ਭਗਤੀ (ਗੁਰਮਤਿ) ਦਾ ਸਰੂਪ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਭਗਤੀ (ਗੁਰਮਤਿ) ਦਾ ਸਰੂਪ: ਸਿੱਖ ਭਗਤੀ ਦਾ ਸਰੂਪ ਗੁਰਮਤਿ ਅਨੁਪ੍ਰਾਣਿਤ ਹੈ। ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਭਗਤੀ ਦੇ ਜਿਸ ਸਰੂਪ ਨੂੰ ਅਪਣਾਇਆ ਹੈ ਜਾਂ ਉਨ੍ਹਾਂ ਦੀ ਭਗਤੀ ਦੇ ਸਰੂਪ ਸੰਬੰਧੀ ਜੋ ਸੰਕੇਤ ਮਿਲਦੇ ਹਨ, ਉਹੀ ਸਿੱਖ ਭਗਤੀ ਦੀ ਨੁਹਾਰ ਨੂੰ ਨਿਸਚਿਤ ਕਰਦੇ ਹਨ। ਇਸ ਭਗਤੀ ਦਾ ਤਾਤਵਿਕ ਵਿਸ਼ਲੇਸ਼ਣ ਕਰੀਏ ਤਾਂ ਪਤਾ ਚਲਦਾ ਹੈ ਕਿ ਮੱਧ-ਯੁਗ ਵਿਚ ਧਰਮ-ਸਾਧਨਾ ਦੇ ਮੁੱਖ ਰੂਪ ਵਿਚ ਚਾਰ ਮਾਰਗ ਮੰਨੇ ਗਏ ਹਨ—ਕਰਮ, ਗਿਆਨ , ਯੋਗ ਅਤੇ ਭਗਤੀ। ਗੁਰਮਤਿ ਵਿਚ ਕਰਮ- ਕਾਂਡਾਂ ਨੂੰ ਸਵੀਕਾਰ ਨਹੀਂ ਕੀਤਾ ਗਿਆ। ਪਰ ਗੁਰਮਤਿ ਸ਼ੁਭ ਕਰਮਾਂ ਅਥਵਾ ਅਧਿਆਤਮ ਕਰਮਾਂ ਪ੍ਰਤਿ ਉਦਾਸੀਨ ਨਹੀਂ ਹੈ। ਗੁਰਬਾਣੀ ਵਾਚਿਕ ਜਾਂ ਸ਼ਾਸਤ੍ਰੀ ਗਿਆਨ ਨੂੰ ਸਵੀਕਾਰ ਨਹੀਂ ਕਰਦੀ। ਹਾਂ, ‘ਸਹਿਜ-ਗਿਆਨ’ ਪ੍ਰਤਿ ਗੁਰਬਾਣੀ ਵਿਚ ਘੌਲ ਨਹੀਂ ਹੈ। ‘ਸਹਿਜ-ਗਿਆਨ’ ਦਾ ਪ੍ਰਮੁਖ ਕਰਤੱਵ ਮਨ ਅਤੇ ਬੁੱਧੀ ਨੂੰ ਵਾਸਨਾਤਮਕ ਸੰਸਕਾਰਾਂ ਦੀ ਮੈਲ ਤੋਂ ਮੁਕਤ ਕਰਨਾ ਹੈ। ਇਸ ਤਰ੍ਹਾਂ ਸਹਿਜ-ਗਿਆਨ ਬ੍ਰਹਮ-ਸਾਖਿਆਤਕਾਰ ਜਾਂ ਅਦ੍ਵੈਤਤਾ ਦਾ ਸੂਚਕ ਹੈ। ਗੁਰਮਤਿ ਯੋਗ-ਮਾਰਗ ਨੂੰ ਵੀ ਇਸ ਦੇ ਪਰੰਪਰਾਗਤ ਰੂਪ ਵਿਚ ਸਵੀਕਾਰ ਨਹੀਂ ਕਰਦੀ। ਯੋਗ ਦੇ ਸਾਰਿਆਂ ਅੰਗਾਂ ਨੂੰ ਪਾਖੰਡ ਕਰਮ ਦਸਿਆ ਗਿਆ ਹੈ ਅਤੇ ਇਸ ਦੇ ਮੁਕਾਬਲੇ ‘ਸਹਿਜ-ਯੋਗ ’ (ਵੇਖੋ) ਜਾਂ ‘ਸ਼ਬਦ-ਸੁਰਤਿ-ਯੋਗ ’ (ਵੇਖੋ) ਉਤੇ ਬਲ ਦਿੱਤਾ ਗਿਆ ਹੈ। ਇਹ ‘ਸਹਿਜ-ਯੋਗ’ ਪਰੰਪਰਿਕ ਸਹਿਜ-ਯੋਗ ਤੋਂ ਮੁਕਤ ਅਤੇ ਯੁਗ ਦੀਆਂ ਪਰਿਸਥਿਤੀਆਂ ਅਨੁਸਾਰ ਇਕ ਅਜਿਹਾ ਯੋਗ ਹੈ ਜੋ ਕਾਲ ਅਤੇ ਦੇਸ਼ ਦੀਆਂ ਸੀਮਾਵਾਂ ਤੋਂ ਮੁਕਤ, ਚਿਰ-ਨਵੀਨ ਅਤੇ ਸਭ ਦੁਆਰਾ ਗ੍ਰਹਿਣ ਕੀਤੇ ਜਾਣ-ਯੋਗ ਹੈ ਅਤੇ ਸਭ ਦੀ ਇਕ-ਸਮਾਨ ਮੁਕਤੀ ਵਿਚ ਵਿਸ਼ਵਾਸ ਰਖਦਾ ਹੈ।
ਉਪਰੋਕਤ ਤਿੰਨਾਂ ਨਾਲੋਂ ਭਗਤੀ-ਮਾਰਗ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿਚ ਵਿਸਤਾਰ ਸਹਿਤ ਕੀਤੀ ਗਈ ਹੈ। ਗੁਰੂ ਨਾਨਕ ਦੇਵ ਜੀ ਨੇ ਸਦਾ ਉਨ੍ਹਾਂ ਮਹਾਪੁਰਸ਼ਾਂ ਦੇ ਚਰਣ ਛੋਹਣ ਦੀ ਇੱਛਾ ਪ੍ਰਗਟ ਕੀਤੀ ਹੈ, ਜੋ ਦਿਨ ਰਾਤ ਭਗਤੀ ਵਿਚ ਲੀਨ ਰਹਿੰਦੇ ਹਨ—ਅਹਿਨਿਸਿ ਭਗਤਿ ਕਰੇ ਲਿਵ ਲਾਇ। ਨਾਨਕੁ ਤਿਨ ਕੈ ਲਾਗੈ ਪਾਇ। (ਗੁ.ਗ੍ਰੰ. 352)। ਪਰ ਗੁਰਬਾਣੀ ਵਿਚ ਪਰੰਪਰਾਗਤ ਭਗਤੀ ਜਾਂ ਨਵਧਾ-ਭਗਤੀ ਦੇ ਸ਼ਾਸਤ੍ਰੀ ਵਿਧਾਨ ਨੂੰ ਸਵੀਕਾਰ ਨਹੀਂ ਕੀਤਾ ਗਿਆ। ਸਗੋਂ ਇਥੇ ਤਾਂ ਕੇਵਲ ‘ਭਾਉ-ਭਗਤੀ ’ ਪ੍ਰਵਾਨ ਹੈ—ਭਾਉ ਭਗਤਿ ਕਰਿ ਨੀਚੁ ਸਦਾਏ। ਤਉ ਨਾਨਕੁ ਮੋਖਾਂਤਰੁ ਪਾਏ।
ਸਿੱਖ ਧਰਮ ਸਾਧਨਾ ਵਿਚ ‘ਭਗਤੀ-ਮਾਰਗ’ ਪ੍ਰਤਿ ਇਤਨੀ ਨਿਸ਼ਠਾ ਕਿਉਂ ਪ੍ਰਗਟਾਈ ਗਈ, ਇਸ ਦੇ ਵੀ ਕੁਝ ਕਾਰਣ ਹਨ, ਜਿਵੇਂ ਇਸ ਵਿਚ ਪਰਮਾਤਮਾ ਨੂੰ ਜਲਦੀ ਤੋਂ ਜਲਦੀ ਦ੍ਰਵਿਤ ਕਰਨ ਦੀ ਸ਼ਕਤੀ ਹੁੰਦੀ ਹੈ; ਇਸ ਵਿਚ ਉੱਚੇ ਨੀਵੇਂ ਦਾ ਫ਼ਰਕ ਨਹੀਂ ਹੁੰਦਾ , ਸਭ ਜਿਗਿਆਸੂ ਭਗਤੀ ਦਾ ਸਮਾਨ ਰੂਪ ਵਿਚ ਫਲ ਪ੍ਰਾਪਤ ਕਰ ਸਕਦੇ ਹਨ; ਇਸ ਵਿਚ ਗ੍ਰਿਹਸਥ ਧਰਮ ਵਿਚ ਰਹਿੰਦੇ ਹੋਇਆਂ ਅਧਿਆਤਮਿਕਤਾ ਕਮਾਈ ਜਾ ਸਕਦੀ ਹੈ; ਅਤੇ ਯੁਗੀਨ ਪਰਿਸਥਿਤੀਆਂ ਵੀ ਇਸ ਦੇ ਅਨੁਕੂਲ ਸਨ ।
ਵੈਧੀ-ਭਗਤੀ ਨੂੰ ਅਸਵੀਕਾਰਨ ਦੇ ਨਾਲ ਨਾਲ ਉਸ ਦੇ ਕਈ ਪਰਿਭਾਸ਼ਿਕ ਸ਼ਬਦਾਂ ਅਥਵਾ ਤੱਤ੍ਵਾਂ ਨੂੰ ਭਾਵੀਕ੍ਰਿਤ ਰੂਪ ਵਿਚ ਸਵੀਕਾਰ ਵੀ ਕਰ ਲਿਆ ਗਿਆ ਹੈ, ਜਿਵੇਂ ਸਤਿ ਬ੍ਰਤ ਹੈ, ਸੰਤੋਖ ਤੀਰਥ ਹੈ, ਗਿਆਨ-ਧਿਆਨ ਇਸ਼ਨਾਨ ਹੈ, ਦਇਆ ਦੇਵਤਾ ਹੈ, ਖਿਮਾ ਜਪਮਾਲਾ ਹੈ, ਯੁਕਤੀ ਧੋਤੀ ਹੈ, ਸੁਰਤਿ ਚੌਕਾ ਹੈ, ਸ਼ੁਭ ਕਰਨੀ ਤਿਲਕ ਹੈ ਅਤੇ ਭਾਉ ਭੋਜਨ ਹੈ। ਅਜਿਹੀ ਭਗਤੀ ਸਰਲ ਨਹੀਂ, ਇਸ ਨੂੰ ਕੋਈ ਵਿਰਲਾ ਸਾਧਕ ਹੀ ਕਰ ਸਕਦਾ ਹੈ—ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ। ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ। ਜੁਗਤਿ ਧੋਤੀ ਸੁਰਤਿ ਚਉਕਾ। ਤਿਲਕੁ ਕਰਣੀ ਹੋਇ। ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ। (ਗੁ.ਗ੍ਰੰ.1245)। ਇਸ ਤਰ੍ਹਾਂ ਗੁਰਮਤਿ ਵਿਚ ਦੂਰ ਤਕ ਸਵੀਕ੍ਰਿਤ ਭਗਤੀ-ਮਾਰਗ ਦੀ ਸਾਧਨਾ-ਪ੍ਰਕ੍ਰਿਆ ਪਰੰਪਰਾ ਤੋਂ ਹਟੀ ਹੋਈ ਹੈ, ਲਕੀਰ ਦੀ ਫ਼ਕੀਰੀ’ਤੇ ਆਧਾਰਿਤ ਨਹੀਂ ਹੈ। ਇਸ ਵਿਚ ਪਰੰਪਰਾ ਪ੍ਰਤਿ ਸਵੀਕਾਰ ਅਤੇ ਅਸਵੀਕਾਰ ਦੋਵੇਂ ਮੌਜੂਦ ਹਨ। ਇਸ ਲਈ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਤਿਪਾਦਿਤ ਭਗਤੀ ਪਰੰਪਰਾਗਤ ਭਗਤੀ ਤੋਂ ਭਿੰਨ ਹੈ। ਇਸ ਵਿਚ ਪਰੰਪਰਾਗਤ ਭਗਤੀ ਦੀਆਂ ਕੁਝ ਜੁਗਤਾਂ ਦਾ ਜੇ ਉੱਲੇਖ ਹੋ ਗਿਆ ਹੋਵੇ, ਤਾਂ ਇਹ ਭਾਸ਼ਾਈ ਲੋੜ ਹੈ, ਪਰ ਗੁਰਮਤਿ-ਭਗਤੀ ਸੁਤੰਤਰ ਅਨੁਭਵ ਦਾ ਰਹੱਸਮਈ ਪ੍ਰਗਟਾਵਾ ਹੈ ਅਤੇ ਇਸ ਦੀਆਂ ਆਪਣੀਆਂ ਹੀ ਮਾਨਤਾਵਾਂ ਹਨ। ਉਨ੍ਹਾਂ ਮਾਨਤਾਵਾਂ ਦੇ ਆਧਾਰ’ਤੇ ਇਸ ਨੂੰ ‘ਭਾਉ- ਭਗਤੀ’ ਜਾਂ ‘ਪ੍ਰੇਮ-ਭਗਤੀ ’ ਨਾਂ ਦਿੱਤਾ ਗਿਆ ਹੈ। ਇਸ ਦੇ ਪ੍ਰਮੁਖ ਤੱਤ੍ਵ ਹੇਠਾਂ ਲਿਖੇ ਅਨੁਸਾਰ ਹਨ :
ਮਾਨਵ ਜਨਮ: ਗੁਰਮਤਿ ਪ੍ਰਤਿਪਾਦਿਤ ‘ਭਾਉ- ਭਗਤੀ’ ਦੀ ਪਹਿਲੀ ਆਧਾਰਭੂਤ ਮਾਨਤਾ ਹੈ ਮਾਨਵ ਜਨਮ ਅਥਵਾ ਸ਼ਰੀਰ। ਕਿਉਂਕਿ ਇਸ ਤੋਂ ਬਿਨਾ ‘ਭਗਤੀ’ ਦੀ ਗੱਲ ਤੁਰਦੀ ਹੀ ਨਹੀਂ, ਸਭ ਕੁਝ ਨਿਰਾਧਾਰ ਹੋ ਜਾਂਦਾ ਹੈ। ਇਸ ਲਈ ਗੁਰੂ ਅਰਜਨ ਦੇਵ ਜੀ ਨੇ ਤਾਕੀਦ ਕੀਤੀ ਹੈ ਕਿ ਇਸ ਦੁਰਲਭ ਜਨਮ ਵਿਚ ਅਧਿਆਤਮਿਕਤਾ ਦਾ ਪੂਰਾ ਲਾਭ ਉਠਾਣੋ ਕਦੇ ਘੌਲ ਨਹੀਂ ਕਰਨੀ ਚਾਹੀਦੀ—ਭਈ ਪਰਾਪਤਿ ਮਾਨੁਖ ਦੇਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। (ਗੁ.ਗ੍ਰੰ.378)।
ਆਸਤਿਕਤਾ: ਮਾਨਵ ਸ਼ਰੀਰ ਪ੍ਰਾਪਤ ਹੋਣ ਤੋਂ ਬਾਦ ਸਾਧਕ ਦੇ ਮਨ ਵਿਚ ਆਸਤਿਕਤਾ ਦਾ ਹੋਣਾ ਬੜਾ ਜ਼ਰੂਰੀ ਹੈ। ਪਰਮਾਤਮਾ ਵਿਚ ਆਸਥਾ ਨ ਰਖਣ ਵਾਲਾ ਸਾਧਕ ਭਗਤੀ ਵਲ ਰੁਚਿਤ ਹੀ ਕਿਵੇਂ ਹੋ ਸਕਦਾ ਹੈ ? ਕਿਉਂਕਿ ਉਹ ਤਾਂ ਭਗਤੀ ਦੇ ਆਸ਼੍ਰਯ-ਆਲੰਬਨ ਵਿਚ ਵਿਸ਼ਵਾਸ ਹੀ ਨਹੀਂ ਰਖਦਾ। ਇਸ ਲਈ ਮਨੁੱਖ ਦੇ ਮਨ ਵਿਚ ਈਸ਼ਵਰੀ ਹੋਂਦ ਵਿਚ ਵਿਸ਼ਵਾਸ ਅਤੇ ਵਿਸ਼ਵਾਸ ਤੋਂ ਬਾਦ ਉਸ ਨਾਲ ਅਦ੍ਵੈਤ ਸੰਬੰਧ ਸਥਾਪਿਤ ਕਰਨ ਦੀ ਲਾਲਸਾ ਦਾ ਹੋਣਾ ਬੜਾ ਜ਼ਰੂਰੀ ਹੈ, ਇਸ ਤੋਂ ਬਿਨਾ ਭਗਤੀ ਦਾ ਫੁਲ ਖਿੜ ਸਕਣਾ ਸੰਭਵ ਨਹੀਂ ਹੋ ਸਕਦਾ।
ਪ੍ਰੇਮ-ਭਾਵਨਾ: ਮਨੁੱਖ ਜਨਮ ਅਤੇ ਆਸਤਿਕਤਾ ਤੋਂ ਬਾਦ ਭਗਤੀ ਦੀ ਪ੍ਰਕ੍ਰਿਆ ਦਾ ਆਰੰਭ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚਲੀ ਭਗਤੀ ਦੀ ਪ੍ਰਮੁਖ ਜਾਂ ਪ੍ਰਧਾਨ ਭਾਵਨਾ ‘ਪ੍ਰੇਮ ’ ਹੈ। ਕਿਸੇ ਰਹੱਸਵਾਦੀ ਲਈ ‘ਪ੍ਰੇਮ’ ਪਹਿਲੀ ਆਵੱਸ਼ਕਤਾ ਹੈ। ਇਸ ਦੀ ਸਵੱਛ ਧਾਰਾ ਸਾਰੀ ਸਾਧਨਾ ਦੇ ਆਦਿ ਤੋਂ ਅੰਤ ਤਕ ਅਰੁਕ ਰੂਪ ਵਿਚ ਵਗਣੀ ਚਾਹੀਦੀ ਹੈ। ਗੁਰਮਤਿ ਅਨੁਸਾਰ ਪ੍ਰੇਮ ਦਾ ਮਤਲਬ ਹਿਰਦੇ ਦੀ ਸਾਧਾਰਣ ਜਿਹੀ ਭਾਵੁਕ ਸਥਿਤੀ ਨਹੀਂ, ਇਹ ਤਾਂ ਅੰਦਰਲੀ ਇਕ ਅਜਿਹੀ ਪ੍ਰਵ੍ਰਿੱਤੀ ਹੈ ਜੋ ਸਾਧਕ ਦੀ ਭਾਵਨਾ ਨੂੰ ਤਰਕ -ਵਿਤਰਕ ਤੋਂ ਮੁਕਤ ਕਰਕੇ ਅਦ੍ਵੈਤਾਵਸਥਾ ਵਿਚ ਪਹੁੰਚਾ ਦਿੰਦੀ ਹੈ। ਨ ਸਮਝੇ ਜਾ ਸਕਣ ਵਾਲੇ ਗੁਝੇ ਭੇਦਾਂ ਨੂੰ ਇਕਦਮ ਸਮਝਣ-ਯੋਗ ਕਰ ਦਿੰਦੀ ਹੈ। ਪ੍ਰੇਮ ਦਾ ਅਨੁਭਵ ਕਿਸੇ ਕਿਸੇ ਨੂੰ ਹੀ ਹੁੰਦਾ ਹੈ। ਇਸ ਅਧਿਆਤਮਿਕ ਪ੍ਰੇਮ ਨੂੰ ਸੰਸਾਰਿਕਤਾ ਤੋਂ ਮੁਕਤ ਸਮਝਣਾ ਚਾਹੀਦਾ ਹੈ।
ਗੁਰਬਾਣੀ ਵਿਚ ਇਸ ਪ੍ਰੇਮ ਦੇ ਸਰੂਪ ਨੂੰ ਸਮਝਾਉਂਦੇ ਹੋਇਆਂ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਵਿਚ ਆਪਣੇ ਆਪ ਨੂੰ, ਆਪਣੀ ਹੋਂਦ ਨੂੰ ਖ਼ਤਮ ਕਰਨਾ ਹੁੰਦਾ ਹੈ। ਆਪਣੀ ਹੋਂਦ ਤੋਂ ਭਾਵ ਸ਼ਰੀਰਿਕ ਅਭਾਵ ਨਹੀਂ, ਹਉਮੈ ਦਾ ਤਿਆਗ ਹੈ। ਪ੍ਰੇਮ ਦੀ ਚਾਹ ਨੂੰ ਪੂਰਾ ਕਰਨ ਦੇ ਇਛੁਕ ਵਿਅਕਤੀ ਲਈ ਪਹਿਲੀ ਸ਼ਰਤ ਆਪਣੇ ਸਿਰ ਨੂੰ ਕਟ ਕੇ ਤਲੀ ਉਪਰ ਧਰਨਾ ਹੁੰਦਾ ਹੈ, ਤਦ ਹੀ ਉਹ ਪ੍ਰੇਮ ਦੇ ਮਾਰਗ ਉਤੇ ਚਲਣ ਦਾ ਸਹੀ ਅਰਥਾਂ ਵਿਚ ਅਧਿਕਾਰੀ ਹੋ ਸਕਦਾ ਹੈ। ਇਸ ਮਾਰਗ ਉਪਰ ਇਕ ਵਾਰ ਪੈਰ ਟਿਕਾ ਦੇਣ ਤੋਂ ਬਾਦ ਸਿਰ ਦੀ ਭੇਂਟ ਚੜ੍ਹਾਉਣ ਤੋਂ ਵੀ ਸੰਕੋਚ ਕਰਨਾ ਸੰਭਵ ਨਹੀਂ—ਜਉ ਤਉ ਪ੍ਰੇਮ ਖੇਲਣ ਕਾ ਚਾਉ। ਸਿਰੁ ਧਰਿ ਤਲੀ ਗਲੀ ਮੇਰੀ ਆਉ। ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨ ਕੀਜੈ। (ਗੁ.ਗ੍ਰੰ.1412)। ਸੰਤ ਕਬੀਰ ਜੀ ਨੇ ਵੀ ਇਸੇ ਪ੍ਰਕਾਰ ਦੀ ਭਾਵਨਾ ‘ਕਬੀਰ-ਗ੍ਰੰਥਾਵਲੀ’ ਵਿਚ ਪ੍ਰਗਟ ਕੀਤੀ ਹੈ—ਯਹ ਤੋ ਘਰ ਹੈ ਪ੍ਰੇਮ ਕਾ ਖਾਲਾ ਕਾ ਘਰ ਨਾਹਿ। ਸੀਸ ਉਤਾਰੈ ਭੁਈ ਧਰੈ ਤਬ ਪੈਠੇ ਘਰ ਮਾਹਿ।
ਗੁਰਬਾਣੀ ਵਿਚ ਪਰਮਾਤਮਾ ਨਾਲੋਂ ਤੋੜ- ਵਿਛੋੜ ਕਰਵਾਉਣ ਵਾਲੀ ਸੰਸਾਰਿਕ ਪ੍ਰੀਤ ਨੂੰ ਨਿਖਿਧ ਪ੍ਰੀਤ ਕਿਹਾ ਗਿਆ ਹੈ ਅਤੇ ਉਸ ਨੂੰ ਜਲਦੀ ਤੋਂ ਜਲਦੀ ਛਡ ਦੇਣ ਲਈ ਤਾਕੀਦ ਵੀ ਕੀਤੀ ਗਈ ਹੈ—ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ। ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ। (ਗੁ. ਗ੍ਰੰ.590)।
ਜਗਤ ਅਤੇ ਜੀਵਨ ਦੀ ਨਸ਼ਵਰਤਾ: ਪ੍ਰੇਮ ਦੇ ਅੰਕੁਰ ਪ੍ਰਸਫੁਟਿਤ ਹੋ ਜਾਣ ਤੋਂ ਬਾਦ ਹਰਿ-ਭਗਤੀ ਵਲ ਪ੍ਰੇਰਣ ਲਈ ਗੁਰਬਾਣੀ ਵਿਚ ਜਗਤ ਅਤੇ ਜੀਵਨ ਨੂੰ ਨਸ਼ਵਰ ਦਸਿਆ ਗਿਆ ਹੈ। ਜਿਗਿਆਸੂ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਸਾਰਾ ਸੰਸਾਰ ਨਾਸ਼ਮਾਨ ਹੈ। ਇਹ ਸੰਸਾਰ ਉਤਪੱਤੀ-ਵਿਨਾਸ਼-ਪੁਨਰ ਉਤਪੱਤੀ ਦੀ ਸੰਗਲੀ ਨੂੰ ਦਰਸਾਉਣ ਵਾਲਾ ਹੈ। ਆਕਾਸ਼ ਅਤੇ ਧਰਤੀ , ਦਿਨ ਅਤੇ ਰਾਤ, ਚੰਦ੍ਰਮਾ ਅਤੇ ਤਾਰੇ ਸਭ ਨਸ਼ਟ ਹੋ ਜਾਣ ਵਾਲੇ ਹਨ। ਸਦਾ ਕਾਇਮ ਰਹਿਣ ਵਾਲਾ ਇਕ ਪਰਮਾਤਮਾ ਹੀ ਹੈ—ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ। ਹਟ ਪਟਣ ਬਾਜਾਰ ਹੁਕਮੀ ਢਹੀਸਓ।... (ਗੁ.ਗ੍ਰੰ.141)।
ਅਸਲ ਵਿਚ ਇਹ ‘ਦੁਨੀਆ ਮੁਕਾਮੇ ਫਾਨੀ’, ‘ਦੁਨੀਆ ਚਾਰਿ ਦਿਹਾੜੇ’, ‘ਸਭ ਜਗੁ ਚਲਣਹਾਰੁ’ ਹੈ। ਸਪੱਸ਼ਟ ਹੈ ਕਿ ਪਰਮਾਰਥਿਕ ਦ੍ਰਿਸ਼ਟੀ ਤੋਂ ਸੰਸਾਰ ਨਾਸ਼ਵਾਨ ਅਤੇ ਥੋੜ-ਚਿਰਾ ਹੈ। ਪਰ ਮਨੁੱਖ ਨੇ ਜੀਉਣਾ ਵੀ ਹੈ। ਇਹ ਜੀਉਣਾ ਵੈਰਾਗੀਆਂ ਜਾਂ ਸੰਨਿਆਸੀਆਂ ਵਰਗਾ ਨਹੀਂ, ਗ੍ਰਿਹਸਥ ਵਿਚ ਰਹਿ ਕੇ ਜੀਉਣਾ ਹੈ। ਇਸ ਲਈ ਸੰਸਾਰ ਮਨੁੱਖ ਦੀ ਕ੍ਰੀੜਾ-ਸਥਲੀ ਹੈ। ਸੰਸਾਰ ਦਾ ਮਨੁੱਖ ਦੇ ਜੀਵਨ ਵਿਚ ਵਿਵਹਾਰਿਕ ਮਹੱਤਵ ਹੈ। ਇਹੀ ਕਾਰਣ ਹੈ ਕਿ ਗੁਰਬਾਣੀ ਵਿਚ ਸੰਸਾਰ ਨੂੰ ‘ਸਚ ’ ਵੀ ਕਿਹਾ ਗਿਆ ਹੈ। ਪਰ ਇਹ ਸਚ ਪਰਮਾਰਥਿਕ ਸਚ ਵਰਗਾ ਨਹੀਂ ਹੈ। ਜੇ ਸੰਸਾਰ ਸਚਮੁਚ ਸੱਚਾ ਹੁੰਦਾ ਤਾਂ ਫਿਰ ਗੁਰੂ ਜੀ ਇਤਨੇ ਵਿਸਤਾਰ ਨਾਲ ਇਸ ਦੀ ਨਾਸ਼ਮਾਨਤਾ ਉਤੇ ਕਿਉਂ ਬਲ ਦਿੰਦੇ। ਇਸ ਲਈ ਪਰਮਾਰਥਿਕ ਦ੍ਰਿਸ਼ਟੀ ਜਾਂ ਅਧਿਆਤਮਿਕਤਾ ਵਿਚ ਸਫਲ-ਮਨੋਰਥ ਹੋਣ ਲਈ ਸੰਸਾਰ ਦੀ ਅਥਵਾ ਜੀਵਨ ਦੀ ਨਸ਼ਵਰਤਾ ਨੂੰ ਮੰਨ ਕੇ ਚਲਣਾ ਪਵੇਗਾ।
ਸੰਖੇਪ ਵਿਚ ਗੁਰਮਤਿ-ਭਗਤੀ ਸੰਸਾਰ ਨੂੰ ਵਿਵਹਾਰਿਕ ਤੌਰ ’ਤੇ ਸਚ ਮੰਨ ਕੇ ਅਤੇ ਅੰਤਿਮ ਸਚ ਪਰਮਾਤਮਾ ਨੂੰ ਮੰਨ ਕੇ ਸੰਸਾਰ ਵਿਚ ਕਮਲ ਦੇ ਜਲ ਵਿਚ ਸਥਿਤ ਹੋਣ ਵਾਂਗ ਨਿਰਲਿਪਤ ਰਹਿਣ ਦੀ ਮਾਨਤਾ ਸਥਾਪਿਤ ਕਰਦੀ ਹੈ।
ਗੁਰੂ: ਪ੍ਰੇਮ ਦੁਆਰਾ ਉਤਸਾਹਿਤ ਅਤੇ ਸੰਸਾਰ ਪ੍ਰਤਿ ਨਾਸ਼ਮਾਨਤਾ ਦੀ ਰੁਚੀ ਨੂੰ ਵਿਕਸਿਤ ਕਰਨ ਵਾਲੇ ਸਾਧਕ ਨੂੰ ਪਥ-ਪ੍ਰਦਰਸ਼ਨ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਵਿਚ ਪ੍ਰਤਿਪਾਦਿਤ ਭਗਤੀ ਅਸਲ ਵਿਚ ਪਥ-ਪ੍ਰਦਰਸ਼ਕ (ਗੁਰੂ) ਦੀ ਬੜੀ ਅਹਿਮ ਦੇਣ ਹੈ। ਗੁਰੂ ਤੋਂ ਬਿਨਾ ਗੁਰਮਤਿ- ਭਗਤੀ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਸਚ ਤਾਂ ਇਹ ਹੈ ਕਿ ਭਗਤੀ ਹੈ ਹੀ ਗੁਰੂ ਦੀ ਦੇਣ, ਉਸ ਦੀ ਕ੍ਰਿਪਾ ਦਾ ਫਲ ਕਿਉਂਕਿ ਗੁਰੂ ਦੇ ਉਪਦੇਸ਼ ਤੋਂ ਬਿਨਾ ਹੋਰ ਕਿਸੇ ਵੀ ਸਾਧਨ ਦੁਆਰਾ ਭਗਤੀ ਸੰਪੰਨ ਹੋ ਹੀ ਨਹੀਂ ਸਕਦੀ—ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ। (ਗੁ.ਗ੍ਰੰ.22)। ਗੁਰੂ ਨਾਨਕ ਦੇਵ ਜੀ ਨੇ ਗੁਰੂ ਦੀ ਕ੍ਰਿਪਾ ਬਾਰੇ ‘ਮੂਲ-ਮੰਤ੍ਰ ’ ਵਿਚ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਗੁਰੂ ਦੀ ਕ੍ਰਿਪਾ ਦੁਆਰਾ ਸੰਭਵ ਹੈ। ‘ਮੂਲ-ਮੰਤ੍ਰ’ ਦੀ ਇਹ ਮਾਨਤਾ ਸਾਰੀ ਗੁਰਬਾਣੀ ਵਿਚ ਵਿਆਪਤ ਹੈ। ਗੁਰੂ ਦੀ ਕ੍ਰਿਪਾ ਨਾਲ ਹੀ ਪ੍ਰੇਮ ਰੂਪੀ ਸੱਚਾ ਭੋਜਨ ਪ੍ਰਾਪਤ ਹੁੰਦਾ ਹੈ —ਸਚਾ ਭੋਜਨੁ ਭਾਉ ਸਤਿਗੁਰਿ ਦਸਿਆ।
ਸਤਿਗੁਰੂ ਅਥਵਾ ਗੁਰੂ ਦੇ ਸਰੂਪ ਦਾ ਚਿਤ੍ਰਣ ਕਰਦਿਆਂ ‘ਸੁਖਮਨੀ ’ ਨਾਂ ਦੀ ਬਾਣੀ ਵਿਚ ਗੁਰੂ ਅਰਜਨ ਦੇਵ ਜੀ ਨੇ ਦਸਿਆ ਹੈ ਕਿ ਜਿਸ ਨੇ ਸਤਿ ਸਰੂਪ ਪਰਮਾਤਮਾ ਨੂੰ ਜਾਣ ਲਿਆ ਹੈ, ਉਹੀ ‘ਸਤਿਗੁਰੂ’ ਹੈ। ਸਤਿ ਸਰੂਪ ਪਰਮਾਤਮਾ ਨੂੰ ਜਾਣੇ ਬਿਨਾ ਸਤਿਗੁਰੂ ਦਾ ਪਦ ਪ੍ਰਾਪਤ ਕਰਨਾ ਸਰਲ ਨਹੀ। ਅਜਿਹੇ ਗੁਰੂ ਦੇ ਸੰਪਰਕ ਵਿਚ ਆ ਜਾਣ ਨਾਲ ਹੀ ਸਿੱਖ ਅਥਵਾ ਸੇਵਕ ਦਾ ਉੱਧਾਰ ਹੁੰਦਾ ਹੈ—ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ। ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ। (ਗੁ.ਗ੍ਰੰ.286)।
ਗੁਰੂ ਦੀ ਦੇਣ ਅਤੇ ਸਮਰਥਤਾ ਨੂੰ ਸਾਹਮਣੇ ਰਖਦੇ ਹੋਇਆਂ ਗੁਰੂ ਨੂੰ ਪਰਮਾਤਮਾ ਨਾਲ ਅਭਿੰਨ ਦਸਿਆ ਗਿਆ ਹੈ। ਪ੍ਰਿਥਵੀ ਤਲ ਉਤੇ ਉਤਰਿਆ ਪਰਮਾਤਮਾ ਹੀ ਗੁਰੂ ਹੈ। ਇਨ੍ਹਾਂ ਦੋਹਾਂ ਵਿਚ ਸੂਖਮ ਅਤੇ ਸਥੂਲ ਵਾਲਾ ਅੰਤਰ ਹੈ। ਗੁਰੂ ਰਾਮਦਾਸ ਦੀ ਸਥਾਪਨਾ ਹੈ—ਗੁਰੂ ਗੋਵਿੰਦੁ ਗੋਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ। (ਗੁ.ਗ੍ਰੰ.442)। ਅਸਲ ਵਿਚ ਪਰਮਾਤਮਾ ਗੁਰੂ ਰੂਪ ਵਿਚ ਇਕ ਨਿਮਿਤ ਸਾਧਨ ਬਣਦਾ ਹੋਇਆ ਜਿਗਿਆਸੂ ਨੂੰ ਭਗਤੀ ਕਰਨ ਦੀ ਪ੍ਰੇਰਣਾ ਪ੍ਰਦਾਨ ਕਰਦਾ ਹੈ ਕਿਉਂਕਿ ਭਗਤੀ ਦਾ ਭੰਡਾਰ ਅਥਵਾ ਸਾਗਰ ਗੁਰੂ ਪਾਸ ਹੀ ਹੈ। ਜੇ ਗੁਰੂ ਪ੍ਰਸੰਨ ਹੋਵੇ ਤਾਂ ਭਗਤੀ ਦਾ ਭੰਡਾਰ ਖੋਲ੍ਹ ਦਿੰਦਾ ਹੈ—ਸਾਗਰ ਭਗਤਿ ਭੰਡਾਰ ਹਰਿ ਪੂਰੇ ਸਤਿਗੁਰ ਪਾਸਿ। ਸਤਿਗੁਰੁ ਤੁਠਾ ਖੋਲਿ ਦੇਇ ਮੁਖਿ ਗੁਰਮੁਖਿ ਹਰਿ ਪਰਗਾਸਿ। (ਗੁ.ਗ੍ਰੰ.996)।
ਸਤਿ-ਸੰਗਤਿ: ਗੁਰੂ ਗ੍ਰੰਥ ਸਾਹਿਬ ਵਿਚ ਭਗਤੀ ਦੀ ਸਫਲਤਾ ਵਿਚ ਗੁਰੂ ਤੋਂ ਬਾਦ ਸਤਿ-ਸੰਗਤਿ, ਸਾਧ- ਸੰਗਤਿ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਸਾਧਨਾ ਦੇ ਖੇਤਰ ਵਿਚ ਉਚਿਤ ਪਥ-ਪ੍ਰਦਰਸ਼ਨ ਦੀ ਲੋੜ ਸਦਾ ਬਣੀ ਰਹਿੰਦੀ ਹੈ। ਇਸ ਦੀ ਲੋੜ ਸਿੱਧੀ ਕਾਲ ਤੋਂ ਪਹਿਲਾਂ ਦੀ ਅਵਸਥਾ ਵਿਚ ਅਧਿਕ ਰਹਿੰਦੀ ਹੈ। ਗੁਰੂ ਅਥਵਾ ਸਤਿਗੁਰੂ ਦੁਆਰਾ ਮੁਢਲੇ ਬੋਧ ਕਰਾਏ ਜਾਣ ਤੋਂ ਬਾਦ ਵੀ ਸਾਧਨਾ ਦੀਆਂ ਵਖ ਵਖ ਪਧਰਾਂ ’ਤੇ ਕਠਿਨਾਈਆਂ ਪੈਦਾ ਹੋ ਸਕਦੀਆਂ ਹਨ, ਉਨ੍ਹਾਂ ਨੂੰ ਦੂਰ ਕਰਨ ਅਤੇ ਅਨੁਕੂਲ ਤੇ ਪਵਿੱਤਰ ਵਾਤਾਵਰਣ ਸਿਰਜ ਕੇ ਨਿਰੰਤਰ ਪ੍ਰੇਰਣਾ ਦੇਣ ਦੀ ਲੋੜ ਬਣੀ ਰਹਿੰਦੀ ਹੈ ਜਿਸ ਦੀ ਪੂਰਤੀ ‘ਸਤਿਸੰਗਤਿ’ ਦੁਆਰਾ ਸੰਭਵ ਹੈ।
ਸਤਿਸੰਗਤਿ ਤੋਂ ਭਾਵ ਹੈ ਭਗਤੀ ਦੇ ਸਾਧਨਾ- ਮਾਰਗ ਉਤੇ ਚਲਦਿਆਂ ਸ੍ਰੇਸ਼ਠ ਜਾਂ ਆਦਰਸ਼ ਵਿਅਕਤੀਆਂ ਦਾ ਸਾਥ ਅਤੇ ਸੇਧ। ਮੱਧ-ਯੁਗ ਦੇ ਸੰਤਾਂ , ਭਗਤਾਂ ਦੀਆਂ ਬਾਣੀਆਂ ਵਿਚ ਨਿਰਸੰਦੇਹ ਸਤਿ-ਸੰਗਤਿ ਉਪਰ ਬਲ ਦਿੱਤਾ ਗਿਆ ਹੈ। ਪਰ ਗੁਰਬਾਣੀ ਵਿਚ ਸਤਿਸੰਗਤਿ ਨੂੰ ਵਿਸ਼ੇਸ਼ ਸਥਾਨ ਅਤੇ ਮਹੱਤਵ ਪ੍ਰਾਪਤ ਹੈ। ਸਤਿਸੰਗਤਿ ਉਹ ਹੈ ਜਿਥੇ ਕੇਵਲ ‘ਇਕ ਨਾਮ ’ ਦੀ ਵਿਆਖਿਆ ਹੁੰਦੀ ਹੈ। ‘ਇਕ ਨਾਮ’ ਪਰਮਾਤਮਾ ਦਾ ਵਾਸਤਵਿਕ ਹੁਕਮ ਹੈ ਜੋ ਸਤਿਗੁਰ ਨੇ ਸਮਝਾ ਦਿੱਤਾ ਹੈ—ਸਤਿਸੰਗਤਿ ਕੈਸੀ ਜਾਣੀਐ। ਜਿਥੈ ਏਕੋ ਨਾਮੁ ਵਖਾਣੀਐ। ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ। (ਗੁ.ਗ੍ਰੰ.72)। ਇਹ ਪਾਰਸ ਪੱਥਰ ਵਰਗੀ ਹੈ ਜਿਸ ਦੀ ਛੋਹ ਨਾਲ ਮਨਮੁਖ ਰੂਪੀ ਲੋਹਾ ਗੁਰਮੁਖ ਰੂਪੀ ਸੋਨਾ ਬਣ ਜਾਂਦਾ ਹੈ—ਪਾਰਸੁ ਭੇਟਿ ਕੰਚਨੁ ਧਾਤੁ ਹੋਈ ਸਤਸੰਗਤਿ ਕੀ ਵਡਿਆਈ। (ਗੁ.ਗ੍ਰੰ.505)। ਸਤਿਸੰਗਤਿ ਰਾਹੀਂ ਸਮਾਜਿਕ ਸਦਭਾਵਨਾ ਦੀ ਰੁਚੀ ਪੈਦਾ ਹੁੰਦੀ ਹੈ। ਹਰ ਪ੍ਰਕਾਰ ਦੇ ਵੈਰ-ਵਿਰੋਧ ਅਤੇ ਦੁਅੰਦ ਖ਼ਤਮ ਹੋ ਜਾਂਦੇ ਹਨ। ਫਿਰ ਨ ਕੋਈ ਵੈਰੀ ਅਤੇ ਨ ਹੀ ਬੇਗਾਨਾ ਰਹਿ ਜਾਂਦਾ ਹੈ। ਸਾਰਿਆਂ ਨਾਲ ਸੁਖਾਤਮਕ ਸੰਪਰਕ ਕਾਇਮ ਹੋ ਜਾਂਦਾ ਹੈ—ਬਿਸਰਿ ਗਈ ਸਭ ਤਾਤਿ ਪਰਾਈ। ਜਬ ਤੇ ਸਾਧ ਸੰਗਤਿ ਮੋਹਿ ਪਾਈ। ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ। (ਗੁ.ਗ੍ਰੰ. 1299)। ਸਪੱਸ਼ਟ ਹੈ ਕਿ ਗੁਰਮਤਿ ਵਿਚ ਭਗਤੀ ਦੇ ਜਿਸ ਪ੍ਰੇਮ ਦਾ ਸਰੂਪ ਚਿਤਰਿਆ ਗਿਆ ਹੈ। ਸਤਿਸੰਗਤਿ ਉਸ ਵਿਚ ਸਮਾਜਿਕ ਸਮ-ਚੇਤਨਾ ਦੀ ਭਾਵਨਾ ਦਾ ਵਿਕਾਸ ਕਰਦੀ ਹੈ।
