ਬਿਹਾਗੜਾ ਰਾਗ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬਿਹਾਗੜਾ ਰਾਗ (ਬਾਣੀ): ਗੁਰੂ ਗ੍ਰੰਥ ਸਾਹਿਬ ਦੇ ਇਸ ਰਾਗ ਵਿਚ ਦੋ ਚਉਪਦੇ , 15 ਛੰਤ ਅਤੇ ਇਕ ਵਾਰ ਮ. ੪ ਸ਼ਾਮਲ ਹੈ।
ਚਉਪਦੇ ਪ੍ਰਕਰਣ ਦੇ ਦੋ ਚਉਪਦਿਆਂ ਵਿਚੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦਾ ਹੈ ਜੋ ਚਾਰ ਪਦਿਆਂ ਦਾ ਸਮੁੱਚ ਹੈ। ਇਸ ਵਿਚ ਗੁਰੂ ਜੀ ਨੇ ਵਿਸ਼ਿਆਂ/ਵਾਸਨਾਵਾਂ ਨੂੰ ਤਿਆਗ ਕੇ ਸਾਧ-ਸੰਗਤਿ ਵਿਚ ਜਾਣ ਦਾ ਉਪਦੇਸ਼ ਦਿੱਤਾ ਹੈ। ਦੂਜਾ ਚਉਪਦਾ ਗੁਰੂ ਤੇਗ ਬਹਾਦਰ ਜੀ ਦਾ ਲਿਖਿਆ ਹੈ ਜੋ ਸਰੂਪ ਵਜੋਂ ਤ੍ਰਿਪਦਾ ਹੈ। ਇਸ ਵਿਚ ਗੁਰੂ ਜੀ ਨੇ ਅਨੇਕ ਪਾਸਾਰਾਂ ਵਾਲੇ ਸੰਸਾਰਦੀ ਅਨੇਕਤਾ ਪਿਛੇ ਇਕੋ ਪਰਮਾਤਮਾ ਦੀ ਸ਼ਕਤੀ ਦਾ ਸੰਚਾਰ ਦਸਿਆ ਹੈ।
ਕੁਲ 15 ਛੰਤਾਂ ਵਿਚੋਂ ਛੇ ਗੁਰੂ ਰਾਮਦਾਸ ਜੀ ਦੇ ਲਿਖੇ ਹਨ। ਇਹ ਸਾਰੇ ਚਾਰ ਚਾਰ ਪਦਿਆਂ ਦੇ ਜੁਟ ਹਨ। ਇਨ੍ਹਾਂ ਦੇ ਆਖੀਰ ਉਤੇ ‘ਛਕਾ ੧’ ਲਿਖ ਕੇ ਇਸ ਨੂੰ ਇਕ ਵਰਗ ਬਣਾਇਆ ਗਿਆ ਹੈ। ਇਹ ਸਾਰੇ ਆਪਣੀ ਜਿੰਦੜੀ ਨੂੰ, ਭਾਵ ਆਪਣੇ ਆਪ ਨੂੰ, ਸੰਬੋਧਨ ਕੀਤੇ ਗਏ ਹਨ। ਗੁਰੂ ਅਰਜਨ ਦੇਵ ਜੀ ਦੇ ਰਚੇ ਨੌਂ ਛੰਤਾਂ ਵਿਚ ਅੱਠ ਚਾਰ ਚਾਰ ਪਦਿਆਂ ਦੇ ਸਮੁੱਚ ਹਨ ਅਤੇ ਇਕ ਪੰਜ ਪਦਿਆਂ ਦਾ ਹੈ। ਇਨ੍ਹਾਂ ਵਿਚ ਗੁਰੂ ਜੀ ਨੇ ਜਿਗਿਆਸੂ ਨੂੰ ਸਮਝਾਇਆ ਹੈ ਕਿ ਜੇ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਇੱਛਾ ਹੋਵੇ ਤਾਂ ਪਹਿਲਾਂ ਗੁਰੂ ਦੀ ਸ਼ਰਣ ਵਿਚ ਜਾਣਾ ਚਾਹੀਦਾ ਹੈ।
‘ਬਿਹਾਗੜੇ ਕੀ ਵਾਰ ਮਹਲਾ ੪’ ਬਾਰੇ ਵਖਰਾ ਇੰਦਰਾਜ ਵੇਖੋ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2875, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਬਿਹਾਗੜਾ ਰਾਗ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਬਿਹਾਗੜਾ (ਰਾਗ) : ਬਿਲਾਵਲ ਥਾਟ ਦਾ ਸੰਪੂਰਨ ਜਾਤੀ ਦਾ ਇਕ ਰਾਗ ਜਿਸ ਦੇ ਗਾਉਣ ਦਾ ਵੇਲਾ ਅੱਧੀ ਰਾਤ ਹੈ। ਬਿਹਾਗ ਰਾਗ ਵਿਚ ਕੋਮਲ ਨਿਸ਼ਾਦ ਲਗਾਉਣ ਨਾਲ ਬਿਹਾਗੜਾ ਰਾਗ ਬਣ ਜਾਂਦਾ ਹੈ। ਇਸ ਰਾਗ ਵਿਚ ਤੀਬਰ ਮੱਧਮ ਵੀ ਬਹੁਤ ਦੁਰਬਲ ਹੋ ਕੇ ਲੱਗਦਾ ਹੈ। ਇਸ ਵਿਚ ਗਾਂਧਾਰ ਵਾਦੀ ਅਤੇ ਕੋਮਲ ਨਿਸ਼ਾਦ ਸੰਵਾਦੀ ਹੈ। ਅੰਤਰੇ ਵਿਚ ਸ਼ੁੱਧ ਨਿਸ਼ਾਦ ਵੀ ਲਗਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਰਾਗ ਦਾ ਨੰਬਰ ਸੱਤਵਾਂ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1938, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-06-01-36-23, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਪੰ. ਸਾ. ਕੋ. : ਗਾਵਹੁ ਸਚੀ ਬਾਣੀ -ਡਾ. ਰਘਬੀਰ ਸਿੰਘ
ਵਿਚਾਰ / ਸੁਝਾਅ
Please Login First