ਭਗਤੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਗਤੀ (ਨਾਂ,ਇ) ਦੇਵੀ-ਦੇਵਤੇ ਜਾਂ ਪਰਮੇਸ਼ਰ ਵਿੱਚ ਕੀਤੀ ਜਾਣ ਵਾਲੀ ਆਸਥਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਭਗਤੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਗਤੀ [ਨਾਂਇ] ਬੰਦਗੀ , ਸ਼ਰਧਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭਗਤੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭਗਤੀ : ਭਗਤੀ ਸ਼ਬਦ ਦੀ ਵਿਉਤਪੱਤੀ ‘ਭਜ’ ਧਾਤੂ ਤੋਂ ਹੋਈ ਹੈ ਜਿਸ ਦਾ ਸ਼ਾਬਦਿਕ ਅਰਥ ਹੈ ਭਜਨਾ। ਇਸ ਦ੍ਰਿਸ਼ਟੀ ਤੋਂ ਇਸ ਸ਼ਬਦ ਦੀ ਵਰਤੋਂ ਭਾਵੇਂ ਵੇਦਾਂ ਅਤੇ ਮੁੱਢਲੀਆਂ ਉਪਨਿਸ਼ਦਾਂ ਵਿਚ ਨਹੀਂ ਮਿਲਦੀ, ਪਰ ਬਾਅਦ ਵਿਚ ਲਿਖੀ ਗਈ ਸ਼੍ਵੇਤਾਸੑਵਤਰ ਉਪਨਿਸ਼ਦ ਵਿਚ ਇਸ ਸ਼ਬਦ ਦੀ ਸਪਸ਼ਟ ਰੂਪ ਵਿਚ ਵਰਤੋਂ ਹੋਈ ਹੈ। ਇਸ ਤੋਂ ਬਾਅਦ ਇਸ ਦਾ ਉਪਯੋਗ ਭਾਰਤੀ ਅਧਿਆਤਮਿਕ ਸਾਹਿੱਤ ਵਿਚ ਆਮ ਹੋਣ ਲੱਗ ਪਿਆ।

          ਭਾਗਵਤ ਧਰਮ ਨੂੰ ਭਗਤੀ ਮਾਰਗ ਦੀ ਪ੍ਰਮੁੱਖ ਸੰਪ੍ਰਦਾਇ ਵਜੋਂ ਮੰਨਿਆ ਜਾਂਦਾ ਹੈ, ਜਿਸ ਦਾ ਆਰੰਭ ਈਸਾ ਤੋਂ 1900 ਸਾਲ ਪਹਿਲਾਂ ਅਨੁਮਾਨਿਤ ਕੀਤਾ ਗਿਆ ਹੈ। ਪੰ. ਪਰਸ਼ੂ ਰਾਮ ਚਤੁਰਵੇਦੀ ਨੇ ਉੱਤਰੀ ਭਾਰਤ ਕੀ ਸੰਤ ਪਰੰਪਰਾ’ ਦਾ ਦਾਰਸ਼ਨਿਕ ਪਿਛੋਕੜ ਦਰਸਾਉਂਦੇ ਹੋਇਆ ਭਗਤੀ ਸਾਧਨਾ ਦਾ ਮੁੱਢ ਬਿਕ੍ਰਮੀ ਸੰਮਤ ਦੇ ਪੂਰਵ ਤੀਸਰੀ ਸ਼ਤਾਬਦੀ ਵਿਚ ਢੂੰਡਿਆ ਹੈ ਜਦੋਂ ਵਾਸੁਦੇਵ ਕ੍ਰਿਸ਼ਣ ਦੇ ਨਾਮ ਨਾਲ ‘ਵਾਸੁਦੇਵ ਧਰਮ’ ਅਥਵਾ ‘ਭਾਗਵਤ ਧਰਮ’ ਦਾ ਆਰੰਭ ਹੋਇਆ। ਭਗਤੀ ਸਾਧਨਾ ਦਾ ਮੁੱਢ ਬੇਸ਼ੱਕ ਪੌਰਾਣਿਕ ਯੁੱਗ ਤੋਂ ਪਹਿਲਾਂ ਬੱਝਿਆ ਪਰ ਭਗਤੀ ਲਹਿਰ ਦਾ ਸੁਨਹਿਰੀ ਸਮਾਂ 1200 ਈਸਵੀ ਤੋਂ 1600 ਈਸਵੀ ਤਕ ਹੀ ਨਿਸ਼ਚਿਤ ਹੁੰਦਾ ਹੈ, ਜਦੋਂ ਜੈ ਦੇਵ, ਰਾਮਾਨੰਦ, ਨਾਮਦੇਵ, ਕਬੀਰ ਆਦਿ ਭਗਤਾਂ, ਗੁਰੂ ਨਾਨਕ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਆਦਿ ਗੁਰੂਆਂ ਅਤੇ ਫ਼ਰੀਦ ਆਦਿ ਸੂਫ਼ੀ ਦਰਵੇਸ਼ਾਂ ਨੇ ਸਾਰੇ ਦੇਸ਼ ਨੂੰ ਭਗਤੀ ਦੇ ਰੰਗ ਵਿਚ ਰੰਗ ਦਿੱਤਾ। ਇਸ ਤਰ੍ਹਾਂ ਹਿੰਦੀ ਸਾਹਿੱਤ ਦਾ ਪੂਰਵ ਮੱਧਕਾਲ ਹੀ ਭਗਤੀ ਕਾਲ ਹੈ ਜੋ ਅੱਗੋਂ ਚਾਰ ਪ੍ਰਮੁੱਖ ਸ਼ਾਖਾਵਾਂ ਵਿਚ ਵੰਡਿਆ ਹੋਇਆ ਹੈ–ਨਿਰਗੁਣ ਗਿਆਨ ਮਾਰਗੀ ਭਗਤੀ, ਨਿਰਗੁਣ ਪ੍ਰੇਮ ਮਾਰਗੀ ਭਗਤੀ, ਸਗੁਣ ਰਾਮ ਭਗਤੀ ਅਤੇ ਸਗੁਣ ਕ੍ਰਿਸ਼ਣ ਭਗਤੀ। ਇਨ੍ਹਾਂ ਚੋਹਾਂ ਸ਼ਾਖਾਵਾਂ ਦੇ ਪ੍ਰਮੁੱਖ ਕਵੀ ਕਬੀ, ਰਵਿਦਾਸ, ਗੁਰੂ ਨਾਨਕ, ਦਾਦੂ ਦਿਆਲ, ਸੁੰਦਰਦਾਸ, ਮਲੂਕ ਦਾਸ, ਜਾਇਸੀ, ਰਾਮਾਨੰਦ, ਸੂਰਦਾਸ, ਮੀਰਾਬਾਈ, ਤੁਲਸੀ ਦਾਸ, ਅਸ਼ਟ ਛਾਪ ਦੇ ਕਵੀ ਆਦਿ ਹਨ, ਜੋ ਆਪਣੇ ਆਪਣੇ ਵਕਤ ਦੇ ਭਗਤ ਹੋਏ ਹਨ ਅਤੇ ਜਿਨ੍ਹਾਂ ਨੂੰ ਆਪਣੀ ਆਪਣੀ ਸੰਪ੍ਰਦਾਇ ਵਾਲਿਆਂ ਨੇ ਧਰਮ ਪ੍ਰਵਰਤਕ ਦੇ ਤੌਰ ’ਤੇ ਅਪਣਾਇਆ ਹੈ।

          ਇਸੇ ਯੁੱਗ ਵਿਚ ਵੱਲਭ ਆਚਾਰਯ ਨੇ ਸ਼ੁੱਧ ਅਦੑਵੈਤਵਾਦ ਦੇ ਆਧਾਰ ਤੇ ਪੁਸ਼ਟੀ ਮਾਰਗ ਨਾਮ ਦੀ ਭਗਤੀ ਸੰਪ੍ਰਦਾਇ ਸਥਾਪਤ ਕੀਤੀ। ਪੁਸ਼ਟੀ ਮਾਰਗੀ ਭਗਤੀ ਸਹਿਜ ਅਤੇ ਨਿਸ਼ਕਾਰ ਪ੍ਰੇਮ–ਭਗਤੀ ਹੈ ਜਿਸ ਵਿਚ ਗ੍ਰਿਹਸਥ ਤਿਆਗ ਦੀ ਕੋਈ ਥਾਂ ਨਹੀਂ ਸਗੋਂ ਇਸ ਵਿਚ ਸਮਰਪਣ (ਪ੍ਰਪਤਿ) ਦਾ ਵਿਸ਼ੇਸ਼ ਮਹੱਤਵ ਹੈ। ਦੂਸਰੇ ਸ਼ਬਦਾਂ ਵਿਚ ਇਹ ਪ੍ਰਵ੍ਰਿਤੀ ਮਾਰਗ ਹੈ। ਪੁਸ਼ਟੀ ਮਾਰਗ ਭਗਤੀ ਵਿਚ ਦਾਸ, ਸਖਾ, ਵਾਤਸਲ ਅਤੇ ਮਧੁਰ ਚਾਰ ਤੱਤਾਂ ਦੀ ਰਤੀ (ਪ੍ਰੇਮ) ਭਗਤੀ–ਪੱਧਤੀ ਵਿਚ ਸ਼ਾਮਲ ਹੈ।

          ਕਬੀਰ ਤੇ ਗੁਰੂ ਨਾਨਕ ਨਿਰਗੁਣ ਭਗਤੀ ਅੰਦੋਲਨ ਦੇ ਸਿਰਕੱਢ ਪ੍ਰਵਕਤਾ ਮੰਨੇ ਜਾਂਦੇ ਹਨ, ਇਨ੍ਹਾਂ ਦੇ ਸਿਰਜੇ ਸਾਹਿੱਤ ਵਿਚ ਭਗਤੀ ਭਾਵਨਾ ਦੇ ਦਰਸ਼ਨ ਹੁੰਦੇ ਹਨ। ਉਤਰੀ ਭਾਰਤੀ ਵਿਚ ਭਗਤੀ ਲਹਿਰ ਨੂੰ ਤਿਖੇਰਾ ਕਰਨ ਵਿਚ ਇਨ੍ਹਾਂ ਦੋਹਾਂ ਧਾਰਮਿਕ ਆਗੂਆਂ ਦਾ ਭਰਵਾਂ ਯੋਗਦਾਨ ਹੈ। ਭਗਤ ਨਾਮਦੇਵ ਅਤੇ ਰਵਿਦਾਸ ਨੇ ਵੀ ਕਬੀਰ ਦੇ ਇਕ–ਈਸ਼ਵਰੀ ਮੱਤ ਦਾ ਪ੍ਰਭਾਵ ਕਬੂਲਿਆ, ਭਗਤੀ ਲਹਿਰ ਦੇ ਸੰਤਾਂ ਦੀ ਮੁੱਖ ਦਿਲਚਸਪੀ ਮਨੁੱਖ ਮਾਤਰ ਦੇ ਕਲਿਆਣ ਹਿੱਤ ਕਰਮਸ਼ੀਲ ਹੋਣਾ ਸੀ।

