ਬ੍ਰਾਹਮਣ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬ੍ਰਾਹਮਣ [ਨਾਂਪੁ] ਵੇਦਾਂ ਨੂੰ ਪੜ੍ਹਨ ਵਾਲ਼ਾ; ਬ੍ਰਹਮ ਨੂੰ ਜਾਣਨ ਵਾਲ਼ਾ; ਹਿੰਦੂਆਂ ਦਾ ਪਹਿਲਾ ਵਰਨ; ਵੇਦਾਂ ਦਾ ਉਹ ਭਾਗ ਜਿਸ ਵਿੱਚ ਮੰਤਰਾਂ ਅਤੇ ਕਰਮ-ਕਾਂਡ ਦੀਆਂ ਵਿਧੀਆਂ ਦੀ ਵਿਆਖਿਆ ਕੀਤੀ ਗਈ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8437, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬ੍ਰਾਹਮਣ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬ੍ਰਾਹਮਣ: ਸੰਸਕ੍ਰਿਤ ਪਿਛੋਕਣ ਦੇ ਇਸ ਸ਼ਬਦ ਦਾ ਮੂਲ ਅਰਥ ਹੈ ਵੇਦ ਪੜ੍ਹਨ ਵਾਲਾ ਜਾਂ ਬ੍ਰਹਮ ਦਾ ਗਿਆਨ ਰਖਣ ਵਾਲਾ। ਪਰ ‘ਰਿਗ-ਵੇਦ’ ਤੋਂ ਬਾਦ ਹੋਰਨਾਂ ਵੇਦਾਂ ਵਿਚ ਇਸ ਨੂੰ ‘ਪੁਰੋਹਿਤ’ ਲਈ ਵਰਤਿਆ ਜਾਣ ਲਗਾ ।
‘ਰਿਗ-ਵੇਦ’ ਦੇ ਪੁਰਸ਼-ਸੂਕੑਤ (10/10) ਵਿਚ ਇਸ ਨੂੰ ਚਾਰ ਵਰਣਾਂ ਵਿਚੋਂ ਪਹਿਲਾ ਅਥਵਾ ਸ੍ਰੇਸ਼ਠ ਦਸਿਆ ਗਿਆ ਹੈ ਇਸ ਨੂੰ ਪ੍ਰਿਥਵੀ ਦਾ ਦੇਵਤਾ (ਭੂਸੁਰ) ਵੀ ਕਿਹਾ ਗਿਆ ਹੈ। ਪੁਰੋਹਿਤ ਹੋਣ ਕਰਕੇ ਬ੍ਰਾਹਮਣ ਹੀ ਯੱਗਾਂ ਨੂੰ ਸੰਪੰਨ ਕਰਵਾਉਂਦਾ ਸੀ। ਇਹ ਰਾਜਿਆਂ ਦੇ ਨਿਜੀ ਕਾਰਜਾਂ ਵਿਚ ਉਸ ਦਾ ਸਹਾਇਕ, ਪਥ-ਪ੍ਰਦਰਸਕ ਅਥਵਾ ਪ੍ਰਤਿਨਿਧ ਹੁੰਦਾ ਸੀ।
ਮੱਧ ਯੁਗ ਵਿਚ ਬ੍ਰਾਹਮਣ ਆਪਣੇ ਕਰਤੱਵ ਤੋਂ ਡਿਗ ਗਿਆ ਅਤੇ ਕੇਵਲ ਦਿਖਾਵੇ ਦਾ ਬ੍ਰਾਹਮਣ ਰਹਿ ਗਿਆ। ਗੁਰੂ ਅਰਜਨ ਦੇਵ ਜੀ ਨੇ ਆਸਾ ਰਾਗ ਵਿਚ ਇਸ ਦੇ ਸਰੂਪ ਨੂੰ ਚਿਤਰਦਿਆਂ ਕਿਹਾ ਹੈ—ਅੰਤਰਿ ਲੋਭੁ ਫਿਰਹਿ ਹਲਕਾਏ। ਨਿੰਦਾ ਕਰਹਿ ਸਿਰਿ ਭਾਰੁ ਉਠਾਏ। ਮਾਇਆ ਮੂਠਾ ਚੇਤੈ ਨਾਹੀ। ਭਰਮੇ ਭੂਲਾ ਬਹੁਤੀ ਰਾਹੀ। ਬਾਹਰਿ ਭੇਖ ਕਰਹਿ ਘਨੇਰੇ। ਅੰਤਰਿ ਬਿਖਿਆ ਉਤਰੀ ਘੇਰੇ। ਅਵਰ ਉਪਦੇਸੈ ਆਪਿ ਨ ਬੂਝੈ। ਐਸਾ ਬ੍ਰਾਹਮਣੁ ਕਹੀ ਨ ਸੂਝੈ। (ਗੁ.