ਬਿਲ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Bills ਬਿਲ: ਕੋਈ ਅਜਿਹਾ ਟੈਕਸ ਜਾਂ ਕਰ ਲਗਾਉਣ ਲਈ ਜਿਸ ਵਿਚ ਰਾਜਾਂ ਦਾ ਹਿੱਤ ਵੀ ਹੋਵੇ, ਸਬੰਧੀ ਕੋਈ ਬਿਲ ਰਾਸ਼ਟਰਪਤੀ ਦੀਆਂ ਸਿਫ਼ਾਰਸ਼ਾਂ ਤੋਂ ਛੁੱਟ ਸੰਸਦ ਦੇ ਕਿਸੇ ਸਦਨ ਵਿਚ ਪੇਸ਼ ਨਹੀਂ ਕੀਤਾ ਜਾਵੇਗਾ। ਅਜਿਹੇ ਐਕਸ ਜਾਂ ਕਰ ਦਾ ਭਾਵ ਜਿਸਦੀ ਨਿਰੋਲ ਆਮਦਨ ਪੂਰੀ ਦੀ ਪੂਰੀ ਜਾਂ ਅੰਸ਼ਿਕ ਰੂਪ ਵਿਚ ਕਿਸੇ ਰਾਜ ਨੂੰ ਸੌਂਪੀ ਜਾਣੀ ਹੋਵੇ ਤੋਂ ਹੈ ਅਤੇ ਉਸ ਟੈਕਸ ਜਾਂ ਕਰ ਤੋਂ ਹੈ ਜਿਸਦੀਆਂ ਰਕਮਾਂ ਹਾਲ ਦੀ ਘੜੀ ਭਾਰਤ ਦੇ ਸੰਚਿਤ ਫ਼ੰਡ ਵਿਚੋਂ ਕਿਸੇ ਰਾਜ ਨੂੰ ਅਦਾਇਗੀਯੋਗ ਹਨ। ਲੋਕ ਸਭਾ ਦੁਆਰਾ ਦਿੱਤੀਆਂ ਜਾਣ ਵਾਲੀਆਂ ਗ੍ਰਾਂਟਾਂ ਲਈ ਅਤੇ ਭਾਰਤ ਦੇ ਸੰਚਿਤ ਫ਼ੰਡ ਤੋਂ ਵਸੂਲੀਯੋਗ ਰਕਮਾਂ ਲਈ ਲੋਕ ਸਭਾ ਦੁਆਰਾ ਨਮਿੱਤਣ ਬਿਲ ਪੇਸ਼ ਕੀਤੇ ਜਾਂਦੇ ਹਨ।
ਜਦੋਂ ਕੋਈ ਬਿਲ ਕਿਸੇ ਰਾਜ ਦੀ ਵਿਧਾਨ ਸਭਾ ਜਾਂ ਵਿਧਾਨ ਪਰਿਸਦ ਹੋਂਦ ਦੀ ਸੂਰਤ ਵਿਚ ਦੋਹਾਂ ਸਦਨਾਂ ਦੁਆਰਾ ਪਾਸ ਕਰ ਦਿੱਤਾ ਜਾਂਦਾ ਹੈ ਤਾਂ ਇਹ ਰਾਜਪਾਲ ਨੂੰ ਭੇਜਿਆ ਜਾਂਦਾ ਹੈ ਤਾਂ ਰਾਜਪਾਲ ਜਾਂ ਤਾਂ ਬਿਲ ਨੂੰ ਪਰਵਾਨ ਕਰ ਦਿੰਦਾ ਹੈ ਜਾਂ ਉਹ ਬਿਲ ਨੂੰ ਪਰਵਾਨਗੀ ਲਈ ਰੋਕ ਸਕਦਾ ਹੈ ਜਾਂ ਇਸ ਨੂੰ ਰਾਸ਼ਟਰਪਤੀ ਦੇ ਵਿਚਾਰ ਲਈ ਆਪਣੇ ਪਾਸ ਰੱਖ ਸਕਦਾ ਹੈ। ਰਾਜਪਾਲ ਬਿਲ ਨੂੰ ਜੇ ਇਹ ਧਨ ਬਿਲ ਨਹੀਂ ਹੈ, ਸੰਦੇਸ਼ ਸਹਿਤ ਕਿਸੇ ਉਪਬੰਧ ਤੇ ਪੁਨਰ-ਵਿਚਾਰ ਕਰਨ ਲਈ ਵਾਪਸ ਕਰ ਸਕਦਾ ਹੈ, ਸਦਨ ਬਿਲ ਤੇ ਪੁਨਰ ਵਿਚਾਰ ਕਰਨਗੇ ਅਤੇ ਜੇ ਫਿਰ ਸਦਨ ਦੁਆਰਾ ਬਿਨਾਂ ਤਰਮੀਮ ਪਾਸ ਹੋ ਜਾਂਦਾ ਹੈ ਅਤੇ ਰਾਜਪਾਲ ਨੂੰ ਭੇਜ ਦਿੱਤਾ ਜਾਂਦਾ ਹੈ ਤਾਂ ਫਿਰ ਰਾਜਪਾਲ ਆਪਣੀ ਪਰਵਾਨਗੀ ਨੂੰ ਨਹੀਂ ਰੋਕ ਸਕੇਗਾ ।
ਧਨ ਬਿਲਾਂ ਅਤੇ ਹੋਰ ਵਿੱਤੀ ਬਿਲਾਂ ਸਬੰਧੀ ਉਪਬੰਧਾਂ ਨੂੰ ਮੁੱਖ ਰੱਖਦੇ ਹੋਏ ਬਿਲ ਸੰਸਦ ਦੇ ਕਿਸੇ ਵੀ ਸਦਨ ਵਿਚ ਪੇਸ਼ ਹੋ ਸਕਦਾ ਹੈ ਅਤੇ ਜਦੋਂ ਤਕ ਇਹ ਦੋਵੇਂ ਸਦਨ ਦੁਆਰਾ ਪਰਵਾਨ ਨਹੀਂ ਕੀਤਾ ਜਾਂਦਾ, ਇਸ ਨੂੰ ਪਾਸ ਹੋਇਆ ਨਹੀਂ ਸਮਝਿਆ ਜਾਵੇਗਾ। ਸੰਸਦ ਵਿਚ ਵਿਚਾਰ ਅਧੀਨ ਬਿਲ ਸਦਨਾਂ ਦੇ ਸਥਾਪਿਤ ਹੋ ਜਾਣ ਕਾਰਨ ਵਿਅਪਗਤ ਨਹੀਂ ਹੋਵੇਗਾ। ਰਾਜ ਸਭਾ ਵਿਚ ਵਿਚਾਰ ਅਧੀਨ ਬਿਲ ਜੇ ਲੋਕ ਸਭਾ ਦੁਆਰਾ ਪਾਸ ਨਾ ਕੀਤਾ ਗਿਆ ਹੋਵੇ ਲੋਕ ਸਭਾ ਦੇ ਭੰਗ ਹੋ ਜਾਣ ਤੇ ਵਿਅਪਗਤ ਨਹੀਂ ਹੋਵੇਗਾ। ਲੋਕ ਸਭਾ ਦੁਆਰਾ ਪਾਸ, ਪਰੰਤੂ ਰਾਜ ਸਭਾ ਵਿਚ ਵਿਚਾਰ ਅਧੀਨ ਬਿਲ, ਲੋਕ ਸਭਾ ਦੇ ਭੰਗ ਹੋ ਜਾਣ ਤੇ ਵਿਅਪਗਤ ਹੋ ਜਾਵੇਗਾ।
ਧਨ ਬਿਲ ਨੂੰ ਰਾਜ ਸਭਾ ਵਿਚ ਪੇਸ਼ ਨਹੀਂ ਕੀਤਾ ਜਾਵੇਗਾ ਲੋਕ ਸਭਾ ਦੁਆਰਾ ਪਾਸ ਧਨ ਬਿਲ ਰਾਜ ਸਭਾ ਪਾਸ ਉਸਦੀਆਂ ਸਿਫ਼ਾਰਸਾਂ ਲਈ ਭੇਜਿਆ ਜਾਵੇਗਾ ਅਤੇ ਰਾਜਾ ਸਭਾ ਆਪਣੀਆਂ ਸਿਫ਼ਾਰਸਾਂ ਸਹਿਤ ਬਿਲ ਪ੍ਰਾਪਤ ਹੋਣ ਦੀ ਮਿਤੀ ਤੋਂ ਚੌਦਾਂ ਦਿਨਾਂ ਦੇ ਅੰਦਰ ਅੰਦਰ ਲੋਕ ਸਭਾ ਨੂੰ ਭੇਜੇਗੀ, ਲੋਕ ਸਭਾ ਬਿਨ੍ਹਾਂ ਸਿਫ਼ਾਰਸਾਂ ਨੂੰ ਪ੍ਰਵਾਨ ਜਾਂ ਅਪਸਰਵਾਨ ਕਰ ਸਕਦੀ ਹੈ।
ਜਦੋਂ ਬਿਲ ਸੰਸਦ ਦੇ ਦੋਵੇਂ ਸਦਨਾਂ ਦੁਆਰਾ ਪਾਸ ਕਰ ਦਿੱਤਾ ਜਾਂਦਾ ਹੈ ਤਾਂ ਇਹ ਰਾਸ਼ਟਰਪਤੀ ਨੂੰ ਭੇਜਿਆ ਜਾਂਦਾ ਹੈ ਤਾਂ ਰਾਸ਼ਟਰਪਤੀ ਜਾਂ ਤਾਂ ਬਿਲ ਨੂੰ ਪਰਵਾਨ ਕਰੇਗਾ ਜਾਂ ਆਪਣੀ ਪਰਵਾਨਗੀ ਨੂੰ ਰੋਕ ਵੀ ਸਕਦਾ ਹੈ।