          ਨਿਰਗੁਣ ਅਤੇ ਸਗੁਣ ਦੋਹਾਂ ਤਰ੍ਹਾਂ ਦੀ ਭਗਤੀ ਦਾ ਆਸ਼ਾ ਪਰਮਤੱਤ ਨੂੰ ਪ੍ਰਾਪਤ ਕਰਨ ਦਾ ਹੀ ਹੁੰਦਾ ਹੈ। ਨਿਰਗੁਣੀ ਸੰਤਾਂ ਵਿਚੋਂ ਕਬੀਰ ਅਤੇ ਗੁਰੂ ਨਾਨਕ ਦੀ ਬਾਣੀ ਵਿਚ ਮੂਰਤੀ–ਪੂਜਾ ਅਤੇ ਕਰਮ–ਕਾਂਡ ਦੀ ਕਰੜੀ ਆਲੋਚਨਾ ਦਾ ਪ੍ਰਗਟਾਵਾ ਮਿਲਦਾ ਹੈ। ਰਾਮਾਨੁਜ ਦਾ ਵਿਸ਼ਿਸ਼ਟ ਅਦੑਵੈਤ ਹੀ ਭਗਤੀ ਮਾਰਗ ਦੀ ਪੁਸ਼ਟੀ ਕਰਦਾ ਹੈ, ਉਸ ਦਾ ਵਿਸ਼ਵਾਸ ਸੀ ਕਿ ਜੀਵ–ਆਤਮਾ ਪ੍ਰਮਾਤਮਾ ਦਾ ਜ਼ਹੂਰ ਹੈ। ਭਗਤੀ ਮਾਰਗ ਜੋ ਸਹਿਜ ਸਾਧਨਾ ਮਾਰਗ ਹੈ, ਕਾਰ ਵਿਹਾਰ ਦੇ ਅੰਦਰ ਨਿੱਜ–ਤਿਆਗ ਦੇ ਸੁਨਹਿਰੀ ਅਸੂਲ ਦਾ ਧਾਰਣੀ ਹੈ।

          ਹਿੰਦੂ–ਸ਼ਾਸਤ੍ਰਾਂ ਅਨੁਸਾਰ ਇਕਾਸੀ ਪ੍ਰਕਾਰ ਦੀ ਭਗਤੀ ਦਾ ਉੱਲੇਖ ਮਿਲਦਾ ਹੈ, ਜਿਨ੍ਹਾਂ ਵਿਚੋਂ ਨੌਂ ਪ੍ਰਕਾਰ ਦੀ ਭਗਤੀ ਦਾ ਜ਼ਿਕਰ ਆਮ ਪ੍ਰਚੱਲਿਤ ਪੁਸਤਕਾਂ ਵਿਚ ਉਪਲਬਧ ਹੈ। ਗੁਰੂ ਅਰਜਨ ਸਾਹਿਬ ਨੇ ਵੀ ਨੌਂ ਪ੍ਰਕਾਰ ਦੀ ਭਗਤੀ ਦਾ ਹਵਾਲਾ ਦਿੱਤਾ ਹੈ––‘ਭਗਤੀ ਨਵੇਂ ਪ੍ਰਕਾਰਾ’ (ਸਿਰੀ : ਰਾਗ, ਮ. 5)। ਇਸ ਨੌਂ ਪ੍ਰਕਾਰ ਦੀ ਭਗਤੀ ਨੂੰ ਨਵਧਾ ਭਗਤੀ ਦਾ ਨਾਮ ਦਿੱਤਾ ਗਿਆ ਹੈ ਜੋ ਇਸ ਪ੍ਰਕਾਰ ਹੈ––(1) ਸ਼੍ਰਵਣ, (2) ਕੀਰਤਨ, (3) ਸਿਮਰਨ, (4) ਚਰਨ ਸੇਵਾ, (5) ਅਰਚਨ, (6) ਪੂਜਾ, (7) ਸਖਾ ਭਾਵ, (8) ਦਾਸ ਅਥਵਾ ਸੇਵਕ ਭਾਵ, (9) ਨਿਜ–ਤਿਆਗ ਅਥਵਾ ਆਤਮ ਸਮਰਪਣ। ਨਵਧਾ ਭਗਤੀ ਨੂੰ ਗੌਣੀ ਭਗਤੀ ਕਿਹਾ ਜਾਂਦਾ ਹੈ। ਭਗਤ ਸੂਰਦਾਸ ਅਤੇ ਰਾਮਾਨੰਦ ਨੇ ਪ੍ਰੇਮ–ਲਖਣਾ ਭਗਤੀ ਨੂੰ ਆਪਣਾ ਕੇ ਨਵਧਾ ਭਗਤੀ ਨੂੰ ਦਸ਼ਧਾ ਬਣਾ ਦਿੱਤਾ। ਨਿਰਗੁਣੀ ਸੰਤਾਂ ਨੇ ਕਰਮ–ਕਾਂਡ ਰਹਿਤ ਨਿਸ਼ਕਾਮ ਭਾਵਨਾ ਵਾਲੀ ਪ੍ਰੇਮਾ–ਭਗਤੀ ਨੂੰ ਬੜੇ ਉਤਸ਼ਾਹ ਨਾਲ ਸਵੀਕਾਰਿਆ। ਇਹ ਇਕ ਪ੍ਰਕਾਰ ਦੀ ਪਰਾ–ਭਗਤੀ ਹੈ।