ਭਉ: ਪ੍ਰੇਮ ਨਾਲ ਵਿਗਸੇ, ਗੁਰੂ ਦੁਆਰਾ ਪਥ- ਪ੍ਰਦਰਸ਼ਿਤ ਅਤੇ ਸਤਿਸੰਗਤਿ ਦੁਆਰਾ ਸੰਵਾਰੇ ਸਾਧਕ ਲਈ ਗੁਰਬਾਣੀ ਵਿਚ ਪਰਮਾਤਮਾ ਦੇ ਭਉ (ਭੈ) ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਇਸ ਦਾ ਕਾਰਣ ਇਹ ਹੈ ਕਿ ਗੁਰਮਤਿ-ਭਗਤੀ ਵਿਚ ਪਰਮਾਤਮਾ ਦੇ ਜਿਸ ਭਾਉ (ਪ੍ਰੇਮ) ਨੂੰ ਭਗਤੀ ਦਾ ਕੇਂਦਰ-ਬਿੰਦੂ ਮੰਨਿਆ ਗਿਆ ਹੈ, ਉਸ ਨਾਲ ‘ਭਉ’ ਦਾ ਡੂੰਘਾ ਸੰਬੰਧ ਹੈ। ਇਹ ਦੋਵੇਂ ਪਰਸਪਰ ਸੰਬੰਧਿਤ ਅਤੇ ਇਕ ਦੂਜੇ ਦੇ ਪੂਰਕ ਹਨ। ਈਸ਼ਵਰੀ ‘ਭਉ’ ਤੋਂ ਬਿਨਾ ‘ਭਾਉ’ ਦੀ ਕਲਪਨਾ ਤਕ ਨਹੀਂ ਕੀਤੀ ਜਾ ਸਕਦੀ। ਜਿਸ ਦੇ ਮਨ ਵਿਚ ਭਉ ਹੋਵੇਗਾ, ਉਹੀ ਭਾਉ (ਪ੍ਰੇਮ) ਨੂੰ ਆਪਣੇ ਅੰਦਰ ਵਸਾ ਸਕਦਾ ਹੈ—ਨਾਨਕ ਜਿਨੁ ਮਨਿ ਭਉ ਤਿੰਨ੍ਹਾ ਮਨ ਭਾਉ। ਪਰਮਾਤਮਾ ਰੂਪੀ ਪਤੀ ਨੂੰ ਪ੍ਰਸੰਨ ਜਾਂ ਆਪਣੇ ਅਨੁਕੂਲ ਕਰਨ ਲਈ ਜਿਥੇ ਭਾਵ (ਪ੍ਰੇਮ) ਦੀ ਲੋੜ ਹੈ, ਉਥੇ ਉਤਨੀ ਹੀ ਭੈ (ਭਉ) ਦੀ ਵੀ ਲੋੜ ਹੈ—ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ। ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ। (ਗੁ.ਗ੍ਰੰ.722)।
ਗੁਰਬਾਣੀ ਵਿਚ ‘ਭਉ’ ਦੋ ਪ੍ਰਕਾਰ ਦਾ ਮੰਨਿਆ ਗਿਆ ਹੈ। ਇਹ ਦੁਨਿਆਵੀ ਭਉ ਹੈ ਅਤੇ ਦੂਜਾ ਅਧਿਆਤਮਿਕ ਭਉ। ਦੁਨੀਆਵੀ ਭਉ ਸੰਸਾਰਿਕ ਖ਼ਤਰਿਆਂ, ਦੁਖਾਂ ਤੋਂ ਉਤਪੰਨ ਹੁੰਦਾ ਹੈ, ਪਰਾਸ਼ਰੀਰਿਕ ਸ਼ਕਤੀਆਂ ਜਿਵੇਂ ਕਾਲ, ਜਮ ਆਦਿ ਦਾ ਭਉ ਵੀ ਦੁਨਿਆਵੀ ਭਉ ਦੇ ਅੰਤਰਗਤ ਹੈ। ਇਸ ਨੂੰ ‘ਸਾਧਾਰਣ ਭਉ’ ਕਿਹਾ ਜਾਂਦਾ ਹੈ। ‘ਅਧਿਆਤਮਿਕ ਭਉ’ ਦਾ ਸੰਬੰਧ ਪਰਮਾਤਮਾ ਦੇ ਹੁਕਮ ਨਾਲ ਹੈ, ਰਜ਼ਾ ਜਾਂ ਭਾਣੇ ਨੂੰ ਮੰਨਣ ਨਾਲ ਹੈ। ਇਸ ਵਿਚ ਆਤਮਿਕ ਤੁੱਛਤਾ ਅਤੇ ਦੋਸ਼ਾਂ ਕਰਕੇ ਹੀਨਤਾ ਦੀ ਭਾਵਨਾ ਦਾ ਸਥਾਨ ਵੀ ਹੈ। ਇਸ ਨੂੰ ਗੁਰੂ ਰਾਮਦਾਸ ਨੇ ‘ਨਿਰਮਲ ਭਉ’ ਦਾ ਨਾਂ ਦਿੱਤਾ ਹੈ—ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ। (ਗੁ.ਗ੍ਰੰ.773- 74)। ਇਸ ਭਉ ਦੀ ਅਵਸਥਾ ਵਿਚ ਕਿਸੇ ਪ੍ਰਕਾਰ ਦੇ ਖ਼ਤਰੇ ਦਾ ਅਨੁਭਵ ਨਹੀਂ ਹੁੰਦਾ, ਸਗੋਂ ਦੁਨਿਆਵੀ ਖ਼ਤਰਿਆਂ ਤੋਂ ਮੁਕਤ ਅਜਿਹੀ ਬਲਵਾਨ ਸਰਪ੍ਰਸਤੀ ਮਹਿਸੂਸ ਹੁੰਦੀ ਹੈ ਕਿ ਉਸ ਨਾਲ ਹੋਰ ਕੋਈ ਭਉ ਬਾਕੀ ਨਹੀਂ ਰਹਿੰਦਾ ਅਤੇ ਇਸ ਅਧਿਆਤਮਿਕ ਭਉ ਦੀ ਪਕੜ ਤੋਂ ਨਿਕਲਣ ਦੀ ਇੱਛਾ ਵੀ ਖ਼ਤਮ ਹੋ ਜਾਂਦੀ ਹੈ।
ਹੁਕਮ-ਰਜ਼ਾਈ ਚਲਣਾ: ਪਰਮਾਤਮਾ ਦੇ ਭਉ ਨੂੰ ਅਪਣਾਉਣ ਵਾਲੀ ਗੁਰਮਤਿ ਭਗਤੀ-ਸਾਧਨਾ ਵਿਚ ਪਰਮਾਤਮਾ ਦੇ ਹੁਕਮ ਅਤੇ ਰਜ਼ਾ ਜਾਂ ਭਾਣੇ ਨੂੰ ਮੰਨਣ ਉਤੇ ਉਚੇਚਾ ਬਲ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਮਾਇਆ ਜਾਂ ਅਵਿਦਿਆ ਦੁਆਰਾ ਸਿਰਜੀ ‘ਕੂੜ ਦੀ ਦੀਵਾਰ’ ਨੂੰ ਤੋੜਨ ਲਈ ‘ਹੁਕਮ ਰਜਾਈ ਚਲਣਾ’ ਦੀ ਗੱਲ ਕਹਿ ਕੇ ਸਿੱਧਾਂਤਿਕ ਮਾਨਤਾ ਸਥਾਪਿਤ ਕੀਤੀ ਹੈ ਕਿਉਂਕਿ ਹੁਕਮ ਰਜਾਈ ਜੋ ਚਲੈ ਸੋ ਪਵੈ ਖਜਾਨੇ। ਹੁਕਮ ਤੋਂ ਭਾਵ ਹੈ ਈਸ਼ਵਰੀ ਆਗਿਆ। ਇਸ ਦੇ ਵਿਆਖਿਆ- ਕਾਰਾਂ ਨੇ ਵਖਰੇ ਵਖਰੇ ਢੰਗ ਨਾਲ ਅਰਥ ਕੀਤੇ ਹਨ, ਪਰ ਸਭ ਹੀ ਇਸ ਨਿਰਣੇ ਉਤੇ ਪਹੁੰਚੇ ਹਨ ਕਿ ‘ਹੁਕਮ’ ਪਰਮਾਤਮਾ ਦੀ ਉਹ ਸ਼ਕਤੀ ਹੈ ਜਿਸ ਨਾਲ ਉਹ ਸੰਸਾਰ ਦੀ ਉਤਪੱਤੀ, ਸਥਿਤੀ ਅਤੇ ਨਾਸ਼ ਕਰਦਾ ਹੈ। ਇਸ ਪ੍ਰਕਾਰ ਦੇ ਹੁਕਮ ਦੀ ਪਾਲਨਾ ਨਾਲ ਮਨੁੱਖ ਸਚਿਆਰ ਬਣਦਾ ਹੈ। ਇਸ ਹੁਕਮ ਦਾ ਵਰਣਨ ਨਹੀਂ ਕੀਤਾ ਜਾ ਸਕਦਾ—ਹੁਕਮ ਨ ਕਹਿਆ ਜਾਈ ਅਤੇ ਸਭ ਕੁਝ, ਸਾਰੀ ਸ੍ਰਿਸ਼ਟੀ , ਸਭ ਜੜ-ਚੇਤਨ ਇਸ ਹੁਕਮ ਦੀ ਪ੍ਰਭਾਵ-ਸੀਮਾ ਦੇ ਅੰਤਰਗਤ ਹਨ—ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ। ਹੁਕਮ ਅਤੇ ਹੁਕਮੀ (ਹੁਕਮ ਕਰਨ ਵਾਲਾ) ਵਿਚ ਕੋਈ ਤਾਤਵਿਕ ਅੰਤਰ ਨਹੀਂ ਹੈ। ਇਸ ਨੂੰ ਨਾਮ ਦਾ ਪ੍ਰਯਾਯ ਵੀ ਕਿਹਾ ਜਾ ਸਕਦਾ ਹੈ—ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਇ ਜੀਉ। ਇਸ ਤਰ੍ਹਾਂ ‘ਨਾਮ-ਸਾਧਨਾ ’ ਅਤੇ ‘ਹੁਕਮ ਰਜਾਈ ਚਲਣਾ’ ਸਮਾਨਾਂਤਰ ਪ੍ਰਕਾਰਜ ਹਨ।
ਅਰਬੀ ਦੇ ਸ਼ਬਦ ‘ਰਜ਼ਾ’ ਦਾ ਗੁਰਮਤਿ ਸਾਹਿਤ ਵਿਚ ਬੜਾ ਉੱਚਾ ਸਥਾਨ ਹੈ। ਇਸ ਵਿਚ ਪਰਮਾਤਮਾ ਦੀ ਖ਼ੁਸ਼ੀ ਨੂੰ ਸਮੇਟਿਆ ਗਿਆ ਹੈ। ਇਸ ਨਾਲ ਮਿਲਦਾ ਜੁਲਦਾ ਇਕ ਪੰਜਾਬੀ ਰੂਪਾਂਤਰ ਹੈ ‘ਭਾਣਾ ’। ਇਸ ਦਾ ਵੀ ਅਰਥ ਪਰਮਾਤਮਾ ਦੀ ਖ਼ੁਸ਼ੀ ਅਤੇ ਇੱਛਾ ਨਾਲ ਸੰਬੰ-ਧ ਰਖਣਾ ਹੈ। ਇਹ ਦੋਵੇਂ ਸ਼ਬਦ ਸਮਾਨਾਰਥਕ ਪ੍ਰਤੀਤ ਹੁੰਦੇ ਹਨ। ਹੁਕਮ, ਰਜ਼ਾ ਅਤੇ ਭਾਣਾ ਦਾ ਵੀ ਪਰਸਪਰ ਸੰਬੰਧ ਹੈ। ਇਨ੍ਹਾਂ ਤਿੰਨਾਂ ਦਾ ਮੂਲ ਆਧਾਰ ਜਾਂ ਉਤਪੱਤੀ ਸਥਲ ਵਿਸ਼ੇ-ਆਲੰਬਨ (ਅਰਥਾਤ ਪਰਮਾਤਮਾ) ਨਾਲ ਹੈ ਅਤੇ ਮਨੁੱਖ ਇਨ੍ਹਾਂ ਲਈ ‘ਆਸ਼ੑਯ-ਆਲੰਬਨ’ ਦੀ ਭੂਮਿਕਾ ਨਿਭਾਉਂਦਾ ਹੈ। ਜੋ ਵੀ ਹੁਕਮ, ਇੱਛਾ, ਭਾਵਨਾ ਈਸ਼ਵੀਰੀ-ਸੱਤਾ ਵਿਚ ਉਗਮਦੀ ਹੈ, ਉਸ ਦੀ ਕ੍ਰਿਆ ਜਾਂ ਲਾਗੂ ਹੋਣ ਦੀ ਕਾਰਜ-ਸ਼ੀਲਤਾ ਮਨੁੱਖ ਵਿਚ ਹੁੰਦੀ ਹੈ। ਹੁਕਮ ਦਾ ਰਜ਼ਾ ਅਤੇ ਭਾਣੇ ਨਾਲ ਕਾਰਣ-ਕਾਰਜ ਸੰਬੰਧ ਹੈ। ਕਾਰਣ ਕਾਰਜ ਦਾ ਰੂਪ ਧਾਰਦਾ ਹੋਇਆ ਅਨੁਸ਼ਾਸਨਿਕ ਵਿਧਾਨ ਨੂੰ ਸੰਪੰਨ ਕਰਦਾ ਹੈ—ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ। ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ। (ਗੁ.ਗ੍ਰੰ.938)।
