ਬੀਮਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੀਮਾ [ਨਾਂਪੁ] ਭਵਿੱਖ ਵਿੱਚ ਸੁਰੱਖਿਆ ਵਾਸਤੇ ਕਿਸ਼ਤਵਾਰ ਰਕਮ ਜਮ੍ਹਾਂ ਕਰਵਾ ਕੇ ਕੀਤਾ ਗਿਆ ਇਕਰਾਰਨਾਮਾ; ਜਾਇਦਾਦ ਸੁਰੱਖਿਅਤ ਕਰਾਉਣ ਲਈ ਕੀਤਾ ਇਕਰਾਰਨਾਮਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3738, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬੀਮਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Insurance_ਬੀਮਾ: ਦੋ ਵਿਅਕਤੀਆਂ ਅਰਥਾਤ ਬੀਮਾਕਾਰ ਅਤੇ ਬੀਮਾਦਾਰ ਵਿਚਕਾਰ ਇਹ ਕਰਾਰ ਕਿ ਬੀਮਾਦਾਰ ਦੁਆਰਾ ਮੁਕਾਬਲਤਨ ਥੋੜਜਿਹੀ ਅਦਾਇਗੀ (ਜਿਸ ਨੂੰ ਪ੍ਰੀਮਅਮ ਕਿਹਾ ਜਾਂਦਾ ਹੈ) ਦੇ ਬਦਲ ਵਿਚ ਬੀਮਾਕਾਰ ਦਸੇ ਸਮੇਂ ਦੇ ਅੰਦਰ ਦਸੀ ਘਟਨਾ ਦੇ ਵਾਪਰਨ ਤੇ ਬੀਮਾਦਾਰ ਨੂੰ ਜਾਂ ਤਾਂ ਕਰਾਰ ਕੀਤੀ ਰਕਮ ਜਾਂ ਨੁਕਸਾਨ ਦੀ ਰਕਮ ਅਦਾ ਕਰੇਗਾ। ਪ੍ਰੀਮੀਅਮ ਦੀ ਰਕਮ ਦਾ ਲੇਖਾ ਬੀਮਾਕਾਰ ਦੁਆਰਾ ਉਠਾਏ ਜੋਖਮ ਦੇ ਹਵਾਲੇ ਨਾਲ ਲਾਇਆ ਜਾਂਦਾ ਹੈ। ਜਿਸ ਲਿਖਤ ਦੁਆਰਾ ਮੁਆਇਦਾ ਕੀਤਾ ਜਾਂਦਾ ਹੈ ਉਸ ਨੂੰ ਪਾਲੀਸੀ ਕਿਹਾ ਜਾਂਦਾ ਹੈ।
ਬੀਮਾ ਕਰਾਉਣ ਵਾਲੇ ਕੋਲ ਬੀਮੇਯੋਗ ਚੀਜ਼ ਹੋਣੀ ਚਾਹੀਦੀ ਹੈ; ਉਸ ਦੇ ਹਾਲਾਤ ਐਸੇ ਹੋਣੇ ਚਾਹੀਦੇ ਹਨ ਕਿ ਉਹ ਬੀਮੇਯੋਗ ਵਿਅਕਤੀ ਜਾਂ ਚੀਜ਼ ਦਾ ਲਾਭ ਲੈ ਸਕਦਾ ਹੋਵੇ ਅਤੇ ਉਨ੍ਹਾਂ ਦੇ ਨਾਸ਼ ਹੋਣ, ਨਾਲ ਉਸ ਤੇ ਕੋਈ ਪ੍ਰਤੀਕੂਲ ਪ੍ਰਭਾਵ ਪੈਂਦਾ ਹੋਵੇ, ਲਾਭ ਦੀ ਕੇਵਲ ਆਸ ਦਾ ਬੀਮਾ ਨਹੀਂ ਹੋ ਸਕਦਾ। (ਜੋਵਿਟ ਦੀ ਕਾਨੂੰਨੀ ਡਿਕਸ਼ਨਰੀ ਪੰ.985)
