ਬੁਰਹਾਨਪੁਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬੁਰਹਾਨਪੁਰ: ਮੱਧ ਪ੍ਰਦੇਸ਼ ਦੇ ਪੂਰਬੀ ਨੀਮਾ (ਨਿਮਾੜ) ਜ਼ਿਲ੍ਹੇ ਦਾ ਇਕ ਪੁਰਾਤਨ ਨਗਰ ਜੋ ਤਾਪਤੀ ਨਦੀ ਦੇ ਕੰਢੇ ਉਤੇ ਸੰਨ 1400 ਈ. ਵਿਚ ਨਾਸਿਰ ਖ਼ਾਨ ਨੇ ਵਸਾਇਆ ਸੀ। ਦਿੱਲੀ ਇਟਾਰਸੀ-ਬੰਬਈ ਰੇਲਵੇ ਲਾਈਨ ਉਤੇ ਲਾਲ ਬਾਗ਼ ਰੇਲਵੇ ਸਟੇਸ਼ਨ ਤੋਂ ਤਿੰਨ ਕਿ.ਮੀ. ਦੀ ਵਿਥ ਉਤੇ ਸਥਿਤ ਇਸ ਨਗਰ ਵਿਚ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਪਧਾਰੇ ਸਨ ਅਤੇ ਤਾਪਤੀ ਨਦੀ ਦੇ ਕੰਢੇ ਭਾਈ ਭਗਵਾਨ ਦਾਸ ਕੋਲ ਠਹਿਰੇ ਸਨ। ਬਾਦ ਵਿਚ ਸ਼ਰਧਾਲੂਆਂ ਨੇ ਉਸ ਸਥਾਨ ਉਤੇ ਇਕ ਸੰਗਤ ਕਾਇਮ ਕੀਤੀ ਸੀ। ਭਾਈ ਭਗਵਾਨ ਦਾਸ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਤਕ ਜੀਉਂਦਾ ਰਿਹਾ ਅਤੇ ਸਿੱਖੀ ਦਾ ਖ਼ੂਬ ਪ੍ਰਚਾਰ ਕੀਤਾ। ਭਾਈ ਗੁਰਦਾਸ ਨੇ ਆਪਣੀ 11ਵੀਂ ਵਾਰ (ਪਉੜੀ 30) ਵਿਚ ਲਿਖਿਆ ਹੈ—ਮੇਲ ਵਡਾ ਬੁਰਹਾਨਪੁਰਿ ਸਨਮੁਖ ਸਿਖ ਸਹਜ ਪਰਗਾਸ ਭਗਤ ਭਈਆ ਭਗਵਾਨ ਦਾਸ ਨਾਲਿ ਬੋਦਲਾ ਘਰੇ ਉਦਾਸ...

ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਨੂੰ ਜਾਣ ਵੇਲੇ 13 ਮਈ 1708 ਈ. ਨੂੰ ਇਥੇ ਆਏ ਸਨ ਅਤੇ ਲਗਭਗ ਇਕ ਮਹੀਨਾ ਸ਼ਹਿਰ ਤੋਂ ਬਾਹਰ ਠਹਿਰੇ ਸਨ। ਗੁਰੂ ਜੀ ਪ੍ਰਤਿ ਸ਼ਰਧਾ ਅਰਪਿਤ ਕਰਨ ਲਈ ਉਥੇ ਸਿੱਖ ਸੰਗਤ ਇਕੱਠੀ ਹੁੰਦੀ ਰਹੀ ਅਤੇ ਗੁਰੂ ਜੀ ਦੇ ਚਲੇ ਜਾਣ ਤੋਂ ਬਾਦ ਵੀ ਸਿੱਖ ਜਿਗਿਆਸੂ ਉਥੇ ਆ ਕੇ ਨਾਮ-ਬਾਣੀ ਦਾ ਅਭਿਆਸ ਕਰਦੇ ਰਹੇ। ਸੰਨ 1757 ਈ. ਵਿਚ ਜਦੋਂ ਅਹਿਮਦਸ਼ਾਹ ਦੁਰਾਨੀ ਨੇ ਮਥੁਰਾ ਨੂੰ ਲੁਟਿਆ ਤਾਂ ਮਾਤਾ ਸੁੰਦਰੀ ਦੇ ਪਾਲਿਤ ਪੁੱਤਰ ਅਜੀਤ ਸਿੰਘ ਦਾ ਲੜਕਾ ਹਠੀ ਸਿੰਘ (ਵੇਖੋ) ਉਥੋਂ ਨਿਕਲ ਕੇ ਇਥੇ ਆ ਵਸਿਆ। ਇਥੇ ਹੀ ਉਸ ਦਾ ਦੇਹਾਂਤ ਹੋਇਆ। ਉਸ ਦੀ ਸਮਾਧ ਹੁਣ ਇਥੇ ਮੌਜੂਦ ਹੈ। ਇਸ ਸੰਗਤ ਵਿਚ ਰੌਣਕ ਦੇ ਵਧ ਹੋਣ ਕਾਰਣ ਇਸ ਨੂੰ ‘ਬੜੀ ਸੰਗਤ’ ਕਿਹਾ ਜਾਣ ਲਗਾ ਅਤੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਸੰਬੰਧਿਤ ਸੰਗਤ ਨੂੰ ‘ਛੋਟੀ ਸੰਗਤ’ ਨਾਂ ਦਿੱਤਾ ਜਾਣ ਲਗਿਆ। ਬੜੀ ਸੰਗਤ ਉਤੇ ਪਹਿਲਾਂ ਉਦਾਸੀ ਅਤੇ ਨਿਰਮਲੇ ਪੁਜਾਰੀ ਸੇਵਾ ਕਰਦੇ ਆ ਰਹੇ ਸਨ ਪਰ ਦੇਸ਼ ਦੀ ਵੰਡ ਤੋਂ ਬਾਦ ਉਥੇ ਆ ਵਸੇ ਪੰਜਾਬੀਆਂ ਨੇ ਬੜੀ ਸੰਗਤ ਦਾ ਸਰੂਪ ਸੰਵਾਰਿਆ, ਯਾਤ੍ਰੀਆਂ ਦੀ ਰਿਹਾਇਸ਼ ਲਈ ਕਮਰੇ ਬਣਵਾਏ ਅਤੇ ਗੁਰੂ ਕਾ ਲੰਗਰ ਸ਼ੁਰੂ ਕੀਤਾ। ਇਹ ਗੁਰੂ-ਧਾਮ ਸ਼ਹਿਰ ਦੀ ਪੁਰਾਤਨ ਫ਼ਸੀਲ ਤੋਂ ਲਗਭਗ 400 ਮੀ. ਬਾਹਰ ਖੰਡਵਾ ਰੋਡ ਦੇ ਨੇੜੇ, ਦਰਗਾਹ ਰੋਡ ਉਤੇ ਹੈ। ਇਸ ਦੇ ਇਹਾਤੇ ਵਿਚ ਤਿੰਨ ਏਕੜ ਜ਼ਮੀਨ ਹੈ। ਉਸ ਤੋਂ ਇਲਾਵਾ 25 ਏਕੜ ਉਪਜਾਊ ਜ਼ਮੀਨ ਗੁਰਦੁਆਰੇ ਨੂੰ ਦਾਨ ਕੀਤੀ ਹੋਈ ਵੀ ਹੈ। ਇਸ ਦੀ ਵਿਵਸਥਾ ਗੁਰਦੁਆਰਾ ਪ੍ਰਬੰਧਕ ਕਮੇਟੀ ਬੁਰਹਾਨਪੁਰ ਕਰਦੀ ਹੈ। ਇਸ ਗੁਰੂ-ਧਾਮ ਵਿਚ ਕਈ ਪੁਰਾਤਨ ਹੱਥ-ਲਿਖਿਤ ਗ੍ਰੰਥ ਸੁਰਖਿਅਤ ਸਨ। ਹੁਣ ਇਥੇ ਮੌਜੂਦ ਗੁਰੂ ਗ੍ਰੰਥ ਸਾਹਿਬ ਦੀ ਇਕ ਪੁਰਾਤਨ ਹੱਥ-ਲਿਖਿਤ ਬੀੜ ਵਿਸ਼ੇਸ਼ ਤੌਰ ’ਤੇ ਖਿਚ ਦਾ ਕਾਰਣ ਹੈ ਕਿਉਂਕਿ ਉਸ ਦੇ ਪੰਨਿਆਂ ਉਪਰ ਬਹੁਤ ਖ਼ੂਬਸੂਰਤ ਵੇਲਾਂ ਬਣੀਆਂ ਹੋਈਆਂ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨੀਸਾਣ ਵੀ ਪਏ ਹੋਏ ਦਸੇ ਜਾਂਦੇ ਹਨ।

