦੀ ਅਤੇ ਇਸ ਦੀ ਤਰਤੀਬ ਹੇਠ ਲਿਖੇ ਅਨੁਸਾਰ ਹੈ :– 

(ਓ,ਸ,ਧ,ਙ), ਏ, ਏ, ਰੇ, ਰਾ, ਲ, 

ਲ, ਆ, ਯ, ਙ, ਕ, ਖ, ਗ, ਘ, ਙ

ਚ, ਛ, ਜ, ਝ, ਞ, ਟ, ਠ, ਡ, ਢ, ਣ

ਤ, ਥ, ਦ, ਧ, ਨ, ਪ, ਫ, ਬ, ਭ, ਮ, (ਦੋ ਵਾਰੀ)

ਯ, ਰ, ਲ, ਵ, ੜ, ਸ, ਖ, ਸ, ਹ, ਲ, 

ਖ, ਅ, ਹ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6106, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-06-10-42-03, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਪੰ. ਸਾ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.