ਬ੍ਰਹਮਾ ਅਵਤਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬ੍ਰਹਮਾ ਅਵਤਾਰ: ‘ਦਸਮ ਗ੍ਰੰਥ ’ ਵਿਚ ‘ਚੌਬੀਸਾਵਤਾਰ ’ ਤੋਂ ਬਾਦ ਬ੍ਰਹਮਾ ਦੇ ਸੱਤ ਅਵਤਾਰਾਂ ਦਾ ਵਰਣਨ ਹੋਇਆ ਹੈ। ਇਹ ਅਵਤਾਰ-ਪ੍ਰਸੰਗ ਵੀ ‘ਬਚਿਤ੍ਰ ਨਾਟਕ ’ ਦਾ ਇਕ ਹਿੱਸਾ ਹੈ ਕਿਉਂਕਿ ਇਸ ਦੀਆਂ ਪੁਸ਼ਪਿਕਾਵਾਂ ਵਿਚ ਅਜਿਹਾ ਸੰਕੇਤ ਮਿਲਦਾ ਹੈ। ਸ਼ੁਰੂ ਵਿਚ ਲਿਖੀ ਪ੍ਰਸਤਾਵਨਾ ਵਿਚ ਵੀ ਰਚੈਤਾ ਨੇ ਇਹੀ ਮੰਨਿਆ ਹੈ (20,21)। ਬ੍ਰਹਮਾ ਦੇ ਅਵਤਾਰ ਧਾਰਣ ਕਰਨ ਦੇ ਪਿਛੇ ਵੀ ਹੰਕਾਰ ਹੀ ਹੈ। ‘ਕਾਲ ਪੁਰਖ ’ ਦੀ ਆਗਿਆ ਨਾਲ ਬ੍ਰਹਮਾ ਨੇ ਵੇਦਾਂ ਦੀ ਜੋ ਰਚਨਾ ਕੀਤੀ, ਉਸ ਕਰਕੇ ਉਹ ਹੰਕਾਰੀ ਹੋ ਗਿਆ। ‘ਕਾਲ ਪੁਰਖ’ ਨੇ ਉਸ ਨੂੰ ਧਰਤੀ ਉਤੇ ਭੇਜ ਦਿੱਤਾ। ਉਸ ਨੇ ਲੱਖਾਂ ਵਰ੍ਹੇ ਸੇਵਾ ਕਰਕੇ ਮੁੜ ‘ਕਾਲ ਪੁਰਖ’ ਨੂੰ ਪ੍ਰਸੰਨ ਕੀਤਾ। ਉਸ ਨੂੰ ‘ਕਾਲ ਪੁਰਖ’ ਨੇ ਆਗਿਆ ਦਿੱਤੀ ਕਿ ਤੂੰ ਸ੍ਰਿਸ਼ਟੀ ਉਤੇ ਸੱਤ ਅਵਤਾਰ ਧਾਰਣ ਕਰ , ਤਦ ਹੀ ਤੇਰੀ ਗਤੀ ਹੋਵੇਗੀ।

‘ਕਾਲ ਪੁਰਖ’ ਨੇ ਬ੍ਰਹਮਾ ਨੂੰ ਇਹ ਵੀ ਕਿਹਾ ਕਿ ਉਸ ਦੀ ਵਿਸ਼ਣੂ ਨਾਲ ਅਭੇਦਤਾ ਹੈ। ਇਸ ਲਈ ਜਦੋਂ ਵਿਸ਼ਣੂ ਅਵਤਾਰ ਧਾਰਣ ਕਰੇ ਤਾਂ ਉਸ ਦੇ ਕੌਤਕਾਂ ਦਾ ਵਿਸਤਾਰ ਨਾਲ ਵਰਣਨ ਕਰੋ। ਇਹ ਪ੍ਰਸਤਾਵਨਾ ਪਰਮਾਤਮਾ ਦੀ ਸ੍ਰੇਸ਼ਠਤਾ ਅਤੇ ਮਹਾਨਤਾ ਉਤੇ ਪ੍ਰਕਾਸ਼ ਪਾਂਦੀ ਹੈ। ਉਹ ਪਰਮ ਸ਼ਕਤੀ ਸਰਬ ਵਿਆਪਕ, ਸਰਬ ਸ਼ਕਤੀਮਾਨ ਅਤੇ ਸਭ ਤੋਂ ਬਲਵਾਨ ਹੈ। ਉਸੇ ਨਿਰਾਕਾਰ, ਨਿਰਵਿਕਾਰ ਦੇ ਚਲਾਏ ਸਾਰੀ ਸ੍ਰਿਸ਼ਟੀ ਚਲ ਰਹੀ ਹੈ। ਇਸ ਵਿਚ ਅਧਿਕਤਰ ਤੋਮਰ ਛੰਦ ਦੀ ਵਰਤੋਂ ਹੋਈ ਹੈ। ਆਖੀਰ’ਤੇ ਨਰਾਜ ਛੰਦ ਵਰਤਿਆ ਗਿਆ ਹੈ।

ਬ੍ਰਹਮਾ ਦੇ ਕੁਲ ਅਵਤਾਰ ਸੱਤ ਹਨ—ਬਾਲਮੀਕ, ਕਸਪ, ਸੁਕ੍ਰ, ਬਾਚੇਸ, ਬਿਆਸ , ਸ਼ਾਸਤ੍ਰੋਧਾਰਕ ਅਤੇ ਕਾਲੀਦਾਸ। ਇਹ ਅਵਤਾਰ ਪ੍ਰਸੰਗ ਅਸਲ ਵਿਚ ਨਿੱਕੀਆਂ ਨਿੱਕੀਆਂ ਕਾਵਿ ਟੁਕੜੀਆਂ ਦਾ ਸਮੂਹ ਹੈ। ਬ੍ਰਹਮਾ ਨਾਲ ਸੰਬੰਧਿਤ ਪੁਰਾਣਾਂ ਵਿਚ ਇਸ ਪ੍ਰਕਾਰ ਦੇ ਉਪ-ਅਵਤਾਰਾਂ ਦੀ ਗਿਣਤੀ ਨਹੀਂ ਹੋਈ। ਅਸਲ ਵਿਚ, ਇਹ ਕਵੀ ਦੀ ਨਿਜੀ ਕਲਪਨਾ ਹੈ ਅਤੇ ਬ੍ਰਹਮਾ ਦੇ ਉਹੀ ਅਵਤਾਰ ਨਿਸਚਿਤ ਕੀਤੇ ਹਨ ਜੋ ਵਿਦਿਆ-ਗੁਰੂ, ਆਚਾਰਯ ਜਾਂ ਵਿਦਵਾਨ ਰਿਸ਼ੀ ਹੋਏ ਹਨ।

ਇਸ ਵਿਚ ਲਗਭਗ 20 ਕਿਸਮਾਂ ਦੇ ਛੰਦਾਂ ਦੀ ਵਰਤੋਂ ਹੋਈ ਹੈ। ਸਾਰੇ ਪ੍ਰਸੰਗਾਂ ਦੀ ਭਾਸ਼ਾ ਬ੍ਰਜ ਹੈ। ਕਿਤੇ ਕਿਤੇ ਫ਼ਾਰਸੀ ਅਤੇ ਅਰਬੀ ਦੀ ਸ਼ਬਦਾਵਲੀ ਵਰਤੀ ਵੀ ਮਿਲਦੀ ਹੈ। ਪੰਜਾਬੀ ਦਾ ਵੀ ਕਿਤੇ ਕਿਤੇ ਪ੍ਰਭਾਵ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1328, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.