ਬਗ਼ਦਾਦ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬਗ਼ਦਾਦ (ਨਗਰ): ਇਰਾਕ ਦੇਸ਼ ਦਾ ਇਕ ਪ੍ਰਸਿੱਧ ਨਗਰ ਅਤੇ ਰਾਜਧਾਨੀ ਜੋ ਫ਼ਾਰਸ ਦੀ ਖਾੜੀ ਤੋਂ ਲਗਭਗ 400 ਕਿ.ਮੀ. ਦੂਰ ਦਜਲਾ ਅਤੇ ਫ਼ਰਾਤ ਨਦੀਆਂ ਦੇ ਸੰਗਮ ਉਤੇ ਵਸਿਆ ਹੈ। ਇਹ ਨਗਰ ਚਾਰ ਹਜ਼ਾਰ ਸਾਲ ਪਹਿਲਾਂ ਤੋਂ ਵਪਾਰਕ ਮਾਰਗ ਦਾ ਮੁੱਖ ਪੜਾ ਅਤੇ ਵਪਾਰ ਦਾ ਕੇਂਦਰ ਰਿਹਾ ਹੈ। ਛੇਵੀਂ ਸਦੀ ਵਿਚ ਨੌਸ਼ੇਰਵਾਂ ਨੇ ਇਸ ਦਾ ਪੁਨਰ- ਉੱਧਾਰ ਕੀਤਾ ਅਤੇ ਉਦੋਂ ਤੋਂ ਹੀ ਇਸ ਦਾ ਨਾਂ ‘ਬਗ਼ਦਾਦ’ ਪਿਆ ਕਿਉਂਕਿ ਇਥੇ ਇਕ ਬਾਗ਼ ਵਿਚ ਬੈਠ ਕੇ ਨੌਸ਼ੇਰਵਾਂ ਨਿਆਂ ਕਰਦਾ ਹੁੰਦਾ ਸੀ ।
ਜਦੋਂ ਇਸਲਾਮ ਦਾ ਵਿਸਤਾਰ ਹੋਇਆ ਤਾਂ ਇਰਾਕ ਵਲ , ਅੱਬਾਸ ਵੰਸ਼ ਦੇ ਖ਼ਲੀਫ਼ਿਆਂ ਨੇ ਇਸ ਨੂੰ ਇਸਲਾਮ ਧਰਮ ਦੇ ਪ੍ਰਚਾਰ ਦਾ ਮੁੱਖ ਕੇਂਦਰ ਬਣਾਇਆ। ਖ਼ਲੀਫ਼ਾ ਹਾਰੂੰਰਸ਼ੀਦ ਨੇ ਗਿਆਨ ਅਤੇ ਸਭਿਆਚਾਰ ਦੇ ਵਿਸਤਾਰ ਲਈ ਦੂਰ ਦੂਰ ਤੋਂ ਇਥੇ ਵਿਦਵਾਨ ਬੁਲਵਾ ਕੇ ਵਿਚਾਰਧਾਰਕ ਸੰਵਾਦ ਰਚਾਇਆ। ਇਹ ਸਮਾਂ ਇਸ ਨਗਰ ਦੀ ਹਰ ਪੱਖੋਂ ਉੱਨਤੀ ਦਾ ਸਮਾਂ ਕਿਹਾ ਜਾਂਦਾ ਹੈ। ਇਸ ਨਗਰ ਦੇ ਗੌਰਵ ਨੂੰ ਖ਼ਤਮ ਕਰਨ ਲਈ ਸੰਨ 1258 ਈ. ਵਿਚ ਮੰਗੋਲ ਬਾਦਸ਼ਾਹ ਹਲਾਕੂ ਨੇ ਇਸ ਉਤੇ ਹਮਲਾ ਕੀਤਾ। ਇਥੋਂ ਦੇ ਇਸਲਾਮੀ ਸਭਿਆਚਾਰ ਨੂੰ ਹੀ ਬਰਬਾਦ ਨਹੀਂ ਕੀਤਾ, ਸਗੋਂ ਇਥੋਂ ਦੇ ਉਪਜਾਊ ਇਲਾਕੇ ਨੂੰ ਵੀ ਚਰਾਂਦਾਂ ਵਿਚ ਬਦਲ ਦਿੱਤਾ। ਇਸ ਤੋਂ ਬਾਦ ਬਗ਼ਦਾਦ ਦੀ ਸਥਿਤੀ ਵਿਚ ਕੋਈ ਖ਼ਾਸ ਸੁਧਾਰ ਨ ਹੋਇਆ। ਪਰ ਵੀਹਵੀਂ ਸਦੀ ਦੇ ਸ਼ੁਰੂ ਹੁੰਦਿਆਂ ਹੀ ਇਸ ਦਾ ਮਹੱਤਵ ਵਧਣ ਲਗਿਆ ਅਤੇ ਇਕ ਪ੍ਰਸਿੱਧ ਨਗਰ ਵਜੋਂ ਉਭਰ ਕੇ ਸਾਹਮਣੇ ਆਇਆ। ਪੁਰਾਣੇ ਨਗਰ ਦੇ ਨਾਲ ਨਾਲ ਨਵੇਂ ਬਣੇ ਨਗਰ ਦੀ ਆਪਣੀ ਹੀ ਸ਼ੋਭਾ ਹੈ।
