ਭਜਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭਜਨ: ਭਜਨ ਸ਼ਬਦ ਸੰਸਕ੍ਰਿਤ ਦੇ ‘ਭਜ’ ਧਾਤੂ ਤੋਂ ਬਣਿਆ ਹੈ, ਜਿਸ ਦੇ ਅਰਥ ਹਨ ਉਸਤਤ ਕਰਨੀ, ਪੂਜਾ ਕਰਨੀ, ਨਾਮ ਜਪਣਾ, ਭਜਨ ਗਾਉਣਾ ਆਦਿ। ਧਾਰਮਿਕ ਅਥਵਾ ਪ੍ਰਭੂ-ਭਗਤੀ ਦੇ ਲੋਕ-ਗੀਤਾਂ ਵਿੱਚ ਭਜਨਾਂ ਦਾ ਵਿਸ਼ੇਸ਼ ਸਥਾਨ ਹੈ। ਅਰੰਭ ਵਿੱਚ ਕੁਦਰਤੀ ਸ਼ਕਤੀਆਂ ਦੇ ਡਰ ਤੋਂ ਮਨੁੱਖ ਨੇ ਸੂਰਜ, ਹਵਾ, ਪਾਣੀ, ਮੀਂਹ, ਧੁੱਪ ਆਦਿ ਦੀ ਪੂਜਾ ਅਰੰਭ ਕੀਤੀ, ਪਿੱਛੋਂ ਇਹਨਾਂ ਚੀਜ਼ਾਂ ਨੇ ਮੂਰਤੀਆਂ ਦਾ ਰੂਪ ਧਾਰਨ ਕਰ ਲਿਆ। ਸ਼ਿਵ ਜੀ, ਬ੍ਰਹਮਾ, ਵਿਸ਼ਨੂੰ, ਮਹੇਸ਼, ਰਾਮ, ਕ੍ਰਿਸ਼ਨ ਅਤੇ ਗਣੇਸ਼ ਦੀਆਂ ਮੂਰਤੀਆਂ ਦੀ ਪੂਜਾ ਉੱਚੀ-ਉੱਚੀ ਬੋਲ ਕੇ, ਗੀਤ ਗਾ ਕੇ ਸਮੂਹ ਗਾਨ ਦੀ ਸ਼ਕਲ ਵਿੱਚ ਹੋਣ ਲੱਗੀ। ਇਹਨਾਂ ਗੀਤਾਂ ਵਿੱਚ ਪ੍ਰਾਰਥਨਾ, ਉਸਤਤੀ, ਪ੍ਰੇਮ, ਪਰਮਾਤਮਾ ਦੀ ਰਹਿਮਤ, ਬਿਰਹਾ ਆਦਿ ਨੂੰ ਗਾਇਆ ਜਾਣ ਲੱਗਾ। ਸੱਭਿਅਤਾ ਦੇ ਵਿਕਾਸ ਨਾਲ ਮੰਦਰਾਂ ਦੀ ਉਸਾਰੀ ਕੀਤੀ ਗਈ। ਦੇਵਤਿਆਂ ਨੂੰ ਰਿਝਾਉਣ ਲਈ ਸਵੇਰੇ ਸ਼ਾਮ ਰੱਬ ਦੇ ਇਹਨਾਂ ਘਰਾਂ ਵਿੱਚ “ਓਮ ਜੈ ਜਗਦੀਸ਼ ਹਰੇ” ਦੀ ਧੁਨੀ ਗਾ ਕੇ ਆਰਤੀ ਦੁਆਰਾ ਪ੍ਰਭੂ ਦੀ ਉਸਤਤੀ ਕਰਨੀ ਅਰੰਭ ਹੋ ਗਈ।

     ਭਜਨਾਂ ਦਾ ਘੇਰਾ ਕਾਫ਼ੀ ਵਿਸ਼ਾਲ ਹੈ। ਇਹਨਾਂ ਦਾ ਸੰਬੰਧ ਸਾਰੇ ਦੇਵੀ ਦੇਵਤਿਆਂ, ਗੁਰੂਆਂ, ਪੀਰਾਂ ਪੈਗ਼ੰਬਰਾਂ ਦੀ ਭਗਤੀ ਨਾਲ ਹੈ। ਜਿਨ੍ਹਾਂ ਗੀਤਾਂ ਵਿੱਚ ਕੇਵਲ ਦੇਵੀ ਮਾਤਾ ਦੀ ਉਪਮਾ, ਪ੍ਰਸੰਸਾ ਜਾਂ ਉਪਾਸਨਾ ਕੀਤੀ ਜਾਂਦੀ ਹੈ, ਉਹਨਾਂ ਨੂੰ ‘ਮਾਤਾ ਦੀਆਂ ਭੇਟਾਂ’ ਕਿਹਾ ਜਾਂਦਾ ਹੈ। ਭਜਨ ਨੂੰ ਜਦ ਇਕੱਲਾ ਵਿਅਕਤੀ ਗਾਉਂਦਾ ਹੈ, ਤਾਂ ਪ੍ਰਭੂ ਜਾਪ ਕਰ ਕੇ ਜਾਣਿਆ ਜਾਂਦਾ ਹੈ :

ਦੱਸੀ ਮੇਰੇ ਮਾਲਕਾ ਕੋਈ ਇਹੋ ਜੇਹੀ ਥਾਂ

ਜਿਥੇ ਤੇਰਾ ਬੈਠ ਕੇ ਭਜਨ ਮੈਂ ਕਰਾਂ।

ਜਿੱਥੇ ਦੁਨੀਆਂ ਦਾ ਕੋਈ ਸ਼ੋਰ ਨਾ ਹੋਵੇ,

ਤੇਰੇ ਬਿਨਾਂ ਗੱਲ ਕੋਈ ਹੋਰ ਨਾ ਹੋਵੇ।

          ਤੇਰਾ ਦਰ ਛੱਡ ਕੇ ਮੈਂ ਕਿਹੜੀ ਥਾਂ ਜਾਂ

     ਸਵੇਰੇ ਗਾਏ ਜਾਣ ਵਾਲੇ ਉਪਾਸਨਾ ਗੀਤਾਂ ਨੂੰ ‘ਪ੍ਰਭਾਤੀ ਭਜਨਾਂ’ ਦੀ ਸੰਗਿਆ ਦਿੱਤੀ ਜਾਂਦੀ ਹੈ। ਪ੍ਰਭਾਤੀ ਪੈਦਲ ਚੱਲਦੇ ਸਮੇਂ, ਪਹਾੜਾਂ ਵਿੱਚ ਚੜ੍ਹਾਈ ਚੜ੍ਹਨ ਵੇਲੇ, ਬੱਸਾਂ ਗੱਡੀਆਂ ਵਿੱਚ ਸਫ਼ਰ ਕਰਨ ਦੇ ਨਾਲ-ਨਾਲ ਭਜਨਾਂ ਦਾ ਗਾਇਨ ਯਾਤਰਾ ਨੂੰ ਅਨੰਦਮਈ ਬਣਾਉਂਦਾ ਹੈ ਅਤੇ ਯਾਤਰੀ ਥਕਾਵਟ ਮਹਿਸੂਸ ਨਹੀਂ ਕਰਦੇ। ਸਤਸੰਗ, ਕੀਰਤਨ ਅਤੇ ਧਾਰਮਿਕ ਪੁਰਬ ਜਿਵੇਂ ਜਨਮ ਅਸ਼ਟਮੀ, ਸ਼ਿਵਰਾਤਰੀ, ਰਾਮਨੌਮੀ ਆਦਿ ਮੌਕਿਆਂ ਤੇ ਭਜਨ ਮੰਡਲੀਆਂ ਨੂੰ ਬੁਲਾ ਕੇ ਉਹਨਾਂ ਪਾਸੋਂ ਭਜਨ ਸੁਣੇ ਜਾਂਦੇ ਹਨ। ਅਜਿਹੀਆਂ ਮੰਡਲੀਆਂ ਦਾ ਕਿੱਤਾ ਹੀ ਧਾਰਮਿਕ ਸਮਾਰੋਹਾਂ ਦੇ ਮੌਕੇ ਭਜਨਾਂ ਦਾ ਗਾਇਨ ਕਰਨਾ ਹੈ।

