ਬ੍ਰਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬ੍ਰਜ [ਨਿਪੁ] ਮਥਰਾ ਦੇ ਆਲ਼ੇ-ਦੁਆਲ਼ੇ ਦਾ ਇਲਾਕਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬ੍ਰਜ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬ੍ਰਜ : ਵੇਖੋ ‘ਹਿੰਦੀ’

ਹਿੰਦੀ (ਭਾਸ਼ਾ ਅਤੇ ਸਾਹਿੱਤ) : ਵਰਤਮਾਨ ਅਰਥਾਂ ਵਿਚ ਹਿੰਦੀ ਸ਼ਬਦ ਉਸ ਭਾਸ਼ਾ ਅਤੇ ਸਾਹਿੱਤ ਲਈ ਵਰਤਿਆ ਜਾਂਦਾ ਹੈ ਜਿਸ ਨੂੰ ਭਾਰਤੀ ਵਿਧਾਨ ਦੀ ਧਾਰਾ 343.1 ਦੇ ਅਨੁਸਾਰ ਰਾਸ਼ਟਰ ਅਥਵਾ ਅੰਤਰ–ਰਾਜੀ ਭਾਸ਼ਾ ਪ੍ਰਵਾਨ ਕੀਤਾ ਗਿਆ ਹੈ। ਇਹ ਭਾਸ਼ਾ ਉੱਤਰ–ਪ੍ਰਦੇਸ਼ , ਬਿਹਾਰ,ਦਿੱਲੀ, ਰਾਜਸਥਾਨ, ਮੱਧ–ਪ੍ਰਦੇਸ਼, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਪ੍ਰਧਾਨ ਭਾਸ਼ਾ ਹੈ। ਰਿਗਵੇਦ ਵਿਚ ‘ਸਿੰਧੁ’ ਅਤੇ ‘ਸਪਤ–ਸਿੰਧਵੈ’ ਸ਼ਬਦ ਨਦੀਆਂ ਦੇ ਅਰਥ ਵਿਚ ਕਈ ਵਾਰ, ਪਰ ਵਿਸ਼ੇਸ਼ ਪ੍ਰਦੇਸ਼ ਦੇ ਅਰਥ ਵਿਚ ਕੇਵਲ ਇਕ ਵਾਰ, ਪ੍ਰਯੋਗ ਕੀਤੇ ਹੋਏ ਮਿਲਦੇ ਹਨ। ਈਰਾਨੀਆਂ ਦੀ ਪ੍ਰਾਚੀਨ ਧਰਮ ਪੁਸਤਕ ‘ਅਵੇਸਤ’ ਵਿਚ ਮਿਲਦੇ ‘ਹੈਦੂ’,‘ਹਿੰਦੂ’,‘ਹਫ਼ਤਹਿੰਦਵੈ’ ਸ਼ਬਦ ਕੇਵਲ ਵੈਦਿਕ ਸ਼ਬਦਾਂ ਦਾ ਈਰਾਨੀ ਰੂਪ ਹੀ ਹਨ। ਪ੍ਰਾਚੀਨ ਪਹਿਲਵੀ ਵਿਚ ‘ਹਿੰਦੂ’,‘ਹਿੰਦੁਕ’ ਅਤੇ ‘ਹਿੰਦੁਸ’ ਸ਼ਬਦ ਮਿਲਦੇ ਹਨ। ਮੱਧਕਾਲੀਨ ਈਰਾਨੀ ਭਾਸ਼ਾ ਵਿਚ ਹਿੰਦ ਨੂੰ ਪਿਛੇਤਰ ‘ਈਕ’ ਲਾ ਕੇ ‘ਹਿੰਦਕਿ’, ਫਿਰ ‘ਈਮ’ ਲਾ ਕੇ ‘ਹਿੰਦੀਮ ’  ਸ਼ਬਦ ਬਣੇ ਅਤੇ ਧੀਰੇ ਧੀਰੇ ਇਹ ਪਿਛੇਤਰ ਵੀ ਉੱਡ ਗਏ ਅਤੇ ਕੇਵਲ ‘ਈ’ ਹੀ ਰਹਿ ਗਿਆ ਜਿਸ ਕਰਕੇ ਇਹ ਸ਼ਬਦ ‘ਹਿੰਦੀ’ ਬਣ ਗਿਆ। ਕਾਲਾਂਤਰ ਵਿਚ ਇਹ ਸ਼ਬਦ ਹਿੰਦ ਦੀ ਭਾਸ਼ਾ ਲਈ ਵਰਤਿਆ ਜਾਣ ਲਗ ਪਿਆ।