ਦੀਨਤਾ ਅਤੇ ਆਤਮ-ਸਮਰਪਣ: ਹੁਕਮ- ਰਜਾਈ ਚਲ ਕੇ ਗੁਰਮਤਿ ਵਿਚਲੀ ਭਗਤੀ ਵਿਚ ਜਦੋਂ ਸਾਧਕ ਨੂੰ ਪਰਮਾਤਮਾ ਦੀ ਸਰਬ-ਵਿਆਪਕਤਾ, ਸਰਬ- ਸ਼ਕਤੀਮਾਨਤਾ, ਉਦਾਰਤਾ, ਦਿਆਲਤਾ ਜਾਂ ਮਹਾਨਤਾ ਦਾ ਅਨੁਭਵ ਅਥਵਾ ਗਿਆਨ ਹੋ ਜਾਂਦਾ ਹੈ। ਤਾਂ ਇਕ ਪਾਸੇ ਉਸ ਨੂੰ ਪਰਮਾਤਮਾ ਦੀ ਮਹਾਨਤਾ ਅਤੇ ਦੂਜੇ ਪਾਸੇ ਆਪਣੀ ਤੁੱਛਤਾ ਦਾ ਸਹੀ ਬੋਧ ਹੁੰਦਾ ਹੈ। ਆਪਣੀ ਅਸਮਰਥਤਾ ਦਾ ਅਹਿਸਾਸ ਹੁੰਦਾ ਹੈ। ਉਸ ਨੂੰ ਸਭ ਕੁਝ ਤੁੱਛ ਜਿਹਾ ਮਹਿਸੂਸ ਹੋਣ ਲਗਦਾ ਹੈ। ਉਸ ਦੇ ਅੰਦਰੋਂ ਇਹ ਗੱਲ ਫੁਟ ਕੇ ਨਿਕਲਦੀ ਹੈ—ਬਾਬਾ ਮੈ ਕੁਚੀਲੁ ਕਾਚਉ ਮਤਿਹੀਨ।... ਅਵਗਣਿ ਸੁਭਰ ਗੁਣ ਨਹੀ ਬਿਨੁ ਗੁਣ ਕਿਉ ਘਰਿ ਜਾਉ। (ਗੁ.ਗ੍ਰੰ.1010); ਬਾਬਾ ਮੈ ਕਰਮਹੀਣ ਕੂੜਿਆਰ। ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ। (ਗੁ.ਗ੍ਰੰ. 989)। ਇਸ ਦੇ ਉਲਟ ਹਠ ਦੀ ਭਾਵਨਾ ਹੈ। ਹਠ ਹਉਮੈ ਨੂੰ ਜਨਮ ਦਿੰਦਾ ਹੈ। ਹਉਮੈ ਦੇ ਖ਼ਤਮ ਹੋਣ ਤੋਂ ਬਾਦ ਨਿਮਰਤਾ ਆਉਂਦੀ ਹੈ। ਇਸ ਤਰ੍ਹਾਂ ਸਪੱਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚਲੀ ਭਗਤੀ ਵਿਚ ਹਉਮੈ ਦਾ ਕੋਈ ਸਥਾਨ ਨਹੀਂ, ਕਿਉਂਕਿ ਹਉਮੈ ਦੇ ਵਿਨਾਸ਼ ਤੋਂ ਬਾਦ ਹੀ ਸਦ-ਬੁੱਧੀ ਉਪਜਦੀ ਹੈ। ਦੋਹਾਂ ਦਾ ਪਰਸਪਰ ਵਿਰੋਧ ਹੈ। ਹਉਮੈ ਘਿਰਣਾ ਦੀ ਉਤਪਾਦਕ ਹੈ। ਇਸ ਦੇ ਖ਼ਤਮ ਹੋਣ’ਤੇ ਦੀਨਤਾ ਦਾ ਭਾਵ ਪ੍ਰਸਫੁਟਿਤ ਹੁੰਦਾ ਹੈ।
ਦੀਨਤਾ ਦੀ ਭਾਵਨਾ ਤੋਂ ਬਾਦ ਆਤਮ- ਸਮਰਪਣ ਦੀ ਦਸ਼ਾ ਪੈਦਾ ਹੁੰਦੀ ਹੈ। ਸਾਧਕ ਸੰਸਾਰ ਦੇ ਸਾਰੇ ਸੰਬੰਧਾਂ, ਲੋਭਾਂ, ਸਮਰਥਤਾਵਾਂ ਨੂੰ ਛਡ-ਛਡਾ ਕੇ ਪਰਮਾਤਮਾ ਦੇ ਦੁਆਰ ਉਤੇ ਡਿਗ ਪੈਂਦਾ ਹੈ। ਉਸ ਨੂੰ ਪਰਮ-ਸੱਤਾ ਤੋਂ ਬਿਨਾ ਹੋਰ ਸਹਾਰਾ ਨਹੀਂ ਲਭਦਾ, ਕਿਉਂਕਿ ਅਜਿਹੀ ਕੋਈ ਹੋਰ ਸੱਤਾ ਹੈ ਹੀ ਨਹੀਂ, ਜਿਸ ਦੇ ਦੁਆਰ ਉਤੇ ਜਾ ਕੇ ਡਿਗਿਆ ਜਾਏ—ਚਾਰੇ ਕੁੰਡਾ ਢੂਢੀਆ ਕੋ ਨੀਮ੍ਹੀ ਮੈਡਾ। ਜੇ ਤੁਧੁ ਭਾਵੈ ਸਾਹਿਬਾ ਤੂੰ ਮੈ ਹਉ ਤੈਡਾ। ਦਰੁ ਬੀਭਾ ਮੈ ਨੀਮ੍ਹਿ ਕੋ ਕੈ ਕਰੀ ਸਲਾਮੁ। ਹਿਕੋ ਮੈਡਾ ਤੂ ਧਣੀ ਸਾਚਾ ਮੁਖਿ ਨਾਮੁ। (ਗੁ.ਗ੍ਰੰ.418)।
ਆਤਮ-ਸਮਰਪਣ ਨੂੰ ਹੀ ‘ਸ਼ਰਣਾਗਤਿ ’ ਦੀ ਸਥਿਤੀ ਕਿਹਾ ਜਾ ਸਕਦਾ ਹੈ। ਇਸ ਸੰਸਾਰ ਤੋਂ ਉਹੀ ਉਬਰ ਸਕਦਾ ਹੈ ਜੋ ਪਰਮਾਤਮਾ ਦੀ ਸ਼ਰਣ ਵਿਚ ਜਾਂਦਾ ਹੈ—ਤੁਮ੍ਹਰੀ ਸਰਣਿ ਪਰੇ ਪਤਿ ਰਾਖਹੁ ਸਾਚੁ ਮਿਲੈ ਗੋਪਾਲਾ। (ਗੁ.ਗ੍ਰੰ.1274)। ਸਪੱਸ਼ਟ ਹੈ ਕਿ ਗੁਰਮਤਿ-ਭਗਤੀ ਦੀ ਸੰਪੰਨਤਾ ਲਈ ਸਾਧਕ ਦੀ ਦੀਨਤਾ ਅਤੇ ਆਤਮ- ਸਮਰਪਣ ਆਵੱਸ਼ਕ ਤੱਤ੍ਵ ਹਨ।
ਮਨ ਮਾਰਨਾ: ਆਤਮ ਸਮਰਪਣ ਤੋਂ ਬਾਦ ਮਨ ਨੂੰ ਇਕਾਗਰ ਕਰਨਾ ਜ਼ਰੂਰੀ ਹੋ ਜਾਂਦਾ ਹੈ। ਇਸੇ ਲਈ ਗੁਰਮਤਿ ਅਨੁਸਾਰੀ ਭਗਤੀ ਵਿਚ ਮਨ ਮਾਰਨ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ ਹੈ। ਮਨਿ ਜੀਤੈ ਜਗੁ ਜੀਤੁ ਕਹਿ ਕੇ ਗੁਰੂ ਨਾਨਕ ਦੇਵ ਜੀ ਨੇ ਇਸ ਸੰਬੰਧ ਵਿਚ ਆਪਣੀ ਅਧਿਆਤਮਿਕ ਮਾਨਤਾ ਸਪੱਸ਼ਟ ਕੀਤੀ ਹੈ। ਮਨ ਦੇ ਸਰੂਪ ਨੂੰ ਵਿਚਾਰਦਿਆਂ ਸਥਾਪਨਾ ਕੀਤੀ ਗਈ ਹੈ ਕਿ ਸ਼ਰੀਰ ਰੂਪੀ ਬ੍ਰਿਛ ਉਤੇ ਮਨ ਰੂਪੀ ਪੰਛੀ ਬੈਠਾ ਹੈ ਅਤੇ ਗਿਆਨ ਇੰਦ੍ਰੀਆਂ ਰੂਪੀ ਪੰਜ ਹੋਰ ਪੰਛੀ ਵੀ ਬੈਠੇ ਹਨ। ਜਦ ਉਹ ਪੰਜ ਪੰਛੀ ਮਨ ਰੂਪੀ ਪੰਛੀ ਦੇ ਪ੍ਰਭਾਵ ਅਧੀਨ ਕਰਮ-ਤੱਤ੍ਵ ਨੂੰ ਚੁਗਦੇ ਹਨ, ਅਰਥਾਤ ਗਿਆਨ ਇੰਦ੍ਰੀਆਂ ਮਨ ਦੇ ਵਸ ਵਿਚ ਰਹਿ ਕੇ ਹਰਿ-ਭਗਤੀ ਵਿਚ ਲੀਨ ਰਹਿੰਦੀਆਂ ਹਨ, ਤਾਂ ਸੰਸਾਰਿਕ ਬੰਧਨਾਂ ਤੋਂ ਮੁਕਤ ਰਹਿੰਦੀਆਂ ਹਨ। ਪਰ ਜਦੋਂ ਇੰਦ੍ਰੀਆਂ ਰੂਪੀ ਪੰਛੀ ਵਿਕੇਂਦ੍ਰਿਤ ਹੋ ਕੇ ਵਿਸ਼ੇ-ਵਾਸਨਾ ਦੇ ਆਕਰਸ਼ਕ ਅਤੇ ਸੁੰਦਰ ਚੋਗੇ ਨੂੰ ਚੁਗਦੇ ਹਨ, ਤਾਂ ਉਨ੍ਹਾਂ ਦੇ ਖੰਭ ਟੁਟ ਜਾਂਦੇ ਹਨ ਅਤੇ ਉਹ ਬੰਧਨਾਂ ਵਿਚ ਫਸ ਜਾਂਦੇ ਹਨ—ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ। ਤਤੁ ਚੁਗਹਿ ਮਿਲਿ ਏਕਸੇ ਤਿਨ ਕਉ ਫਾਸ ਨ ਰੰਚ। ਉਡਹਿ ਤ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ। ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ। (ਗੁ.ਗ੍ਰੰ.934)। ਸਪੱਸ਼ਟ ਹੈ ਕਿ ਬੰਧਨ ਦਾ ਕਾਰਣ ਮਨੋਵ੍ਰਿੱਤੀਆਂ ਦਾ ਵਿਕੇਂਦ੍ਰਿਤ ਹੋਣਾ ਹੈ। ਇਸ ਤਰ੍ਹਾਂ ਅਧਿਆਤਮਿਕ ਸਾਧਨਾ ਦੀ ਸਫਲਤਾ ਬਹੁਤ ਕੁਝ ਮਨ ਦੀ ਸਥਿਰਤਾ ਉਤੇ ਨਿਰਭਰ ਕਰਦੀ ਹੈ।
ਮਨ ਦੇ ਆਮ ਤੌਰ’ਤੇ ਦੋ ਰੂਪ ਮੰਨੇ ਗਏ ਹਨ। ਇਕ ਪ੍ਰਕਾਸ਼ਮਈ ਮਨ ਅਤੇ ਦੂਜਾ ਅੰਧਕਾਰਮਈ ਮਨ। ਗੁਰਮੁਖ ਵਿਅਕਤੀ ਦਾ ਮਨ ਪ੍ਰਕਾਸ਼ਮਈ ਹੁੰਦਾ ਹੈ ਕਿਉਂਕਿ ਉਹ ਜੋਤਿ ਸਰੂਪ ਪਰਮਾਤਾਮ ਦੀ ਜੋਤਿ ਨਾਲ ਪ੍ਰਕਾਸ਼ਿਤ ਹੁੰਦਾ ਹੈ। ਮਨ ਦਾ ਇਹ ਵਾਸਨਾ-ਮੁਕਤ ਰੂਪ ਹੈ। ਮਨ ਦਾ ਦੂਜਾ ਰੂਪ ਹੈ ਅੰਧਕਾਰਮਈ। ਇਹ ਮਨ ਦਾ ਹੀਨ ਪੱਖ ਹੈ। ਅਵਿਦਿਆ (ਮਾਇਆ) ਦੇ ਅਧੀਨ ਇਹ ਮਨ ਵਾਸਨਾਮਈ ਹੋ ਜਾਂਦਾ ਹੈ ਅਤੇ ਸੰਸਾਰਿਕਤਾ ਵਿਚ ਖਚਿਤ ਹੋ ਕੇ ਆਪਣੇ ਮੂਲ ਸਰੋਤ ਨੂੰ ਭੁਲ ਜਾਂਦਾ ਹੈ। ਇਸ ਪ੍ਰਕਾਰ ਦੇ ਮਨ ਵਾਲਾ ਮਨੁੱਖ ‘ਮਨਮੁਖ’ ਹੈ। ਅੰਧਕਾਰਮਈ ਮਨ ਨੂੰ ਸਮਝਾਉਣ ਲਈ ਗੁਰਬਾਣੀ ਦੇ ਉਪਦੇਸ਼ ਬੜੇ ਪ੍ਰਭਾਵਸ਼ਾਲੀ ਹਨ। ਅੰਧਕਾਰ ਨੂੰ ਖ਼ਤਮ ਕਰਕੇ ਪ੍ਰਕਾਸ਼ਿਤ ਮਾਰਗ ਉਤੇ ਚਲਣ ਨਾਲ ਹੀ ਭਗਤੀ ਵਿਚ ਸਫਲਤਾ ਮਿਲਦੀ ਹੈ।
ਕੀਰਤਨ, ਸ਼੍ਰਵਣ ਅਤੇ ਮਨਨ: ਮਨ ਮਾਰਨ ਤੋਂ ਬਾਦ ਭਗਤੀ ਦੀ ਕਾਰਵਾਈ ਸ਼ੁਰੂ ਹੁੰਦੀ ਹੈ। ਸਭ ਤੋਂ ਪਹਿਲਾਂ ਕੀਰਤਨ ਦੀ ਸਥਿਤੀ ਹੈ। ‘ਕੀਰਤਨ’ ਤੋਂ ਭਾਵ ਹੈ ਭਗਵਾਨ ਦੇ ਗੁਣਾਂ ਦੇ ਮਹਾਤਮ ਜਾਂ ਯਸ਼ ਦਾ ਗਾਇਨ ਕਰਨਾ। ਗੁਰਮਤਿ-ਭਗਤੀ ਵਿਚ ਗੁਰੂ ਨਾਨਕ ਦੇਵ ਜੀ ਤੋਂ ਹੀ ਇਸ ਦੀ ਹਰਿ-ਭਗਤੀ ਵਿਚ ਲੋੜ ਦੀ ਘੋਸ਼ਣਾ ਕੀਤੀ ਗਈ ਹੈ, ਕਿਉਂਕਿ ਹਰਿ ਦਿਨੁ ਰੈਨਿ ਕੀਰਤਨੁ ਗਾਈਐ। ਬਹੁੜਿ ਨ ਜੋਨੀ ਪਾਈਐ। (ਗੁ.ਗ੍ਰੰ.624)। ‘ਜਪੁਜੀ ’ ਵਿਚ ਕੀਰਤਨ ਨੂੰ ਸ਼੍ਰਵਣ ਅਤੇ ਮਨਨ ਤੋਂ ਕ੍ਰਮ ਵਿਚ ਪਹਿਲਾ ਸਥਾਨ ਦਿੱਤਾ ਗਿਆ ਹੈ। ਸਚ ਤਾਂ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨ ਨੇ ਕੀਰਤਨ ਦੇ ਮਹੱਤਵ ਨੂੰ ਕੇਵਲ ਸਵੀਕਾਰ ਹੀ ਨਹੀਂ ਕੀਤਾ, ਸਗੋਂ ਅਮਲੀ ਤੌਰ’ਤੇ ਕੀਰਤਨ ਨੂੰ ਜੀਵਿਆ ਹੈ। ਉਨ੍ਹਾਂ ਦੀ ਸਾਰੀ ਬਾਣੀ ਰਾਗ-ਬੱਧ ਹੈ। ਇਸ ਤਰ੍ਹਾਂ ਗੁਰਮਤਿ-ਭਗਤੀ ਵਿਚ ਕੀਰਤਨ ਦਾ ਸਥਾਨ ਬੁਨਿਆਦੀ ਹੈ। ਇਹ ਕੀਰਤਨ ਨਿਰਮੋਲਕ ਹੀਰਾ ਅਤੇ ਆਨੰਦ ਗੁਣੀ ਗਹੀਰਾ ਹੈ।