ਬੀਮੇ ਦਾ ਮੁਆਇਦਾ ਵਣਜਕ ਵਿਹਾਰ ਦੀ ਜਾਤੀ ਦਾ ਹੁੰਦਾ ਹੈ ਅਤੇ ਇਹ ਇਕ ਚੰਗੀ ਤਰ੍ਹਾਂ ਸਥਾਪਤ ਪ੍ਰਥਾ ਹੈ ਕਿ ਤਜਵੀਜ਼ ਦੇ ਮੁਕੰਮਲ ਹੋਣ ਜਾਂ ਜਦੋਂ ਤਜਵੀਜ਼ ਵਿਚਾਰ ਅਧੀਨ ਹੋਵੇ ਜਾਂ ਜਦੋਂ ਪਾਲੀਸੀ ਹਵਾਲੇ ਕਰਨ ਲਈ ਤਿਆਰ ਕੀਤੀ ਜਾ ਰਹੀ ਹੋਵੇ ਤਾਂ ਬੀਮਾਦਾਰ ਨੂੰ ਕੱਵਰ ਨੋਟ ਦੇ ਦਿੱਤਾ ਜਾਂਦਾ ਹੈ। ਕੱਵਰ-ਨੋਟ ਇਕ ਸੀਮਤ ਅਤੇ ਅਸਥਾਈ ਕਰਾਰ ਹੁੰਦਾ ਹੈ। ਉਹ ਆਪਣੇ ਵਿਚ ਮੁਕੰਮਲ ਹੋ ਸਕਦਾ ਹੈ ਜਾਂ ਉਸ ਵਿਚ ਭਵਿਖਤ ਪਾਲੀਸੀ ਦੀਆਂ ਸ਼ਰਤਾਂ ਦਾ ਹਵਾਲਾ ਦਿੱਤਾ ਜਾ ਸਕਦਾ ਹੈ। ਜਦੋਂ ਕੱਵਰਨੋਟ ਵਿਚ ਇਸ ਢੰਗ ਨਾਲ ਪਾਲੀਸੀ ਦਾ ਜ਼ਿਕਰ ਹੋਵੇ ਤਾਂ ਉਸ ਵਿਚ ਸ਼ਰਤਾਂ ਅਤੇ ਬਾਨ੍ਹਾਂ ਦਰਜ ਨਹੀਂ ਕਰਨੀਆਂ ਪੈਂਦੀਆਂ। ਜੇ ਤਜਵੀਜ਼ ਮਿਆਰੀ ਪਾਲੀਸੀ ਲਈ ਹੈ ਅਤੇ ਕੱਵਰ ਨੋਟ ਵਿਚ ਉਸ ਦਾ ਹਵਾਲਾ ਹੈ ਤਾਂ ਇਹ ਸਮਝਿਆ ਜਾਂਦਾ ਹੈ ਕਿ ਬੀਮਾਦਾਰ ਨੇ ਉਹ ਸ਼ਰਤਾਂ ਸਵੀਕਾਰ ਕਰ ਲਈਆਂ ਹਨ। ਬੀਮੇ ਲਈ ਤਜਵੀਜ਼, ਕੱਵਰ ਨੋਟ ਅਤੇ ਪਾਲੀਸੀ ਵਣਜਕ ਦਸਤਾਵੇਜ਼ ਹਨ ਅਤੇ ਉਨ੍ਹਾਂ ਦਾ ਅਰਥ-ਨਿਰਨਾ ਕਰਨ ਲਗਿਆ ਵਣਜਕ ਆਦਤਾਂ ਅਤੇ ਪ੍ਰਥਾਵਾਂ ਨੂੰ ਪੂਰੇ ਤੌਰ ਤੇ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਜਿਸ ਸਮੇਂ ਲਈ ਕਵਰ ਨੋਟ ਲਾਗੂ ਰਹਿੰਦਾ ਹੈ ਉਦੋਂ ਵੀ ਧਿਰਾਂ ਦੇ ਸਬੰਧ ਚਿਤਵਤ ਪਾਲੀਸੀ ਦੁਆਰਾ ਸ਼ਾਸਤ ਹੁੰਦੇ ਹਨ। ਬਾਦ ਵਿਚ ਵੀ ਜੇ ਪਾਲੀਸੀ ਦੇਣ ਤੋਂ ਇਨਕਾਰ ਨ ਕਰ ਦਿੱਤਾ ਗਿਆ ਹੋਵੇ ਤਾਂ ਸ਼ਰਤਾਂ ਅਤੇ ਬਾਨ੍ਹਾਂ ਉਹ ਹੀ ਲਾਗੂ ਹੁੰਦੀਆਂ ਹਨ ਜੋ ਪਾਲੀਸੀ ਦੀਆਂ ਹਨ। ਇਸ ਤਰ੍ਹਾਂ ਪਾਲੀਸੀ ਜਾਰੀ ਕਰਨ ਵਿਚ ਦੇਰੀ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜੇ ਪਾਲੀਸੀ ਵਿਚ ਦੁਅਰਥਤਾ ਜਾਂ ਸ਼ੰਕਾ ਹੋਵੇ ਤਾਂ ਉਸਦੇ ਅਰਥ ਕੰਪਨੀ ਦੇ ਵਿਰੁਧ ਕੀਤੇ ਜਾਂਦੇ ਹਨ। (ਜਨਰਲ ਅਸ਼ੁਰੈਂਸ ਸੋਸਾਇਟੀ ਬਨਾਮ ਚੰਦਮਲ ਜੈਨ ਏ ਆਈ ਆਰ 1966 ਐਸ ਸੀ 1644)
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3490, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਬੀਮਾ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ
ਬੀਮਾ : ਮਨੁੱਖ ਨੂੰ ਆਪਣੇ ਭਵਿੱਖ ਜਾਂ ਆਉਣ ਵਾਲੇ ਸਮੇਂ ਬਾਰੇ ਕੁਝ ਪਤਾ ਨਹੀਂ ਹੁੰਦਾ। ਅਨਿਸ਼ਚਿਤਤਾ ਅਤੇ ਅਗਿਆਨ ਦੇ ਕਾਰਨ ਮਨੁੱਖੀ ਜੀਵਨ ਅਤੇ ਸੰਪਤੀ ਨੂੰ ਬਹੁਤ ਸਾਰੇ ਖ਼ਤਰੇ ਹੋ ਸਕਦੇ ਹਨ। ਕਾਰੋਬਾਰ ਆਪਣੇ-ਆਪ ਵਿੱਚ ਹੀ ਬਹੁਤ ਹੀ ਜੋਖਮ ਭਰਿਆ ਕੰਮ ਹੈ। ਵਪਾਰੀ ਨੂੰ ਆਪਣੇ ਕਾਰੋਬਾਰ ਤੋਂ ਮੁਨਾਫ਼ਾ ਕਮਾਉਣ ਲਈ ਬਹੁਤ ਧਿਆਨ ਨਾਲ ਕੰਮ ਕਰਨਾ ਪੈਂਦਾ ਹੈ। ਇੱਕ ਵਿਅਕਤੀ ਦੀ ਮੌਤ ਹੋ ਸਕਦੀ ਹੈ, ਜਿਸ ਨਾਲ ਉਸ ’ਤੇ ਨਿਰਭਰ ਕਰਨ ਵਾਲਿਆਂ ਦੀ ਰੋਜ਼ੀ-ਰੋਟੀ ਦਾ ਸਾਧਨ ਖ਼ਤਮ ਹੋ ਸਕਦਾ ਹੈ। ਇਸ ਤਰ੍ਹਾਂ ਦੀ ਸੰਪਤੀ ਨੂੰ ਵੀ ਬਹੁਤ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ ਜਿਵੇਂ ਅੱਗ ਨਾਲ ਬਰਬਾਦੀ, ਹੜ੍ਹ ਅਤੇ ਹੋਰ ਕੁਦਰਤੀ ਆਫ਼ਤਾਂ ਨਾਲ ਨੁਕਸਾਨ। ਸੋ ਅਜਿਹੇ ਜੋਖਮ ਹੀ ਬੀਮੇ ਦਾ ਆਧਾਰ ਬਣਦੇ ਹਨ।