          ਭਾਸ਼ਾ ਦੇ ਪ੍ਰਸੰਗ ਵਿਚ ਮੱਧਕਾਲੀਨ ਫ਼ਾਰਸੀ ਅਤੇ ਅਰਬੀ ਸਾਹਿੱਤ ਵਿਚ ‘ਜ਼ਬਾਨੇ–ਹਿੰਦੀ’ ਸ਼ਬਦ ਦਾ ਪ੍ਰਯੋਗ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਸੰਸਕ੍ਰਿਤ, ਪਾਲੀ, ਪ੍ਰਾਕ੍ਰਿਤ ਅਪਭ੍ਰੰਸ਼ ਲਈ ਕੀਤਾ ਜਾਂਦਾ ਸੀ। ਛੇਵੀਂ ਸਦੀ ਈ. ਵਿਚ ਨੋਸ਼ੀਰਵਾਂ ਦੇ ਦਰਬਾਰੀ ਹਕੀਮ ਬਰਜੋਇਆ ਨੇ ‘ਪੰਚਤਤੰਰ’ ਨੂੰ ‘ਕਲੀਲਾ–ਓ–ਦਮਨਾ’ ਸਿਰਲੇਖ ਹੇਠ ਪਹਿਲਵੀਂ ਵਿਚ ਅਨੁਵਾਦ ਕੀਤਾ। ‘ਪੰਚਤਤੰਰ’ ਦੀ ਭਾਸ਼ਾ ਨੂੰ ‘ਜ਼ਬਾਨੇ ਹਿੰਦੀ’ ਦਾ ਨਾਉਂ ਬਖ਼ਸ਼ਿਆ ਹੈ। ਇਸੇ ਤਰ੍ਹਾਂ ਅਲਬਰੂਨੀ (1025 ਈ.) ਵੀ ਭਾਰਤੀ ਭਾਸ਼ਾਵਾਂ ਨੂੰ ‘ਹਿੰਦੀ’ ਕਹਿ ਕੇ ਹੀ ਸੰਬੋਧਿਤ ਕਰਦਾ ਹੈ। ਸੰਸਕ੍ਰਿਤ, ਪ੍ਰਾਕ੍ਰਿਤ, ਅਪਭ੍ਰੰਸ਼ ਆਦਿ ਪੁਰਾਣੀਆਂ ਭਾਸ਼ਾਵਾਂ ਵਿਚ ਇਹ ਸ਼ਬਦ–ਪ੍ਰਯੋਗ ਕਿਤੇ ਵੀ ਨਹੀਂ ਮਿਲਦਾ। ਭਾਰਤ ਵਿਚ ਰਹਿਣ ਵਾਲੇ ਮੁਸਲਮਾਨ ਫ਼ਾਰਸੀ ਲੇਖਕ ਹਿੰਦ ਦੀਆਂ ਦੇਸੀ ਭਾਸ਼ਾਵਾਂ ਲਈ ‘ਹਿੰਦੀ’ ਜਾਂ ‘ਹਿੰਦਵੀ’ ਆਖਦੇ ਰਹੇ ਹਨ। ਤੇਰ੍ਹਵੀਂ ਸਦੀ ਈ. ਵਿਚ ਫ਼ਾਰਸੀ ਕਵੀ ਔਫ਼ੀ (1228 ਈ.) ਨੇ ਸਭ ਤੋਂ ਪਹਿਲਾਂ ‘ਹਿੰਦਵੀ’ ਸ਼ਬਦ ਦਾ ਪ੍ਰਯੋਗ ਦੇਸੀ ਭਾਸ਼ਾ ਲਈ ਕੀਤਾ। ਤੇਰ੍ਹਵੀਂ–ਚੌਦ੍ਹਵੀਂ ਸਦੀ ਈ. ਵਿਚ ‘ਹਿੰਦੀ’, ‘ਹਿੰਦਵੀ’ ਜਾਂ ‘ਹਿੰਦੂਵੀ’ ਨਾਉਂ ਪ੍ਰਦਾਨ ਕਰਨ ਵਿਚ ਅਬੁਲਹਸਨ ਅਤੇ ਅਮੀਰ ਖੁਸਰੋ (1253–1325 ਈ.) ਦੇ ਨਾਉਂ ਬੜੇ ਮਹੱਤਵਪੂਰਨ ਹਨ। ਖੁਸਰੋ ਅਰਬੀ, ਫ਼ਾਰਸੀ ਦਾ ਵਿਦਵਾਨ ਲੇਖਕ ਸੀ ਅਤੇ ਉਸ ਨੇ ‘ਚੰਦ ਨਜ਼ਮ’ ਸਿਰਲੇਖ ਹੇਠ ਹਿੰਦੀ ਵਿਚ ਵੀ ਰਚਨਾ ਕੀਤੀ। ਖ਼ੁਸਰੋ ਨੇ ਆਪਣੇ ਸਮੇਂ ਦੀਆਂ ਭਾਰਤੀ ਭਾਸ਼ਾਵਾਂ ਸਿੰਧੀ, ਲਾਹੌਰੀ , ਕਸ਼ਮੀਰੀ, ਬੰਗਾਲੀ, ਗੌੜੀ, ਗੁਜਰਾਤੀ, ਤਿਲਗੀ, ਕੌਂਕੜੀ (ਕਰਨਾਟਕੀ) ਧਰੁਵ–ਸਮੁੰਦਰੀ, ਅਵਧੀ, ਦੇਹਲਵੀ, ਅਤੇ ‘ਇਸ਼ਕੇ ਇਤਰਾਫ਼ ਕੀ ਜ਼ਬਾਨ’ ਦਾ ਜ਼ਿਕਰ ਕੀਤਾ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ‘ਹਿੰਦੀ’ ਸ਼ਬਦ ਕਿਸੇ ਵਿਸ਼ੇਸ਼ ਭਾਸ਼ਾ ਲਈ ਪ੍ਰਚੱਲਿਤ ਨਹੀਂ ਸੀ। ਖ਼ਸਰੋ ਦੀ ਦੇਸੀ ਭਾਸ਼ਾ ਦੇਹਲਵੀ ਅਤੇ ‘ਇਤਰਾਫ਼ ਕੀ ਜ਼ਬਾਨ ’ ਹੈ ਅਤੇ ਜਾਯਸੀ ਦੀ ਭਾਸ਼ਾ ਅਵਧੀ ਹੈ। ਇਸ ਦੇ ਨਾਲ ਨਾਲ ਭਾਰਤੀ ਵਿਦਵਾਨ ਸੰਸਕ੍ਰਿਤ ਅਤੇ ਪ੍ਰਾਚੀਨ ਭਾਸ਼ਾ ਦੀ ਤੁਲਨਾ ਵਿਚ ਦੇਸੀ ਭਾਸ਼ਾ ਨੂੰ ‘ਭਾਸ਼ਾ’ ਜਾਂ ‘ਭਾਖਾ’ ਕਹਿੰਦੇ ਸਨ। ਤੁਲਸੀ, ਕਬੀਰ ਅਤੇ ਰਹੀਮ ਦੀ ਕਵਿਤਾ ਦੀ ਭਾਸ਼ਾ ਨੂੰ ਭਾਖਾ ਕਿਹਾ ਜਾਂਦਾ ਸੀ ਅਤੇ ਅਕਬਰ ਦੇ ਦਰਬਾਰੀ ਕਵੀ ਰਹੀਮ ਨੂੰ ਹਿੰਦੀ ਕਵੀ ਆਖਦੇ ਸਨ। ਇਸ ਤੋਂ ਇਹ ਅਨੁਮਾਨ ਲੱਗਦਾ ਹੈ ਕਿ ਭਾਖਾ, ਹਿੰਦਵੀ ਅਤੇ ਹਿੰਦੀ ਸਮਾਨ–ਆਰਥਕ ਸ਼ਬਦ ਹਨ। ਭਾਰਤ ਵਿਚ ਸੋਲ੍ਹਵੀਂ ਅਤੇ ਸਤਾਰ੍ਹਵੀਂ ਸਦੀਆਂ ਵਿਚ ਭਗਤੀ ਲਹਿਰ ਆਪਣੇ ਜ਼ੋਰਾਂ ਤੇ ਸੀ। ਰਾਮ ਭਗਤ ਅਤੇ ਕ੍ਰਿਸ਼ਣ ਭਗਤ ਕਵੀਆਂ ਨੇ ਅਵਧੀ ਤੇ ਬ੍ਰਜ ਭਾਸ਼ਾ ਵਿਚ ਢੇਰ ਸਾਰੀ ਕਵਿਤਾ ਲਿਖੀ, ਪਰ ਅਕਬਰ ਦੇ ਵੱਡੇ ਵਜ਼ੀਰ ਅਬੁਦਲ ਫ਼ਜਲ ਵੱਲੋਂ ਭਾਰਤੀ ਭਾਸ਼ਾਵਾਂ ਦੇ ਵਰਗੀਕਰਣ ਵਿਚ ਹਿੰਦੀ ਜਾਂ ਬ੍ਰਜ ਦਾ ਨਾਉਂ ਨਹੀਂ ਹੈ। ਇਸ ਸਦੀ ਵਿਚ 1666 ਈ. ਵਿਚ ਮਿਰਜ਼ਾ ਰਾਮ ਜੈ ਸਿੰਘ ਦੇ ਪੁੱਤਰ ਰਾਮ ਸਿੰਘ ਦੇ ਦੀਵਾਨ ਸ੍ਰੀ ਪ੍ਰਕਾਸ਼ ਦਾਸ ਨੇ ਜੈ ਸਿੰਘ ਅਤੇ ਰਾਮ ਸਿੰਘ ਦੇ ਇਕ ਪੱਤਰ ਨੂੰ ‘ਹਿੰਦੀ ਪਰਵਾਨਾ’ ਕਿਹਾ। ਇਹ ਪਹਿਲਾ ਹਿੰਦੂ ਸੀ ਜਿਸ ਨੇ ਦਿੱਲੀ ਦੇ ਲਾਗੇ ਦੀ ਬੋਲੀ ਨੂੰ ‘ਹਿੰਦਵੀਂ’ ਆਖਿਆ। ਹੌਲੀ ਹੌਲੀ ਇਸ ਇਲਾਕੇ ਦੀ ਬੋਲੀ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਨੇ ਹਿੰਦਵੀ ਨਾਉਂ ਦੇ ਕੇ ਆਪਣਾ ਲਿਆ। ਹਿੰਦੂ ਲੇਖਕ ਨਾਗਰੀ ਲਿਪੀ ਵਿਚ ਅਤੇ ਮੁਸਲਮਾਨ ਲੇਖਕ ਫ਼ਾਰਸੀ ਲਿਪੀ ਵਿਚ ਲਿਖਦੇ ਰਹੇ। 1676 ਈ. ਵਿਚ ਬ੍ਰਜ ਭਾਸ਼ਾ ਦੇ ਪਹਿਲੇ ਵਿਆਕਰਣੀਏ ਮਿਰਜ਼ਾ ਖ਼ਾਂ ਨੇ ਆਪਣੀ ਪੁਸਤਕ ‘ਤਲਫ਼ਤੁਲਹਿੰਦ’ ਵਿਚ 3000 ਹਿੰਦੀ ਸ਼ਬਦਾਂ ਦੀ ਫ਼ਾਰਸੀ ਵਿਚ ਵਿਆਖਿਆ ਕਰਦੇ ਹੋਏ ਉਸ ਕੋਸ਼ ਨੂੰ ‘ਲੁਗ਼ਾਤੇ ਹਿੰਦੀ’ ਆਖਿਆ ਹੈ। ਅਠ੍ਹਾਰਵੀਂ ਸਦੀ ਈਂ ਵਿਚ ਭਾਖਾ ਜਾਂ ਭਾਸ਼ਾ ਸ਼ਬਦ ਵਿਸ਼ੇਸ਼ ਤੌਰ ਤੇ ਮੱਧ ਦੇਸ਼ ਦੀਆਂ ਗ੍ਰਾਮੀਣ ਬੋਲੀਆਂ ਲਈ ਵਰਤਿਆ ਜਾਣ ਲਗ ਪਿਆ। ਦੱਖਣੀ ਸਾਹਿੱਤ ਵਿਚ ਪ੍ਰਯੁਕਤ ਹਿੰਦੀ ਜਾਂ ਹਿੰਦਵੀ ਨੂੰ ਜਦ ਉੱਤਰੀ ਭਾਰਤ ਦੇ ਮੁਸਲਮਾਨ ਕਵੀਆਂ ਨੇ ਫ਼ਾਰਸੀ ਦੇ ਸਾਂਚੇ ਵਿਚ ਢਾਲ ਕੇ ਆਪਣਾ ਲਿਆ ਤਾਂ ਉਸ ਨੂੰ ‘ਰੇਖ਼ਤਾ’ ਦਾ ਨਾਉਂ ਦਿੱਤਾ ਗਿਆ। ਹਿੰਦੂ ਲੇਖਕਾਂ ਦੀ ਬੋਲੀ ਨੂੰ ਜਿਸ ਵਿਚ ਬਦੇਸੀਪਣ ਘਟ ਸੀ, ਇਸ ਸਦੀ ਦੇ ਅੰਤ ਵਿਚ ਈਸਟ ਇੰਡੀਆ ਕੰਪਨੀ ਵੱਲੋਂ ਆਪਣੇ ਕਰਮਚਾਰੀਆਂ ਨੂੰ ਦੇਸੀ ਭਾਸ਼ਾਵਾਂ ਦੀ ਪੜ੍ਹਾਈ ਲਈ ਮਾਧਿਅਮ ਬਣਾਇਆ ਗਿਆ। ਡਾਕਟਰ ਗਿਲਕ੍ਰਾਈਸਟ ਨੇ ਪ੍ਰਚੱਲਿਤ ਹਿੰਦਵੀ, ਅਰਬੀ ਅਤੇ ਫ਼ਾਰਸੀ ਦੇ ਸੰਮਿਲਿਤ ਰੂਪ ਨੂੰ ਹਿੰਦੁਸਤਾਨੀ ਭਾਸ਼ਾ ਦਾ ਨਾਉਂ ਦਿੱਤਾ। ਇਹ ਇਕ ਪ੍ਰਕਾਰ ਨਾਲ ਰੇਖ਼ਤਾ ਦੀ ਹੀ ਸਮਾਨ–ਅਰਬੀ ਸ਼ਬਦ ਸੀ। ਗਿਲਕ੍ਰਾਈਸਟ ਹਿੰਦੁਸਤਾਨੀ ਦੀਆਂ ਤਿੰਨ ਪ੍ਰਧਾਨ ਸ਼ੈਲੀਆਂ ਮੰਨਦੇ ਹਨ; ਪਹਿਲੀ ਉੱਚ ਜਾਂ ਦਰਬਾਰੀ ਜਾਂ ਫ਼ਾਰਸੀ ਸ਼ੈਲੀ; ਦੂਜੀ ਮੱਧ ਜਾਂ ਵਾਸਤਵਿਕ ਹਿੰਦੁਸਤਾਨੀ; ਤੀਜੀ ਗ੍ਰਾਮੀਣ ਜਾਂ ਹਿੰਦਵੀ ਸ਼ੈਲੀ। ਉਸ ਦੇ ਅਨੁਸਾਰ ਹਿੰਦਵੀ ਸ਼ੈਲੀ ਨਾਗਰੀ ਵਿਚ ਲਿਖੀ ਹੋਈ ਹਿੰਦੂਆਂ ਅਤੇ ਹਿੰਦੁਸਤਾਨ ਦੇ ਕਿਰਸਾਨਾਂ ਦੀ ਬੋਲੀ ਨਾਲ ਮਿਲਦੀ ਸੀ। ਫੋਰਟ ਵਿਲੀਅਮ ਕਾਲਜ (1800ਈਂ) ਵਿਚ ਫ਼ਾਰਸੀ ਲਿਪੀ ਵਿਚ ਲਿਖੀ ਹਿੰਦੁਸਤਾਨੀ ਨੂੰ ਪ੍ਰਧਾਨਤਾ ਮਿਲੀ ਪਰੰਤੂ ਕਰਮਚਾਰੀਆਂ ਦਾ ਸੰਬੰਧ ਜਿਵੇਂ ਜਿਵੇਂ ਹਿੰਦੁਸਤਾਨੀ ਨਾਲ ਵਧਦਾ ਗਿਆ, ਤਿਵੇਂ ਤਿਵੇਂ ਉਨ੍ਹਾਂ ਨੂੰ ਇਹ ਅਨੁਭਵ ਹੋਇਆ ਕਿ ਫ਼ਾਰਸੀ–ਨੁਮਾ ਹਿੰਦੁਸਤਾਨੀ ਨਹੀਂ, ਸਗੋਂ ਹਿੰਦੀ ਜਾਂ ਹਿੰਦਵੀ ਇਕ ਵਧੇਰੇ ਪ੍ਰਚੱਲਿਤ ਬੋਲੀ ਸੀ। ਬੋਲੀ ਅਤੇ ਸਾਹਿੱਤ ਦੇ ਸੰਦਰਭ ਵਿਚ ਹਿੰਦੀ ਦਾ ਆਧੁਨਿਕ ਅਰਥਾਂ ਵਿਚ ਪ੍ਰਯੋਗ ਸਭ ਤੋਂ ਪਹਿਲਾਂ 1812 ਈ. ਵਿਚ ਕੈਪਟਨ ਟੇਲਰ ਨੇ ਕਾਲਜ ਦੇ ਇਨਾਮ–ਵੰਡ ਜਲਸੇ ਵਿਚ ਕੀਤਾ ਅਤੇ ਇਸ ਬੋਲੀ ਦੀ ਆਪਣੀ ਲਿਪੀ ਨਾਗਰੀ ਵੱਲ ਸੰਕੇਤ ਕੀਤਾ। 11 ਅਕਤੂਬਰ 1824 ਵਿਚ ਵਿਲੀਅਮ ਪ੍ਰਾਈਸ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਹਿੰਦੀ ਦਾ ਪ੍ਰੋਫ਼ੈਸਰ ਲਿਖਿਆ ਅਤੇ ਬ੍ਰਜ ਭਾਸ਼ਾ, ਖੜੀ ਬੋਲੀ, ਹਿੰਦਵੀ, ਹਿੰਦੂਈ, ਅਤੇ ਠੇਠ ਹਿੰਦੀ ਆਦਿ ਬਦਲੇ ‘ਹਿੰਦੀ’ ਨਾਉਂ ਨੂੰ ਚੁਣਿਆ । 1825 ਈ. ਵਿਚ ਲਾਰਡ  ਐਮਹਰਸਟ ਨੇ ਫ਼ੋਰਟ ਵਿਲੀਅਮ ਕਾਲਜ ਦੇ ਵਾਰਸ਼ਿਕ ਸਮਾਗਮ ਉੱਤੇ ਭਾਸ਼ਣ ਦਿੰਦੀਆਂ ਕਿਹਾ ਕਿ ਹਿੰਦੀ ਉਹ ਬੋਲੀ ਹੈ ਜਿਹੜੀ ਥੋੜੇ ਜਿਹ ਸਥਾਨਕ ਭੇਦਾਂ ਅਤੇ ਅਦਲਾ–ਬਦਲੀ ਨਾਲ ਬਨਾਰਸ, ਬਿਹਾਰ ਅਤੇ ਇਨ੍ਹਾਂ ਦੇ ਨਜ਼ਦੀਕੀ ਇਲਾਕਿਆਂ ਵਿਚ ਹਿੰਦੂ ਲੋਕ ਵਰਤਦੇ ਹਨ। ਫ਼ਾਰਸੀ ਅਤੇ ਉਰਦੂ ਇਨ੍ਹਾਂ ਲੋਕਾਂ ਲਈ ਇੰਨੀਆਂ ਹੀ ਬਦੇਸ਼ੀ ਹਨ ਜਿੰਨੀ ਅੰਗ੍ਰੇਜ਼ੀ ਭਾਸ਼ਾ। ਅੱਜ ਇਸੇ ਆਧੁਨਿਕ ਅਰਥ ਵਿਚ ਹਿੰਦੀ ਨੂੰ ਸਮਝਿਆ ਜਾਂਦਾ ਹੈ। ਇਸ ਵਿਚਾਰ ਨਾਲ ਗ੍ਰੀਅਰਸ ਨੇ ਹਿੰਦੀ ਦੀਆਂ ਅੱਠ ਉਪਬੋਲੀਆਂ ਮੰਨੀਆਂ ਹਨ। ਪੱਛਮ ਹਿੰਦੀ–ਖੜੀ ਬੋਲੀ, ਬਾਂਗਰੂ, ਬ੍ਰਜ, ਕਨੌਜੀ, ਬੁੰਦੇਲੀ; ਪੂਰਵੀ ਹਿੰਦੀ–ਅਵਧੀ, ਬਘੇਲੀ, ਛੱਤੀਸਗੜ੍ਹੀ। ਸਾਹਿਤਿਕ ਪ੍ਰਸੰਗ ਵਿਚ ਅੱਜ ਵੀ ਹਿੰਦੀ ਦਾ ਇਹੀ ਸਮਾਨ–ਅਰਥ ਪ੍ਰਚੱਲਿਤ ਹੈ। ਹਿੰਦੀ ਦਾ ਮੂਲ ਆਧਾਰ ਜਾਂ ਮੂਲ ਸੋਮਾ ਖੜੀ ਬੋਲੀ ਹੈ, ਪਰੰਤੂ ਇਸ ਨੂੰ ਰਾਜਸਥਾਨੀ ਅਤੇ ਹਰਿਆਣਵੀ ਨੇ ਵੀ ਅਮੀਰ ਬਣਾਇਆ ਹੈ। ਹਿੰਦੀ ਵਿਚ ਭਾਰਤੀ ਆਰਯ ਭਾਸ਼ਾ ਤੋਂ ਵਿਕਸਿਤ ਛਿਆਲੀ ਧੁਨੀਆਂ ਹਨ, ਇਨ੍ਹਾਂ ਵਿਚ ਗਿਆਰ੍ਹਾਂ ਸ੍ਵਰ ਅਤੇ ਤੇਤੀ ਵਿਅੰਜਨ ਹਨ। ਇਨ੍ਹਾਂ ਤੋਂ ਛੁੱਟ ਅਨੁਸ੍ਵਾਰ ਅਤੇ ਵਿਸਰਗ ਦੋ ਵਿਅੰਜਨ ਹੋਰ ਹਨ। ਹਿੰਦੀ ਵਰਣ–ਮਾਲਾ ਵਿਚ ਤਿੰਨ ਹੋਰ ਸੰਯੁਕਤ ਵਿਅੰਜਨ क्ष (क्+श), त्र (त्+र), ज्ञ (ज+त्र) ਮਿਲਾ ਦਿੱਤੇ ਜਾਂਦੇ ਹਨ। ਬਦੇਸ਼ੀ ਭਾਸ਼ਾਵਾਂ ਦੇ ਸ਼ਬਦਾਂ ਨੂੰ ਵਿਅਕਤ ਕਰਨ ਲਈ ਛੇ ਫ਼ਾਰਸੀ ਅਤੇ ਦੋ ਅਰਬੀ ਧੁਨੀਆਂ ਵੀ ਹਿੰਦੀ ਨੇ ਅਪਣਾ–ਲਈਆਂ ਹਨ। ਅੰਗ੍ਰੇਜ਼ੀ ਦੇ ਸ਼ਬਦਾ ਦੇ ਸ਼ੁੱਧ ਉਚਾਰਣ ਲਈ ਇਕ ਨਵੀਂ ਧੁਨੀ ‘ਆੱ’ ( ਜਿਵੇਂ doctor ਵਿਚ ) ਵੀ ਪ੍ਰਚੱਲਿਤ ਹੈ।

