ਬੰਦਾ ਸਿੰਘ ਬਹਾਦਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬੰਦਾ ਸਿੰਘ ਬਹਾਦਰ (1670-1716 ਈ.): ਸਿੱਖ ਇਤਿਹਾਸ ਦਾ ਇਕ ਧਰਮ-ਵੀਰ ਯੋਧਾ ਜਿਸ ਦਾ ਜਨਮ ਪੁਣਛ ਖੇਤਰ (ਪੱਛਮੀ ਕਸ਼ਮੀਰ) ਦੇ ਰਾਜੌਰੀ ਕਸਬੇ ਦੇ ਨੇੜਲੇ ਪਿੰਡ ਤੱਛਲ ਵਿਚ ਰਘੂਦੇਵ (ਨਾਮਾਂਤਰ ਰਾਮਦੇਵ) ਨਾਂ ਦੇ ਕਿਸਾਨ ਰਾਜਪੂਤ ਦੇ ਘਰ 27 ਅਕਤੂਬਰ 1670 ਈ. (ਕਤਕ ਸੁਦੀ 13, 1727 ਬਿ.) ਨੂੰ ਹੋਇਆ। ਇਸ ਦਾ ਨਾਂ ਲੱਛਮਣ ਦੇਵ ਰਖਿਆ ਗਿਆ। ਇਸ ਨੂੰ ਸ਼ਸਤ੍ਰ-ਵਿਦਿਆ ਅਤੇ ਸ਼ਿਕਾਰ ਖੇਡਣ ਦਾ ਬਹੁਤ ਸ਼ੌਕ ਸੀ। ਇਕ ਵਾਰ ਇਸ ਨੇ ਜਦੋਂ ਇਕ ਹਿਰਨੀ ਦਾ ਸ਼ਿਕਾਰ ਕੀਤਾ ਤਾਂ ਗਰਭਵਤੀ ਹਣ ਕਾਰਣ ਉਸ ਦੇ ਪੇਟ ਵਿਚੋਂ ਦੋਵੇਂ ਬੱਚੇ ਡਿਗ ਪਏ ਅਤੇ ਲੱਛਮਣ ਦੇਵ ਦੀਆਂ ਅੱਖਾਂ ਸਾਹਮਣੇ ਤੜਪ ਤੜਪ ਕੇ ਮਰ ਗਏ। ਉਸ ਦਿਨ ਤੋਂ ਇਹ ਵੈਰਾਗੀ ਹੋ ਗਿਆ ਅਤੇ ਇਕ ਵੈਸ਼ਣਵ ਸਾਧ ਜਾਨਕੀ ਪ੍ਰਸਾਦ ਦਾ ਚੇਲਾ ਬਣ ਗਿਆ, ਇਸ ਦਾ ਨਾਂ ਮਾਧੋ ਦਾਸ ਰਖਿਆ ਗਿਆ। ਘੁੰਮਦਿਆਂ ਫਿਰਦਿਆਂ ਇਹ ਨਾਸਿਕ ਪਹੁੰਚਿਆ ਅਤੇ ਇਕ ਔਘੜ ਨਾਥ ਪਾਸ ਜੰਤ੍ਰ-ਮੰਤ੍ਰ ਅਤੇ ਸਿੱਧੀਆਂ ਪ੍ਰਾਪਤ ਕਰਨ ਦਾ ਅਭਿਆਸ ਕੀਤਾ। ਉਥੋਂ ਨਾਂਦੇੜ ਜਾ ਕੇ ਗੋਦਾਵਰੀ ਨਦੀ ਦੇ ਖੱਬੇ ਕੰਢੇ ਉਤੇ ਆਪਣਾ ਮਠ ਕਾਇਮ ਕੀਤਾ।

ਜਦੋਂ ਸੰਨ 1708 ਈ. (1765 ਬਿ.) ਵਿਚ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਪਹੁੰਚੇ ਅਤੇ 3 ਸਤੰਬਰ ਨੂੰ ਇਸ ਦੇ ਮਠ ਵਿਚ ਗਏ ਤਾਂ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਮਾਧੋ ਦਾਸ ਬਹੁਤ ਪ੍ਰਭਾਵਿਤ ਹੋਇਆ ਅਤੇ ਆਪਣੇ ਆਪ ਨੂੰ ਗੁਰੂ ਜੀ ਦਾ ‘ਬੰਦਾ ’ ਦਸਿਆ। ਆਪਣੀ ਸੂਰਤਾਈ ਕਰਕੇ ਇਤਿਹਾਸ ਵਿਚ ਇਹ ‘ਬੰਦਾ ਸਿੰਘ ਬਹਾਦਰ’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਪਰ ਗੁਰੂ ਗੋਬਿੰਦ ਸਿੰਘ ਨੇ ਇਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਅਤੇ ਗੁਰਬਖ਼ਸ਼ ਸਿੰਘ ਨਾਂ ਰਖਿਆ। ਗੁਰੂ ਜੀ ਨੇ ਇਸ ਨੂੰ ਥਾਪੀ ਦੇ ਕੇ ਪੰਜਾਬ ਵਲ ਤੋਰਿਆ ਤਾਂ ਜੋ ਪਾਪੀ ਜ਼ਾਲਮਾਂ ਨੂੰ ਸਜ਼ਾ ਦਿੱਤੀ ਜਾ ਸਕੇ। ਗੁਰੂ ਜੀ ਨੇ ਇਕ ਨਗਾਰਾ , ਇਕ ਨਿਸ਼ਾਨ ਅਤੇ ਆਪਣੇ ਭੱਥੇ ਵਿਚੋਂ ਪੰਜ ਤੀਰ ਦਿੱਤੇ ਅਤੇ ਪੰਜ ਪਿਆਰਿਆਂ ਵਜੋਂ ਪੰਜ ਸਿੰਘਾਂ (ਭਾਈ ਬਿਨੋਦ ਸਿੰਘ, ਭਾਈ ਕਾਨ੍ਹ ਸਿੰਘ , ਭਾਈ ਬਾਜ ਸਿੰਘ , ਭਾਈ ਦਯਾ ਸਿੰਘ ਅਤੇ ਭਾਈ ਰਣ ਸਿੰਘ—ਕਿਤੇ ਕਿਤੇ ਆਖੀਰਲੇ ਦੋ ਨਾ ਬਿਜੈ ਸਿੰਘ ਅਤੇ ਰਾਮ ਸਿੰਘ ਲਿਖੇ ਹਨ) ਸਮੇਤ 20 ਸਿੰਘ ਸਹਾਇਤਾ ਲਈ ਵੀ ਨਾਲ ਤੋਰੇ। ਕੁਝ ਉਪਦੇਸ਼ ਦੇਣ ਤੋਂ ਇਲਾਵਾ ਗੁਰੂ ਜੀ ਨੇ ਇਹ ਵੀ ਤਾਕੀਦ ਕੀਤੀ ਕਿ ਆਪਣੇ ਆਪ ਨੂੰ ਕਦੇ ਵੀ ਗੁਰੂ ਨ ਮੰਨਣਾ।

ਪੰਜਾਬ ਪਹੁੰਚਦਿਆਂ ਹੀ ਸਿੱਖ ਅਨੁਯਾਈ ਬੰਦਾ ਸਿੰਘ ਬਹਾਦਰ ਦੇ ਝੰਡੇ ਹੇਠਾਂ ਇਕੱਠੇ ਹੋਣੇ ਸ਼ੁਰੂ ਹੋ ਗਏ। ਪਹਿਲਾਂ ਸੋਨੀਪਤ ਅਤੇ ਫਿਰ ਕੈਥਲ ਉਤੇ ਹਮਲਾ ਕੀਤਾ। ਫਿਰ 26 ਨਵੰਬਰ 1709 ਈ. ਨੂੰ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲੇ ਜਲਾਦ ਜਲਾਲੁੱਦੀਨ ਦੇ ਪਿੰਡ ਸਮਾਣੇ ਉਤੇ ਆਕ੍ਰਮਣ ਕਰਕੇ ਉਸ ਨੂੰ ਬਰਬਾਦ ਕੀਤਾ। ਇਸ ਤੋਂ ਪਿਛੋਂ ਸਢੌਰੇ ਨੂੰ ਉਜਾੜਿਆ, ਕਿਉਂਕਿ ਇਸ ਦੇ ਪ੍ਰਸ਼ਾਸਕ ਉਸਮਾਨ ਖ਼ਾਨ ਨੇ ਪੀਰ ਬੁੱਧੂਸ਼ਾਹ ਨੂੰ ਤਸੀਹੇ ਦੇ ਕੇ ਮਾਰਿਆ ਸੀ। ਫਿਰ ਤਕੜਾ ਦਲ ਇਕੱਠਾ ਕਰਕੇ ਸਰਹਿੰਦ ਉਤੇ ਫ਼ੌਜ-ਕਸ਼ੀ ਕੀਤੀ। 12 ਮਈ 1710 ਈ. ਨੂੰ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਨਵਾਬ ਵਜ਼ੀਰ ਖ਼ਾਨ ਨੂੰ ਮਾਰ ਕੇ ਸਰਹਿੰਦ ਨਗਰ ਨੂੰ ਤੋਪਾਂ ਨਾਲ ਉਡਾਇਆ। ਇਸ ਨੇ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ। ਇਸ ਤਰ੍ਹਾਂ ਸਤਲੁਜ ਤੋਂ ਜਮਨਾ ਤਕ ਇਸ ਦਾ ਸਾਮ੍ਰਾਜ ਸਥਾਪਿਤ ਹੋ ਗਿਆ। ਇਸ ਨੇ ਹਿਮਾਚਲ ਵਿਚ ਮੁਖ਼ਲਿਸਗੜ੍ਹ ਨੂੰ ਲੋਹਗੜ ਨਾਂ ਦੇ ਕੇ ਆਪਣੀ ਰਾਜਧਾਨੀ ਬਣਾਇਆ ਅਤੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂ’ਤੇ ਆਪਣਾ ਸਿੱਕਾ ਚਲਾਇਆ। ਇਸ ਨੇ ਜ਼ਿੰਮੀਨਦਾਰੀ ਪ੍ਰਥਾ ਨੂੰ ਖ਼ਤਮ ਕਰਕੇ ਕਿਸਾਨ ਨੂੰ ਜ਼ਮੀਨਾਂ ਦਾ ਮਾਲਕ ਬਣਾਇਆ। ਇਸ ਨੇ ਹਿੰਦੂਆਂ ਅਤੇ ਮੁਸਲਮਾਨਾਂ ਨਾਲ ਕੋਈ ਵਿਤਕਰਾ ਨ ਰਖਿਆ। ਦਿੱਲੀ ਤੋਂ ਸ਼ਾਹੀ ਫ਼ੌਜਾਂ ਦੇ ਪਹੁੰਚਣ ਨਾਲ ਬਾਬਾ ਬੰਦਾ ਬਹਾਦਰ ਪਹਾੜ ਵਲ ਨਿਕਲ ਗਿਆ। ਫਿਰ ਜੰਮੂ’ਤੇ ਚੜ੍ਹਾਈ ਕੀਤੀ ਅਤੇ ਬਟਾਲੇ ਤਕ ਆਪਣਾ ਅਧਿਕਾਰ ਜਮਾ ਲਿਆ। ਬੰਦਾ ਸਿੰਘ ਬਹਾਦਰ ਦੀਆਂ ਫ਼ੌਜੀ ਕਾਰਵਾਈਆਂ ਨੂੰ ਸਖ਼ਤੀ ਨਾਲ ਦਬਾਉਣ ਲਈ ਇਕ ਵੱਡੇ ਦਲ ਸਹਿਤ ਖ਼ੁਦ ਬਹਾਦਰ ਸ਼ਾਹ ਪੰਜਾਬ ਵਿਚ ਆਇਆ। 28 ਫਰਵਰੀ 1712 ਈ. ਨੂੰ ਬਹਾਦਰ ਸ਼ਾਹ ਮਰ ਗਿਆ। ਬਾਦ ਵਿਚ ਉਸ ਤੋਂ ਜ਼ਿਆਦਾ ਕਠੋਰ ਫ਼ਰੁੱਖਸੀਅਰ ਬਾਦਸ਼ਾਹ ਬਣਿਆ। ਉਸ ਨੇ ਸਿੱਖਾਂ ਵਿਰੁੱਧ ਬਹੁਤ ਸਖ਼ਤ ਕਾਰਵਾਈ ਸ਼ੁਰੂ ਕੀਤੀ। ਆਖ਼ਿਰ ਗੁਰਦਾਸਪੁਰ ਤੋਂ 6 ਕਿ.ਮੀ. ਦੂਰ ਗੁਰਦਾਸ-ਨੰਗਲ ਦੇ ਮੁਕਾਮ’ਤੇ ਮੁਗ਼ਲ ਸੈਨਾ ਦੁਆਰਾ ਘਿਰ ਗਿਆ ਅਤੇ ਦੋਹਾਂ ਫ਼ੌਜਾਂ ਵਿਚ ਲੰਬੇ ਸਮੇਂ ਤਕ ਲੜਾਈ ਹੁੰਦੀ ਰਹੀ। ਫਲਸਰੂਪ ਬੰਦਾ ਬਹਾਦਰ ਕਿਲ੍ਹੇ ਤੋਂ ਬਾਹਰ ਨ ਨਿਕਲ ਸਕਿਆ। 7 ਦਸੰਬਰ 1715 ਈ. ਨੂੰ ਲਗਭਗ ਅੱਠ ਹਜ਼ਾਰ ਸਿੱਖਾਂ ਦੇ ਮਾਰੇ ਜਾਣ ਤੋਂ ਇਲਾਵਾ 794 ਸਿੱਖ ਕੈਦ ਕਰ ਲਏ ਗਏ ਅਤੇ ਬੰਦਾ ਬਹਾਦਰ ਨੂੰ ਲੋਹੇ ਦੇ ਪਿੰਜਰੇ ਵਿਚ ਕੈਦ ਕਰਕੇ 29 ਫਰਵਰੀ 1716 ਈ ਨੂੰ ਦਿੱਲੀ ਵਿਚ ਲੈ ਜਾਂਦਾ ਗਿਆ। ਉਦੋਂ 700 ਗੱਡੇ ਸਿੱਖਾਂ ਦੇ ਸਿਰਾਂ ਦੇ ਭਰੇ ਹੋਏ ਅਤੇ 2000 ਸਿੱਖਾਂ ਦੇ ਸਿਰ ਬਰਛਿਆਂ ਉਪਰ ਟੰਗੇ ਇਸ ਕਾਫ਼ਲੇ ਨਾਲ ਚਲ ਰਹੇ ਸਨ। ਥੋੜੇ ਥੋੜੇ ਕਰਕੇ ਸਭ ਕੈਦੀ ਸਿੱਖਾਂ ਨੂੰ ਖ਼੍ਵਾਜਾ ਕੁਤੁਬੁੱਦੀਨ ਬਖ਼ਤਿਆਰ ਕਾਕੀ ਦੇ ਮਜ਼ਾਰ ਕੋਲ ਬੜੀ ਬੇਦਰਦੀ ਨਾਲ ਮਾਰਿਆ ਗਿਆ। ਇਸ ਦੇ ਚਾਰ ਸਾਲ ਦੇ ਪੁੱਤਰ ਨੂੰ ਕਤਲ ਕਰਕੇ ਪਹਿਲਾਂ ਦਿਲ ਬਾਬਾ ਜੀ ਦੇ ਮੂੰਹ ਵਿਚ ਤੁੰਨਿਆ ਗਿਆ ਅਤੇ ਫਿਰ 9 ਜੂਨ 1716 ਈ. ਨੂੰ ਬੰਦਾ ਬਹਾਦਰ ਨੂੰ ਨਿਰਦਇਤਾ ਨਾਲ ਕਤਲ ਕੀਤਾ ਗਿਆ। ਭਾਵੇਂ ਬੰਦਾ ਬਹਾਦਰ ਲੰਬੇ ਸਮੇਂ ਲਈ ਰਾਜ ਸਥਾਪਿਤ ਨ ਕਰ ਸਕਿਆ ਪਰ ਇਸ ਦੀ ਸੈਨਿਕ ਸ਼ਕਤੀ ਨੇ ਮੁਗ਼ਲ ਸਾਮ੍ਰਾਜ ਦੀਆਂ ਪੰਜਾਬ ਵਿਚ ਜੜ੍ਹਾਂ ਹਿਲਾ ਦਿੱਤੀਆਂ ਅਤੇ ਹੌਲੀ ਹੌਲੀ ਪੰਜਾਬ ਵਿਚ ਮੁਗ਼ਲ ਸ਼ਕਤੀ ਨਿਘਰ ਗਈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.