ਮੱਕੇ ਦੀ ਫੇਰੀ ਸਮੇਂ , ਭਾਈ ਗੁਰਦਾਸ ਅਨੁਸਾਰ, ਗੁਰੂ ਨਾਨਕ ਦੇਵ ਜੀ ਮਰਦਾਨੇ ਸਹਿਤ ਇਸ ਨਗਰ ਵਿਚ ਗਏ—ਫਿਰਿ ਬਾਬਾ ਗਇਆ ਬਗ਼ਦਾਦ ਨੋ ਬਾਹਰਿ ਜਾਇ ਕੀਆ ਅਸਥਾਨਾ। ਇਕ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ। (1/39)। ਗੁਰੂ ਜੀ ਨੇ ਪੀਰ ਦਸਤਗੀਰ ਅਤੇ ਬਹਿਲੋਲ ਦੇ ਗੱਦੀਦਾਰਾਂ ਨਾਲ ਸੰਵਾਦ ਕੀਤਾ। ਗੁਰੂ ਸਾਹਿਬ ਦੀ ਦਿਬ-ਦ੍ਰਿਸ਼ਟੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਗੁਰੂ ਜੀ ਦੀ ਯਾਦ ਵਿਚ ਤੁਰਕੀ ਜ਼ਬਾਨ ਵਿਚ ਲਿਖਿਆ ਇਕ ‘ਕਤਬਾ’ (ਸ਼ਿਲਾਲੇਖ) ਲਗਾਇਆ ਜੋ ਹੁਣ ਵੀ ਮੌਜੂਦ ਹੈ। ਕਹਿੰਦੇ ਹਨ ਕਿ ਬਗ਼ਦਾਦ ਦੇ ਖੂਹਾਂ ਦਾ ਪਾਣੀ ਖਾਰਾ ਸੀ। ਗੁਰੂ ਜੀ ਨੇ ਕਤਬੇ ਵਾਲੀ ਥਾਂ ਕੋਲ ਇਕ ਖੂਹ ਪੁਟਵਾਇਆ ਜਿਸ ਦਾ ਪਾਣੀ ਮਿੱਠਾ ਨਿਕਲਿਆ। ਇਹ ਖੂਹ ਹੁਣ ਵੀ ਮੌਜੂਦ ਹੈ ਅਤੇ ਇਸ ਦਾ ਪਾਣੀ ਮਿੱਠਾ ਹੈ। ਉਸ ਕਤਬੇ ਦੇ ਪਾਠ ਦਾ ਮਹਾਨਕੋਸ਼ਕਾਰ ਅਨੁਸਾਰ ਅਰਥ ਇਸ ਪ੍ਰਕਾਰ ਹੈ—ਦੇਖੋ! ਹਜ਼ਰਤ ਪਰਵਦਗਾਰ ਬਜ਼ੁਰਗ ਨੇ ਕੇਹੀ ਮੁਰਾਦ ਪੂਰੀ ਕੀਤੀ ਕਿ ਬਾਬੇ ਨਾਨਕ ਦੀ ਤਅਮੀਰ ਨਵੇਂ ਸਿਰ ਬਣ ਗਈ, ਸੱਤ ਵੱਡੇ ਵਲੀਆਂ ਨੇ ਇਸ ਵਿਚ ਸਹਾਇਤਾ ਕੀਤੀ ਅਤੇ ਉਸ ਦੀ ਤਾਰੀਖ਼ ਇਹ ਨਿਕਲੀ ਕਿ ਨੇਕਬਖ਼ਤ ਮੁਰੀਦ ਨੇ ਪਾਣੀ ਲਈ ਜ਼ਮੀਨ ਵਿਚ ਫ਼ੈਜ਼ ਦਾ ਚਸ਼ਮਾ ਜਾਰੀ ਕਰ ਦਿੱਤਾ।
ਜਨਮਸਾਖੀ ਸਾਹਿਤ ਵਿਚ ਵੀ ਗੁਰੂ ਨਾਨਕ ਦੇਵ ਜੀ ਦੇ ਬਗ਼ਦਾਦ ਜਾਣ ਦਾ ਜ਼ਿਕਰ ਹੋਇਆ ਹੈ। ਵਖ ਵਖ ਉੱਲੇਖਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੁਰੂ ਜੀ ਸੰਨ 1510 ਈ. ਦੇ ਨੇੜੇ-ਤੇੜੇ ਬਗ਼ਦਾਦ ਗਏ ਸਨ। ਸਿੱਖ ਸਮਾਜ ਦਾ ਚਿਰ-ਕਾਲ ਤਕ ਬਗ਼ਦਾਦ ਨਾਲ ਸੰਪਰਕ ਨ ਹੋਣ ਕਾਰਣ ਗੁਰੂ ਨਾਨਕ ਦੇਵ ਜੀ ਸੰਬੰਧੀ ਉਥੇ ਬਣੇ ਸਮਾਰਕ ਬਾਰੇ ਅਣਗਹਿਲੀ ਵਰਤੀ ਜਾਂਦੀ ਰਹੀ। ਪਹਿਲੀ ਵੱਡੀ ਜੰਗ ਵੇਲੇ ਜਦੋਂ ਬਰਤਾਨਵੀ ਅਤੇ ਭਾਰਤੀ ਫ਼ੌਜਾਂ ਨੇ ਬਗ਼ਦਾਦ ਉਤੇ ਕਬਜ਼ਾ ਕਰ ਲਿਆ ਤਾਂ ਸਿੱਖ ਇੰਜੀਨੀਅਰਿੰਗ ਰਜਮੈਂਟ ਦੇ ਸੈਨਿਕਾਂ ਨੇ ਸੰਨ 1917 ਈ. ਵਿਚ ਉਸ ਸਥਾਨ ਦੀ ਨਿਸ਼ਾਨਦੇਹੀ ਕੀਤੀ ਜਿਥੇ ਗੁਰੂ ਨਾਨਕ ਸਾਹਿਬ ਪਧਾਰੇ ਸਨ ਅਤੇ ਉਨ੍ਹਾਂ ਦੀ ਆਮਦ ਵਿਚ ਸਮਾਰਕ ਬਣਾਇਆ ਗਿਆ ਸੀ। ਇਸ ਤੱਥ ਬਾਰੇ ਸੂਬੇਦਾਰ ਫਤਹਿ ਸਿੰਘ ਨੇ 9 ਮਈ 1918 ਈ. ਨੂੰ ਘੋਸ਼ਣਾ ਕੀਤੀ। ਇਸ ਤੋਂ ਬਾਦ ਸੰਨ 1931 ਈ. ਵਿਚ ਸੈਂਟ੍ਰਲ ਸਿੱਖ ਕਮੇਟੀ ਬਗ਼ਦਾਦ ਦੇ ਪ੍ਰਧਾਨ ਸ. ਕਰਤਾਰ ਸਿੰਘ ਕਰਤਾਰ ਨੇ ਇਸ ਸਮਾਰਕ ਦੀ ਸੇਵਾ- ਸੰਭਾਲ ਵਿਚ ਰੁਚੀ ਲਈ। ਉਸ ਤੋਂ ਬਾਦ ਦੂਜੀ ਵੱਡੀ ਜੰਗ ਵੇਲੇ ਅਪ੍ਰੈਲ 1943 ਈ. ਵਿਚ ਇਸ ਸਮਾਰਕ ਦੀ ਮੁਰੰਮਤ ਅਤੇ ਕੁਝ ਹੋਰ ਉਸਾਰੀ ਕਰਨ ਲਈ ਸਿੱਖ ਸੈਨਿਕਾਂ ਨੇ ਧਆਨ ਦਿੱਤਾ। ਇਸ ਸਮਾਰਕ ਦੀ ਵਰਤਮਾਨ ਸਥਿਤੀ ਅਨੁਸਾਰ ਇਸ ਵਿਚ ਤਿੰਨ ਕਮਰੇ ਬਣੇ ਹੋਏ ਹਨ। ਦੋ ਵਿਚ ਪੀਰ ਬਹਿਲੋਲ ਤੇ ਪੀਰ ਦਸਤਗੀਰ ਦੀਆਂ ਕਬਰਾਂ ਹਨ ਤੇ ਤੀਜੇ ਕਮਰੇ ਵਿਚ ਬਗ਼ਦਾਦ ਅੰਦਰ ਰਹਿੰਦੇ ਸਿੱਖ ਛੁਟੀ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਦੀਵਾਨ ਸਜਾਉਂਦੇ ਹਨ। ਸੰਨ 2003 ਈ. ਦੇ ਸ਼ੁਰੂ ਵਿਚ ਇਰਾਕ ਉਤੇ ਹੋਏ ਅਮਰੀਕੀ ਹਮਲੇ ਦੌਰਾਨ ਇਸ ਗੁਰੂ-ਧਾਮ ਦਾ ਮਾਮੂਲੀ ਜਿਹਾ ਨੁਕਸਾਨ ਹੋਇਆ ਦਸਿਆ ਜਾਂਦਾ ਹੈ ਜਿਸ ਦੀ ਮੁਰੰਮਤ ਲਈ ਸਿੱਖ ਸਮਾਜ ਯਤਨ-ਸ਼ੀਲ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4770, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First