ਬੀਮਾ ਜੋਖਮ ਨੂੰ ਸਾਰਿਆਂ ਨਾਲ ਸਾਂਝਾ ਕਰਨ ਦੇ ਨਿਯਮ ਅਨੁਸਾਰ ਬਹੁਤੇ ਲੋਕਾਂ ਵਿੱਚ ਵੰਡਣ ਦੀ ਸਹਿਯੋਗੀ ਵਿਧੀ ਹੈ। ਸਾਡੇ ਸਮਾਜ ਵਿੱਚ ਹਰ ਵਿਅਕਤੀ ਨੂੰ ਕਈ ਤਰ੍ਹਾਂ ਦੇ ਜੋਖਮਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਹ ਸਾਰੇ ਇਕੱਠੇ ਹੋ ਕੇ ਇੱਕ ਫੰਡ ਬਣਾਉਂਦੇ ਹਨ ਜਿਸ ਵਿੱਚ ਸਾਰੇ ਥੋੜ੍ਹਾ-ਥੋੜ੍ਹਾ ਹਿੱਸਾ ਪਾਉਂਦੇ ਹਨ। ਜਦੋਂ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਫੰਡ ਵਿੱਚੋਂ ਸਾਰੇ ਉਸ ਦੀ ਨੁਕਸਾਨ ਪੂਰਤੀ ਕਰ ਦਿੰਦੇ ਹਨ। ਇਸ ਲਈ ਬੀਮਾ ਇੱਕ ਸੰਸਥਾ ਹੈ, ਜਿਸ ਰਾਹੀਂ ਮੌਤ, ਦੁਰਘਟਨਾ ਜਾਂ ਕੁਦਰਤੀ ਆਫ਼ਤਾਂ ਨਾਲ ਜਾਨ ਅਤੇ ਮਾਲ ਨੂੰ ਹੋਣ ਵਾਲੇ ਨੁਕਸਾਨ ਤੋਂ ਸੁਰੱਖਿਆ ਪ੍ਰਦਾਨ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ। ਬੀਮਾ ਇਹਨਾਂ ਅਨਿਸ਼ਚਿਤ ਦੁਰਘਟਨਾਵਾਂ ਨੂੰ ਨਾ ਤਾਂ ਰੋਕਦਾ ਹੈ ਨਾ ਹੀ ਰੋਕ ਸਕਦਾ ਹੈ। ਇਹ ਸਿਰਫ਼ ਇਹਨਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਬਹੁਤ ਸਾਰੇ ਲੋਕਾਂ ਵਿੱਚ ਵੰਡ ਦੇਂਦਾ ਹੈ। ਬੀਮਾ ਸਿਰਫ਼ ਕਿਸੇ ਦੁਰਘਟਨਾ ਤੋਂ ਹੋਣ ਵਾਲੇ ਨੁਕਸਾਨ ਦੀ ਆਰਥਿਕ ਪੂਰਤੀ ਕਰਦਾ ਹੈ।
ਬੀਮੇ ਦਾ ਇਕਰਾਰਨਾਮਾ : ਬੀਮੇ ਦਾ ਇਕਰਾਰਨਾਮਾ ਦੋ ਧਿਰਾਂ ਦੇ ਵਿਚਕਾਰ ਹੁੰਦਾ ਹੈ। ਜਿਸ ਵਿੱਚ ਇੱਕ ਧਿਰ ਇੱਕ ਨਿਸ਼ਚਿਤ ਮੁੱਲ ਦੇ ਬਦਲੇ, ਕਿਸੇ ਦੁਰਘਟਨਾ ਹੋਣ ਦੀ ਸੂਰਤ ਵਿੱਚ (ਮਨੁੱਖੀ ਜੀਵਨ ਵਿੱਚ ਮੌਤ ਜਾਂ ਇੱਕ ਨਿਰਧਾਰਿਤ ਉਮਰ ’ਤੇ ਪਹੁੰਚਣ ਤੱਕ) ਦੂਸਰੀ ਧਿਰ ਨੂੰ ਇੱਕ ਨਿਸ਼ਚਿਤ ਰਕਮ ਦੇਣ ਦਾ ਇਕਰਾਰ ਕਰਦੀ ਹੈ ਅਤੇ ਜੇ ਸੰਪਤੀ ਨੂੰ ਕੋਈ ਨੁਕਸਾਨ ਹੋਵੇ ਤਾਂ ਅਸਲੀ ਨੁਕਸਾਨ ਦੀ ਪੂਰਤੀ ਕਰਨ ਦਾ ਇਕਰਾਰ ਕਰਦੀ ਹੈ। ਜਿਸ ਕਨੂੰਨੀ ਲਿਖਤ ਰਾਹੀਂ ਇਕਰਾਰਨਾਮਾ ਹੁੰਦਾ ਹੈ ਉਸ ਨੂੰ ਪਾਲਿਸੀ ਕਿਹਾ ਜਾਂਦਾ ਹੈ। ਜਿਸ ਵਿਅਕਤੀ ਦਾ ਜੋਖਮ ਬੀਮਾ ਕੀਤਾ ਜਾਂਦਾ ਹੈ ਉਸਨੂੰ ਬੀਮਾਸ਼ੁਦਾ ਕਿਹਾ ਜਾਂਦਾ ਹੈ, ਜਿਸ ਵਿਅਕਤੀ ਜਾਂ ਕੰਪਨੀ ਰਾਹੀਂ ਬੀਮਾ ਕੀਤਾ ਜਾਂਦਾ ਹੈ ਉਸਨੂੰ ਬੀਮਾ ਕਰਤਾ ਕਿਹਾ ਜਾਂਦਾ ਹੈ। ਜਿਸ ਰਕਮ ਜਾਂ ਮੁੱਲ ਦੇ ਬਦਲੇ ਬੀਮਾ ਕੀਤਾ ਜਾਂਦਾ ਹੈ ਉਸਨੂੰ ਬੀਮਾ ਕਿਸ਼ਤ ਕਿਹਾ ਜਾਂਦਾ ਹੈ। ਜਿਸ ਵਸਤੂ ਜਾਂ ਸੰਪਤੀ ਦਾ ਬੀਮਾ ਕੀਤਾ ਜਾਂਦਾ ਹੈ ਉਸਨੂੰ ਬੀਮਾ ਵਸਤੂ ਕਿਹਾ ਜਾਂਦਾ ਹੈ। ਬੀਮਾ ਸ਼ੁਦਾ ਵਿਅਕਤੀ ਦੇ ਬੀਮਾ ਵਿੱਚ ਹਿਤ ਨੂੰ ਬੀਮਾਯੋਗ ਹਿਤ ਕਿਹਾ ਜਾਂਦਾ ਹੈ।
ਬੀਮੇ ਦੀਆਂ ਕਿਸਮਾਂ : ਅੱਜ-ਕੱਲ੍ਹ ਦਾ ਆਰਥਿਕ ਢਾਂਚਾ ਬੜਾ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਜਿਸ ਦੇ ਕਾਰਨ ਜੋਖਮ ਵੀ ਵਧਦੇ ਜਾ ਰਹੇ ਹਨ ਤੇ ਉਹਨਾਂ ਦਾ ਬੀਮਾ ਕਰਨ ਦੀ ਲੋੜ ਮਹਿਸੂਸ ਹੋ ਰਹੀ ਹੈ। ਅੱਜ-ਕੱਲ੍ਹ ਕਿਸੇ ਵੀ ਤਰ੍ਹਾਂ ਦੇ ਜੋਖਮ ਦਾ ਬੀਮਾ ਕੀਤਾ ਜਾ ਸਕਦਾ ਹੈ। ਇੱਥੋਂ ਤੱਕ ਕਿ ਇੱਕ ਦਿਵਸੀ ਕ੍ਰਿਕਟ ਮੈਚ ਦਾ ਵੀ ਬੀਮਾ ਕੀਤਾ ਜਾਂਦਾ ਹੈ ਅਤੇ ਜੇ ਮੈਚ ਨਹੀਂ ਖੇਡਿਆ ਜਾ ਸਕਿਆ ਤਾਂ ਪ੍ਰਬੰਧਕ ਦੇ ਨੁਕਸਾਨ ਦੀ ਪੂਰਤੀ ਬੀਮਾ ਕੰਪਨੀ ਕਰਦੀ ਹੈ।