          ਹਿੰਦੀ ਸਾਹਿੱਤ ਦੀ ਪਰੰਪਰਾ ਬਾਰੇ ਵਿਦਵਾਨਾਂ ਦਾ ਕਾਫ਼ੀ ਮੱਤ–ਭੇਦ ਹੈ। ਪਰੰਤੂ ਹੁਣ ਤਕ ਉਪਲਬਧ ਅਪਭ੍ਰੰਸ਼ ਸਾਹਿੱਤ ਦੇ ਆਧਾਰ ਤੇ ਇਹ ਕਿਹਾ ਜਾਂਦਾ ਹੈ ਕਿ ਅਪਭ੍ਰੰਸ਼ ਦੀ ਅੰਤਮ ਅਵਸਥਾ ਹਿੰਦੀ ਦੀ ਮੁੱਢਲੀ ਅਵਸਥਾ ਸੀ। ਰਾਹੁਲ ਸਾਂਕ੍ਰਿਤੑਯਾਯਨ ਅਤੇ ਕਾਸ਼ੀ ਪ੍ਰਸਾਦ ਜੈਸਵਾਲ ਸਿੱਧਾਂ ਦੀ ਭਾਸ਼ਾਂ ਨੂੰ ਹਿੰਦੀ ਦਾ ਪੁਰਾਤਨ ਰੂਪ ਮੰਨਦੇ ਹਨ। ਇਸ ਆਧਾਰ ਤੇ ਸਰਹਪਾ ਸਿੰਘ ਨੂੰ ਹਿੰਦੀ ਦਾ ਸਭ ਤੋਂ ਪਹਿਲਾ ਕਵੀ ਮੰਨਿਆ ਜਾਂਦਾ ਹੈ। ਇਸ ਕਵੀ ਦਾ ਸਮਾਂ 690 ਬਿ. ਤੋਂ ਲੈ. ਕੇ 817 ਬਿ. ਤਕ ਨਿਰਧਾਰਤ ਕੀਤਾ ਜਾਂਦਾ ਹੈ। ਲਗਭਗ ਦਸਵੀਂ ਸਦੀ ਈ. ਵਿਚ ਅਪਭ੍ਰੰਸ਼ ਦੇ ਕਵੀਆਂ ਨੇ ਲੋਕ ਬੋਲੀ ਵਿਚ ਆਪਣੀਆਂ ਰਚਨਾਵਾਂ ਆਰੰਭੀਆਂ। ਦਸਵੀਂ ਸਦੀ. ਈ. ਤਕ ਦੇ ਲੋਕ–ਬੋਲੀ ਦੇ ਸਾਹਿੱਤ ਦੇ ਮੁੱਖ ਲੱਛਣਾਂ ਦਾ ਵਿਵੇਚਨ ਕਰਦੇ ਹੋਏ ਆਚਾਰਯ ਹਜ਼ਾਰੀ ਪ੍ਰਸਾਦ ਦ੍ਵਿਵੇਦੀ ਨੇ ਲਿਖਿਆ ਹੈ ਕਿ ਇਸ ਸਾਹਿੱਤ ਵਿਚ ਪ੍ਰਧਾਨ ਰੂਪ ਵਿਚ ਬ੍ਰਹਾਮਣ ਮੱਤ ਦੇ ਵਿਰੋਧੀ ਫ਼ਿਰਕਿਆਂ ਦੀ ਲੋਕ ਭਾਸ਼ਾ ਵਿਚ ਨਿਬੰਧ ਰਚਨਾਵਾਂ ਮਿਲਦੀਆਂ ਹਨ। ਇਹ ਸਾੱਹਿਤ ਸਮੁੱਚੇ ਰੂਪ ਵਿਚ ਧਾਰਮਿਕ ਹੈ ਜਿਸ ਵਿਚ ਸਹਿਜ ਜੀਵਨ, ਅੰਦਰਲੀ ਸ਼ੁੱਧਤਾ ਅਤੇ ਸੁੱਚੇ ਜੀਵਨ ਉੱਤੇ ਜ਼ੋਰ ਦਿੱਤਾ ਗਿਆ ਹੈ। ਇਸ ਵਿਚ ਬ੍ਰਹਮਾਚਾਰ, ਛੂਤ–ਛਾਤ ਆਦਿ ਨੂੰ ਵੀ ਖੂਬ ਭੰਡਿਆ ਗਿਆ ਹੈ। ਵੱਖ ਵੱਖ ਮੱਤਾਂ ਦੇ ਹੁੰਦੇ ਹੋਏ ਵੀ ਵਧੇਰੇ ਇਹੀ ਮੰਨਿਆ ਜਾਂਦਾ ਹੈ ਕਿ ਹਿੰਦੀ ਸਾਹਿੱਤ ਦਾ ਰੂਪ ਦਸਵੀਂ ਸਦੀ ਈ. ਤੋਂ ਬੱਝਵਾਂ ਸ਼ੁਰੂ ਹੋਇਆ। ਹਿੰਦੀ ਸਾਹਿੱਤ ਦੀ ਕਾਲ ਵੰਡ ਬਾਰੇ ਵੀ ਵਿਦਵਾਨਾਂ ਦਾ ਕੋਈ ਇਕ–ਮੱਤ ਨਹੀਂ ਹੈ ਪਰੰਤੂ ਹੇਠ ਲਿਖੇ ਕਾਲ ਆਮ ਪ੍ਰਵਾਨਿਤ ਹੋ ਚੁੱਕੇ ਹਨ :

          (1) ਆਦਿਕਾਲ, ਦਸਵੀਂ ਸਦੀ ਈ. ਤੋਂ ਚੌਧਵੀ ਸਦੀ ਈ. ਤਕ ( ‘ਵੀਰ ਗਾਥਾ ਕਾਲ’ ਸ਼ੁਕਲ ਅਨੁਸਾਰ)

          (2) ਭਗਤੀ ਕਾਲ,ਚੌਧਵੀਂ ਸਦੀ ਈ. ਤੋਂ ਸੋਲ੍ਹਵੀਂ ਸਦੀ ਈਂ ਤਕ।

          (3) ਸ਼ਿੰਗਾਰਕਾਲ, ਸੋਲ੍ਹਵੀਂ ਸਦੀ ਈਂ ਤੋਂ ਉਨ੍ਹੀਵੀਂ ਸਦੀ ਈਂ ਤਕ (ਰੀਤੀ)

          (4) ਆਧੁਨਿਕ ਕਾਲ, ਉਨ੍ਹੀਵੀਂ ਸਦੀ ਈ. ਦੇ ਮੱਧ ਤੋਂ ਹੁਣ ਤਕ।

ਹਿੰਦੀ ਸਾਹਿੱਤ ਦੇ ਆਦਿ ਕਾਲ ਨੂੰ ਪੰ. ਰਾਮ ਚੰਦਰ ਸ਼ੁਕਲ ਨੇ ਵੀਰ ਗਾਥਾ ਕਾਲ ਆਖਿਆ, ਕਿਉਂਕਿ ਇਸ ਕਾਲ ਵਿਚ ਰਾਜਿਆਂ, ਮਹਾਰਾਜਿਆਂ ਦੀ ਵੀਰਤਾ ਦੇ ਜਸ ਗਾਏ ਹਨ। ਪਰੰਤੂ ਵੀਰ ਗਾਥਾਵਾਂ ਤੋਂ ਛੁੱਟ ਇਸ ਸਮੇਂ ਹੋਰ ਰਚਨਾਵਾਂ ਵੀ ਹੋਈਆਂ ਜਿਨ੍ਹਾਂ ਦੇ ਆਧਾਰ ਤੇ ਅਸੀਂ ਆਦਿ–ਕਾਲ ਦੇ ਹਿੰਦੀ ਸਾਹਿੱਤ ਨੂੰ ਮੋਟੋ ਤੌਰ ਤੇ ਤਿੰਨ ਭਾਗਾਂ ਵਿਚ ਵੰਡ ਸਕਦੇ ਹਾਂ। ਪਹਿਲੇ ਭਾਗ ਵਿਚ ਉਹ ਰਚਨਾਵਾਂ ਆਉਂਦੀਆਂ ਹਨ ਜਿਹੜੀਆਂ ਰਾਜਿਆਂ ਮਹਾਰਾਜਿਆਂ ਦੀ ਪ੍ਰਸ਼ੰਸਾ ਵਿਚ ਲਿਖੀਆਂ ਹੋਈਆਂ ਹਨ। ਇਹ ਰਚਨਾਵਾਂ ਹਨ–ਖੁਮਾਨ ਰਾਸੋ, ਬੀਸਲਦੇਵ ਰਾਸੋ, ਚੰਦ ਬਰਦਾਈ ਕ੍ਰਿਤ ਪ੍ਰਿਥਵੀਰਾਜ ਰਾਸੋ, ਜਗਨਿਕ ਰਚਿਤ ਆਲਹਾ ਖੰਡ ਜਾਂ ਪਰਮਾਲ ਰਾਸੋ, ਵਿਦਿਆਪਤੀ ਦੀ ਕੀਰਤੀ–ਲਤਾ ਅਤੇ ਪਦਾਵਲੀ। ਵਿਦਿਆਪਤੀ ਦੀ ਕੀਰਤੀ–ਲਤਾ ਅਤੇ ਪਤਾਕਾ ਅਵਹਟ ਬੋਲੀ ਵਿਚ ਕੀਤੀਆਂ ਰਚਨਾਵਾਂ ਹਨ ਜਿਹੜੀਆਂ ਅੰਗ੍ਰੇਜ਼ੀ ਕਵੀ ਚੌਸਰ ਦੀਆਂ ਰਚਨਾਵਾਂ ਵਾਂਗ ਦੂਜੇ ਯੁੱਗ ਦੀ ਸਰਦਲ ਤੇ ਖਲੋਤੀਆਂ ਹਨ। ਇੱਥੇ ਇਕ ਯੁੱਗ ਦੀ ਸਮਾਪਤੀ ਨਾਲ ਦੂਜੇ ਯੁੱਗ ਦਾ ਆਰੰਭ ਹੁੰਦਾ ਹੈ। ਇਸ ਯੁੱਗ ਦੀ ਦੂਜੀ ਕਾਵਿ–ਧਾਰਾ ਵਿਚ ਜੈਨ ਕਵੀਆਂ ਦੇ ਰਸ, ਫਾਗ ਅਤੇ ਚਰਚਰੀ ਕਾਵਿ ਆਉਂਦੇ ਹਨ। ਇਨ੍ਹਾਂ ਰਚਨਾਵਾਂ ਦੀ ਪੁਰਾਤਨ ਅਪਭ੍ਰੰਸ਼ ਸ਼ੈਲੀ ਤੋਂ ਇਸ ਗੱਲੋਂ ਭਿੰਨਤਾ ਹੈ ਕਿ ਇਨ੍ਹਾਂ ਦੀ ਬੋਲੀ ਸਾਧਾਰਣ ਤੇ ਲੋਕ ਬੋਲੀ ਸੀ ਕਿਉਂ ਜੋ ਇਨ੍ਹਾਂ ਦਾ ਉਦੇਸ਼ ਆਮ ਜਨਤਾ ਵਿਚ ਉਨ੍ਹਾਂ ਦੀ ਬੋਲੀ ਵਿਚ ਪ੍ਰਚਾਰ ਕਰਨਾ ਸੀ। ਇਸ ਯੁੱਗ ਦੀ ਤੀਜੀ ਧਾਰਾ ਨਾਥ–ਸਿੱਧਾਂ ਦਾ ਸਾਹਿੱਤ ਹੈ। ਇਸ ਪਰੰਪਰਾ ਨੇ ਭਗਤੀ ਕਾਲੀਨ ਕਵੀਆਂ ਨੂੰ ਕਾਫ਼ੀ ਮਾਤਰਾ ਵਿਚ ਪ੍ਰਭਾਵਿਤ ਕੀਤਾ। ਕਬੀਰ ਨੂੰ ਜਿਹੜੀ ਪਰੰਪਰਾ ਵਿਰਾਸਤ ਵਿਚ ਮਿਲੀ ਉਸ ਵਿਚ ਕਾਫ਼ੀ ਹੱਦ ਤਕ ਸੰਬੰਧਿਤ ਪਰੰਪਰਾ ਦਾ ਹੱਥ ਹੈ। ਇਸ ਕਾਲ ਦੇ ਉੱਘੇ ਵਿਅਕਤੀ ਅਮੀਰ ਖ਼ੁਸਰੋ ਦੇਹਲਵੀ ਸਨ। ਕਈ ਆਲੋਚਕ ਖੜੀ ਬੋਲੀ (ਹਿੰਦੀ ਦੇ ਆਰੰਭਿਕ ਰੂਪ ) ਦੀਆਂ ਕੁਝ ਰਚਨਾਵਾਂ ਖ਼ੁਸਰੋ ਦੇ ਨਾਉਂ ਨਾਲ ਜੋੜਦੇ ਹਨ, ਜਿਨ੍ਹਾਂ ਵਿਚ ਖਾਲਕਬਰੀ, ਪਹੇਲੀਆਂ, ਮੁਕਰੀਆਂ , ਦੋਹੋ ਅਤੇ ਗੀਤ ਸ਼ਾਮਲ ਹਨ। ਦੋਹੋ ਖੜੀ ਬੋਲੀ ਦੇ ਅਤਿ ਗੀਤ ਬ੍ਰਜ ਭਾਸ਼ਾ ਦੇ ਸੁੰਦਰ ਨਮੂਨੇ ਹਨ।

