ਬਿਦਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬਿਦਰ (ਨਗਰ): ਕਰਨਾਟਕ ਪ੍ਰਦੇਸ਼ ਦਾ ਇਕ ਜ਼ਿਲ੍ਹਾ ਨਗਰ, ਜਿਥੇ ਗੁਰੂ ਨਾਨਕ ਦੇਵ ਜੀ ਆਪਣੀ ਦੱਖਣ ਦੀ ਉਦਾਸੀ ਵੇਲੇ ਪਧਾਰੇ ਸਨ ਅਤੇ ਉਨ੍ਹਾਂ ਦੀ ਯਾਦ ਵਿਚ ‘ਗੁਰਦੁਆਰਾ ਸ੍ਰੀ ਨਾਨਕ ਝੀਰਾ ਸਾਹਿਬ’ ਸਥਾਪਿਤ ਹੈ। ਇਸ ਨਗਰ ਵਿਚ ਗੁਰੂ ਜੀ ਦੀ ਆਮਦ ਵੇਲੇ ਬਹਮਨੀ ਸਲਤਨਤ ਦੀ ਰਾਜਧਾਨੀ ਸੀ। ਗੁਰੂ ਜੀ ਨੇ ਬਿਦਰ ਨਗਰ ਵਿਚ ਪਹੁੰਚ ਕੇ ਇਕ ਪਹਾੜੀ ਦੇ ਹੇਠਾਂ ਕਰਕੇ ਮੁਸਲਮਾਨ ਫ਼ਕੀਰਾਂ ਦੀ ਖ਼ਾਨਕਾਹ ਕੋਲ ਡੇਰਾ ਲਗਾ ਦਿੱਤਾ। ਕੁਝ ਦੇਰ ਬਾਦ ਮਰਦਾਨੇ ਨੇ ਰਬਾਬ ਵਿਚੋਂ ਸੁਰ ਕਢੀ ਅਤੇ ਗੁਰੂ ਨਾਨਕ ਦੇਵ ਜੀ ਨੇ ਬਾਣੀ ਦਾ ਉਚਾਰਣ ਸ਼ੁਰੂ ਕੀਤਾ। ਸਾਰਾ ਵਾਤਾਵਰਣ ਵਿਸਮਾਦੀ ਹੋ ਗਿਆ। ਖ਼ਾਨਕਾਹ ਵਿਚ ਬੈਠੇ ਪੀਰ ਜਲਾਲੁੱਦੀਨ ਦਾ ਧਿਆਨ ਉਧਰ ਨੂੰ ਗਿਆ। ਉਹ ਗੁਰੂ ਜੀ ਕੋਲ ਆਇਆ ਅਤੇ ਵਿਚਾਰ-ਵਟਾਂਦਰਾ ਕੀਤਾ। ਗੁਰੂ ਜੀ ਤੋਂ ਪ੍ਰਭਾਵਿਤ ਹੋਏ ਉਸ ਦੇ ਮੁਰੀਦਾਂ ਅਤੇ ਹੋਰ ਲੋਕਾਂ ਨੇ ਗੁਰੂ ਜੀ ਨੂੰ ਪ੍ਰਾਰਥਨਾ ਕੀਤੀ ਕਿ ਇਸ ਥਾਂ ਦਾ ਪਾਣੀ ਖਾਰਾ ਹੈ। ਸਾਨੂੰ ਇਸ ਸੰਕਟ ਤੋਂ ਮੁਕਤ ਕਰਾਉ। ਸਥਾਨਕ ਰਵਾਇਤ ਅਨੁਸਾਰ ਗੁਰੂ ਜੀ ਨੇ ਇਕ ਪੱਥਰ ਨੂੰ ਚੁਕਿਆ। ਉਸ ਦੇ ਹੇਠੋਂ ਮਿੱਠੇ ਜਲ ਦਾ ਚਸ਼ਮਾ (ਝਰਨਾ) ਫੁਟ ਨਿਕਲਿਆ। ਲੋਕਾਂ ਵਿਚ ਇਸ ਦਾ ਨਾਂ ‘ਨਾਨਕ ਝੀਰਾਂ’ ਪ੍ਰਚਲਿਤ ਹੋਇਆ। ਗੁਰੂ ਨਾਨਕ ਦੇਵ ਜੀ ਦੇ ਚਲੇ ਜਾਣ ਤੋਂ ਬਾਦ ਮੁਸਲਮਾਨ ਪੀਰਾਂ ਨੇ ਉਸ ਝਰਨੇ ਦੀ ਵਿਵਸਥਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨਾਲ ਨਾਂਦੇੜ ਨੂੰ ਗਈ ਮਾਈ ਭਾਗੋ ਜਦੋਂ ਗੁਰੂ ਜੀ ਦੇ ਮਹਾਪ੍ਰਸਥਾਨ ਤੋਂ ਬਾਦ ਬਿਦਰ ਤੋਂ ਅੱਠ ਕਿ.ਮੀ ਦੀ ਵਿਥ ਉਤੇ ਜਨਵਾੜਾ ਨਾਂ ਦੇ ਪਿੰਡ ਵਿਚ ਆ ਵਸੀ, ਤਾਂ ਉਥੋਂ ਉਹ ਨਾਨਕ ਝੀਰਾ ਦੀ ਯਾਤ੍ਰਾ ਕਰਨ ਲਈ ਕਈ ਵਾਰ ਆਉਂਦੀ ਰਹੀ ।