ਜੀਵਨ ਬੀਮਾ : ਜੀਵਨ ਬੀਮਾ ਦੁਆਰਾ ਬੀਮਾਸ਼ੁਦਾ ਵਿਅਕਤੀ ਨੂੰ ਉਸਦੀ ਮੌਤ, ਜਿਸਦਾ ਸਮਾਂ ਅਨਿਸ਼ਚਿਤ ਹੈ, ਉਸਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ
ਦਾ ਇਕਰਾਰ ਕਰਦਾ ਹੈ। ਜੀਵਨ ਬੀਮਾ ਇਕਰਾਰਨਾਮੇ ਨੂੰ ਅਚੇਤ ਇਕਰਾਰਨਾਮਾ ਕਿਹਾ ਜਾਂਦਾ ਹੈ। ਕਿਉਂਕਿ ਕਿਸੇ ਦੀ ਮੌਤ ਨਾਲ ਹੋਣ ਵਾਲੇ ਨੁਕਸਾਨ ਦੀ ਕੋਈ ਵੀ ਪੂਰਤੀ ਨਹੀਂ ਕਰ ਸਕਦਾ ਅਤੇ ਸਿਰਫ਼ ਇੱਕ ਨਿਸ਼ਚਿਤ ਰਕਮ ਬੀਮਾਸ਼ੁਦਾ ਦੇ ਪਰਿਵਾਰ ਨੂੰ ਦੇ ਦਿੱਤੀ ਜਾਂਦੀ ਹੈ।
ਅੱਗ ਬੀਮਾ : ਅੱਗ ਬੀਮਾ ਇੱਕ ਹਾਨੀ-ਪੂਰਤੀ ਦਾ ਇਕਰਾਰਨਾਮਾ ਹੈ ਅਤੇ ਬੀਮਾਸ਼ੁਦਾ ਵਿਅਕਤੀ ਅੱਗ ਨਾਲ ਬਰਬਾਦ ਹੋਈਆਂ ਵਸਤੂਆਂ ਦੀ ਕੀਮਤ ਜਾਂ ਬੀਮੇ ਦੀ ਕੁੱਲ ਰਕਮ, ਦੋਹਾਂ ਵਿੱਚੋਂ ਜੋ ਵੀ ਘੱਟ ਹੋਵੇ, ਉਸਤੋਂ ਵੱਧ ਕੁਝ ਵੀ ਲੈਣ ਦਾ ਕਲੇਮ ਜਾਂ ਦਾਅਵਾ ਨਹੀਂ ਕਰ ਸਕਦਾ। ਅੱਗ ਬੀਮੇ ਦਾ ਇਕਰਾਰਨਾਮਾ ਅੱਗ ਨੂੰ ਨਾ ਲੱਗਣ ਜਾਂ ਰੋਕਣ ਵਿੱਚ ਮਦਦ ਨਹੀਂ ਕਰਦਾ ਇਹ ਤਾਂ ਅੱਗ ਨਾਲ ਹੋਏ ਨੁਕਸਾਨ ਦੀ ਪੂਰਤੀ ਕਰਨ ਦਾ ਇਕਰਾਰ ਕਰਦਾ ਹੈ।
ਸਮੁੰਦਰੀ ਬੀਮਾ : ਸਮੁੰਦਰੀ ਬੀਮਾ, ਬੀਮੇ ਦੀ ਸਭ ਤੋਂ ਪੁਰਾਣੀ ਕਿਸਮ ਮੰਨਿਆ ਜਾਂਦਾ ਹੈ। ਇਹ ਸਮੁੰਦਰੀ ਰਸਤੇ ਦੁਆਰਾ ਕੀਤੇ ਜਾਂਦੇ ਵਿਦੇਸ਼ੀ ਵਪਾਰ ਨਾਲ ਸੰਬੰਧਿਤ ਹੈ। ਸਮੁੰਦਰੀ ਜੋਖਮ ਆਮ ਤੌਰ ਤੇ ਸਮੁੰਦਰੀ ਜਹਾਜ਼ ਜਾਂ ਉਸਦੇ ਵਿੱਚ ਸਮਾਨ ਨਾਲ ਸੰਬੰਧਿਤ ਹੁੰਦੇ ਹਨ। ਵਪਾਰੀ ਅਤੇ ਜਹਾਜ਼ ਮਾਲਕ ਇਸ ਬੀਮੇ ਰਾਹੀਂ ਹਮੇਸ਼ਾ ਜਹਾਜ਼ ਅਤੇ ਸਮਾਨ ਦੀ ਸੁਰੱਖਿਅਤ ਪਹੁੰਚ ਨੂੰ ਨਿਸ਼ਚਿਤ ਬਣਾਉਣਾ ਪਸੰਦ ਕਰਦੇ ਹਨ। ਸਮੁੰਦਰੀ ਬੀਮੇ ਰਾਹੀਂ ਸਫ਼ਰ ਦੌਰਾਨ ਹੋ ਸਕਣ ਵਾਲੇ ਸਾਰੇ ਜੋਖਮਾਂ ਦੀ ਨੁਕਸਾਨ ਪੂਰਤੀ ਕੀਤੀ ਜਾਂਦੀ ਹੈ।
