ਬੋਲਚਾਲ ਦੀ ਭਾਸ਼ਾ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਬੋਲਚਾਲ ਦੀ ਭਾਸ਼ਾ: ਇਸ ਸੰਕਲਪ ਦੀ ਵਰਤੋਂ ਮਿਆਰੀ ਭਾਸ਼ਾ ਦੇ ਵਿਰੋਧ ਵਿਚ ਕੀਤੀ ਜਾਂਦੀ ਹੈ। ਮਿਆਰੀ ਭਾਸ਼ਾ ਦਾ ਅਧਾਰ ਬੋਲ-ਚਾਲ ਦੀ ਭਾਸ਼ਾ ਹੁੰਦੀ ਹੈ ਪਰ ਬੋਲ-ਚਾਲ ਦੀ ਭਾਸ਼ਾ ਮਿਆਰੀ ਨਹੀਂ ਹੁੰਦੀ। ਮਿਆਰੀ ਜਾਂ ਟਕਸਾਲੀ ਭਾਸ਼ਾ ਨੂੰ ਸੁਚੇਤ ਤੌਰ ’ਤੇ ਸਿਰਜਿਆ ਜਾਂਦਾ ਹੈ ਪਰ ਬੋਲ-ਚਾਲ ਦੀ ਭਾਸ਼ਾ ਇਕ ਭਾਸ਼ਾਈ ਸਮੂਹ ਵਿਚ ਕੇਵਲ ਸੰਚਾਰ ਦੇ ਮਾਧਿਅਮ ਵਜੋਂ ਵਰਤੀ ਜਾਂਦੀ ਹੈ। ਪੰਜਾਬੀ ਦੀ ਟਕਸਾਲੀ ਭਾਸ਼ਾ ਮਾਝੀ ਉਪਭਾਸ਼ਾ ’ਤੇ ਅਧਾਰਤ ਹੈ ਪਰ ਮਾਝੀ ਟਕਸਾਲੀ ਭਾਸ਼ਾ ਨਹੀਂ ਕਿਉਂਕਿ ਬੋਲ-ਚਾਲ ਦੀ ਮਾਝੀ ਅਤੇ ਟਕਸਾਲੀ ਭਾਸ਼ਾ ਪੰਜਾਬੀ ਵਿਚ ਕਾਫੀ ਅੰਤਰ ਹੈ। ਇਹ ਅੰਤਰ ਸ਼ਬਦਾਵਲੀ ਤੋਂ ਲੈ ਕੇ ਵਿਆਕਰਨ ਦੇ ਪੱਧਰ ਤੱਕ ਦਾ ਹੈ। ਜਿਵੇਂ ਟਕਸਾਲੀ ਭਾਸ਼ਾ ਵਿਚ ਸਹਾਇਕ ਕਿਰਿਆ ਦੇ (ਹੈ) ਅਤੇ (ਸੀ) ਦੇ ਰੂਪ ਹਨ ਪਰ ਵਰਤੋਂ ਦੇ ਜਾਂ ਬੋਲ-ਚਾਲ ਦੇ ਪੱਖ ਤੋਂ ਵੇਖਿਆਂ ਪਤਾ ਚਲਦਾ ਹੈ ਕਿ ਇਨ੍ਹਾਂ ਵਾਸਤੇ (ਏ, ਈ, ਊ, ਨੇ) ਆਦਿ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ। ਮਾਝੀ ਵਿਚ (ਹ) ਧੁਨੀ ਦੀ ਵਰਤੋਂ ਬੋਲ-ਚਾਲ ਦੇ ਪੱਧਰ ’ਤੇ ਸ਼ਬਦ ਦੀ ਕਿਸੇ ਵੀ ਸਥਿਤੀ ਵਿਚ ਨਹੀਂ ਹੁੰਦੀ ਪਰ ਟਕਸਾਲੀ ਭਾਸ਼ਾ ਵਿਚ ਇਸ ਦੀ ਵਰਤੋਂ ਹੁੰਦੀ ਹੈ। ਸ਼ਬਦ ਤਰਤੀਬ ਦੇ ਪੱਖ ਤੋਂ ਪੰਜਾਬੀ ਭਾਸ਼ਾ ਦੀ ਵਾਕ ਬਣਤਰ ਐਸ, ਓ. ਵੀ. ਅਨੁਸਾਰ ਕੀਤੀ ਜਾਂਦੀ ਹੈ ਪਰ ਬੋਲ-ਚਾਲ ਦੇ ਪੱਧਰ ’ਤੇ ਭਾਸ਼ਾਈ ਬੁਲਾਰੇ ਇਸ ਤਰਤੀਬ ਅਨੁਸਾਰ ਨਹੀਂ ਬੋਲਦੇ। ਇਸੇ ਤਰ੍ਹਾਂ ਵਾਕੰਸ਼ ਬਣਤਰ ਵਿਚ ਮੁੱਖ ਸ਼ਬਦ ਦਾ ਸਥਾਨ ਨਿਸ਼ਚਤ ਹੁੰਦਾ ਹੈ ਪਰ ਬੋਲ-ਚਾਲ ਦੇ ਪੱਧਰ ਤੇ ਇਸ ਦੀ ਉਲੰਘਣਾ ਕੀਤੀ ਜਾਂਦੀ ਹੈ। ਬੋਲ-ਚਾਲ ਦੀ ਭਾਸ਼ਾ ਦਾ ਮੁੱਖ ਮੰਤਵ ਸੰਚਾਰ ਕਰਨਾ ਹੁੰਦਾ ਹੈ ਪਰ ਮਿਆਰੀ ਭਾਸ਼ਾ ਵਿਚ ਸੰਚਾਰ ਦੇ ਨਾਲ ਨਾਲ ਭਾਸ਼ਾਈ ਰੂਪਾਂ ਦੀ ਵਰਤੋਂ, ਪੈਟਰਨਾਂ ਅਨੁਸਾਰ ਕੀਤੀ ਜਾਂਦੀ ਹੈ ਕਿਉਂਕਿ ਮਿਆਰੀ ਭਾਸ਼ਾ ਦੀ ਵਰਤੋਂ ਵਿਦਿਅਕ ਅਦਾਰਿਆਂ, ਸਰਕਾਰੀ ਦਫਤਰਾਂ, ਅਦਾਲਤਾਂ ਆਦਿ ਵਿਚ ਸੁਚੇਤ ਤੌਰ ’ਤੇ ਕੀਤੀ ਜਾਂਦੀ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 4753, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First