ਰਾਸ਼ਟਰਪਤੀ ਬਿਲ ਪ੍ਰਾਪਤ ਹੋਣ ਤੋਂ ਬਾਅਦ, ਜੇ ਇਹ ਧਨ ਬਿਲ ਨਹੀਂ ਹੈ, ਸੰਭਵ ਹੱਦ ਤਕ ਛੇਤੀ ਤੋਂ ਛੇਤੀ ਇਸ ਸੰਦੇਸ਼ ਪਹਿਲ ਸਦਨਾਂ ਨੂੰ ਵਾਪਾਸ ਭੇਜੇਗਾ ਕਿ ਉਹ ਬਿਲ ਤੇ ਪੁਨਰ-ਵਿਚਾਰ ਕਰਨ ਲਅਤੇ ਇਸ ਪ੍ਰਕਾਰ ਬਿਲ ਵਾਪਸ ਪਾਉਣ ਤੇ ਸਦਨ ਬਿਲ ਤੇ ਪੁਨਰ-ਵਿਚਾਰ ਕਰਨਗੇ ਅਤੇ ਬਿਲ ਜੇ ਫਿਰ ਪਾਸ ਹੋ ਜਾਂਦਾ ਹੈ ਤਾਂ ਇਹ ਫਿਰ ਰਾਸ਼ਟਰਪਤੀ ਨੂੰ ਪਰਵਾਨਗੀ ਲਈ -ਭੇਜਿਆ ਜਾਵੇਗਾ ਅਤੇ ਫਿਰ ਰਾਸ਼ਟਰਪਤੀ ਆਪਣੀ ਰਵਾਨਗੀ ਨੂੰ ਨਹੀਂ ਰੋਕੇਗਾ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਬਿਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬਿਲ (ਸੰ.। ਸੰਸਕ੍ਰਿਤ ਵਿਲ) ਖੁੱਡ , ਕੰਦ੍ਰਾ ਭਾਵ ਗੋਲਕਾਂ। ਯਥਾ-‘ਬਿਲ ਬਿਰਥੇ ਚਾਹੈ ਬਹੁ ਬਿਕਾਰ’। ਗੋਲਕਾਂ ਸਮੇਤ ਇੰਦ੍ਰੇ ਵ੍ਯਰਥ ਹਨ ਜੋ ਬਹੁਤੇ ਬਿਕਾਰਾਂ ਨੂੰ ਚਾਹੁੰਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਬਿਲ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਬਿਲ : ਸਖ਼ਤ ਕਾਠੀ ਵਿਚ ਮਿੱਠੇ ਗੁੱਦੇ ਅਤੇ ਲੇਸਲੇ ਬੀਜਾਂ ਵਾਲੇ ਇਸ ਫਲਦਾਰ ਰੁੱਖ ਦਾ ਵਿਗਿਆਨਕ ਨਾਂ ਈਗਲ ਮਾਰਮੇਲੋਸ (Aegle marmelos) ਹੈ ਅਤੇ ਇਹ ਰੁਟੇਸੀ (Rutaceae) ਕੁਲ ਨਾਲ ਸਬੰਧਤ ਹੈ। ਤਿੰਨ ਜਾਂ ਪੰਜ ਪੱਤੀਆਂ ਵਾਲਾ ਇਸ ਦਾ ਪੱਤਾ ਸੰਯੁਕਤ ਲੰਬੀ ਡੰਡੀ ਵਾਲਾ ਹੁੰਦਾ ਹੈ। ਹਰੇ ਚਿੱਟੇ, ਖੁਸ਼ਬੂਦਾਰ ਬਗਲੀ ਗੁੱਛਿਆਂ ਵਾਲੇ ਫੁੱਲ ਅਪ੍ਰੈਲ ਮਈ ਵਿਚ ਲਗਦੇ ਹਨ ਅਤੇ ਅਗਲੇ ਸਾਲ ਉਨ੍ਹਾਂ ਦੀ ਥਾਂ ਫਲ ਲੈ ਲੈਂਦੇ ਹਨ।
ਅਣਪੱਕੇ ਫਲਾਂ ਦੀ ਛਿਲ ਤੋਂ ਪੀਲਾ ਰੰਗ ਤਿਆਰ ਕੀਤਾ ਜਾਂਦਾ ਹੈ ਅਤੇ ਗੁੱਦਾ ਰਹਿਤ ਸੁੱਕੇ ਫਲ ਦਵਾਈਆਂ ਬਣਾਉਣ ਲਈ ਵਰਤੇ ਜਾਂਦੇ ਹਨ। ਬੀਜਾਂ ਦੇ ਦੁਆਲੇ ਲੇਸਲਾ ਪਦਾਰਥ ਗੂੰਦ ਬਣਾਉਣ ਅਤੇ ਵਾਟਰ ਕਲਰ ਦੇ ਚਿਤਰਾਂ ਉੱਤੇ ਚਮਕ ਲਿਆਉਣ ਲਈ ਵਰਤਿਆ ਜਾਂਦਾ ਹੈ। ਛੋਟੇ-ਛੋਟੇ ਕੱਚੇ ਫਲ ਰੁਦਰਾਕਸ਼ ਦੇ ਫਲਾਂ ਨਾਲ ਮਿਲਾ ਕੇ ਮਾਲਾ ਬਣਾਉਣ ਦੇ ਕੰਮ ਆਉਂਦੇ ਹਨ। ਇਸ ਦੀ ਜੜ੍ਹ ਦੀ ਛਿਲ ਮਿਆਦੀ ਬੁਖਾਰ ਹਟਾਉਣ ਲਈ ਵਰਤੀ ਜਾਂਦੀ ਹੈ। ਪੱਤੇ ਕੀਟਨਾਸ਼ਕ ਹੁੰਦੇ ਹਨ ਅਤੇ ਫਲ ਕਬਜ਼ਕੁਸ਼ਾ ਹੁੰਦਾ ਹੈ। ਫਲ ਸ਼ਰਬਤ ਅਤੇ ਮੁਰੱਬਾ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ।
ਸ਼ਿਵ ਜੀ ਦੇ ਪੁਜਾਰੀ ਬਿਲ ਨੂੰ ਬਹੁਤ ਪਵਿੱਤਰ ਬ੍ਰਿਛ ਮੰਨਦੇ ਹਨ ਕਿਉਂਕਿ ਉਨ੍ਹਾਂ ਅਨੁਸਾਰ ਸ਼ਿਵ ਜੀ ਨੇ ਇਸ ਰੁੱਖ ਹੇਠਾਂ ਬੈਠ ਕੇ ਤਪਸਿਆ ਕੀਤੀ ਸੀ ਅਤੇ ਇਸੇ ਲਈ ਬਿਲ ਦੇ ਪੱਤੇ ਸ਼ਿਵ ਜੀ ਨੂੰ ਚੜ੍ਹਾਏ ਜਾਂਦੇ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3433, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-06-02-59-50, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਪੰ. -ਡਾ. ਸ਼ਰਮਾ. ਗ. ਇ. ਮੈ. ਪ. ਪੰ. ਲੋ. ਵਿ. ਕੋ
ਵਿਚਾਰ / ਸੁਝਾਅ
Please Login First