ਸਮਾਜਿਕ ਬੀਮਾ : ਇਹ ਸਮਾਜਿਕ ਸੁਰੱਖਿਆ ਪ੍ਰਦਾਨ ਕਰਦਾ ਹੈ। ਸਮਾਜਿਕ ਸੁਰੱਖਿਆ ਉਹ ਸੁਰੱਖਿਆ ਹੈ ਜੋ ਸਮਾਜ ਇਸ ਦੇ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਹੋਣ ਵਾਲੇ ਜੋਖਮਾਂ ਲਈ ਇੱਕ ਨਿਸ਼ਚਿਤ ਮੁੱਲ ਦੇ ਬਦਲੇ ਕੁਝ ਖ਼ਾਸ ਸੰਸਥਾਵਾਂ ਰਾਹੀਂ ਪ੍ਰਦਾਨ ਕਰਦਾ ਹੈ।
ਫੁਟਕਲ ਬੀਮਾ : ਇਹ ਬੀਮਾ ਕਈ ਕਿਸਮ ਦੀ ਸੰਪਤੀ ਨੂੰ ਹੋਣ ਵਾਲੇ ਕਈ ਤਰ੍ਹਾਂ ਦੇ ਨੁਕਸਾਨ ਦੀ ਇੱਕ ਨਿਸ਼ਚਿਤ ਰਕਮ ਜਾਂ ਮੁੱਲ ਦੇ ਬਦਲੇ ਹਾਨੀ ਪੂਰਤੀ ਕਰਦਾ ਹੈ।
ਮੋਟਰ ਵਾਹਣਾਂ ਦੇ ਚਾਲਕਾਂ ਨੂੰ ਆਪਣੇ ਵਾਹਣਾਂ ਦਾ ਬੀਮਾ ਕਰਾਉਣਾ ਮੋਟਰ ਵਾਹਣ ਕਨੂੰਨ, 1988 ਦੇ ਅਨੁਸਾਰ ਜ਼ਰੂਰੀ ਹੈ।
ਇਸ ਤਰ੍ਹਾਂ ਉਪਰੋਕਤ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਬੀਮਾ ਜ਼ਿੰਦਗੀ ਦੇ ਹਰ ਖੇਤਰ ਵਿੱਚ ਹਰ ਤਰ੍ਹਾਂ ਦੇ ਜੋਖਮ ਦੀ ਨੁਕਸਾਨ ਪੂਰਤੀ ਕਰਕੇ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਅੱਜ ਇਹ ਸਾਡੇ ਜੀਵਨ ਦੀ ਇੱਕ ਬਹੁਤ ਵੱਡੀ ਲੋੜ ਬਣ ਚੁੱਕਾ ਹੈ।
ਲੇਖਕ : ਰੁਪਿੰਦਰ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 1409, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-30-12-25-02, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First