            ਤਾਪਤੀ ਨਦੀ ਦੇ ਕੰਢੇ ਬਣੀ ਛੋਟੀ ਸੰਗਤ (ਗੁਰਦੁਆਰਾ ਰਾਜਘਾਟ ਸੰਗਤ ਪਾਤਸ਼ਾਹੀ ਪਹਿਲੀ) ਬੜੀ ਸੰਗਤ ਦੀ ਪ੍ਰਸਿੱਧੀ ਕਰਕੇ, ਕੁਝ ਉਪੇਖਿਅਤ ਹੋ ਗਈ ਸੀ, ਪਰ ਸੰਨ 1938 ਈ. ਵਿਚ ਇਕ ਕਸ਼ਮੀਰੀ ਗੁਰਸਿੱਖ ਭਾਈ ਸਾਧੂ ਸਿੰਘ ਦੇ ਉੱਦਮ ਨਾਲ ਉਥੇ ਵੀ ਰੌਣਕ ਹੋਣੀ ਸ਼ੁਰੂ ਹੋ ਗਈ। ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਦ ਰਾਵਲਪਿੰਡੀ ਵਲੋਂ ਕੁਝ ਸਿੱਖ ਪਰਿਵਾਰ ਬੁਰਹਾਨਪੁਰ ਆ ਵਸੇ। ਉਨ੍ਹਾਂ ਦੇ ਯਤਨਾਂ ਨਾਲ ਸੰਨ 1957 ਈ. ਵਿਚ ਗੁਰਦੁਆਰੇ ਦੀ ਇਮਾਰਤ ਬਣਵਾਈ ਗਈ ਅਤੇ ਹੁਣ ਉਸ ਇਮਾਰਤ ਦਾ ਹੋਰ ਵੀ ਵਿਕਾਸ ਹੋ ਗਿਆ ਹੈ। ਬੁਰਹਾਨਪੁਰ ਵਿਚ ਸੁਥਰੇ- ਸ਼ਾਹੀਆਂ ਦਾ ਇਕ ਅਤੇ ਉਦਾਸੀਆਂ ਦੇ ਦੋ ਡੇਰੇ ਹਨ।

ਗੁਰੂ ਗੋਬਿੰਦ ਸਿੰਘ ਜੀ ਨੇ ਬੁਰਹਾਨਪੁਰ ਤੋਂ ਪ੍ਰਸਥਾਨ ਕਰਨ ਤੋਂ ਬਾਦ ਤਾਪਤੀ ਨਦੀ ਦੇ ਪਰਲੇ ਪਾਸੇ ਦੋ ਕਿ.ਮੀ. ਦੀ ਵਿਥ ਉਤੇ ਜੈਨਾਬਾਦ ਪਿੰਡ ਦੀ ਧਰਤੀ ਉਤੇ ਤਿੰਨ ਚਾਰ ਦਿਨਾਂ ਦਾ ਪੜਾ ਕੀਤਾ ਤਾਂ ਜੋ ਪਿਛੇ ਰਹਿ ਗਏ ਸਿੱਖ ਆ ਮਿਲਣ। ਹੁਣ ਉਥੇ ‘ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਾਤਸ਼ਾਹੀ ਦਸਵੀਂ ’ ਬਣਿਆ ਹੋਇਆ ਹੈ ਜਿਸ ਦੀ ਵਿਵਸਥਾ ਬੁਰਹਾਨਪੁਰ ਦੀ ਗੁਰਦੁਆਰਾ ਕਮੇਟੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2318, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.