          ਦੱਖਣ ਵਿਚ ਬਾਰ੍ਹਵੀਂ ਸਦੀ ਈ. ਵਿਚ ਚਲੀ ਹੋਈ ਭਗਤੀ ਲਹਿਰ ਉੱਤਰੀ ਭਾਰਤ ਵਿਚ ਚੋਧਵੀਂ ਸਦੀ ਈ. ਵਿਚ ਜ਼ੋਰ ਫੜ ਗਈ। ਇਸ ਦੇ ਨਾਲ ਹੀ ਉਪਾਸਨਾ ਪੱਧਤੀਆਂ ਅਤੇ ਦਾਰਸ਼ਨਿਕ ਵਿਚਾਰਧਾਰਾਵਾਂ ਵਿਚ ਬਹੁਤ ਵਿਕਾਸ ਹੋਇਆ। ਵਿਚਾਰ ਪੱਧਤੀ, ਭਾਵ ਪ੍ਰਗਟਾ, ਵਿਸ਼ੈ–ਵਸਤੂ ਅਤੇ ਅਭਿਵਿਅੰਜਨਾ ਸ਼ੈਲੀ ਦੇ ਆਧਾਰ ਤੇ ਇਸ ਕਾਲ ਦੇ ਹਿੰਦੀ ਸਾਹਿੱਤ ਨੂੰ ਅਸੀਂ ਚਾਰ ਵਰਗਾਂ ਵਿਚ ਵੰਡ ਸਕਦੇ ਹਾਂ। ਪਹਿਲੇ ਵਰਗ ਵਿਚ ਗਿਆਨ ਮਾਰਗੀ ਨਿਰਗੁਣ ਭਗਤੀ ਧਾਰਾ ਆਉਂਦੀ ਹੈ ਜਿਸ ਵਿਚ ਸੰਤ ਕਬੀਰ ਦੀ ਥਾਂ ਮਹੱਤਵਪੂਰਣ ਹੈ। ਕਬੀਰ ਵਿਚ ਗਿਆਨ–ਧਾਰਾ ਅਤੇ ਭਗਤੀ–ਧਾਰਾ ਦਾ ਸੁਮੇਲ ਹੈ। ਕਬੀਰ ਲਈ ਵੇਦ, ਪੁਰਾਣ, ਸ਼ਾਸਤ੍ਰ ਅਤੇ ਰੂੜ੍ਹ ਕਰਮ–ਕਾਂਡ ਸਭ ਨਿਰਰਥਕ ਢਕੌਂਸਲੇ ਹਨ। ਕਬੀਰ ਦਾ ਪਰਮ ਤੱਤ ਦ੍ਵੈਤ–ਅਦ੍ਵੈਤ, ਜਾਤ, ਵਰਣ, ਵਰਗ ਅਤ ਲਿੰਗ ਤੋਂ ਉੱਪਰ ਉਠਦਾ ਹੈ ਅਤੇ ਯੋਗ ਦੀ ਥਾਂ ਸਾਹਿਜ–ਸਰਲ ਭਗਤੀ ਦਾ ਰਾਹ ਦਰਸਾਉਂਦਾ ਹੈ। ਆਚਾਰਯ ਸ਼ੁਕਲ ਨੇ ਕਬੀਰ ਦੀ ਭਾਸ਼ਾ ਨੂੰ ‘ਸਧੁੱਕੜੀ’ ਆਖਿਆ ਹੈ ਕਿਉਂ ਜੋ ਕਬੀਰ ਦੀ ਬੋਲੀ ਉਸ ਦੇ ਵੱਖ–ਵੱਖ ਪ੍ਰਾਂਤਾਂ ਅਤੇ ਸ਼੍ਰੇਣੀਆਂ ‘ਚੋਂ ਆਏ ਹੋਏ ਸਤ–ਸੰਗੀਆਂ ਦੀ ਬੋਲੀ ਹੈ। ਦਾਦੂ, ਰਵਿਦਾਸ, ਸੁੰਦਰਦਾਸ, ਮਲੂਕਦਾਸ ਅਤੇ ਦਰਿਆ ਸਾਹਿਬ ਇਸ ਧਾਰਾ ਦੇ ਪ੍ਰਮੁੱਖ ਕਵੀ ਹਨ। ਹਿੰਦੀ ਦੇ ਵਿਦਵਾਨ ਗੁਰੂ ਨਾਨਕ ਨੂੰ ਵੀ ਇਸੇ ਧਾਰਾ ਦੇ ਹਿੰਦੀ ਕਵੀ ਮੰਨਦੇ ਹਨ। ਇਸ਼ਕ ਮਜਾਜ਼ੀ ਤੋਂ ਇਸ਼ਕ ਹਕੀਕੀ ਵੱਲ ਜਾਣ ਦੀ ਸਾਧਨਾ ਹੀ ਪ੍ਰੇਮ–ਮਾਰਗੀ ਸੂਫ਼ੀਆਂ ਦੀ ਪੱਧਤੀ ਹੈ ਜਿਹੜੀ ਭਗਤੀ ਲਹਿਰ ਦਾ ਦੂਜਾ ਰੂਪ ਹੈ। ਕੁਰਾਨ ਦੀ ਇਕ ਈਸ਼ਵਰਵਾਦੀ ਵਿਚਾਰਧਾਰਾ ਦੇ ਉਦਗਮ ਦੇ ਨਾਲ ਨਾਲ ਸੂਫ਼ੀ ਵਿਚਾਰਧਾਰਾ ਦਾ ਵੀ ਸੁਤੰਤਰ ਵਿਕਾਸ ਹੁੰਦਾ ਹੈ। ਲੌਕਿਕ ਪ੍ਰੇਮ–ਮਾਧਿਅਮ ਦੁਆਰਾ ਸੂਫ਼ੀਆਂ ਨੇ ਅਲੌਕਿਕ ਪ੍ਰੇਮ ਦਾ ਉਦਘਾਟਨ ਕੀਤਾ। ਇਸ ਦਿਸ਼ਾ ਵਿਚ ਕੁਤਬਨ (1550 ਬਿ. ) ਦੀ ‘ਮ੍ਰਿਗਵਤੀ’, ਮੰਝਨ ਦੀ ‘ਮਧੁਮਾਲਤੀ’ ਅਤੇ ‘ਪ੍ਰੇਮਾਵਤੀ’ ਦਾ ਵਿਸ਼ੇਸ਼ ਉਲੇਖ ਕੀਤਾ ਜਾਂਦਾ ਹੈ । ਇਸ ਧਾਰਾ ਵਿਚ ਮਲਕ ਮੁਹੰਮਦ ਜਾਯਸੀ ਦੀ ਵਿਸ਼ੇਸ਼ ਥਾਂ ਹੈ। ਮਲਕ ਮੁਹੰਮਦ ਜਾਯਸ ਦੇ ਨਿਵਾਸੀ ਅਤੇ ਸ਼ੇਖ ਮੁਹੀਉਦੀਨ ਦੇ ਸ਼ਿਸ਼ ਹਨ। ਹਿੰਦੀ ਦਾ ਸ਼੍ਰੇਸ਼ਠ ਕਾਵਿ ‘ਪਦਮਾਵਤ’ ਜਾਇਸੀ ਨੇ 1520 ਈਂ ਦੇ ਲਗਭਗ ਸ਼ੁਰੂ ਕੀਤਾ। ਕਈ ਸਦੀਆਂ ਦੀਆਂ ਪ੍ਰੇਮ–ਗਾਥਾਵਾਂ ਨਾਲੋਂ ਇਹ ਇਕ ਸਰਵੋਤਮ ਕਿਰਤ ਹੈ, ਜਿਸ ਵਿਚ ਕਲਪਨਾ ਦੀ ਰੰਗੀਨੀ, ਅਨੁਭੂਤੀ, ਦੀ ਡੂੰਘਾਈ, ਸਥੂਲ ਤੋਂ ਸੂਖ਼ਮ ਵੱਲ ਜਾਣ ਦੀ ਸਹਿਜ ਵਿਧੀ ਬੜੇ ਸਰਸ ਰੂਪ ਵਚ ਵਿਦਮਾਨ ਹੈ। ਇਸ ਦੀ ਬੋਲੀ ਪੂਰਵੀ ਹਿੰਦੀ ਅਤੇ ਅਵਧੀ ਹੈ। ਗੋਸੁਆਮੀ ਤੁਲਸੀ ਦਾਸ ਦਾ ‘ਰਾਮਚਰਿਤ–ਮਾਨਸ’ ਭਾਵੇਂ ਇਸ ਪਰੰਪਰਾ ਵਿਚ ਹੀ ਆਉਂਦਾ ਹੈ ਪਰ ਇਸ ਵਿਚ ਕੇਵਲ ਪ੍ਰੇਮ ਕਥਾਨਕ ਦੀ ਥਾਂ ਵਿਸਤ੍ਰਿਤ ਜੀਵਨ ਦਾ ਦਰਸ਼ਨ ਅੰਕਿਤ ਹੈ। ਨਾਗਮਤੀ ਦਾ ਬਿਰਹਾ ਅਤੇ ਪਦਮਾਵਤੀ ਦੇ ਰੂਪ–ਵਰਣਨ ਵਿਚ ਜਾਯਸੀ ਨੇ ਇਕ ਉਤਕ੍ਰਿਸ਼ਟ ਕਵੀ ਹੋਣ ਦਾ ਪਰਿਚੈ ਦਿੱਤਾ ਹੈ। ਉਸਮਾਨ ‘ਮਾਨ’ ਦੀ ‘ਚਿਤ੍ਰਾਵਲੀ’, ਸ਼ੇਖ ਨਬੀ ਦੀ ‘ਗਿਆਨ ਦੀਪ’, ਕਾਸਿਮ ਸ਼ਾਹ ਦੀ ‘ਹੰਸ ਜਵਾਹਰ’ ਨੂਰ ਮੁਹੰਮਦ ਦੀ ‘ਇੰਦ੍ਰਾਵਤੀ’ ਇਸ ਪਰੰਪਰਾ ਦੀਆਂ ਹੋਰ ਰਚਨਾਵਾਂ ਹਨ। ਭਾਰਤੀ ਭਗਤੀ ਸਾਧਨਾ ਦੀ ਤੀਜੀ ਧਾਰਾ ਜਿਹੜੀ ਹਿੰਦੀ ਸਾਹਿੱਤ ਵਿਚ ਉਘੜੀ ਹੈ, ਸਗੁਣਧਾਰਾ ਹੈ। ਇਸ ਦੀਆਂ ਦੋ ਸ਼ਾਖਾਵਾਂ ਮੰਨੀਆਂ ਗਈਆਂ ਹਨ–ਰਾਮ–ਕਾਵਿ ਅਤੇ ਕ੍ਰਿਸ਼ਣ ਕਾਵਿ। ਸ਼ੰਕਰ ਨੇ ਵੇਦਾਂਤ ਦੇ ਪ੍ਰਚਾਰ ਨਾਲ ਗਿਆਨਵਾਦ ਦੀ ਪ੍ਰਤਿਸ਼ਠਾ ਵਧਾਈ ਪਰੰਤੂ ਭਗਤੀ ਅੰਦੋਲਨ ਆਪਣੀ ਉਦਾਹਰਣ ਅਤੇ ਸਰਲਤਾ ਕਾਰਣ ਕਾਫ਼ੀ ਲੋਕ–ਪ੍ਰਿਯਾ ਹੁੰਦਾ ਗਿਆ। ਇਸ ਕਾਲ ਵਿਚ ਗੋਸੁਆਮੀ ਤੁਲਸੀਦਾਸ ਨੇ ਪਾਖੰਡਵਾਦੀ ਵਿਚਾਰਾਂ ਨੂੰ ਖੰਡਨ ਕਰਦੇ ਹੋਏ ਭਗਤੀ ਮਾਰਗ ਨੂੰ ਹੀ ਸ਼੍ਰੇਸ਼ਠ ਦੱਸਿਆ। ਤੁਲਸੀ ਨੇ ਕਰਮ, ਗਿਆਨ ਅਤੇ ਭਗਤੀ, ਕਿਸੇ ਦਾ ਵੀ ਖੰਡਨ ਨਹੀਂ ਕੀਤਾ; ਭਗਤੀ ਦੇ ਨਾਲ ਨਾਲ ਕਰਮ ਅਤੇ ਗਿਆਨ ਨੂੰ ਵੀ ਮਹੱਤਾ ਦਿੱਤੀ ਹੈ। ਭਗਤੀ ਖੇਤਰ ਵਿਚ ਸੰਸਾਰ ਨੂੰ ‘ਸੀਤਾ–ਰਾਮ–ਮਯ’ ਦੇਖਿਆ ਅਤੇ ‘ਹਰਿ ਕੋ ਭਜੈ ਸੋ ਹਰਿ ਕਾ ਹੋਇ’ ਦੀ ਸਪਸ਼ਟ ਘੋਸ਼ਣਾ ਕੀਤੀ। ‘ਸੁਰਸਰਿ ਸਮ ਸਬ ਕਰ ਹਿਤ ਹੋਇ’ ਦੀ ਭਾਵਨਾ ਨਾਲ ਲਿਖਿਆ। ‘ਰਾਮਚਰਿਤਮਾਨਸ’ ਇਨ੍ਹਾਂ ਦਾ ਸੁਪ੍ਰਸਿੱਧ ਮਹਾਕਾਵਿ ਹੈ। ਇਸ ਤੋਂ ਛੁੱਅ ਦੋਹਾਵਲੀ, ਕਵਿਤਾਵਲੀ, ਗੀਤਾਵਲੀ ਅਤੇ ਵਿਨਯ–ਪਾਤ੍ਰਿਕਾ ਇਨ੍ਹਾਂ ਦੀਆਂ ਹੋਰ ਕਿਰਤਾਂ ਹਨ।ਰਾਮ–ਕਾਵਿ–ਧਾਰਾ ਦੇ ਹੋਰ ਕਵੀਆਂ–ਸੁਆਮੀ ਅਗਰਦਾਸ, ਨਾਭਾਦਾਸ ਆਦਿ–ਦੇ ਨਾਉਂ ਵੀ ਉਲੇਖਯੋਗ ਹਨ। ਕਿਸ਼੍ਰਣ–ਕਾਵਿ ਧਾਰਾ ਦੇ ਮਹਾਨ ਕਵੀ ਆਚਾਰਯ ਬੱਲਭ ਦੇ ਸ਼ਿਸ਼ ਸੂਰਦਾਸ ਸਨ। ਇਹ ਪੁਸ਼ਟੀ ਮਾਰਗ ਦੇ ਅਨੁਯਾਈ ਸਨ, ਅਰਥਾਤ ਭਗਵਾਨ ਨਾਲ ਪ੍ਰੇਮ ਕਰਨਾ ਹੀ ਇਸ ਧਰਮ ਦਾ ਪਹਿਲਾ ਕਰਤੱਵ ਸੀ। ਕਵਤਾ ਵਿਚ ਰਾਗ ਅਤੇ ਸ਼ਿੰਗਾਰ ਦਾ ਉਦਾਤੀਕਰਣ ਕੀਤਾ ਗਿਆ ਹੈ। ਸੂਰ ਦਾ ਸਾਰਾ ਕਾਵਿ ਸੌਂਦਰਯ ਅਤੇ ਰਸ ‘ਤੇ ਆਧਾਰਿਤ ਹੈ। ਸੂਰ ਸਾਹਿੱਤ ਤਿੰਨ ਵਰਗਾਂ ਵਿਚ ਵੰਡਿਆ ਜਾਂਦਾ ਹੈ–(ੳ) ਵਿਨਯ ਦੇ ਪਦ–ਦਾਸੑਯਰਸਮੂਲਕ, (ਅ) ਬਾਲ ਲ੍ਹੀਲਾ ਦੇ ਪਦ–ਵਾਤਸਲੑਯਰਸ ਮੂਲਕ, (ੲ) ਗੋਪੀਆਂ ਦੇ ਪ੍ਰੇਸਮਈ ਪਦ–ਦਾਮ੍ਪਤੑਯਰਤੀ ਜਾਂ ਮਰ–ਰਸਮੂਲਕ। ਸੂਰ ਦੀ ਪ੍ਰਸਿੱਧ ਕਿਰਤ ‘ਸੂਰ ਸਾਗਰ’ ਹੈ। ਲੋਕ ਪ੍ਰਚੱਲਿਤ ਉਕਤੀਆਂ, ਮੁਹਵਾਰੇ ਅਤੇ ਉਪਮਾਵਾਂ ਨੇ ਇਸ ਰਚਨਾ ਨੂੰ ਅਤਿਅੰਤ ਲੋਕਪ੍ਰਿਯ ਬਣਾ ਦਿੱਤਾ। ਸੂਰ ਤੋਂ ਇਲਾਵਾ ਕ੍ਰਿਸ਼ਣ–ਕਾਵਿ ਦੇ ਹੋਰ ਕਵੀ ਨੰਦ ਦਾਸ, ਮੀਰਾ ਬਾਈ, ਹਰੀ ਰਾਮ ਵਿਆਸ ਅਤੇ ਭਾਸ਼ਾ ਵਿਚ ਪ੍ਰਸਾਦ ਅਤੇ ਮਾਧੁਰਯ ਗੁਣਾਂ ਨਾਲ ਭਰਪੂਰ ਲਿਖਣ ਵਾਲਾ ਅਤਿਅੰਤ ਮਿੱਠਾ ਅਤੇ ਸਰਲ ਪਠਾਣ ਕਵੀ ਰਸ ਖ਼ਾਂ ਹੈ। ਭਗਤੀ ਕਾਲ ਦੇ ਪਿਛਲੇਰੇ ਅੱਧ ਵਿਚ ਕਵਿਤਾ ਦਾ ਦਰਬਰਾਂ ਵਿਚ ਸਨਮਾਨ ਹੋਣ ਲੱਗ ਪਿਆ। ਇਸ ਵਿਚ ਨੀਤੀ, ਬੀਰ ਅਤੇ ਸ਼ਿੰਗਾਰ ਰਸ ਦੀ ਪ੍ਰਧਾਨਤਾ ਹੋਣ ਲੱਗੀ ਅਤੇ ਰੀਤੀ ਜਾਂ ਸ਼ਿੰਗਾਰ ਕਾਵਿ ਦੇ ਬੀਜ ਫੁੱਟਣ ਲੱਗ ਪਏ। ਇਸ ਧਾਰਾ ਦੇ ਪ੍ਰਸਿੱਧ ਕਵੀ ਕ੍ਰਿਪਾ ਰਾਮ, ਗੰਗਾ ਕੇਸ਼ਵ ਅਤੇ ਰਹੀਮ ਹਨ। ਰਹੀਮ ਦੀ ਥਾਂ ਮਹੱਤਵਪੂਰਣ ਹੈ। ਰਹੀਮ ਦੇ ਬਰਵੈ, ਕਬਿਤ, ਸਵੱਯੇ , ਸੋਰਠੋ ਅਤੇ ਦੋਹੋ ਸ਼ਿੰਗਾਰ, ਭਗਤੀ ਅਤੇ ਨੀਤੀ ਦੀ ਤ੍ਰਿਵੈਣੀ ਦੇ ਰੂਪ ਵਿਚ ਪ੍ਰਗਟ ਹੁੰਦੇ ਹਨ। ਸੇਨਾਪਤੀ ਇਸ ਕਾਲ ਦਾ ਇਕ ਹੋਰ ਵਿਸ਼ੇਸ਼ ਕਵੀ ਹੈ।