ਮੁਸਲਿਮ ਰਿਆਸਤ ਹੋਣ ਕਰਕੇ ਇਹ ਝੀਰਾ ਪੀਰ ਦੇ ਮੁਰਸ਼ਿਦਾਂ ਨੇ ਆਪਣੇ ਅਧਿਕਾਰ ਵਿਚ ਹੀ ਰਖਿਆ ਅਤੇ ਇਸ ਦਾ ਨਾਂ ‘ਚਸ਼ਮੇ ਸ਼ਾਹਦਾਦ’ ਰਖ ਦਿੱਤਾ। ਸੰਨ 1947 ਈ. ਵਿਚ ਜਦੋਂ ਹੈਰਦਾਬਾਦ ਰਿਆਸਤ ਉਤੇ ਪੁਲਿਸ ਐਕਸ਼ਨ ਹੋਇਆ, ਤਾਂ ਸਿੱਖ ਸੈਨਾ ਨੇ ਸੰਨ 1948 ਈ. ਵਿਚ ਇਸ ਝੀਰੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਸੰਗਤ ਦੇ ਬੈਠਣ ਲਈ ਇਕ ਬੈਰਕ ਬਣਾ ਲਈ। ਸੰਨ 1950 ਈ. ਵਿਚ ਅਦਾਲਤ ਵਲੋਂ ਸਥਾਈ ਤੌਰ ’ਤੇ ਇਹ ਧਰਮ- ਧਾਮ ਸਿੱਖਾਂ ਦੇ ਹਵਾਲੇ ਕਰ ਦਿੱਤਾ ਗਿਆ। ਸ. ਬਿਸ਼ਨ ਸਿੰਘ ਹੈਦਰਾਬਾਦ ਵਾਲੇ ਦੀ ਪ੍ਰਧਾਨਗੀ ਅਧੀਨ ‘ਗੁਰਦੁਆਰਾ ਕਮੇਟੀ ਸ੍ਰੀ ਨਾਨਕ ਝੀਰਾ ਸਾਹਿਬ’ ਬਣਾਈ ਗਈ। ਸੰਨ 1966 ਈ. ਵਿਚ ਹਰਿਮੰਦਿਰ ਸਾਹਿਬ ਦੀ ਇਮਾਰਤ ਮੁਕੰਮਲ ਹੋਈ। ਫਿਰ ਸਹਿਜੇ ਸਹਿਜੇ ਗੁਰੂ ਨਾਨਕ ਬਿਸਰਾਮ ਘਰ , ਗੁਰੂ ਨਾਨਕ ਹਸਪਤਾਲ , ਅਜਾਇਬ ਘਰ, ਲੰਗਰ , ਸਰੋਵਰ ਅਤੇ ਅੰਮ੍ਰਿਤ ਕੁੰਡ ਦੀ ਉਸਾਰੀ ਹੁੰਦੀ ਗਈ। ਹੁਣ ਇਸ ਗੁਰੂ-ਧਾਮ ਦੀ ਇਕ ਵਿਸ਼ਾਲ ਇਮਾਰਤ ਉਸਰ ਚੁਕੀ ਹੈ ਅਤੇ ਇਕ ਇੰਜੀਨੀਅਰਿੰਗ ਕਾਲਜ ਦੀ ਸਥਾਪਨਾ ਵੀ ਹੋ ਚੁਕੀ ਹੈ। ਇਸ ਦਾ ਪ੍ਰਬੰਧ ਦੱਖਣ ਦੇ ਮੁੱਖ ਨਗਰਾਂ (ਹੈਦਰਾਬਾਦ, ਵਾਰੰਗਲ, ਬੰਬਈ, ਨਾਂਦੇੜ) ਦੇ ਪ੍ਰਤਿਨਿਧੀਆਂ ਦੀ ਕਮੇਟੀ ਕਰਦੀ ਹੈ। ਗੁਰੂ ਨਾਨਕ ਦੇਵ ਜੀ ਦਾ ਜਨਮ-ਪੁਰਬ ਅਤੇ ਹੋਲਾ ਮਹੱਲਾ ਵਿਸ਼ੇਸ਼ ਤੌਰ’ਤੇ ਇਥੇ ਮੰਨਾਏ ਜਾਂਦੇ ਹਨ। ਇਨ੍ਹਾਂ ਮੌਕਿਆਂ ਉਤੇ ਦੂਰੋਂ ਦੂਰੋਂ ਸੰਗਤ ਆਉਂਦੀ ਹੈ। ਇਸ ਗੁਰੂ-ਧਾਮ ਦੇ ਦਰਸ਼ਨ ਕਰਨ ਨਾਲ ਪੱਛਮੀ ਪੰਜਾਬ ਵਿਚ ਰਹਿ ਗਏ ਗੁਰਦੁਆਰਾ ਪੰਜਾ ਸਾਹਿਬ ਦੀ ਯਾਦ ਤਾਜ਼ੀ ਹੋ ਜਾਂਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3518, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਬਿਦਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬਿਦਰ (ਸੰ.। ਸੰਸਕ੍ਰਿਤ ਵਿਦੁਰ। ਪੰਜਾਬੀ ਬਿਦਰ) ਇਕ ਭਗਤ ਦਾ ਨਾਉਂ ਹੈ। ਯਥਾ-‘ਜਿਉ ਕ੍ਰਿਸਨੁ ਬਿਦਰ ਘਰਿ ਆਇਆ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3518, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First