‘ਕੀਰਤਨ’ ਤੋਂ ਬਾਦ ‘ਸ਼੍ਰਵਣ’ ਦੀ ਸਥਿਤੀ ਹੈ। ‘ਸ਼੍ਰਵਣ’ ਦਾ ਅਰਥ ਹੈ ਸੁਣਨਾ। ਇਸ ਪ੍ਰਕਰਣ ਵਿਚ ‘ਸ਼੍ਰਵਣ’ ਤੋਂ ਅਭਿਪ੍ਰਾਯ ਹੈ ‘ਹਰਿ ਜਸ ਸੁਣਨਾ’। ‘ਜਪੁਜੀ’ ਵਿਚ ਇਸ ਦੇ ਮਹੱਤਵ ਨੂੰ ਸਪੱਸ਼ਟ ਕਰਨ ਲਈ ਚਾਰ ਪਉੜੀਆਂ ਦੀ ਰਚਨਾ ਹੋਈ ਹੈ। ਸੁਣਿਆ ਮਨਿਆ ਮਨ ਕੀਤਾ ਭਾਉ ਕਥਨ ਦੁਆਰਾ ਗੁਰਮਤਿ ਪ੍ਰੇਮ-ਭਗਤੀ ਵਿਚ ਸ਼੍ਰਵਣ ਅਤੇ ਮਨਨ ਦੀ ਬਹੁਤ ਲੋੜ ਦਰਸਾਈ ਗਈ ਹੈ। ਗੁਰੂ ਅਰਜਨ ਦੇਵ ਉਨ੍ਹਾਂ ਸਾਧਕਾਂ ਤੋਂ ਬਲਿਹਾਰੇ ਜਾਂਦੇ ਹਨ ਜਿਨ੍ਹਾਂ ਨੇ ਪ੍ਰਭੂ ਦਾ ਯਸ਼ ਆਪਣੇ ਕੰਨਾਂ ਨਾਲ ਸ਼੍ਰਵਣ ਕੀਤਾ ਹੈ—ਤਿਨ ਘੋਲਿ ਘੁਮਾਈ ਜਿਨ ਪ੍ਰਭੁ ਸ੍ਰਵਣੀ ਸੁਣਿਆ ਰਾਮ। (ਗੁ.ਗ੍ਰੰ.577)।
‘ਸ਼੍ਰਵਣ’ ਤੋਂ ਬਾਦ ‘ਮਨਨ’ ਉਤੇ ਬਲ ਦਿੱਤਾ ਗਿਆ ਹੈ। ‘ਮਨਨ’ ਤੋਂ ਭਾਵ ਹੈ ਚਿੰਤਨ। ਪਰਮਾਤਮਾ ਦੇ ਯਸ਼ ਨੂੰ ਨਿਰਾ ਸੁਣਨਾ ਹੀ ਨਹੀਂ, ਉਸ ਨੂੰ ਵਿਚਾਰਨਾ ਵੀ ਹੈ। ਵਿਚਾਰਨ ਜਾਂ ਚਿੰਤਨ ਕਰਨ ਤੋਂ ਭਾਵ ‘ਮਨਨ’ ਹੀ ਹੈ। ਗੁਰੂ ਨਾਨਕ ਦੇਵ ਜੀ ਨੇ ਮਨਨ ਦੀ ਮਹੱਤਵ-ਸਥਾਪਨਾ ਲਈ ‘ਜਪੁਜੀ’ ਵਿਚ ਚਾਰ ਪਉੜੀਆਂ ਰਚੀਆਂ ਹਨ। ਮਨਨ ਕਰਨ ਵਾਲੇ ਦੀ ਅਵਸਥਾ ਵਰਣਨ ਤੋਂ ਪਰੇ ਹੈ ਅਤੇ ਜੋ ਕੋਈ ਹਠ-ਪੂਰਵਕ ਉਸ ਅਵਸਥਾ ਦਾ ਵਰਣਨ ਕਰਦਾ ਹੈ, ਉਹ ਆਪਣੀ ਅਸਮਰਥਾ ਕਾਰਣ ਬਾਦ ਵਿਚ ਪਛਤਾਉਂਦਾ ਹੈ। ਸ਼੍ਰਵਣ ਅਤੇ ਮਨਨ ਦਾ ਪਰਸਪਰ ਸੰਬੰਧ ਕ੍ਰਮਕ ਹੈ। ਗੁਰੂ ਅਮਰਦਾਸ ਜੀ ਨੇ ਸ਼੍ਰਵਣ ਤੋਂ ਬਾਦ ਮਨਨ ਕਰਨ ਵਾਲੇ ਸਾਧਕ ਦਾ ਨਿਵਾਸ ਸੱਚੀ ਦਰਗਾਹ ਵਿਚ ਹੋਣਾ ਦਸਿਆ ਹੈ—ਜਿਨੀ ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸੁ। (ਗੁ.ਗ੍ਰੰ.27)।
ਨਾਮ-ਸਿਮਰਨ: ਕੀਰਤਨ, ਸ਼੍ਰਵਣ ਅਤੇ ਮਨਨ ਦੀ ਤ੍ਰੈਵੇਣੀ ਪਾਰ ਕਰਨ ਉਪਰੰਤ ਨਾਮ-ਸਿਮਰਨ ਦੇ ਅਭਿਆਸ ਦਾ ਸਥਾਨ ਹੈ। ‘ਨਾਮ’ ਤੋਂ ਭਾਵ ਹੈ ਕਿਸੇ ਵਸਤੂ , ਸਥਾਨ ਜਾਂ ਵਿਅਕਤੀ ਦੀ ਜਾਣਕਾਰੀ ਲਈ ਵਰਤਿਆ ਗਿਆ ਸ਼ਬਦ-ਚਿੰਨ੍ਹ। ਇਸ ਸ਼ਾਬਦਿਕ ਚਿੰਨ੍ਹ-ਪਰੰਪਰਾ ਵਿਚ ਪਰਮਾਤਮਾ ਦੇ ਵੀ ਕਈ ਨਾਮ ਕਲਪੇ ਗਏ ਹਨ। ਮੱਧ-ਯੁਗ ਦੇ ਸੰਤਾਂ, ਭਗਤਾਂ ਨੇ ‘ਨਾਮ’ ਨੂੰ ‘ਨਾਮੀ’ ਦਾ ਵਾਚਕ ਮੰਨ ਗਿਆ ਹੈ। ਇਸ ਤਰ੍ਹਾਂ ਨਾਮ ਨਾਮੀ ਦਾ ਸ਼ਬਦ-ਪ੍ਰਤੀਕ ਬਣ ਗਿਆ ਹੈ। ਗੁਰਬਾਣੀ ਵਿਚ ਨਾਮੀ (ਪਰਮਾਤਮਾ) ਦੀਆਂ ਸਾਰੀਆਂ ਸ਼ਕਤੀਆਂ, ਸਮਰਥਤਾਵਾਂ ਅਤੇ ਗੁਣਾਂ ਦਾ ਆਰੋਪਣ ਨਾਮ ਉਪਰ ਕਰ ਦਿੱਤਾ ਗਿਆ ਹੈ। ਅਸਲ ਵਿਚ, ਨਾਮ ਪਰਮ-ਤੱਤ੍ਵ ਦੀਆਂ ਸੰਪੂਰਣ ਸਮਰਥਤਾਵਾਂ ਦਾ ਘਣੀਭੂਤ ਰੂਪ ਹੈ। ਨਾਮ ਦੀ ਉਤਪੱਤੀ ਵੀ ਨਾਮੀ ਦੁਆਰਾ ਮੰਨੀ ਗਈ ਹੈ—ਆਪੀਨ੍ਹੇ ਆਪੁ ਸਾਜਿਉ ਆਪੀਨ੍ਹੇ ਰਚਿਓ ਨਾਉ। ਇਹ ਨਾਮ ਅਦ੍ਰਿਸ਼ਟ, ਅਗੋਚਰ , ਅਪਾਰ ਅਤੇ ਅਤਿ ਮਧੁਰ ਹੈ—ਅਦਿਸਟ ਅਗੋਚਰੁ ਨਾਮੁ ਅਪਾਰਾ। ਅਤਿ ਰਸੁ ਮੀਠਾ ਨਾਮੁ ਪਿਆਰਾ। (ਗੁ.ਗ੍ਰੰ.1041-42)।
ਗੁਰਬਾਣੀ ਵਿਚ ਨਾਮ-ਸਾਧਨਾ ਦੀ ਪ੍ਰਕ੍ਰਿਆ ਨੂੰ ‘ਸਿਮਰਨ ’ ਕਿਹਾ ਗਿਆ ਹੈ। ਨਾਮ-ਸਾਧਨਾ ਰਾਹੀਂ ਮਨੋਵ੍ਰਿੱਤੀਆਂ ਨੂੰ ਈਸ਼ਵਰ ਵਲ ਮੋੜਿਆ ਜਾਂਦਾ ਹੈ। ਇਸ ਨਾਲ ਅੰਦਰ ਦੀ ਮੈਲ ਕਟਦੀ ਹੈ, ਹੰਕਾਰ ਦਾ ਵਿਨਾਸ਼ ਹੁੰਦਾ ਹੈ। ਇਸ ਦੀ ਮਹਿਮਾ ਦੀ ਸਥਾਪਨਾ ਸਾਰੀ ਗੁਰਬਾਣੀ ਵਿਚ ਹੋਈ ਹੈ ਕਿਉਂਕਿ ਇਸ ਸਾਧਨਾ ਦਾ ਇਕ ਕਿਣਕਾ ਵੀ ਅਸੰਖ ਪਾਪਾਂ ਨੂੰ ਨਸ਼ਟ ਕਰ ਦਿੰਦਾ ਹੈ—ਕਟੇ ਪਾਪ ਅਸੰਖ ਨਾਵੈ ਇਕ ਕਣੀ। ਜੇ ਗੁਰਬਾਣੀ ਵਿਚ ਚਿਤਰਿਤ ਨਾਮ ਦੇ ਮਹੱਤਵ ਅਤੇ ਆਵੱਸ਼ਕਤਾ ਨੂੰ ਇਕਠਿਆਂ ਵਰਣਿਤ ਕੀਤਾ ਜਾਏ ਤਾਂ ਸਪੱਸ਼ਟ ਹੁੰਦਾ ਹੈ ਕਿ ਅਕਥਨੀਯ ਪਰਮਾਤਮਾ ਦਾ ਵਾਚਕ ਹੋਣ ਕਾਰਣ ਨਾਮ ਵੀ ਅਕਥਨੀਯ, ਅਵਰਣਨੀਯ ਅਤੇ ਅਮੋਲਕ ਹੈ। ਇਸ ਦਾ ਭੇਦ ਨਹੀਂ ਪਾਇਆ ਜਾ ਸਕਦਾ। ਕਲਿਯੁਗ ਵਿਚ ਇਹ ਸਰਬ ਸ੍ਰੇਸ਼ਠ ਸਾਧਨਾ-ਵਿਧੀ ਹੈ। ਇਸ ਰਾਹੀਂ ਹੀ ਭਵਸਾਗਰ ਤਰਿਆ ਜਾ ਸਕਦਾ ਹੈ ਅਤੇ ਆਵਾਗਵਣ ਦਾ ਚੱਕਰ ਸਮਾਪਤ ਹੁੰਦਾ ਹੈ। ਇਹ ਸੱਚੀ ਦਰਗਾਹ ਵਿਚ ਪ੍ਰਤਿਸ਼ਠਾ ਅਤੇ ਪ੍ਰਮਾਣਿਕਤਾ ਪ੍ਰਾਪਤ ਕਰਾਉਣ ਵਾਲਾ ਅਮਰ ਪਦਾਰਥ ਹੈ। ਗੁਰਮਤਿ-ਭਗਤੀ ਵਿਚ ਨਾਮ-ਸਿਮਰਨ ਰੀੜ੍ਹ ਦੀ ਹੱਡੀ ਦੀ ਭੂਮਿਕਾ ਨਿਭਾਉਂਦਾ ਹੈ।
ਜਾਤਿ-ਪਾਤਿ ਦਾ ਨਿਖੇਧ: ਗੁਰੂ ਗ੍ਰੰਥ ਸਾਹਿਬ ਦੀ ਭਗਤੀ-ਸਾਧਨਾ ਵਿਚ ਜਾਤਿ ਭੇਦ-ਭਾਵ ਨੂੰ ਕੋਈ ਸਥਾਨ ਨਹੀਂ ਦਿੱਤਾ ਗਿਆ, ਕਿਉਂਕਿ ਇਹ ਭਾਵ/ਪ੍ਰੇਮ ਦੀ ਬੁਨਿਆਦ ਨੂੰ ਹੀ ਹਿਲਾ ਦਿੰਦਾ ਹੈ। ਜਾਤਿ ਸੰਬੰਧੀ ਹੰਕਾਰ ਵਿਅਰਥ ਹੈ। ਸਾਰੇ ਜੀਵ (ਮਨੁੱਖ) ਇਕੋ ਪਰਮਾਤਮਾ ਦੀ ਛੱਤਰ-ਛਾਇਆ ਵਿਚ ਪਲਦੇ ਹਨ। ਜੇ ਜਾਤਿ ਦੀ ਉੱਚਤਾ ਕਰਕੇ ਆਪਣੇ ਆਪ ਨੂੰ ਸ੍ਰੇਸ਼ਠ ਅਖਵਾਇਆ ਜਾਏ, ਤਾਂ ਬੜਾ ਅਨੁਚਿਤ ਹੈ। ਕਿਉਂਕਿ ਵੱਡਾ ਜਾਤਿ ਕਰਕੇ ਨਹੀਂ, ਪਰਮਾਤਮਾ ਦੇ ਦੁਆਰ ਉਤੇ ਪ੍ਰਤਿਸ਼ਠਾ ਪ੍ਰਾਪਤ ਕਰਨ ਨਾਲ ਬਣਿਆ ਜਾਂਦਾ ਹੈ—ਫਕੜ ਜਾਤੀ ਫਕੜੁ ਨਾਉ। ਸਭਨਾ ਜੀਆ ਇਕਾ ਛਾਉ। ਆਪਹੁ ਜੇ ਕੋ ਭਲਾ ਕਹਾਏ। ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ। (ਗੁ.ਗ੍ਰੰ.83)।