          ਅਠਾਰ੍ਹਵੀਂ ਸਦੀ ਈ. ਦੇ ਆਰੰਭ ਤੋਂ ਪਿਛਲੇਰਾ ਮੱਧ ਕਾਲ ਜਾਂ ਰੀਤੀ ਕਾਲ ਸ਼ੁਰੂ ਹੁੰਦਾ ਹੈ ਜਿਹੜਾ ਲਗਭਗ ਵੀਹਵੀਂ ਸਦੀ ਈ. ਦੇ ਸ਼ੁਰੂ ਤਕ ਚਲਦਾ ਰਿਹਾ। ਇਸ ਕਾਲ ਵਿਚ ਸਾਧਾਰਣ ਜਨਤਾ ਵਿਚ ਆਤਮ ਗੌਰਵ ਅਤੇ ਆਤਮ ਚੇਤਨਾ ਦਾ ਅਭਾਵ ਸੀ। ਇਸ ਵਿਚ ਸ਼ਾਸਕਾਂ ਅਤੇ ਲੋਕਾਂ ਦੇ ਜੀਵਨ ਵਿਚ ਵਿਲਾਸ ਦੇ ਆਉਣ ਨਾਲ ਆਡੰਬਰਾਂ ਅਤੇ ਚਮਤਕਾਰਾਂ ਨੂੰ ਪੰਡਤਾਊ ਢੰਗ ਨਾਲ ਉਜਾਗਰ ਕਰਨਾ ਕਵੀਆਂ ਦੀ ਵਿਸ਼ੇਸ਼ ਰੁਚੀ ਸੀ। ਲੱਛਣ ਗ੍ਰੰਥਾਂ ਦੀ ਵਧੇਰੇ ਰਚਨਾ ਹੋਈ ਜਿਨ੍ਹਾਂ ਵਿਚ ਰੂਪ ਉੱਤੇ ਵਧੇਰੇ ਜ਼ੋਰ ਦਿੱਤਾ ਗਿਆ ਅਤੇ ਅਨੁਭੂਤੀ ਉੱਤੇ ਘੱਟ। ਰੀਤੀ ਕਾਲ ਦੇ ਭਗਤਾਂ ਦੇ ਇਸ਼ਟ ਕ੍ਰਿਸ਼ਣ ਅਤੇ ਰਾਧਾ ਸ਼ਿੰਗਾਰ ਰਸ ਦੇ ਨਾਇਕ ਅਤੇ ਨਾਇਕਾਂ ਦੇ ਰੂਪ ਵਿਚ ਪ੍ਰਤਿਸ਼ਿਠਤ ਹੋਏ। ਪ੍ਰਕ੍ਰਿਤੀ ਦਾ ਵੀ ਆਲੰਬਨ ਰੂਪ ਹੀ ਪੇਸ਼ ਕੀਤਾ ਗਿਆ। ਬਿਹਾਰੀ, ਚਿੰਤਾਮਣੀ ਤ੍ਰਿਪਾਠੀ, ਮਹਾਰਾਜ ਜਸਵੰਤ ਸਿੰਘ, ਮਤੀ ਰਾਮ, ਭੂਸ਼ਣ ਦੇ ਦਾਸ, ਪਦਮਾਕਰ, ਭੱਟ ਆਦਿ ਇਸ ਧਾਰਾ ਦੇ ਵਿਸ਼ੇਸ਼ ਕਵੀ ਸਨ। ਸ਼ਾਸਤ੍ਰੀ ਗਿਆਨ ਦਾ ਹਿੰਦੀ ਦੇ ਖੇਤਰ ਵਿਚ ਚਮਤਕਾਰ ਦਰਸਾਉਣ ਵਾਲੇ ਭਿਖਾਰੀ ਦਾਸ ਦਾ ਇਸ ਕਾਲ ਵਿਚ ਮਹੱਤਵਪੂਰਨ ਥਾਂ ਹੈ। ਘਨਾਨੰਦ, ਨਾਗਰੀਦਾਸ, ਸੂਦਨ, ਬਾਬਾ ਦੀਨ ਦਿਆਲ ਗਿਰੀ, ਗਿਰਧਰ ਦਾਸ ਅਤੇ ਮਹਾਰਾਜਾ ਮਾਨ ਸਿੰਘ (ਦ੍ਵਿਜ ਦੇਵ) ਇਸ ਕਾਲ ਦੇ ਹੋਰ ਪ੍ਰਸਿੱਧ ਕਵੀ ਸਨ।

          ਹਿੰਦੀ ਦਾ ਆਧੁਨਿਕ ਕਾਲ ਉਨ੍ਹੀਵੀਂ ਸਦੀ ਈ. ਦੇ ਅੰਤਮ ਦਹਾਕੇ ਤੋਂ ਸ਼ੁਰੂ ਹੁੰਦਾ ਹੈ। ਇਸ ਕਾਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਗੱਦ ਸਾਹਿੱਤ ਦੇ ਉਦਗਮ ਤੇ ਵਿਕਾਸ ਵਿਚ ਹੈ। ਮੱਧਕਾਲੀਨ ਹਿੰਦੀ ਸਾਹਿੱਤ ਵਿਚ ਇੱਕੇ ਦੁੱਕੇ ਗ੍ਰੰਥਾਂ ਦੇ ਟੀਕਿਆਂ ਤੋਂ ਛੁੱਟ ਗੱਦ ਰਚਨਾਵਾਂ ਦਾ ਅਭਾਵ ਸੀ। ਗੱਦ ਦੇ ਵਿਕਾਸ ਵਿਚ ਹਿੰਦੂ ਅਤੇ ਜੈਨ ਧਾਰਮਿਕ ਪ੍ਰਚਾਰਕਾਂ, ਈਸਾਈ ਮਿਸ਼ਨਰੀਆਂ ਅਤੇ ਨਵੀਂ ਪੱਤਕਾਰੀ ਦਾ ਵਿਸ਼ੇਸ਼ ਹੱਥ ਹੈ। ਹਿੰਦੀ ਦੀਆਂ ਆਰੰਭਿਕ ਗੱਦ ਰਚਨਾਵਾਂ ਵਿਚ ਪ੍ਰਸਾਦ ਨਿਰੰਜਲੀ ਦਾ ‘ਭਾਸ਼ਾ ਯੋਗ ਵਸ਼ਿਸ਼ਠ’ ਅਤੇ ਪੰਡਿਤ ਦੌਲਤ ਰਾਮ ਦਾ ‘ਜੈਨ ਪਦਮਪੁਰਾਣ’ ਦਾ ਅਨੁਵਾਦ ਮਿਲਦੇ ਹਨ। ਫ਼ੋਰਟ ਵਿਲੀਅਮ ਕਾਲਜ ਦੇ ਅੰਤਰਗਤ ਲੱਲੂ ਲਾਲ ਨੇ ‘ਪ੍ਰੇਮ ਸਾਗਰ’ ਦੀ ਰਚਨਾ ਕੀਤੀ। ਉਦੰਤ ਮਾਰਤੰਡ ਅਤੇ ਰਾਜਾ ਰਾਮ ਮੋਹਨ ਵੱਲੋਂ ਸੰਪਾਦਿਤ ‘ਵੰਗ ਦੂਤ’ ਨੇ ਹਿੰਦੀ ਗੱਦ ਨੂੰ ਮਾਧਿਅਮ ਬਣਾਇਆ। ‘ਬਨਾਰਸ ਅਖ਼ਬਾਰ’, ‘ਸੁਧਾਕਰ’, ‘ਪ੍ਰਜਾ ਹਿਤੈਸ਼ੀ’ ਅਤੇ ‘ਲੋਕ ਮਿਤ੍ਰ’ ਅਖ਼ਬਾਰਾਂ ਨੇ ਹਿੰਦੀ ਗੱਦ ਸ਼ੈਲੀ ਦੀਆਂ ਲੀਹਾਂ ਪਾਈਆਂ। ਸੁਆਮੀ ਦਯਾਨੰਦ ਨੇ ‘ਸਤਿਆਰਥ ਪ੍ਰਕਾਸ਼’ ਹਿੰਦੀ ਵਿਚ ਲਿਖਿਆ ਅਤੇ ਧਾਰਮਿਕ ਉਪਦੇਸ਼ਾਂ ਲਈ ਹਿੰਦੀ ਨੂੰ ਹੀ ਇਕ ਸਾਧਨ ਬਣਾਇਆ। ਪੰਜਾਬ ਵਿਚ ਹਿੰਦੀ ਪ੍ਰਚਾਰ ਦਾ ਮਹੱਤਵਪੂਰਣ ਕਾਰਜ ਕਰਨ ਵਾਲਾ ਪੰਡਿਤ ਸ਼ਰਧਾ ਰਾਮ ਫ਼ਿਲੌਰੀ ਸੀ ਜਿਸ ਨੂੰ ਉਸ ਦੀ ਕਿਰਤ ‘ਭਾਗਯਵਤੀ’ ਕਾਰਣ ਹਿੰਦੀ ਦਾ ਸਰਵ–ਪ੍ਰਥਮ ਉਪਨਿਆਸਕਾਰ ਵੀ ਮੰਨਿਆ ਜਾਂਦਾ ਹੈ।