          ਗੁਰੂ ਬਾਣੀ ਵਿਚ ਗੁਰੂ ਭਗਤੀ ਉੱਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ। ਸਿੱਖ ਧਰਮ ਪ੍ਰਵ੍ਰਿਤੀ ਮਾਰਗ ਹੋਣ ਕਰਕੇ ਇਸ ਵਿਚ ਗ੍ਰਿਹਸਥ ਨੂੰ ਪਹਿਲੀ ਥਾਂ ਪ੍ਰਾਪਤ ਹੈ। ਬਨਬਾਸੀ ਲਈ ਸਿੱਖ ਧਰਮ ਵਿਚ ਕੋਈ ਥਾਂ ਨਹੀਂ। ਡਾ. ਰਾਮ ਭਟਨਾਗਰ ਅਨੁਸਾਰ ਭਗਤੀ ਯੋਗ ਦਰਸ਼ਨ ਵਿਚ ਗ੍ਰਿਹਸਥੀ ਅਤੇ ਬਨਬਾਸੀ ਨੂੰ ਸਮਾਨ ਮਹੱਤਵ ਦਿੱਤਾ ਗਿਆ ਹੈ। ਸ਼ਾਸਤ੍ਰਾਂ ਵਿਚ ਚਾਰ ਪ੍ਰਕਾਰ ਦੀ ਭਗਤੀ ਦਾ ਉਲੇਖ ਕੀਤਾ ਹੈ। ਪਹਿਲੀ ਭਗਤੀ ਸੁਆਮੀ–ਸੇਵਕ ਭਾਵ ਵਾਲੀ ਜਿਸ ਵਿਚ ਪ੍ਰਮਾਤਮਾ ਨੂੰ ਸੁਆਮੀ ਮੰਨ ਕੇ ਭਗਤੀ ਕੀਤੀ ਹੈ। ‘ਵਤਸਲ ਭਗਤੀ’ ਜਿਸ ਵਿਚ ਪ੍ਰਮਾਤਮਾ ਨੂੰ ਮਾਤਾ ਪਿਤਾ ਅਤੇ ਆਪਣੇ ਆਪ ਨੂੰ ਬਾਲਕ ਅਤੇ ਕਈ ਵਾਰੀ ਇਸ ਦੇ ਵਿਪਰੀਤ ਪ੍ਰਮਾਤਮਾ ਨੂੰ ਬਾਲਕ ਅਤੇ ਆਪਣੇ ਆਪ ਨੂੰ ਮਾਤਾ–ਪਿਤਾ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ। ਅਖੀਰਲੀ ਪ੍ਰਕਾਰ ਦੀ ਭਗਤੀ ਸਖਾ ਭਾਵਨਾ ਵਾਲੀ ਹੈ ਜਿਸ ਅਨੁਸਾਰ ਰੱਬ ਨਾਲ ਮਿੱਤਰ ਭਾਵ ਵਾਲਾ ਸੰਬੰਧ ਸਥਾਪਤ ਕੀਤਾ ਜਾਂਦਾ ਹੈ। ਇਨ੍ਹਾਂ ਚੌਹਾਂ ਤਰ੍ਹਾਂ ਦੀਆਂ ਭਗਤੀਆਂ ਵਿਚੋਂ ਗੁਰਬਾਣੀ ਵਿਚ ਅਧਿਕਤਰ ਪਹਿਲੀਆਂ ਤਿੰਨ ਪ੍ਰਕਾਰੀ ਦੀਆਂ ਭਗਤੀਆਂ ਅਤੇ ਖ਼ਾਸ ਕਰ ਕਾਂਤਾ ਭਗਤੀ ਉੱਤੇ ਵਧੇਰੇ ਬਲ ਦਿੱਤਾ ਗਿਆ ਹੈ। ਉਂਜ ਤਾਂ ਭਗਤੀ ਯੁੱਗ ਦੀ ਹਰ ਸ਼ਾਖਾ ਵਿਚ ਗੁਰੂ ਦੇ ਮਹੱਤਵ ਨੂੰ ਸਵੀਕਾਰ ਕੀਤਾ ਗਿਆ ਹੈ ਪਰ ਗੁਰਮਤਿ ਵਿਚ ਗੁਰੂ ਦੀ ਭਗਤੀ ਨੂੰ ਸਦੀਵੀ ਵਿਸ਼ੇਸ਼ਤਾ ਮਿਲਦੀ ਰਹੀ ਹੈ। ਗੁਰੂ ਆਪਣੇ ਅਮਲੀ ਜੀਵਨ ਦੁਆਰਾ ਭਗਤੀ ਦੀ ਪ੍ਰੇਰਣਾ ਅਤੇ ਪ੍ਰਮਾਤਮਾ ਦੇ ਮੇਲ ਲਈ ਮਾਧਿਅਮ ਬਣਦਾ ਹੈ।

          ਇਨ੍ਹਾਂ ਸੰਪ੍ਰਦਾਵਾਂ ਵਿਚ ਜਿਨ੍ਹਾਂ ਆਸ਼ਿਆਂ ਨੂੰ ਮੁੱਖ ਰੱਖ ਕੇ ਭਗਤੀ ਮਾਰਗ ਦਾ ਆਰੰਭ ਹੋਇਆ ਸੀ ਉਹ ਆਸ਼ੇ ਹੌਲੀ ਹੌਲੀ ਲੁਪਤ ਹੋਣ ਲੱਗੇ। ਬਾਅਦ ਵਿਚ ਗੱਦੀਆਂ, ਮੱਠਾਂ ਅਤੇ ਆਸ਼ਰਮਾਂ ਦੀ ਸਥਾਪਨਾ ਹੋਣ ਲੱਗ ਪਈ। ਅਤੇ ਜਿੰਨੇ ਮਹਾਨ ਵਿਅਕਤਿਤ੍ਵ ਇਨ੍ਹਾਂ ਸੰਪ੍ਰਦਾਵਾਂ ਦੇ ਸੰਚਾਲਕਾਂ ਦੇ ਸਨ, ਉਹੋ ਜਿਹੇ ਬਾਅਦ ਵਿਚ ਹੋਣ ਵਾਲੇ ਗੱਦੀਦਾਰਾਂ ਦੇ ਨਾ ਰਹੇ, ਸਗੋਂ ਕਈ ਹੋਰ ਉਪਸ਼ਾਖਾਵਾਂ ਬਣਦੀਆਂ ਗਈਆਂ। ਲੋਕਾਂ ਨੂੰ ਹਨੇਰੇ ਵਿਚੋਂ ਕੱਢਣ ਵਾਲੀ ਭਗਤੀ ਕਰਮ–ਕਾਂਡਾਂ ਵਿਚ ਪੈ ਗਈ। ਕ੍ਰਿਸ਼ਣ ਅਤੇ ਰਾਮ ਭਗਤੀ ਦੀਆਂ ਸ਼ਾਖਵਾਂ ਵਿਚ ਰਸਿਕ ਸੰਪ੍ਰਦਾਵਾਂ ਪੈਦਾ ਹੋ ਗਈਆਂ ਜਿਨ੍ਹਾਂ ਦੀ ਹੋਂਦ ਦੇ ਨਾਲ ਇਨ੍ਹਾਂ ਸੰਪ੍ਰਦਾਵਾਂ ਦੀ ਪਵਿੱਤ੍ਰਤਾ ਨੂੰ ਸੱਟ ਵੱਜੀ। ਸੂਫ਼ੀਆਂ ਅਤੇ ਕਬੀਰ ਪੰਥੀਆਂ ਵਿਚ ਵੀ ਲਕੀਰ ਦੀ ਫਕੀਰੀ ਰਹਿ ਗਈ ਅਤੇ ਗੌਰਵ ਘੱਟ ਗਿਆ। ਵਿਅਕਤੀਗਤ ਅਧਿਕਾਰ ਅਧੀਨ ਆਈਆਂ ਸੰਸਥਾਵਾਂ ਤੇ ਸੰਪ੍ਰਦਾਵਾਂ ਕਾਰਣ ਅਜਿਹੀ ਸਥਿਤੀ ਦਾ ਪੈਦਾ ਹੋਣ ਸੁਭਾਵਕ ਹੈ। ਪੰਜਾਬ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੋਂ ਬਾਅਦ ਸ਼ਰੀਰਿਕ ਗੁਰੂ ਪਰੰਪਰਾ ਨੂੰ ਸਮਾਪਤ ਕਰਕੇ ਗੁਰੂ ਪਦਵੀ ਦੇ ਸਾਰੇ ਅਧਿਕਾਰ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਕੇ ‘ਸ਼ਬਦ’ ਨੂੰ ਗੁਰੂ ਬਣਾ ਦਿੱਤਾ, ਜਿਸ ਕਾਰਣ ਇਸ ਭਗਤੀ ਸੰਪ੍ਰਦਾਇ ਵਿਚ ਕਿਸੇ ਕਿਸਮ ਦਾ ਵਿਕਾਰ ਨਾ ਪੈਦਾ ਹੋ ਸਕਿਆ, ਸਗੋਂ ਸਹਿਜੇ ਇਕ ਮਜ਼ਬੂਤ ਸੰਗਠਨ ਦੇ ਰੂਪ ਵਿਚ ਸਾਹਮਣੇ ਆਈ।

          [ਸਹਾ. ਗ੍ਰੰਥ––ਹਿ. ਸ. ਕੋ. (1); ਮ. ਕੋ.; ਡਾ. ਬਲਬੀਰ ਸਿੰਘ ਦਿਲ : ‘ਅਰਮ ਕਵੀ ਗੁਰੂ ਅਮਰਦਾਸ’; ਡਾ.    ਰਤਨ ਸਿੰਘ ਜੱਗੀ : ‘ਗੁਰੂ ਨਾਨਕ ਦੀ ਵਿਚਾਰਧਾਰਾ’; ਡਾ. ਵਜ਼ੀਰ ਸਿੰਘ : ‘ਗੁਰੂ ਨਾਨਕ ਸਿਧਾਂਤ’] 


ਲੇਖਕ : ਡਾ. ਅਬਨਾਸ਼ ਕੌਰ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9824, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਭਗਤੀ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਭਗਤੀ : ਭਗਤੀ ਸ਼ਬਦ ਸੰਸਕ੍ਰਿਤੀ ਦੇ ਸ਼ਬਦ ਭਜ ਤੋਂ ਬਣਿਆ ਹੈ ਜਿਸ ਦੇ ਅਰਥ ਹਨ ਸੇਵਾ ਤੇ ਆਦਰ ਕਰਨਾ ਅਥਵਾ ਪ੍ਰੇਮ ਤੇ ਸ਼ਰਧਾ ਨਾਲ ਪੂਜਣਾ। ਭਾਵੇਂ ਰਿਗਵੇਦ ਵਿੱਚ ਬਹੁਤ ਸਾਰੇ ਮੰਤਰ ਅਨਿੰਨ ਸ਼ਰਧਾ ਤੇ ਭਗਤੀ ਭਾਵਾਂ ਨੂੰ ਪ੍ਰਗਟ ਕਰਦੇ ਹਨ ਪਰ ਰਿਗਵੇਦ ਵਿੱਚ ਕਿਤੇ ਵੀ ‘ਭਗਤ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ। ਉੱਤਰ-ਵੈਦਿਕ ਕਾਲ ਦੇ ਸਾਹਿਤ ਵਿੱਚ ਵਿਸ਼ੇਸ਼ ਕਰਕੇ ਉਪਨਿਸ਼ਦਾਂ ਵਿੱਚ ਪਹਿਲੀ ਵਾਰੀ ਭਗਤੀ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਪਰਮਾਤਮਾ ਦੀ ਕਿਰਪਾ ਅਤੇ ਆਤਮ-ਸਮਰਪਣ ਤੇ ਜ਼ੋਰ ਦਿੱਤਾ ਗਿਆ ਹੈ। ਭਗਵਤ-ਗੀਤਾ ਵਿੱਚ ਭਗਤੀ ਦੇ ਸਿਧਾਂਤਾਂ ਦੀ ਸਪੱਸ਼ਟ ਵਿਆਖਿਆ ਕੀਤੀ ਗਈ ਹੈ ਕਿ ਕਰਮ-ਮਾਰਗ, ਗਿਆਨ-ਮਾਰਗ ਦੇ ਨਾਲ-ਨਾਲ ਭਗਤੀ ਮਾਰਗ ਤੇ ਪੂਰਨ ਆਤਮ-ਸਮਰਪਣ ਕਰਨ ਦੇ ਸਿਧਾਂਤ ਤੇ ਚੱਲਣ ਨਾਲ ਵੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਭਗਤੀ ਸਿਧਾਂਤ ਨਾਲ ਸੰਬੰਧਿਤ ਅਤਿ ਮਹੱਤਵਪੂਰਨ ਗ੍ਰੰਥ ਭਗਵਤ-ਪੁਰਾਣ ਹੈ ਇਸ ਵਿੱਚ ਸ੍ਰੀ ਕ੍ਰਿਸ਼ਨ ਨੂੰ ਹੀ ਸਰਬ-ਉੱਚ ਪਰਮਾਤਮਾ ਮੰਨਿਆ ਗਿਆ ਹੈ ਤੇ ਸੱਚੇ ਦਿਲ ਨਾਲ ਉਸ ਦੀ ਸ੍ਵਾਰਥ ਰਹਿਤ ਭਗਤੀ ਦਾ ਪ੍ਰਚਾਰ ਕੀਤਾ ਗਿਆ ਹੈ। ਬੁੱਧ ਧਰਮ ਅਤੇ ਜੈਨ ਧਰਮ ਦੇ ਪ੍ਰਚਾਰ ਨਾਲ ਭਗਤੀ ਸਿਧਾਂਤ ਲੋਕਾਂ ਵਿੱਚ ਹਰਮਨ ਪਿਆਰਾ ਨਾ ਹੋ ਸਕਿਆ ਪਰ ਦੱਖਣੀ ਭਾਰਤ ਵਿੱਚ ਭਗਤੀ ਸਿਧਾਂਤ ਦਾ ਕਾਫ਼ੀ ਡੂੰਘਾ ਪ੍ਰਭਾਵ ਪਿਆ। ਜਿਸ ਦੇ ਸਿੱਟੇ ਵੱਜੋਂ  ਸ਼ੈਵ-ਮੱਤ ਦੇ ਵੈਸ਼ਨਵ-ਮੱਤ ਦਾ ਉਥਾਨ ਹੋਇਆ। ਇਹਨਾਂ ਦੋਹਾਂ ਮੱਤਾਂ ਨੇ ਭਗਤੀ ਸਿਧਾਂਤ ਨੂੰ ਅਪਣਾਇਆ ਹੈ।

8ਵੀਂ ਸਦੀ ਤੋਂ  16ਵੀਂ ਸਦੀ ਈ. ਤੱਕ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਅੰਦੋਲਨ ਦਾ ਪ੍ਰਚਾਰ ਹੁੰਦਾ ਰਿਹਾ। ਸਭ ਤੋਂ ਪਹਿਲਾਂ ਇਹ ਪ੍ਰਭਾਵ ਦੱਖਣੀ ਭਾਰਤ ਵਿੱਚ ਉੱਭਰਿਆ ਤੇ ਉਸ ਤੋਂ ਪਿੱਛੋਂ ਬੰਗਾਲ, ਵਰਤਮਾਨ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਪੰਜਾਬ ਆਦਿ ਵਿੱਚ ਫੈਲ ਗਿਆ। ਪ੍ਰਾਚੀਨ ਕਾਲ ਵਿੱਚ ਆਪਣੇ ਮਹਾਨ ਸਿਧਾਂਤਾਂ ਕਾਰਨ ਹਿੰਦੂ ਧਰਮ ਬੜਾ ਹਰਮਨ ਪਿਆਰਾ ਸੀ ਪਰ ਸਮਾਂ ਪਾ ਕੇ ਇਸ ਵਿੱਚ ਅਨੇਕ ਦੇਵੀ-ਦੇਵਤਿਆਂ ਦੀ ਪੂਜਾ ਹੋਣ ਲੱਗ ਪਈ। ਇਸ ਦੇ ਨਾਲ ਹੀ ਜਾਤ-ਪਾਤ, ਛੂਤ-ਛਾਤ ਤੇ ਮੂਰਤੀ ਪੂਜਾ ਵੀ ਹਿੰਦੂ ਧਰਮ ਦਾ ਅੰਗ ਬਣ ਗਏ। ਵੈਸ਼ਨਵ ਮੱਤ ਅਤੇ ਸ਼ੈਵ ਮੱਤ ਦਾ ਪ੍ਰਚਾਰ ਵੱਧਣ ਲੱਗ ਪਿਆ। ਭਾਰਤ ਵਿੱਚ ਇਸਲਾਮ ਦੇ ਆਉਣ ਨਾਲ ਵੀ ਭਗਤੀ ਅੰਦੋਲਨ ਦੀ ਉੱਤਪਤੀ ਵਿੱਚ ਵਿਕਾਸ ਹੋਇਆ। ਹਿੰਦੂਆਂ ਨੂੰ ਜ਼ਬਰਦਸਤੀ ਇਸਲਾਮ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾਣ ਲੱਗ ਪਿਆ ਸੀ ਤੇ ਹਿੰਦੂ ਧਰਮ ਵਿੱਚੋਂ ਨੀਵੀਆਂ ਜਾਤਾਂ ਦੇ ਲੋਕ ਇਸਲਾਮ ਵੱਲ ਖਿੱਚੇ ਜਾਣ ਲੱਗ ਪਏ ਸਨ। ਇਸ ਤਰ੍ਹਾਂ ਹਿੰਦੂ ਧਰਮ ਨੂੰ ਹੋਰ ਖ਼ਤਰਾ ਪੈਦਾ ਹੋ ਗਿਆ।

ਇਸਲਾਮ ਧਰਮ ਦਾ ਸੁਧਾਰ ਕਰਨ ਲਈ ਸੂਫ਼ੀ ਮਤ ਨੇ ਜਨਮ ਲਿਆ ਜਿਸ ਦੇ ਪ੍ਰਮੁੱਖ ਆਗੂ ਖਵਾਜਾ ਮਈਊਦੀਨ ਚਿਸ਼ਤੀ, ਖਵਾਜਾ ਕੁਤਬੁਦੀਨ, ਨਿਜਾਮਉਦੀਨ ਔਲੀਆ, ਤੇ ਬਾਬਾ ਫ਼ਰੀਦ ਆਦਿ ਹੋਏ ਹਨ। ਅੱਲਾ ਦੀ ਸੱਚੇ ਦਿਲੋਂ  ਭਗਤੀ ਕਰਨੀ ਉਸ ਦੇ ਬੰਦਿਆਂ ਨਾਲ ਪਿਆਰ ਕਰਨਾ ਅਤੇ ਰਹਿਨੁਮਾਈ ਲਈ ਗੁਰੂ ਧਾਰਨ ਕਰਨ ਦਾ ਉਪਦੇਸ਼ ਦਿੰਦੇ ਸਨ। ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਸਮੇਂ-ਸਮੇਂ ਕਈ ਸੁਧਾਰਕਾਂ ਨੇ ਜਨਮ ਲਿਆ ਜਿਨ੍ਹਾਂ ਵਿੱਚ ਸ਼ੰਕਰਾਚਾਰੀਆ, ਰਾਮਾਨੁਜ, ਜੈਦੇਵ, ਚੈਤੰਨਿਆ, ਨਾਮਦੇਵ, ਰਵਿਦਾਸ, ਕਬੀਰ ਆਦਿ ਦੇ ਨਾਮ ਵਰਣਨਯੋਗ ਹਨ। ਇਹਨਾਂ ਸਾਰੇ ਭਗਤਾਂ ਦੇ ਮੌਲਿਕ ਸਿਧਾਂਤ ਇੱਕੋ-ਜਿਹੇ ਸਨ। ਉਪਰੋਕਤ ਸਾਰੇ ਹੀ ਪ੍ਰਭੂ ਭਗਤੀ, ਗੁਰੂ ਭਗਤੀ ਪਰਮਾਤਮਾ ਦੀ ਏਕਤਾ ਤੇ ਜ਼ੋਰ ਦਿੰਦੇ ਸਨ। ਅੰਧ-ਵਿਸ਼ਵਾਸ, ਝੂਠੇ ਰੀਤੀ- ਰਿਵਾਜਾਂ ਦਾ ਖੰਡਨ ਕਰਦੇ ਸਨ ਜਾਤ-ਪਾਤ ਦੇ ਭੇਦ-ਭਾਵ ਤੋਂ ਉੱਚੇ ਉੱਠਣ ਦਾ ਉਪਦੇਸ਼ ਦਿੰਦੇ ਸਨ ਅਤੇ ਸਭ ਮਨੁੱਖਾਂ ਨੂੰ ਇੱਕ ਸਮਾਨ ਸਮਝਣ ਦੀ ਪ੍ਰੇਰਨਾ ਦਿੰਦੇ ਸਨ।

ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਨੇ ਭਗਤੀ ਦੇ ਸਿਧਾਂਤਾਂ ਨੂੰ ਕਾਫ਼ੀ ਹੱਦ ਤੱਕ ਅਪਣਾਇਆ। ਰੂਹਾਨੀ ਪਿਆਰ ਤੇ ਈਸ਼ਵਰ ਦੀ ਭਗਤੀ ਤੇ ਜ਼ੋਰ ਦਿੱਤਾ। ਮੂਰਤੀ-ਪੂਜਾ ਤੇ ਬੁੱਤ-ਪੂਜਾ ਦੀ ਬਜਾਏ ਪ੍ਰਭੂ ਦੀ ਭਗਤੀ ਕਰਨ ਦਾ ਸੰਦੇਸ਼ ਦਿੱਤਾ ਅਤੇ ਇਸ ਨੂੰ ਹੀ ਮੁਕਤੀ ਪ੍ਰਾਪਤੀ ਦਾ ਸਭ ਤੋਂ ਵੱਡਾ ਸਾਧਨ ਦੱਸਿਆ। ਸੰਸਾਰ ਨੂੰ ਤਿਆਗ ਕੇ ਜੰਗਲਾਂ ਵਿੱਚ ਭਟਕਣ ਦੀ ਬਜਾਏ ਗ੍ਰਿਸਤ ਜੀਵਨ ਬਤੀਤ ਕਰਦਿਆਂ ਹੋਇਆਂ ਹੀ ਪ੍ਰਭੂ ਦੀ ਭਗਤੀ ਦੁਆਰਾ ਮੁਕਤੀ ਪ੍ਰਾਪਤ ਕਰਨ ਦਾ ਰਾਹ ਦੱਸਿਆ। ਸਹੀ ਰਾਹ ਤੇ ਚੱਲਣ ਲਈ ਗੁਰੂ ਧਾਰਨ ਕਰਨ ਨੂੰ ਸਭ ਤੋਂ ਜ਼ਰੂਰੀ ਮੰਨਿਆ ਤੇ ਕਿਹਾ ਕਿ ਜਿੰਨੇ ਮਰਜ਼ੀ ਸੂਰਜ ਚੜ੍ਹ ਪੈਣ ਗੁਰੂ ਬਿਨਾਂ ਘੋਰ ਅੰਧੇਰਾ ਹੈ। ‘ਰੱਬ ਦੀ ਰਜ਼ਾ’ ਭਾਵ ‘ਹੁਕਮ’ ਮੰਨਣ ਦਾ ਆਦੇਸ਼ ਦਿੱਤਾ ਹੈ। ਹੱਥੀਂ ਕਿਰਤ ਕਮਾਈ ਕਰਨੀ ਤੇ ਮੰਗ ਕੇ ਨਾ ਖਾਣਾ ਇਸ ਗੱਲ ਤੇ ਬੜਾ ਜ਼ੋਰ ਦਿੱਤਾ ਹੈ।

ਗੁਰੂ ਨਾਨਕ ਦੇਵ ਤੋਂ ਪਿੱਛੋਂ ਉਹਨਾਂ ਦੇ ਨੌਂ ਉੱਤਰ-ਅਧਿਕਾਰੀਆਂ ਭਾਵ ਦਸਾਂ ਗੁਰੂਆਂ ਨੇ ਹੀ ਪੰਜਾਬ ਵਿੱਚ ਭਗਤੀ ਲਹਿਰ ਦੀ ਅਗਵਾਈ ਕੀਤੀ ਅਤੇ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਕਾਇਮ ਰੱਖਦਿਆਂ ਉਹਨਾਂ ਦਾ ਪ੍ਰਚਾਰ ਕੀਤਾ। ਭਗਤੀ ਅੰਦੋਲਨ ਨੇ ਪੰਜਾਬ ਦੇ ਲੋਕਾਂ ਦੇ ਜੀਵਨ ਤੇ ਬੜਾ ਡੂੰਘਾ ਪ੍ਰਭਾਵ ਪਾਇਆ ਜਿਸ ਨਾਲ ਹਿੰਦੂ, ਮੁਸਲਮਾਨ ਤੇ ਸਿੱਖ ਲੋਕਾਂ ਦਾ ਦ੍ਰਿਸ਼ਟੀਕੋਣ ਵਿਸ਼ਾਲ ਹੋ ਗਿਆ। ਆਪਸੀ ਪਿਆਰ ਵੱਧ ਗਿਆ ਜਾਤ-ਪਾਤ, ਅੰਧ ਵਿਸ਼ਵਾਸ ਤੇ ਖੋਖਲੇ ਰੀਤੀ-ਰਿਵਾਜ ਮੱਧਮ ਪੈ ਗਏ।


ਲੇਖਕ : ਸੁਦਰਸ਼ਨ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 5125, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-30-12-44-43, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.