ਜਾਤਿ ਭੇਦ-ਭਾਵ ਦੇ ਖੰਡਨ ਪ੍ਰਤਿ ਗੁਰੂ ਸਾਹਿਬਾਨ ਦੀ ਮੱਧ-ਯੁਗ ਦੇ ਸੰਤਾਂ, ਭਗਤਾਂ ਤੋਂ ਵਿਸ਼ਿਸ਼ਟਤਾ ਇਹ ਹੈ ਕਿ ਤਥਾ-ਕਥਿਤ ਉੱਚੀ ਕੁਲ ਨਾਲ ਸੰਬੰਧ ਰਖਣ ਦੇ ਬਾਵਜੂਦ ਉਨ੍ਹਾਂ ਨੇ ਜਾਤਿ-ਭੇਦ ਭਾਵ ਦਾ ਦ੍ਰਿੜ੍ਹਤਾ ਨਾਲ ਵਿਰੋਧ ਕੀਤਾ ਸੀ। ਉਨ੍ਹਾਂ ਦੀ ਬਾਣੀ ਵਿਚ ਅਜਿਹਾ ਚਿਤ੍ਰਣ ਕੇਵਲ ਲੋਕ-ਕਲਿਆਣਕਾਰੀ ਭਾਵਨਾ ਅਧੀਨ ਮਜ਼ਲੂਮਾਂ ਅਤੇ ਮਿਧੇ ਹੋਏ ਦਲਿਤਾਂ ਨੂੰ ਉਠਾ ਕੇ ਸਮਾਜ ਵਿਚ ਸਮਾਨ ਮਾਨ-ਪ੍ਰਤਿਸ਼ਠਾ ਪ੍ਰਾਪਤ ਕਰਾਉਣੀ ਸੀ। ਉਨ੍ਹਾਂ ਨੇ ਆਪਣੀ ਕੁਲੀਨਤਾ ਦੀ ਉਪੇਖਿਆ ਕਰਕੇ ਨੀਵੀਆਂ ਤੋਂ ਨੀਵੀਆਂ ਜਾਤੀਆਂ ਦੇ ਸੰਪਰਕ ਵਿਚ ਰਹਿਣਾ ਅਧਿਕ ਉਚਿਤ ਸਮਝਿਆ ਹੈ ਅਤੇ ਵੱਡੀਆਂ ਜਾਤਾਂ ਵਾਲੇ ਅਖਵਾਉਣ ਵਾਲੇ ਮਨੁੱਖਾਂ ਨਾਲ ਤਾਲ-ਮੇਲ ਰਖਣਾ ਪਸੰਦ ਨਹੀਂ ਕੀਤਾ ਹੈ—ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ। ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ। (ਗੁ. ਗ੍ਰੰ.15)।
ਗ੍ਰਿਹਸਥ-ਧਰਮ ਦੀ ਪਾਲਨਾ: ਗੁਰੂਗ੍ਰੰਥ ਸਾਹਿਬ ਵਿਚ ਪ੍ਰਤਿਪਾਦਿਤ ਭਗਤੀ ਵਿਚ ਗ੍ਰਿਹਸਥ ਧਰਮ ਦੀ ਪਾਲਨਾ ਉਤੇ ਬਹੁਤ ਬਲ ਦਿੱਤਾ ਗਿਆ ਹੈ। ਸਾਰੇ ਗੁਰੂ ਸਾਹਿਬਾਨ ਖ਼ੁਦ ਗ੍ਰਿਹਸਥੀ ਸਨ। ਉਨ੍ਹਾਂ ਦੀ ਗ੍ਰਿਹਸਥ ਵਿਚ ਪੂਰੀ ਆਸਥਾ ਸੀ। ਉਹ ਇਹ ਅਨੁਭਵ ਕਰ ਚੁਕੇ ਸਨ ਕਿ ਮਨਮੁਖ ਵੈਰਾਗ ਦੀ ਮਾਮੂਲੀ ਜਿਹੀ ਲਹਿਰ ਦੇ ਵਸ ਹੋ ਕੇ ਆਪਣਾ ਘਰਬਾਰੀ ਜੀਵਨ ਤਿਆਗ ਦਿੰਦਾ ਹੈ, ਪਰ ਢਿਡ ਭਰਨ ਲਈ ਹੋਰਨਾਂ ਦੇ ਘਰਾਂ ਵਲ ਝਾਕਦਾ ਹੈ। ਇਸ ਤਰ੍ਹਾਂ ਵੈਰਾਗੀ ਬਣੇ ਉਹ ਸਾਧਕ ਆਪਣੀ ਗ੍ਰਿਹਸਥੀ ਨੂੰ ਨਸ਼ਟ ਕਰਕੇ ਦੇਸ਼-ਦੇਸ਼ਾਂਤਰਾਂ ਵਿਚ ਘੁੰਮਦੇ ਫਿਰਦੇ ਹਨ, ਪਰ ਉਨ੍ਹਾਂ ਦੀ ਤ੍ਰਿਸ਼ਣਾ ਖ਼ਤਮ ਨਹੀਂ ਹੁੰਦੀ, ਸਗੋਂ ਹੋਰ ਵਧਦੀ ਜਾਂਦੀ ਹੈ। ਉੁਹ ਢੋਰਾਂ ਵਾਂਗ ਢਿਡ ਭਰਦੇ ਹੋਏ ‘ਸ਼ਬਦ’ ਦੀ ਪਛਾਣ ਨਹੀਂ ਕਰ ਸਕਦੇ—ਮਨਮੁਖੁ ਲਹਿਰ ਘਰੁ ਤਜਿ ਵਿਗੂਚੈ ਅਵਰਾ ਕੇ ਘਰ ਹੇਰੈ। ਗ੍ਰਿਹ ਧਰਮੁ ਗਵਾਏ ਸਤਿਗੁਰੂ ਨ ਭੇਟੈ ਕੁਰਮਤਿ ਘੂਮਨ ਘੇਰੈ। ਦਿਸੰਤਰੁ ਭਵੈ ਪਾਠ ਪੜਿ ਥਾਕਾ ਤ੍ਰਿਸਨਾ ਹੋਇ ਵਧੇਰੈ। ਕਾਚੀ ਪਿੰਡੀ ਸਬਦੁ ਨ ਚੀਨੇ ਉਦਰੁ ਭਰੈ ਜੈਸੇ ਢੋਰੈ। (ਗੁ.ਗ੍ਰੰ.1012)।
ਗ੍ਰਿਹਸਥੀ ਹੋ ਕੇ, ਗੁਰਬਾਣੀ ਅਨੁਸਾਰ, ਮਨੁੱਖ ਨੂੰ ਸੰਸਾਰਿਕਤਾ ਵਿਚ ਉਲਝਣਾ ਨਹੀਂ ਚਾਹੀਦਾ। ਸਗੋਂ ਸੰਸਾਰਿਕਤਾ ਪ੍ਰਤਿ ਉਦਾਸੀਨਤਾ ਦਾ ਰੁਖ ਅਪਣਾਉਣਾ ਚਾਹੀਦਾ ਹੈ—ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲ ਰਹੈ ਵਿਚਿ ਪਾਣੀ ਹੇ। (ਗੁ.ਗ੍ਰੰ.1070)।
ਗ੍ਰਿਹਸਥ-ਧਰਮ ਵਿਚ ਯਕੀਨ ਨ ਰਖਣ ਵਾਲੇ ਧਰਮ ਸਾਧਕਾਂ ਅਤੇ ਸਾਧਾਂ-ਨਾਥਾਂ ਨੇ ਇਸ ਧਰਮ ਦੀ ਪਾਲਨਾ ਲਈ ਆਧਾਰ ਭੂਤ ਅਰਧ-ਅੰਗ ਨਾਰੀ ਨੂੰ ਰਜ ਕੇ ਨਿੰਦਿਆ ਹੈ। ਇਸ ਨੂੰ ਅਧਿਆਤਮਿਕ ਸਾਧਨਾ ਵਿਚ ਵਿਘਨਕਾਰੀ ਸ਼ਕਤੀ ਘੋਸ਼ਿਤ ਕੀਤਾ ਹੈ। ਪਰ ਗੁਰਮਤਿ ਦਾ ਨਾਰੀ ਸੰਬੰਧੀ ਦ੍ਰਿਸ਼ਟੀਕੋਣ ਯੁਗ ਦੀਆਂ ਪ੍ਰਵ੍ਰਿੱਤੀਆਂ ਤੋਂ ਨਿਆਰਾ ਹੈ। ਗੁਰੂ ਸਾਹਿਬਾਨ ਦੀ ਸਥਾਪਨਾ ਹੈ ਕਿ ਮਨੁੱਖ ਦੀ ਸਾਰੀ ਗਤਿਵਿਧੀ ਨਾਰੀ ਦੁਆਰਾ ਹੀ ਚਲਦੀ ਹੈ। ਇਸ ਤੋਂ ਬਿਨਾ ਸੰਸਾਰ ਦਾ ਵਿਕਾਸ ਹੀ ਖ਼ਤਮ ਹੋ ਜਾਂਦਾ ਹੈ। ਇਸ ਲਈ ਗ੍ਰਿਹਸਥ-ਧਰਮ ਦੇ ਵਿਵਸਥਿਤ ਪਰਿਚਾਲਨ ਲਈ ਨਾਰੀ ਦਾ ਸਤਿਕਾਰ ਪਰਮ-ਆਵੱਸ਼ਕ ਹੈ।
ਕਿਰਤ-ਕਮਾਈ: ਗੁਰਬਾਣੀ ਨੇ ਗ੍ਰਿਹਸਥ- ਧਰਮ ਦੀ ਪਾਲਣਾ ਲਈ ਉਦਮ ਕਰਨ ਉਤੇ ਬਹੁਤ ਬਲ ਦਿੱਤਾ ਹੈ। ਅਸਲ ਵਿਚ, ਗੁਰੂ ਸਾਹਿਬਾਨ ਨੇ ਆਪਣੀ ਸਾਧਨਾ-ਪੱਧਤੀ ਰਾਹੀਂ ਕਰਮਹੀਨ ਅਨੁਯਾਈਆਂ ਦਾ ਕੋਈ ਨਵਾਂ ਦਲ ਖੜਾ ਕਰਨਾ ਨਹੀਂ ਸੋਚਿਆ ਸੀ। ਉਨ੍ਹਾਂ ਦੀ ਭਗਤੀ ਸੰਸਾਰਿਕ ਧੰਧਿਆਂ ਤੋਂ ਮੁਖ ਮੋੜ ਕੇ ਸੰਨਿਆਸ ਲੈਣ ਵਾਲੀ ਨਹੀਂ ਸੀ, ਨ ਹੀ ਸਮਾਜ ਉਤੇ ਬੋਝ ਬਣਨ ਵਾਲੇ ਸਾਧਕ ਪੈਦਾ ਕਰਨੇ ਸਨ। ਗੁਰੂ ਸਾਹਿਬਾਨ ਸਮਾਜ ਪ੍ਰਤਿ ਆਪਣੀ ਜ਼ਿੰਮੇਵਾਰੀ ਸਮਝਦੇ ਸਨ, ਇਸ ਲਈ ਉਨ੍ਹਾਂ ਨੇ ਆਪਣੀ ਸਾਧਨਾ ਵਿਚ ਪਲਾਇਣਵਾਦੀ ਬਿਰਤੀ ਨੂੰ ‘ਕਿਰਤ-ਕਮਾਈ ’ ਰਾਹੀਂ ਸਮੂਲ ਖ਼ਤਮ ਕਰ ਦਿੱਤਾ ਹੈ ਅਤੇ ਇਸ ਨੂੰ ਗੁਰਮਤਿ-ਜੀਵਨ- ਦਰਸ਼ਨ ਦਾ ਇਕ ਪ੍ਰਧਾਨ ਤੱਤ੍ਵ ਬਣਾ ਦਿੱਤਾ। ਉਹੀ ਸਾਧਕ ਸਹੀ ਰਸਤੇ ਉਤੇ ਚਲਦਾ ਦਸਿਆ ਹੈ ਜੋ —ਘਾਲਿ ਖਾਇ ਕਿਛੁ ਹਥਹੁ ਦੇਇ। ਨਾਨਕ ਰਾਹੁ ਪਛਾਣਹਿ ਸੇਇ। (ਗੁ.ਗ੍ਰੰ.1245)।
ਸੇਵਾ: ਗੁਰੂ ਗ੍ਰੰਥ ਸਾਹਿਬ ਦੀ ਭਗਤੀ ਵਿਚ ਸੇਵਾ ਦੀ ਉਚੇਚੀ ਮਹੱਤਵ-ਸਥਾਪਨਾ ਹੋਈ ਹੈ। ਉਂਜ ਤਾਂ ਭਗਤੀ ਦਾ ਇਕ ਪ੍ਰਯਾਯ ‘ਸੇਵਾ’ ਹੀ ਹੈ, ਪਰ ਗ੍ਰੰਥ ਸਾਹਿਬ ਵਿਚ ਇਸ ਧਾਰਣਾ ਨੂੰ ਬੜੀ ਦ੍ਰਿੜ੍ਹਤਾ ਨਾਲ ਪ੍ਰਸਤੁਤ ਕੀਤਾ ਗਿਆ ਹੈ। ਸੇਵਾ ਅਸਲੋਂ ਬੜੀ ਉੱਚੀ ਸਾਧਨਾ ਹੈ। ਮਨੁੱਖ ਦਾ ਹਰ ਕਾਰਜ ਹੰਕਾਰ-ਯੁਕਤ ਹੈ। ਸੇਵਾ ਦੀ ਭਾਵਨਾ ਹੰਕਾਰ ਨੂੰ ਨਸ਼ਟ ਕਰਦੀ ਹੈ। ਹੰਕਾਰ ਧੁੰਧ-ਗੁਬਾਰ ਵਰਗਾ ਹੈ, ਸੇਵਾ ਪ੍ਰਕਾਸ਼ ਰੂਪ ਹੈ। ਹੰਕਾਰ ਆਪਣੇ ਆਪ ਵਿਚ ਜੀਉਣਾ ਹੈ, ਸੇਵਾ ਦੂਜਿਆਂ ਲਈ ਜੀਵਿਤ ਰਿਹਾ ਜਾਂਦਾ ਹੈ। ਜਦ ਤਕ ਜਿਗਿਆਸੂ ਹੰਕਾਰ ਜਾਂ ਆਪਣੇਪਨ ਦੀ ਭਾਵਨਾ ਨੂੰ ਨਸ਼ਟ ਨਹੀਂ ਕਰਦਾ, ਤਦ ਤਕ ਉਹ ਸੇਵਾ ਕਰਨ ਦਾ ਗੌਰਵ ਹਾਸਲ ਨਹੀਂ ਕਰ ਸਕਦਾ। ਸੇਵਾ ਕਰਨ ਦੀ ਰੁਚੀ ਹਰ ਇਕ ਵਿਅਕਤੀ ਦੇ ਮਨ ਵਿਚ ਪੈਦਾ ਨਹੀਂ ਹੋ ਸਕਦੀ। ਇਸ ਦੀ ਪ੍ਰਾਪਤੀ ਲਈ ਬੜੇ ਉੱਚੇ ਆਚਰਣ ਦੀ ਲੋੜ ਹੁੰਦੀ ਹੈ। ਇਸ ਵਿਚ ਕੋਈ ਸੰਤੋਸ਼ੀ ਸਾਧਕ ਹੀ ਲਗ ਸਕਦਾ ਹੈ, ਜਿਸ ਨੇ ਸਤਿ ਸਰੂਪ ਪਰਮਾਤਮਾ ਦੀ ਆਰਾਧਨਾ ਕੀਤੀ ਹੋਵੇ।
ਸੇਵਾ ਤੋਂ ਬਿਨਾ ਸਾਧਕ ਪਰਮ-ਪਦ ਜਾਂ ਮੁਕਤੀ ਪ੍ਰਾਪਤ ਹੀ ਨਹੀਂ ਕਰ ਸਕਦਾ ਕਿਉਂਕਿ ਭਗਤੀ-ਸਾਧਨਾ ਵਿਚ ਸੇਵਾ ਹੀ ਸ੍ਰੇਸ਼ਠ ਕਰਨੀ ਹੈ—ਬਿਨੁ ਸੇਵਾ ਫਲੁ ਕਬਹੁ ਨ ਪਾਵਸਿ ਸੇਵਾ ਕਰਣੀ ਸਾਰੀ। ਇਹ ਸੇਵਾ ਹਰ ਕੋਈ ਨਹੀਂ ਕਰ ਸਕਦਾ। ਉਹੀ ਕਰਦਾ ਹੈ ਜਿਸ ਤੋਂ ਪਰਮਾਤਮਾ ਖ਼ੁਦ ਕਰਵਾਉਂਦਾ ਹੈ। ਇਸ ਤੋਂ ਬਿਨਾ ਜਿਗਿਆਸੂ ਵਿਅਰਥ ਦੇ ਦੁਅੰਦਾਂ ਵਿਚ ਉਲਝਿਆ ਰਹਿੰਦਾ ਹੈ—ਤੇਰੀ ਸੇਵਾ ਸੋ ਕਰੇ ਜਿਸ ਨੋ ਲੈਹਿ ਤੂ ਲਾਈ। ਬਿਨੁ ਸੇਵਾ ਕਿਨੈ ਨ ਪਾਇਆ ਦੂਜੇ ਭਰਮਿ ਖੁਆਈ। (ਗੁ.ਗ੍ਰੰ.1011)। ਇਹੀ ਕਾਰਣ ਹੈ ਕਿ ਗੁਰਬਾਣੀ ਵਿਚ ਸੇਵਾ ਦੀ ਕਮਾਈ ਉਤੇ ਅਧਿਕ ਬਲ ਦਿੱਤਾ ਗਿਆ ਹੈ ਕਿਉਂਕਿ ਇਸ ਤੋਂ ਬਿਨਾ ਪਰਮਾਤਮਾ ਦੀ ਦਰਗਾਹ ਵਿਚ ਨਿਵਾਸ ਪ੍ਰਾਪਤ ਨਹੀਂ ਹੁੰਦਾ—ਵਿਚਿ ਦੁਨੀਆ ਸੇਵ ਕਮਾਈਐ। ਤਾ ਦਰਗਹ ਬੈਸਣੁ ਪਾਈਐ। ਕਹੁ ਨਾਨਕ ਬਾਹ ਲੁਡਾਈਐ। (ਗੁ.ਗ੍ਰੰ.26)।