          ਇੰਸ਼ਾ ਅੱਲਾ ਖ਼ਾਂ ਦੀ ਫ਼ਾਰਸੀਆਨਾ ਅਤੇ ਲੱਲੂ ਲਾਲ ਦੀ ਬ੍ਰਜ ਭਾਸ਼ੀ ਸ਼ੈਲੀ ਦੇ ਭਾਖਾ ਦ੍ਵੰਦ ਨੂੰ ਤੋੜਨ ਵਾਲੇ ਸਾਹਿੱਤਕਾਰ ਬਾਬੂ ਹਰਿਸ਼ ਚੰਦਰ ਸਨ ਜਿਨ੍ਹਾਂ ਦੀ ਗੱਦ ਸ਼ੈਲੀ ਹਿੰਦੀ ਗੱਦ ਦਾ ਮਾਡਲ ਬਣੀ। ਭਾਰਤੇਂਦੂ ਹਰਿਸ਼ ਚੰਦਰ ਇਕ ਕਵੀ, ਨਾਟਕਕਾਰ, ਨਿਬੰਧਕਾਰ, ਪੱਤਰਕਾਰ ਅਤੇ ਸਭ ਤੋਂ ਵੱਧ ਸਾਹਿਤਿਕ ਕ੍ਰਾਂਤੀ ਦੇ ਨੇਤਾ ਸਨ। ਉਨ੍ਹਾਂ ਦੇ ਸਾਹਿੱਤ ਦਾ ਜਨ–ਸਮਾਜ ਨਾਲ ਸਿੱਧਾ ਸੰਪਰਕ ਸੀ। ਭਾਰਤੇਂਦੂ ਯੁੱਗ ਦੇ ਹੋਰ ਲੇਖਕ ਬਾਲ ਕ੍ਰਿਸ਼ਨ ਭੱਟ, ਪ੍ਰਤਾਪ ਨਾਰਾਇਣ ਮਿਸ਼ਰ, ਬਦਰੀ ਨਾਰਾਇਣ ਚੌਧਰੀ, ਲਾਲਾ ਸ੍ਰੀ ਨਿਵਾਸ, ਅੰਬਿਕਾ ਦੱਤ ਵਿਆਸ ਅਤੇ ਠਾਕੁਰ ਜਗਮੋਹਨ ਸਿੰਘ ਵੀ ਵਰਣਨਯੋਗ ਹਨ। ਸ਼ਰਧਾ ਰਾਮ ਫ਼ਿਲੌਰੀ ਦੇ ‘ਭਾਗਯਵਤੀ’ ਉਪਨਿਆਸ ਪਿੱਛੋਂ ਹਿੰਦੀ ਦਾ ਦੂਜਾ ਉਪਨਿਆਸ ਸ੍ਰੀ ਨਿਵਾਸ ਦਾਸ ਦਾ ‘ਪ੍ਰੀਕਸ਼ਾਗੁਰੁ’ ਹੈ। ਇਸ ਯੁੱਗ ਦੇ ਪ੍ਰਮੁੱਖ ਨਾਟਕਕਾਰ ਭਾਰਤੇਂਦੂ ਹਰਿਸ਼ ਚੰਦਰ ਸਨ, ਜਿਨ੍ਹਾਂ ਦੇ ਅਨੁਵਾਦਿਤ ਅਤੇ ਮੌਲਿਕ ਪੌਰਾਣਿਕ, ਇਤਿਹਾਸਕ ਅਤੇ ਸਮਾਜਕ ਨਾਟਕ ਲਿਖਾਣ ਤੋਂ ਛੁੱਟ ਕਾਸ਼ੀ ਵਿਚ ਹਿੰਦੀ ਰੰਗ–ਮੰਚ ਦੀ ਸਥਾਪਨਾ ਕੀਤੀ ਅਤੇ ਆਪਣੇ ਨਾਟਕਾਂ ਨੂੰ ਰੰਗ–ਮੰਚ ਉੱਤੇ ਖੇਡਿਆ। ਬਾਲ ਕ੍ਰਿਸ਼ਨ ਭੱਟ, ਲਾਲਾ ਸ੍ਰੀ ਨਿਵਾਸ ਅਤੇ ਪ੍ਰੇਮ ਘਨ ਨੇ ਪੌਰਾਣਿਕ, ਇਤਿਹਾਸਕ ਅਤੇ ਸਮਾਜਕ ਨਾਟਕ ਲਿਖੇ। ਇਸ ਯੁੱਗ ਦੇ ਹੋਰ ਗੱਦ–ਲੇਖਕਾਂ ਵਿਚ ਆਰਯ ਸਮਾਜੀ ਪ੍ਰਚਾਰਕ ਪੰਡਿਤ ਭੀਮ ਸੈਨ ਅਤੇ ਬਾਬੂ ਰਾਧਾ ਕ੍ਰਿਸ਼ਣ ਦਾਸ ਦੇ ਨਾਉਂ ਵੀ ਲਿਖਣ–ਯੋਗ ਹਨ।

          ਭਾਰਤੇਂਦੂ–ਯੋਗ ਵਿਚ ਖੜੀ ਬੋਲੀ ਗੱਦ ਸਾਹਿੱਤ ਦਾ ਰੂਪ ਬਝ ਗਿਆ ਸੀ ਪਰੰਤੂ ਪੱਦ ਸਾਹਿੱਤ ਵਿਚ ਰੀਤੀ–ਕਾਲੀਨ ਪਰੰਪਰਾ ਹੀ ਚਲਦੀ ਰਹੀ। ਭਾਰਤੇਂਦੂ ਤੋਂ ਇਲਾਵਾ ਪ੍ਰੇਮਧਨ, ਠਾਕੁਰ ਜਗਮੋਹਨ ਸਿੰਘ, ਪ੍ਰਤਾਪ ਨਾਰਾਇਣ ਮਿਸ਼ਰ ਅਤੇ ਅੰਬਿਕਾ ਦੱਤ ਵਿਆਸ ਆਦਿ ਕਵੀਆਂ ਨੇ ਬ੍ਰਜ ਭਾਸ਼ਾ ਸ਼ੈਲੀ ਵਿਚ ਕਬਿੱਤ, ਸਵੱਯੇ ਅਤੇ ਸਮਾਜਕ ਵਿਸ਼ਿਆਂ ਉੱਤੇ ਕਜਰੀ, ਲਾਵਨੀ, ਹਿਡੋਲਾ ਅਤੇ ਹੌਲੀ ਆਦਿ ਲੋਕ ਗੀਤਾਤਮਕ ਰਚਨਾਵਾਂ ਕੀਤੀਆਂ। ਭਾਈ ਸੰਤੋਖ ਸਿੰਘ (ਦੇਹਾਂਤ 1862 ਈ.) ਨੇ ਬ੍ਰਜ ਵਿਚ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਲਿਖ ਕੇ ਹਿੰਦੀ ਕਵਿਤਾ ਵਿਚ ਵੱਡਾ ਵਾਧਾ ਕੀਤਾ।

          ਹਿੰਦੀ ਗੱਦ ਦੇ ਵਿਕਾਸ ਦੀ ਦੂਜੀ ਪੌੜੀ 1900 ਈ. ਦੇ ਲਾਗੇ ਸ਼ੁਰੂ ਹੌਈ ਜਿਸ ਨੂੰ ‘ਦ੍ਵਿਵੇਦੀ ਯੁੱਗ’ ਆਖਿਆ ਜਾਦਾ ਹੈ। ਜਿੱਥੇ ਗੱਦ ਸ਼ੈਲੀ ਵਿਚ ਨਿਖਾਰ ਆਇਆ ਉੱਥੇ ਗੱਦ ਦੇ ਰੂਪਾਂ ਵਿਚ ਵੀ ਵਾਧਾ ਹੋਇਆ। ਆਚਾਰਯ ਮਹਾਂਵੀਰ ਪ੍ਰਸਾਦ ਦ੍ਵਿਵੇਦੀ ਨੇ ਜਿੱਥੇ ਖ਼ੁਦ ਗੱਦ ਵਿਚ ਵਿਆਕਰਣੀ ਅਨੁਸ਼ਾਸਨ ਲਿਆਂਦਾ ਉੱਥੇ ‘ਸਰਸਵਤੀ’ ਪਤ੍ਰਕਾ ਰਾਹੀਂ ਮੁਨਸ਼ੀ ਪ੍ਰੇਮ ਚੰਦ, ਮੈਥਲੀਸ਼ਰਣ ਗੁਪਤ, ਪ੍ਰੋਫ਼ੈਸਰ ਪੂਰਨ ਸਿੰਘ, ਬਾਬੂ ਬਾਲ ਮੁਕੰਦ ਗੁਪਤ, ਪੰਡਿਤ ਗੋਬਿੰਦ ਨਾਰਾਇਣ ਮਿਸ਼ਰ, ਪੰਡਿਤ ਮਾਧਵ ਪOਸਾਦ ਅਤੇ ਬਾਬੂ ਸ਼ਿਆਮ ਸੁੰਦਰ ਦਾਸ ਵਰਗੇ ਮਹਾਨ ਸਾਹਿੱਤਕਾਰਾਂ ਨੂੰ ਪੇਸ਼ ਕੀਤਾ। ਵਿਅਕਤੀ–ਵਿਅੰਜਕ ਨਿਬੰਧਾਂ ਦੀ ਦ੍ਰਿਸ਼ਟੀ ਤੋਂ ਪ੍ਰੋਫ਼ੈਸਰ ਪੂਰਨ ਸਿੰਘ ਅਤੇ ਬਾਬੂ ਬਾਲ ਮੁੰਕਦ ਗੁਪਤ ਇਸ ਸਮੇਂ ਦੇ ਸ਼੍ਰੋਮਣੀ ਨਿਬੰਧਕਾਰ ਮੰਨੇ ਜਾਂਦੇ ਹਨ। ਪੰਡਿਤ ਚੰਦਰਧਰ ਸ਼ਰਮਾ ਗੁਲੇਰੀ ਦੇ ਨਿਬੰਧਾ ਵਿਚ ਗੰਭੀਰ ਅਧਿਐਨ, ਵਿਦਵੱਤਾ ਅਤੇ ਵੇਗ ਦਾ ਮਿਸ਼ਰਣ ਹੈ।

          ਦ੍ਵਿਵੇਦੀ ਯੁੱਗ ਵਿਚ ਅੰਗ੍ਰੇਜ਼ੀ, ਸੰਸਕ੍ਰਿਤ ਅਤੇ ਬੰਗਾਲੀ ਨਾਟਕ ਹਿੰਦੀ ਵਿਚ ਅਨੁਵਾਦ ਕੀਤੇ ਗਏ। ਪੁਰੋਹਿਤ ਗੋਪੀ ਨਾਥ ਨੇ ਸ਼ੈਕਸਪੀਅਰ ਦੇ ਕਈ ਨਾਟਕਾਂ ਦਾ ਅਨੁਵਾਦ ਕੀਤਾ। ਲਾਲਾ ਸੀਤਾ ਰਾਮ, ਪੰਡਿਤ ਜਵਾਲਾ ਪ੍ਰਸਦਾ ਅਤੇ ਸਤੑਯਨਾਰਾਇਣ ਨੇ ਸੰਸਕ੍ਰਿਤ ਦੇ ਨਾਟਕ ਅਨੁਵਾਦ ਕੀਤੇ। ਪੰਡਿਤ ਰੂਪ ਨਾਰਾਇਣ ਪਾਂਡੇ ਨੇ ਦਿਵੇਜੇਂਦ੍ਰ ਲਾਲ ਦੇ ਬੰਗਾਲੀ ਨਾਟਕਾਂ ਨੂੰ ਹਿੰਦੀ ਰੂਪ ਦਿੱਤਾ। ਪੰਡਿਤ ਬਦਰੀ ਨਾਥ ਅਤੇ ਮਾਖਨ ਲਾਲ ਚਤੁਰਵੇਦੀ ਨੇ ਮੌਲਿਕ ਸਮਾਜਕ ਨਾਟਕ ਲਿਖੇ। ਪੰਡਿਤ ਨਾਰਾਇਣ ਪ੍ਰਸਾਦ ਬੇਤਾਬ, ਆਗਾ ਹਸ਼ਰ, ਰਾਧੇ ਸ਼ਿਆਮ ਕਥਾ ਵਾਚਕ, ਹਰੀ ਕ੍ਰਿਸ਼ਨ ਜੌਹਰ ਅਤੇ ਦੁਰਗਾ ਪ੍ਰਸਾਦ ਮੁਰੱਬੇਵਾਲੇ ਨੇ ਪਾਰਸੀ ਨਾਟ ਕੰਪਨੀਆਂ ਲਈ ਨਾਟਕ ਲਿਖੇ।