ਗ੍ਰੰ.372)। ਅਜਿਹੇ ਬ੍ਰਾਹਮਣ ਨੂੰ ਜਗਤ ਵਾਲੇ ਬੇਸ਼ਕ ਗੁਰੂ ਮੰਨਣ, ਪਰ ਕਬੀਰ ਜੀ ਅਨੁਸਾਰ ਉਹ ਭਗਤਾਂ ਦਾ ਗੁਰੂ ਨਹੀਂ ਹੋ ਸਕਦਾ— ਕਬੀਰ ਬਾਮਨ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੂ ਨਾਹਿ। ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ। (ਗੁ.ਗ੍ਰੰ.1377)।
ਬ੍ਰਾਹਮਣ ਨੂੰ ਆਪਣੇ ਕਰਤੱਵ ਦਾ ਬੋਧ ਕਰਾਉਂਦਿਆਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ— ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ। ਜਪੁ ਤਪੁ ਸੰਜਮੁ ਕਮਾਵੈ ਕਰਮੁ। ਸੀਲ ਸੰਤੋਖ ਕਾ ਰਖੈ ਧਰਮੁ। ਬੰਧਨ ਤੋੜੈ ਹੋਵੈ ਮੁਕਤੁ। ਸੋਈ ਬ੍ਰਹਮਣੁ ਪੂਜਣ ਜੁਗਤੁ। (ਗੁ.ਗ੍ਰੰ.1411)। ਅਸਲ ਵਿਚ, ਸੱਚਾ ਬ੍ਰਾਹਮਣ ਉਹ ਹੈ ਜੋ ਬ੍ਰਹਮ ਸੰਬੰਧੀ ਵਿਚਾਰ ਕਰੇ ਅਤੇ ਆਪ ਹੀ ਨਹੀਂ ਆਪਣੇ ਸੰਪਰਕ ਵਿਚ ਆਉਣ ਵਾਲਿਆਂ ਦਾ ਵੀ ਪਾਰ-ਉਤਾਰਾ ਕਰੇ— ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ। ਆਪਿ ਤਰੈ ਸਗਲੇ ਕੁਲ ਤਾਰੈ। (ਗੁ.ਗ੍ਰੰ.662)। ਸੰਤ ਕਬੀਰ ਨੇ ਵੀ ਇਹੀ ਵਿਚਾਰ ਪ੍ਰਗਟ ਕੀਤਾ ਹੈ ਕਿ ਅਸਾਡੇ ਤਾਂ ਉਹ ਬ੍ਰਾਹਮਣ ਅਖਵਾਉਣ ਦਾ ਅਧਿਕਾਰੀ ਬਣਦਾ ਹੈ ਜੋ ਬ੍ਰਹਮ ਸੰਬੰਧੀ ਵਿਚਾਰ ਕਰਦਾ ਹੈ—ਕਹੁ ਕਬੀਰ ਜੋ ਬ੍ਰਹਮੁ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ। (ਗੁ.ਗ੍ਰੰ.324)। ਸਪੱਸ਼ਟ ਹੈ ਕਿ ਸਿੱਖ ਮਤ ਵਿਚ ਬ੍ਰਾਹਮਣਾਂ ਜਾਂ ਉਸ ਦੇ ਕਰਮਾਚਾਰ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First