ਤਾਤਵਿਕ ਤੌਰ’ਤੇ ਇਹ ਸੇਵਾ ਪਰਮਾਤਮਾ ਅਤੇ ਗੁਰੂ ਦੀ ਕਰਨੀ ਦਸੀ ਗਈ ਹੈ। ਪਰ ਇਸ ਦੀ ਅੰਤਰ-ਧਾਰਾ ਬਹੁਤ ਵਿਆਪਕ ਹੈ। ਇਸ ਦੇ ਅੰਤਰਗਤ ਜੀਵਾਂ ਦਾ ਕਲਿਆਣ, ਕਰਤੱਵ ਪ੍ਰਤਿ ਨਿਸ਼ਠਾ, ਪਰਉਪਕਾਰ ਆਦਿ ਸਾਰੇ ਸਦਾਚਾਰਿਕ ਪ੍ਰਕਾਰਜ ਆ ਜਾਂਦੇ ਹਨ। ਸੇਵਾ ਦੀ ਇਸੇ ਵਿਆਪਕ ਭਾਵਨਾ ਕਰਕੇ ਗੁਮਰਤਿ ਅਨੁਯਾਈਆਂ ਵਿਚ ਸੇਵਾਪੰਥੀ ਸੰਪ੍ਰਦਾਇ ਦਾ ਵਿਕਾਸ ਹੋਇਆ ਹੈ। ਸੇਵਾ ਗੁਰਮਤਿ-ਭਗਤੀ ਦਾ ਮਹੱਤਵਪੂਰਣ ਅੰਗ ਕਿਹਾ ਜਾ ਸਕਦਾ ਹੈ।
ਦੁਰਵ੍ਰਿੱਤੀਆਂ ਦਾ ਤਿਆਗ: ਗੁਰੂ ਗ੍ਰੰਥ ਸਾਹਿਬ ਦੀ ਭਗਤੀ-ਸਾਧਨਾ ਵਿਚ ਦੁਰਵ੍ਰਿੱਤੀਆਂ ਦੇ ਤਿਆਗ ਅਤੇ ਸਦਵ੍ਰਿੱਤੀਆਂ ਨੂੰ ਗ੍ਰਹਿਣ ਕਰਨ ਉਤੇ ਬਹੁਤ ਬਲ ਦਿੱਤਾ ਹੈ। ਹਰਿ-ਭਗਤੀ ਵਿਚ ਸਭ ਤੋਂ ਜ਼ਿਆਦਾ ਰੁਕਾਵਟ ਦੁਰਵ੍ਰਿੱਤੀਆਂ ਦੁਆਰਾ ਮੰਨੀ ਗਈ ਹੈ। ਦੁਰਵ੍ਰਿੱਤੀਆਂ ਜਾਂ ਵਾਸਨਾਵਾਂ ਮਾਇਆ-ਪਰਿਵਾਰ ਦੇ ਮੈਂਬਰ ਜਾਂ ਸੰਤਾਨ ਹਨ। ਇਨ੍ਹਾਂ ਦਾ ਪ੍ਰਭਾਵ ਖੇਤਰ ਬਹੁਤ ਵਿਆਪਕ ਹੈ। ਸਾਰਾ ਸੰਸਾਰ ਇਨ੍ਹਾਂ ਦੇ ਵਸ ਵਿਚ ਹੈ। ਇਨ੍ਹਾਂ ਵਿਚੋਂ ਕਾਮ , ਕ੍ਰੋਧ , ਲੋਭ ਮੋਹ , ਹੰਕਾਰ, ਕਪਟ , ਆਸਾ , ਤ੍ਰਿਸ਼ਣਾ, ਝੂਠ , ਨਿੰਦਿਆ, ਦੁਬਿਧਾ , ਦੁਰਮਤਿ ਆਦਿ ਪ੍ਰਮੁਖ ਹਨ। ਇਨ੍ਹਾਂ ਨੂੰ ਤਿਆਗਣ ਉਤੇ ਗੁਰੂ ਗ੍ਰੰਥ ਸਾਹਿਬ ਵਿਚ ਥਾਂ ਥਾਂ’ਤੇ ਬਲ ਦਿੱਤਾ ਗਿਆ ਹੈ। ਇਨ੍ਹਾਂ ਤੋਂ ਛੁਟਕਾਰਾ ਪਾਉਣ’ਤੇ ਹੀ ਭਵਸਾਗਰ ਤਰਨਾ ਸੰਭਵ ਹੋ ਸਕਦਾ ਹੈ। ਗੁਰੂ ਨਾਨਕ ਦੇਵ ਜੀ ਦੀ ਸਥਾਪਨਾ ਹੈ—ਛੋਡਹੁ ਪ੍ਰਾਣੀ ਕੂੜ ਕਬਾੜਾ। ਕੂੜੁ ਮਾਰੇ ਕਾਲੁ ਉਛਾਹਾੜਾ। ਸਾਕਤ ਕੂੜਿ ਪਚਹਿ ਮਨਿ ਹਉਮੈ ਦੁਹੁ ਮਾਰਗਿ ਪਚੈ ਪਚਾਈ ਹੇ। ਛੋਡਿਹੁ ਨਿੰਦਾ ਤਾਤਿ ਪਰਾਈ। ਪੜਿ ਪੜਿ ਦਝਹਿ ਸਾਤਿ ਨ ਆਈ।... ਛੋਡਹੁ ਕਾਮ ਕ੍ਰੋਧੁ ਬੁਰਿਆਈ। ਹਉਮੈ ਧੰਧੁ ਛੋੜਹੁ ਲੰਪਟਾਈ। ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ। (ਗੁ.ਗ੍ਰੰ.1025-26)।
ਸਦਵ੍ਰਿੱਤੀਆਂ ਦੀ ਪਾਲਨਾ: ਦੁਰਵ੍ਰਿੱਤੀਆਂ ਦੇ ਤਿਆਗ ਦੇ ਨਾਲ ਨਾਲ ਗੁਰਬਾਣੀ ਵਿਚ ਸਦ-ਵ੍ਰਿੱਤੀਆਂ ਦੀ ਪਾਲਨਾ ਉਤੇ ਵੀ ਬਹੁਤ ਬਲ ਦਿੱਤਾ ਗਿਆ ਹੈ। ਅਸਲ ਵਿਚ, ਮਨੁੱਖ ਇਨ੍ਹਾਂ ਦੋਹਾਂ ਤਰ੍ਹਾਂ ਦੀਆਂ ਵ੍ਰਿੱਤੀਆਂ ਦਾ ਖਿਡੌਣਾ ਹੈ। ਇਨ੍ਹਾਂ ਦੇ ਵਸ ਪਿਆ ਮਨੁੱਖ ਸ਼ੁਭ ਅਤੇ ਅਸ਼ੁਭ ਕਰਮ ਕਰਦਾ ਹੈ। ਗੁਰਬਾਣੀ ਵਿਚ ਸਦਵ੍ਰਿੱਤੀਆਂ ਗ੍ਰਹਿਣ ਕਰਨ ਲਈ ਥਾਂ ਥਾਂ ਉਤੇ ਉਪਦੇਸ਼ ਦਿੱਤਾ ਗਿਆ ਹੈ, ਕਿਉਂਕਿ ਸਦਾਚਰਣ ਤੋਂ ਬਿਨਾ ਮਨੁੱਖ ਸਹੀ ਅਤੇ ਸੱਚੀ ਅਨੁਭੂਤੀ ਵਾਲਾ ਸਾਧਕ ਨਹੀਂ ਬਣ ਸਕਦਾ। ਗੁਰੂ ਗ੍ਰੰਥ ਸਾਹਿਬ ਵਿਚ ਪ੍ਰਤਿਪਾਦਿਤ ਧਰਮ-ਵਿਧੀ ਸਦਾਚਰਣ ਉਤੇ ਨਿਰਭਰ ਕਰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਸੱਤ ਨੂੰ ਸਰਬੁਚ ਮੰਨਦੇ ਹੋਇਆਂ ਵੀ ਸਦਾਚਰਣ ਨੂੰ ਇਸ ਤੋਂ ਵੀ ਅਧਿਕ ਜਾਂ ਉਚੇਰਾ ਸਥਾਨ ਦਿੱਤਾ ਹੈ—ਸਚਹੁ ਓਰੈ ਸਭ ਕੋ ਉਪਰਿ ਸਚ ਆਚਾਰੁ। ਗੁਰਬਾਣੀ ਵਿਚ ਪਰਮ-ਸਤਿ ਅਤੇ ਸਦਾਚਰਣ ਪਰਸਪਰ ਸੰਬੰਧਿਤ ਅਤੇ ਇਕ ਦੂਜੇ ਦੇ ਪੂਰਕ ਦੀ ਭੂਮਿਕਾ ਨਿਭਾਉਂਦੇ ਹਨ।
ਗੁਰਬਾਣੀ ਵਿਚ ਜਿਸ ਭਗਤੀ ਦਾ ਪ੍ਰਤਿਪਾਦਨ ਹੋਇਆ ਹੈ, ਉਹ ਅਸਲ ਵਿਚ ‘ਸਹਿਜ-ਸਾਧਨਾ’ ਹੈ। ਸਹਿਜ ਤੋਂ ਬਿਨਾ ਕਰਮ-ਕਾਂਡ ਪਾਖੰਡ ਹਨ, ਗਿਆਨ ਕੇਵਲ ਤਰਕ -ਵਿਤਰਕ ਹੈ, ਯੋਗ ਮਾਤ੍ਰ ਸ਼ਰੀਰਿਕ ਕਸਰਤ ਹੈ ਅਤੇ ਭਗਤੀ ਹਉਮੈ ਦਾ ਆਡੰਬਰ ਹੈ। ਪ੍ਰਾਣਹੀਨ ਸਿੱਧਾਂਤਾਂ, ਵਿਧੀ -ਵਿਧਾਨਾਂ, ਅਨੁਸ਼ਠਾਨਾਂ ਜਾਂ ਕਰਮ-ਕਾਂਡਾਂ ਦੁਆਰਾ ਪਰਮਾਤਮਾ ਦੀ ਪ੍ਰਾਪਤੀ ਸੰਭਵ ਨਹੀਂ ਹੈ, ਜਦ ਤਕ ਕਿ ਹਿਰਦੇ ਵਿਚ ਸੱਚਾ, ਨਿਸ਼ਕਾਮ ਪ੍ਰੇਮ ਪੈਦਾ ਨਹੀਂ ਹੋ ਜਾਂਦਾ। ਸਹਿਜ ਦੇ ਸ਼ਿੰਗਾਰ ਨਾਲ ਹੀ ਜੀਵਾਤਮਾ ਰੂਪੀ ਕਾਮਨੀ ਪਰਮਾਤਮਾ ਦੁਆਰਾ ਸਵੀਕਾਰੀ ਜਾਂਦੀ ਹੈ—ਸਹਜਿ ਸੀਗਾਰ ਕਾਮਣਿ ਕਰਿ ਆਵੈ। ਤਾ ਸੋਹਾਗਣਿ ਜਾ ਕੰਤੈ ਭਾਵੈ। (ਗੁ.ਗ੍ਰੰ.750)।
ਇਸ ਵਿਸ਼ਲੇਸ਼ਣ ਤੋਂ ਬਾਦ ਵੀ ਇਹ ਦਸ ਸਕਣਾ ਸਰਲ ਨਹੀਂ ਕਿ ਗੁਰਮਤਿ ਭਗਤੀ ਅਥਵਾ ਸਿੱਖ ਭਗਤੀ ਦਾ ਸਰੂਪ ਕਿਹੋ ਜਿਹਾ ਹੈ ? ਅਸਲ ਵਿਚ ਇਹ ਅੰਤਰ ਦੀ ਸਾਧਨਾ ਹੈ। ਇਸ ਨੂੰ ਅਨੁਭੂਤੀ ਦੁਆਰਾ ਮਾਣਿਆ ਜਾ ਸਕਦਾ ਹੈ, ਅਭਿਵਿਅਕਤੀ ਦਾ ਵਿਸ਼ਾ ਨਹੀਂ ਬਣਾਇਆ ਜਾ ਸਕਦਾ। ਇਹ ਰਹੱਸ-ਸਾਧਨਾ ਹੈ ਜਿਸ ਦਾ ਨਾਂ ਭਾਵੇਂ ‘ਭਗਤੀ’ ਅਥਵਾ ‘ਭਾਉ-ਭਗਤੀ’ ਹੋਵੇ, ਪਰ ਇਸ ਵਿਚ ਸਾਰੀਆਂ ਸਾਧਨਾ-ਪੱਧਤੀਆਂ ਦੇ ਲੋਕ-ਕਲਿਆਣਕਾਰੀ ਤੱਤ੍ਵ ਸਮੋਏ ਹੋਏ ਹਨ। ਇਸ ਵਿਚ ਮਾਨਵਤਾ ਨੂੰ ਕੁਮਾਰਗ ਉਤੇ ਪਾਉਣ ਜਾਂ ਪਰਮਾਤਮਾ ਨਾਲ ਅਦ੍ਵੈਤ ਸਥਿਤੀ ਪ੍ਰਾਪਤ ਕਰਨ ਵਿਚ ਰੁਕਾਵਟ ਪਾਉਣ ਵਾਲੇ ਸਾਰਿਆਂ ਤੱਤ੍ਵਾਂ ਨੂੰ ਨਿਖੇਧਿਆ ਗਿਆ ਹੈ, ਭਾਵੇਂ ਉਹ ਆਪਣੇ ਸਾਧਨਾ-ਮਾਰਗ ਵਿਚ ਕਿਤਨਾ ਹੀ ਮਹੱਤਵ ਕਿਉਂ ਨ ਰਖਦੇ ਹੋਣ। ਇਸ ਤਰ੍ਹਾਂ ਗੁਰਮਤਿ ਦੀ ਭਗਤੀ (ਸਹਿਜ ਅਥਵਾ ਭਾਉ-ਭਗਤੀ) ਕਿਸੇ ਵਿਸ਼ੇਸ਼ ਵਿਅਕਤੀ, ਸਮਾਜ, ਸੰਪ੍ਰਦਾਇ, ਧਰਮ, ਦੇਸ਼ ਜਾਂ ਸਿੱਧਾਂਤ ਤਕ ਸੀਮਿਤ ਨਹੀਂ। ਇਸ ਦਾ ਸਰੂਪ ਸਰਵ- ਭੌਮਿਕ ਸਵੀਕ੍ਰਿਤੀ ਰਖਣ ਵਾਲੇ ਤੱਤ੍ਵਾਂ ਨਾਲ ਭਰਪੂਰ ਹੈ ਅਤੇ ਇਹ ਸਦਾ ਮਨੁੱਖਤਾ ਦੀ ਅਧਿਆਤਮਿਕ ਉਨਤੀ ਲਈ ਰਾਹ ਮੋਕਲਾ ਕਰਦੀ ਰਹੇਗੀ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2307, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First