          ਉਪਨਿਆਸ ਖੇਤਰ ਵਿਚ ਦ੍ਵਿਵੇਦੀ ਯੁੱਗ ਵਿਚ ਕਾਫ਼ੀ ਪ੍ਰਗਤੀ ਹੋਈ ਹੈ। ਬੰਗਾਲੀ ਅਤੇ ਮਰਾਠੀ ਤੋਂ ਉਪਨਿਆਸ ਅਨੁਵਾਦ ਕੀਤੇ ਗਏ। ਫ਼ਾਰਸੀ ਅਤੇ ਉਰਦੂ ਦੀ ‘ਫ਼ਸਾਨਾ–ਏ–ਅਜਾਇਬ’ ਦੀ ਕਥਾ ਸ਼ੈਲੀ ਉੱਤੇ ਦੇਵਕੀ ਨੰਦਨ ਖੱਤਰੀ ਨੇ ‘ਚੰਦ੍ਰਕਾਂਤਾ’, ‘ਚੰਦ੍ਰਕਾਂਤਾ ਸੰਤਤੀ’ ਅਤੇ ‘ਭੂਤਨਾਥ’ ਵਰਗੇ ਤਿਲਸਮੀ ਉਪਨਿਆਸ ਲਿਖੇ। ਗੋਪਾਲ ਰਾਮ ਗਹਮਰੀ ਅਤੇ ਕਿਸ਼ੋਰੀ ਲਾਲ ਗੋਸੁਆਮੀ ਨੇ ਘਟਨਾ–ਪ੍ਰਧਾਨ ਜਾਸੂਸੀ ਅਤੇ ਇਤਿਹਾਸਕ ਉਪਨਿਆਸ ਲਿਖੇ। ਇਸ ਯੁੱਗ ਵਿਚ ਕਥਾ–ਸਾਹਿੱਤ ਦਾ ਵੀ ਆਰੰਭ ਹੋਇਆ। ਬੰਗ ਮਹਿਲਾ ਦੀ ‘ਦੁਲਾਈਵਾਲੀ’, ‘ਪ੍ਰਸਾਦੀ’, ‘ਗ੍ਰਾਮ’, ਰਾਮ ਚੰਦਰ ਸ਼ੁਕਲ ਦੀ ‘ਗਿਆਰਾ ਬਰਸ ਕਾ ਸਮਯ’ ਅਤੇ ਚੰਦ੍ਰਧਰ ਸ਼ਰਮਾ ਗੁਲੇਰੀ ਦੇ ਪ੍ਰਸਿੱਧ ਕਹਾਣੀ ‘ਉਸ ਨੇ ਕਹਾ ਥਾ’ ਇਸੇ ਯੁੱਗ ਵਿਚ ਛਪੀਆਂ । ਦ੍ਵਿਵੇਦੀ ਯੁੱਗ ਵਿਚ ਸਾਹਿਤਿਕ ਆਲੋਚਨਾ ਦੀ ਵੀ ਪ੍ਰਣਾਲੀ ਚਲ ਪਈ। ਦ੍ਵਿਵੇਦੀ ਨੇ ਸੰਸਕ੍ਰਿਤ ਕਵੀਆਂ ਦੀ ਆਲੋਚਨਾ ਕੀਤੀ, ਮਿਸ਼ਰ ਬੰਧੂਆਂ ਨੇ ਹਿੰਦੀ ਦੇ ਨੌਂ  ਕਵੀਆਂ ਦੀ ਆਲੋਚਨਾ ‘ਨਵ ਰਤਨ ਪੁਸਤਕ’ ਵਿਚ ਛਾਪੀ। ਪਦਮ ਸਿੰਘ ਸ਼ਰਮਾ ਨੇ ਵਿਵਹਾਰਕ ਸਮੀਖਿਆ ਦੇ ਆਧਾਰ ਤੇ ਬਿਹਾਰੀ ਨੂੰ ਘੋਖਿਆ। ਨਿਰੋਲ ਖੜੀ ਬੋਲੀ ਦੇ ਪਹਿਲੇ ਕਵੀ ਸ਼੍ਰੀਧਰ ਪਾਠਕ ਹਨ ਜਿਨ੍ਹਾਂ ਨੇ ਗੋਲਡ ਸਮਿੱਥ ਦੀ ‘ਟ੍ਰੈਵਲਰ’ ਦਾ ‘ਸ਼ਾਂਤੀ ਪਥਿਕ’ ਸਿਰਲੇਖ ਹੇਠ ਖੜੀ ਬੋਲੀ ਵਿਚ ਅਨੁਵਾਦ ਪ੍ਰਸਤੁਤ ਕੀਤਾ। ਹਰੀਔਧ ਅਤੇ ਮੈਥਲੀਸ਼ਰਣ ਗੁਪਤ ਇਸ ਯੁੱਗ ਦੇ ਪ੍ਰਮੁੱਖ ਕਵੀ ਹਨ। ਭਾਰਤੀ ਭਾਰਤੀ, ਸੰਕੇਤ, ਪੰਚਵਟੀ, ਸਿੱਧਰਾਜ, ਨਾਹੂਸ਼ ਆਦਿ ਰਚਨਾਵਾਂ ਨੇ ਗੁਪਤ ਜੀ ਨੂੰ ਅਮਰ ਬਣਾ ਦਿੱਤਾ।

          ਆਧੁਨਿਕ ਸਾਹਿੱਤ ਦੀ ਤੀਜੀ ਸਟੇਜ ਵਿਚ ਗੱਦ ਸਾਹਿੱਤ ਨੇ ਵਿਸ਼ੇਸ਼ ਪ੍ਰਗਤੀ ਕੀਤੀ ਹੈ। ਸਮਾਜਕ ਅਤੇ ਰਾਜਨੀਤਿਕ ਵਿਚਾਰਾਂ ਦੇ ਨਾਲ ਨਾਲ ਮਾਨਵਤਾਵਾਦ ਅਤੇ ਵਿਅਕਤੀਵਾਦ ਪ੍ਰਵੇਸ਼ ਹੋਇਆ। ਸੰਸਕ੍ਰਿਤਿਕ ਪੁਨਰ–ਉਥਾਲ ਅਤੇ ਮੱਧ ਸ਼੍ਰੇਣੀ ਚੇਤਨਾ ਇਸ ਕਾਲ ਦੇ ਸਾਹਿੱਤ ਵਿਚ ਦੇਖੀ ਜਾ ਸਕਦੀ ਹੈ। ਜੈ ਸ਼ੰਕਰ ਪ੍ਰਸਾਦ, ਹਰੀ ਕ੍ਰਿਸ਼ਨ ਪ੍ਰੇਮੀ ਅਤੇ ਉਦਯਸ਼ੰਕਰ ਭੱਟ ਦੇ ਨਾਟਕਾਂ ਵਿਚ ਮੱਧਵਰਗੀ ਵਿਚਾਰਧਾਰਾ ਉਜਾਗਰ ਹੋਈ, ਇਨ੍ਹਾਂ ਦੇ ਸੰਸਕ੍ਰਿਤਿਕ, ਇਤਿਹਾਸਕ ਅਤੇ ਪੌਰਾਣਿਕ ਵਿਸ਼ਿਆਂ ਦੇ ਨਾਲ ਸੇਠ ਗੋਬਿੰਦ ਦਾਸ, ਕੈਲਾਸ਼ ਨਾਥ ਭਟਨਾਗਰ, ਬਿੰਦ੍ਰਾਬਨ ਲਾਲ ਵਰਮਾ, ਅਤੇ ਗੋਬਿੰਦ ਬੱਲਭ ਪੰਤ ਨੇ ਇਤਿਹਾਸਕ ਅਤੇ ਸਮਾਜਕ ਨਾਟਕ ਲਿਖੇ। ਲਕਸ਼ਮੀ ਨਾਰਾਇਣ ਮਿਸ਼ਰ ਨੇ ਇਬਸਨ ਅਤੇ ਬਰਨਰਡ ਸ਼ਾਅ ਦੀ ਤਕਨੀਕ ’ਤੇ ਯਥਾਰਥਵਾਦੀ ਨਾਟਕ ਲਿਖੇ । 1935 ਈ. ਵਿਚ ਭੁਵਨੇਸ਼ਵਰ ਪ੍ਰਸ਼ਾਦ ਦੇ ਇਕਾਂਗੀ ਸੰਗ੍ਰਹਿ ‘ਕਾਰਵਾਂ’ ਨਾਲ ਹਿੰਦੀ ਇਕਾਂਗੀ ਦਾ ਵਿਕਾਸ ਸ਼ੁਰੂ ਹੋਇਆ। ਇਸ ਖੇਤਰ ਵਿਚ ਡਾ. ਰਾਮ ਕੁਮਰਾ ਵਰਮਾ, ਉਦਯਸ਼ੰਕਰ ਭੱਟ, ਭਗਵਤੀਚਰਣ ਵਰਮਾ, ਉਪੇਂਦ੍ਰਨਾਥ ‘ਅਸ਼ਕ’ ਅਤੇ ਜਗਦੀਸ਼ ਚੰਦਰ ਮਾਥੁਰ ਨੇ ਵੀ ਨਾਉਂ ਖੱਟਿਆ। ਹਿੰਦੀ ਕਥਾ–ਸਾਹਿੱਤ ਵਿਚ ਮੁਨਸ਼ੀ ਪ੍ਰੇਮ ਚੰਦ ਨੇ ਸਨਮਾਨ ਪ੍ਰਾਪਤ ਕੀਤਾ। ਉਪਨਿਆਸ ਨੂੰ ਤਿਲਸਮੀ ਅਤੇ ਜਾਸੂਸੀ ਘੇਰਿਆਂ ’ਚੋਂ ਕੱਢ ਕੇ, ਪ੍ਰੇਮ ਚੰਦ ਨੇ ਸਮੁੱਚੇ ਭਾਰਤੀ ਜੀਵਨ ਨੂੰ ਆਪਣੀਆਂ ਰਚਨਾਵਾਂ ਦਾ ਮੁੱਖ ਵਿਸ਼ਾ ਬਣਾਇਆ ਹੈ ਅਤੇ ‘ਰੰਗ ਭੂਮੀ’, ‘ਕਰਮ ਭੂਮੀ’, ‘ਗਬਨ’ ਅਤੇ ‘ਗੋਦਾਨ’ ਆਦਿ ਨਾਵਲਾਂ ਵਿਚ ਸਮਾਜਕ, ਆਰਥਿਕ ਅਤੇ ਰਾਜਨੀਤਿਕ ਵਿਸ਼ਿਆਂ ਰਾਹੀਂ ਭਾਰਤੀ ਲੋਕਾਂ ਦਾ ਵਿਸ਼ਾਦ–ਚਿੱਤਰ ਪੇਸ਼ ਕੀਤਾ ਹੈ। ਇਤਿਹਾਸਕ ਉਪਨਿਆਸਾਂ ਦੀ ਪਰੰਪਰਾ ਨੂੰ ਬ੍ਰਿੰਦਾਬਨ ਲਾਲ ਵਰਮਾ ਨੇ ਆਪਣੇ ਉਪਨਿਆਸਾਂ ਵਿਚ ਅੱਗੇ ਤੋਰਿਆ। ਹਜ਼ਾਰੀ ਪ੍ਰਸਾਦ ਦ੍ਵਿਵੇਦੀ ਅਤੇ ਰਾਹੁਲ ਸਾਂਕ੍ਰਿਤੑਯਾਯਨ ਨੇ ਵੀ ਇਤਿਹਾਸਕ ਉਪਨਿਆਸ ਲਿਖੇ। ਪ੍ਰੇਮ ਚੰਦ ਪ੍ਰਣਾਲੀ ਮਗਰੋਂ ਮਨੋਵਿਸ਼ਲੇਸ਼ਣ ਉਪਨਿਆਸ ਹੋਂਦ ਵਿਚ ਇਤਿਹਾਸਕ ਉਪਨਿਆਸ ਲਿਖੇ। ਪ੍ਰੇਮ ਚੰਦ ਪ੍ਰਣਾਲੀ ਮਗਰੋਂ ਮਨੋਵਿਸ਼ਲੇਸ਼ਣ ਉਪਨਿਆਸ ਹੋਂਦ ਵਿਚ ਆਇਆ। ਜ਼ੋਲਾ ਅਤੇ ਹੋਰ ਫ਼੍ਰਾਂਸੀਸੀ ਲੇਖਕਾਂ ਦੇ ਪ੍ਰਭਾਵ ਅਧੀਨ, ਪ੍ਰਾਕ੍ਰਿਤਿਕ ਉਪਨਿਆਸ ਲਿਖੇ ਗਏ। ਇਸ ਪੱਧਤੀ ਦੇ ਉਪਨਿਆਸਕਾਰ ਬੇਚਨ ਸ਼ਰਮਾ ਉਗ੍ਰ ਅਤੇ ਰਿਸ਼ਭਚਰਨ ਜੈਨ ਦੇ ਨਾਉਂ ਪ੍ਰਸਿੱਧ ਹਨ। ਮਨੋਵਿਸ਼ਲੇਸ਼ਣ ਉਪਨਿਆਸ ਜੈਨੇਂਦ੍ਰ , ਭਗਵਤੀ ਪ੍ਰਸਾਦ ਬਾਜਪਾਈ, ਇਲਾਚੰਦ੍ਰ ਜੋਸ਼ੀ ਅਤੇ ਸੱਚਦਾ ਨੰਦ ਹੀਰਾ ਨੰਦ ਹਨ। ਪ੍ਰੇਮ ਚੰਦ ਸਕੂਲ ਦੇ ਉਪਨਿਆਸਕਾਰ ਯਸ਼ਪਾਲ, ਉਪੇਂਦ੍ਰਨਾਥ ਅਸ਼ਕ, ਰਾਂਗੇ ਰਾਘਵ, ਉਦਯਸ਼ੰਕਰ ਭੱਟ, ਧਰਮ ਵੀਰ ਭਾਰਤੀ, ਅੰਮ੍ਰਿਤ ਲਾਲ ਨਾਗਰ, ਨਾਗਾਰਜੁਨ ਦੇ ਨਾਉਂ ਪ੍ਰਸਿੱਧ ਹਨ। ਕਾਵਿ ਵਾਂਗ ਉਪਨਿਆਸ ਦੀ ਤਕਨੀਕ ਵਿਚ ਨਵੇਂ ਪ੍ਰਯੋਗ ਹੋ ਰਹੇ ਹਨ, ਜਿਵੇਂ ਗਿਆਰ੍ਹਾਂ ਲੇਖਕਾਂ ਨੇ ਮਿਲ ਕੇ ਇਕ ਉਪਨਿਆਸ ‘ਗਿਆਰਾਂ ਸਪਨੋਂ ਕਾ ਦੇਸ਼’ ਸਹਿਕਾਰੀ ਤਰੀਕੇ ਨਾਲ ਲਿਖਿਆ।

          ਗੁਲੇਰੀ, ਪ੍ਰਸਾਦ ਅਤੇ ਪ੍ਰੇਮ ਚੰਦ ਦੀ ਸੂਖ਼ਮ ਅਨੁਭੂਤੀ ਦੀਆਂ ਕਹਾਣੀ ਪਿੱਛੋਂ ਸੁਦਰਸ਼ਨ, ਵਿਸ਼ੰਭਰਦਾਸ ਸ਼ਰਮਾ, ਰਾਏ ਕਿਸ਼ਨ ਦਾਸ ਅਤੇ ਵਿਨੋਦ ਸ਼ੰਕਰ ਵਿਆਸ ਨੇ ਯਥਾਰਥਵਾਦੀ ਕਹਾਣੀਆਂ ਲਿਖੀਆਂ। ਵੇਚਨ ਸ਼ਰਮਾ ਉਗ੍ਰ ਅਤੇ ਰਿਸ਼ਭਚਰਨ ਜੈਨ ਨੇ ਯਥਾਰਥਵਾਦੀ ਅਤੇ ਮਨੋਵਿਸ਼ਲੇਸ਼ਣ ਕਹਾਣੀਆਂ ਲਿਖ ਕੇ ਪ੍ਰਸਿੱਧੀ ਪ੍ਰਾਪਤ ਕੀਤੀ। ਜੈਨੇਂਦ੍ਰ ਭਗਵਤੀ ਪ੍ਰਸਾਦ ਵਾਜਪਾਈ, ਇਲਾ ਚੰਦ੍ਰ ਜੋਸ਼ੀ ਅਤੇ ‘ਅਗੇਯ’ ਨੇ ਮਨੋਵਿਸ਼ਲੇਸ਼ਣ ਤਕਨੀਕ ਨੂੰ ਹੀ ਪੱਕਾ ਕੀਤਾ। ਯਸ਼ਪਾਲ, ਮੋਹਨ ਰਾਕੇਸ਼, ਸ਼ਿਵਪ੍ਰਸਾਦ ਸਿੰਘ ਭੈਰਵੀਂ ਪ੍ਰਸਾਦ, ਗੁਪਤ ਆਦਿ ਨੇ ਮੱਧ–ਸ਼੍ਰੇਣੀ ਜੀਵਨ ਦੀ ਵਿਸ਼ਮਤਾ ਆਪਣੀਆਂ ਕਹਾਣੀਆਂ ਵਿਚ ਉਜਾਗਰ ਕੀਤੀ ਹੈ।

          ਨਿਬੰਧ ਸਾਹਿੱਤ ਖੇਤਰ ਵਿਚ ਹਜ਼ਾਰੀ ਪ੍ਰਸਾਦ ਦ੍ਵਿਵੇਦੀ, ਬਾਬੂ ਗੁਲਾਬ ਰਾਏ, ਸਿਆਰਾਮ ਸ਼ਰਨ ਗੁਪਤਾ, ਪ੍ਰਭਾਕਰ ਮਾਚਵੇ, ਨਾਮਵਰ ਸਿੰਘ ਆਦਿ ਲੇਖਕਾਂ ਨੇ ਆਤਮਾ–ਭਿਅੰਜਕ ਅਤੇ ਵਿਚਾਰ–ਪ੍ਰਧਾਨ ਨਿਬੰਧਾਂ ਦਾ ਭੰਡਾਰ ਭਰਿਆ ਹੈ। ਨਿਬੰਧਾਂ ਤੋਂ ਇਲਾਵਾ ਹਿੰਦੀ ਵਿਚ ਰਿਪੋਤਰਾਜ ਵੀ ਲਿਖੇ ਗਏ ਹਨ। ਆਚਾਰਯ ਰਾਮ ਚੰਦਰ ਸ਼ੁਕਲ ਨੇ ਹਿੰਦੀ ਆਲੋਚਨਾ ਵਿਚ ਸ਼ਾਸਤ੍ਰੀ ਅਤੇ ਵਿਵਹਾਰਕ ਪ੍ਰਣਾਲੀ ਚਲਾਈ ਜਿਸ ਵਿਚ ਭਾਰਤੀ ਰਸ ਪਰੰਪਰਾ ਆਲੋਚਨਾ ਦੇ ਸਿਧਾਂਤਾ ਦਾ ਗੰਭੀਰ ਅਧਿਐਨ ਸੀ। ਸ਼ੁਕਲ ਜੀ ਪਿੱਛੋਂ ਹਿੰਦੀ ਆਲੋਚਨਾ ਵਿਚ ਤਿੰਨ ਪ੍ਰਣਾਲੀਆਂ ਪ੍ਰਚੱਲਿਤ ਹਨ। ਸ਼ਾਸਤ੍ਰੀ ਸ਼ੈਲੀ ਦੇ ਆਲੋਚਕ ਵਿਸ਼ਵ ਨਾਥ ਪ੍ਰਸਾਦ ਮਿਸ਼ਰ ਹਨ। ਆਚਾਰਯ ਨੰਦ ਦੁਲਾਰੇ ਬਾਜਪਾਈ ਸਿਧਾਂਤਵਾਦੀ ਅਤੇ ਵਿਵਹਾਰਕ ਆਲੋਚਨਾ ਦੇ ਪ੍ਰਤਿਨਿੱਧ ਹਨ ਅਤੇ ਡਾ. ਰਾਮ ਬਿਲਾਸ ਸ਼ਰਮਾ, ਸ਼ਿਵਦਾਨ ਸਿੰਘ ਚੌਹਾਨ, ਪ੍ਰਕਾਸ ਚੰਦ ਗੁਪਤ ਆਦਿ ਮਾਰਕਸਵਾਦੀ ਆਲੋਚਕ ਹਨ। ਨਵੀਨ ਆਲੋਚਕ ਅਗੇਯ ਅਤੇ ਧਰਮ ਵੀਰ ਭਾਰਤੀ ਉੱਤੇ ਨਵੀਨ ਪੱਛਮੀ ਆਲੋਚਕਾਂ, ਵਿਸ਼ੇਸ਼ ਕਰ ਏਲੀਅਟ ਦਾ ਬੜਾ ਪ੍ਰਭਾਵ ਹੈ।

          ਆਧੁਨਿਕ ਕਾਲ ਦੇ ਤੀਜੇ ਦੌਰ ਵਿਚ ਕਾਵਿ ਖੇਤਰ ਵਿਚ ਮਹੱਤਪੂਰਣ ਕ੍ਰਾਂਤੀ ਹੋਈ ਹੈ। ਦ੍ਵਿਵੇਦੀ ਯੁੱਗ ਦੀ ਵਸਤੂ–ਪ੍ਰਧਾਨ ਬਿਆਨੀਆ ਕਵਿਤਾ ਦੇ ਵਿਰੋਧ ਵਿਚ ‘ਛਾਯਵਾਦ’ ਦਾ ਜਨਮ ਹੋਇਆ, ਹਿੰਦੀ ਰੁਮਾਂਟਿਸਿਜ਼ਮ ਇਸ ਦਾ ਨਾਉਂ ਹੈ। ਇਹ ਨਾ ਕੇਵਲ ਪ੍ਰਗਟਾ ਸ਼ੈਲੀ ਦੀ ਨਵੀਨਤਾ ਦਾ ਪ੍ਰਤੀਕ ਹੀ ਹੈ ਸਗੋਂ ਸਮਾਜਕ ਦਾਰਸ਼ਨਿਕਤਾ ਦੀ ਨਵੀਨਤਾ  ਦਾ ਚਿੰਨ੍ਹ ਵੀ ਹੈ। ਇਨ੍ਹਾਂ ਕਵੀਆਂ ਉੱਤੇ ਪੱਛਮ ਦਾ ਪ੍ਰਭਾਵ ਜ਼ਰੂਰ ਹੈ ਪਰੰਤੂ ਇਹ ਕੇਵਲ ਪੱਛਮ ਦੀ ਨਕਲ ਨਹੀਂ। ਸੁਮਿਤਰਾ ਨੰਦਨ ਪੰਤ, ਜੈ ਸ਼ੰਕਰ ਪ੍ਰਸਾਦ, ਸੂਰਯਕਾਂਤ ਤ੍ਰਿਪਾਠੀ ਨਿਰਾਲਾ ਅਤੇ ਮਹਾਦੇਵੀ ਵਰਮਾ ਇਸ ਧਾਰਾ ਦੇ ਪ੍ਰਮੁੱਖ ਕਵੀ ਹਨ। ਪੰਤ ਪ੍ਰਕ੍ਰਿਤੀ ਦੇ ਕੋਮਲ ਦ੍ਰਿਸ਼ਾਂ ਦਾ ਕੁਸ਼ਲ ਚਿੱਤਰਕਾਰ ਹੈ, ਪ੍ਰਸਾਦ ਦਾਰਸ਼ਨਿਕ ਮਹੱਤਵ ਦੇ ਮਹਾਂਕਾਵਿ ਨਿਰਮਾਤਾ ਅਤੇ ਨਿਰਾਲਾ ਪ੍ਰਗਤੀਵਾਦੀ ਕਾਵਿ ਸ਼ੈਲੀ ਦੇ ਜਨਮਦਾਤਾ ਅਤੇ ਕ੍ਰਾਂਤੀਕਾਰੀ ਕਵੀ ਹਨ। ਮਹਾਦੇਵੀ ਦੀ ਕਵਿਤਾ ਵਿਰਹ–ਵੇਦਨਾ, ਨਿਰਾਸਾ, ਮੌਤ, ਲਾਲਸਾ ਅਤੇ ਅਧਿਆਤਮਿਕ ਰਹੱਸ ਦੇ ਵਿਚਾਰਾਂ ਨਾਲ ਭਰਪੂਰ ਹੈ। ਇਸ ਪਰੰਪਰਾ ਦੇ ਹੋਰ ਕਵੀਆਂ ਵਿੱਚੋਂ ਰਹੱਸਵਾਦੀ ਡਾ. ਰਾਮ ਕੁਮਾਰ ਵਰਮਾ, ਰਾਸ਼ਟਰੀ ਛਾਯਾਵਾਦੀ ਮਾਖਣ ਲਾਲ ਚਤੁਰਵੇਦੀ, ਹਾਲਾਵਾਦੀ ਬਚਨ ਅਧਿਕ ਪ੍ਰਸਿੱਧ ਹਨ। ਛਾਯਾਵਾਦੀ ਗਰਭ ’ਚੋਂ ਜਨਮੇ ਯਥਾਰਥਵਾਦੀ ਵਾਤਾਵਰਣ ਵਿਚ ਪਲੇ ਹੋਏ ਕਵੀ ਰਾਮੇਸ਼ਵਰ ਸ਼ੁਕਲ ਅੰਚਲ, ਸ਼ਿਵ ਮੰਗਲ ਸਿੰਘ ਸੁਮਨ, ‘ਦਿਨਕਰ’ , ਨਰਿੰਦਰ ਸ਼ਰਮਾ ਆਦਿ ਹਨ। ਇੱਥੋਂ ਹੀ ਮਾਰਕਸਵਾਦੀ ਪ੍ਰਭਾਵ ਅਧੀਲ ਪ੍ਰਗਤੀਵਾਦੀ ਕਵਿਤਾ ਦਾ ਆਰੰਭ ਹੁੰਦਾ ਹੈ। ਪਰੰਤੂ ਇਹ ਕਵਿਤਾ ਪ੍ਰਾਪੇਗੰਡਾ ਤੋਂ ਅੱਗੋ ਨਹੀਂ ਵਧ ਸਕੀ ਅਤੇ ਕੇਦਾਰਨਾਥ ਅਗਰਵਾਲ ਤੋਂ ਛੁੱਟ ਇਸ ਲਹਿਰ ਵਿਚ ਕੋਈ ਹੋਰ ਕਵੀ ਸਨਮਾਨਿਤ ਨਹੀਂ ਹੋਇਆ। ਇਸ ਪਿੱਛੋਂ ਯੂਰਪੀ ਕਵੀ ਵਿਸ਼ੇਸ਼ ਰੂਪ ਵਿਚ ਐਜ਼ਰਾ ਪਾਊਂਡ ਅਤੇ ਏਲੀਅਟ ਦੇ ਪ੍ਰਭਾਵ ਕਬੂਲੇ ਜਾਣ ਲੱਗੇ ਪਏ। ਸ਼ੈਲੀ, ਛੰਦ, ਲੈਅ ਅਤੇ ਬਿੰਬ ਦੇ ਅਨਵੇਸ਼ਣ ਨੇ ਪ੍ਰਯੋਗਸ਼ੀਲ ਕਵਿਤਾ ਨੂੰ ਜਨਮ ਦਿੱਤਾ। ਇਸ ਦਾ ਪ੍ਰਮੁੱਖ ਪ੍ਰਤਿਨਿਧ ਅਗੇਯ ਹੈ ਜਿਸ ਨੇ ਸੱਤ ਪ੍ਰਯੋਗਸ਼ੀਲ ਕਵੀਆਂ ਦੀਆਂ ਕਵਿਤਾਵਾਂ ਨੂੰ ‘ਤਾਰ ਸਪਤਕ’ ਸਿਰਲੇਖ ਹੇਠ ਸੰਪਾਦਿਤ ਕੀਤਾ। ਪ੍ਰਯੋਗਸ਼ੀਲ ਕਵੀਆਂ ਵਿਚ ਕੁਝ ਮਾਰਕਸਵਾਦੀ ਹਨ, ਕੁਝ ਮਾਰਕਸ ਵਿਰੋਧੀ , ਕੁਝ ਆਸ਼ਾਵਾਦੀ , ਕੁਝ ਨਿਰਾਸ਼ਾਵਾਦੀ, ਕੁਝ ਸੰਦੇਹਵਾਦੀ ਅਤੇ ਕੁਝ ਅਸਿਤਤ੍ਵਵਦੀ। ਵਾਸਤਵ ਵਿਚ, ਵੀਹਵੀਂ ਸਦੀ ਈ. ਦੀਆਂ ਸਮਾਜਕ ਪਰਿਸਥਿਤੀਆਂ ਵਿਚ ਭਾਰਤੀ ਮਾਨਵ ਦੀ ਹੀ ਨਹੀਂ, ਸਗੋਂ ਵਿਸ਼ਵ ਮਾਨਵ ਦੇ ਖੰਡਿਤ ਵਿਅਕਤਿਤ੍ਵ (split personality) ਦੀ ਝਲਕ ਨਵੀਨ ਹਿੰਦੀ ਕਵਿਤਾ ਵਿਚ ਅੰਕਿਤ ਹੈ। ਇਸ ਪ੍ਰਯੋਗਸ਼ੀਲ ਕਵਿਤਾ ਨੂੰ ਅੱਗੇ ਚਲ ਕੇ ‘ਨਈ ਕਵਿਤਾ’, ਨਈ ਨਈ ਕਵਿਤਾ’ ਅਤੇ ‘ਅਕਵਿਤਾ ਕਵਿਤਾ’ ਆਦਿ ਨਾਉਂ ਵੀ ਦਿੱਤੇ ਜਾਂਦੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5379, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.