     ਇਹਨਾਂ ਭਜਨਾਂ ਦਾ ਮੁੱਖ ਉਦੇਸ਼ ਅਵਤਾਰਾਂ, ਦੇਵੀ ਦੇਵਤਿਆਂ ਅਤੇ ਗੁਰੂਆਂ ਅੱਗੇ ਪ੍ਰਾਰਥਨਾ ਕਰ ਕੇ ਆਪਣੇ ਇਸ਼ਟ ਨੂੰ ਪ੍ਰਾਪਤ ਕਰਨਾ ਹੈ। ਇਹ ਭਜਨ ਮਨੁੱਖ ਨੂੰ ਪ੍ਰੇਰਨਾ ਦਿੰਦੇ ਹਨ ਕਿ ਉਹ ਪ੍ਰਭੂ ਦੀ ਬੰਦਗੀ ਕਰ ਕੇ ਆਪਣੀ ਜ਼ਿੰਦਗੀ ਨੂੰ ਸੁਧਾਰ ਸਕਦਾ ਹੈ। ਇੱਕ ਭਜਨ ਦੇ ਬੋਲ ਹਨ :

ਚਲ ਤੁਰ ਪੈ ਪ੍ਰਭੂ ਜੀ ਦੇ ਰਾਹ,

ਅੜੀਆਂ ਨਾ ਕਰ ਬੰਦਿਆ।

ਇਸ ਜ਼ਿੰਦਗੀ ਦਾ ਕੋਈ ਨਾ ਵਸਾਹ,

ਅੜੀਆਂ ਨਾ ਕਰ ਬੰਦਿਆ।

      ਜਾਂ

ਦਿੱਤੀ ਜ਼ਿੰਦਗੀ ਪ੍ਰਭੂ ਨੇ ਬੰਦਗੀ ਕਰਨ ਨੂੰ,

ਤੇ ਵਿਅਰਥ ਖੋਹ ਕੇ ਗਾਫ਼ਲਾ ਚਲਿਆ ਤੂੰ।

ਕੀ ਖਟਿਆ ਬੰਦਿਆ ਜਨਮ ਲੈ ਕੇ,

          ਭਰਿਆ ਆਇਆ ਸਾਂ ਖਾਲੀ ਹੋ ਚਲਿਆ ਤੂੰ।

     ਇੱਕ ਹੋਰ ਭਜਨ ਵਿੱਚ ਗੁਰੂ ਦੀ ਮਹਿਮਾ ਦਰਸਾਈ ਗਈ ਹੈ :

ਕਰ ਲੈ ਗੁਰੂ ਚਰਨਾਂ ਨਾਲ ਪਿਆਰ ਨੀ ਜਿੰਦੇ

ਜੇ ਤੂੰ ਲੁੱਟਣੀ ਏ ਮੌਜ ਬਹਾਰ ਨੀ ਜਿੰਦੇ

ਗੁਰੂ ਚਰਨਾਂ ਦੀ ਧੂੜ ਮੱਥੇ ਉੱਤੇ ਲਾ ਲਵੀਂ

ਤੇਰੇ ਖੁਲ ਜਾਣ ਬੰਦ ਦਵਾਰ (ਕਵਾੜ) ਨੀ ਜਿੰਦੇ।

       ਜਾਂ

ਸਤਿਗੁਰ ਜੀ ਪਾਵੋ ਫੇਰਾ, ਸੀਸ ਚੜ੍ਹਾਵਾਂ ਸਿਹਰਾ

          ਦਰਸ਼ਨ ਕਰ ਕੇ ਤੇਰਾ, ਤਨ ਮਨ ਖਿਲ ਜਾਏ ਮੇਰਾ।

     ਇਹਨਾਂ ਭਜਨਾਂ ਵਿੱਚ ਭੁੱਲ ਚੁੱਕ ਲਈ ਖਿਮਾ ਯਾਚਨਾ ਕੀਤੀ ਗਈ ਹੈ।ਬਖਸ਼ਣਹਾਰ ਪਰਮਾਤਮਾ ਅੱਗੇ ਅਰਜੋਈ ਕੀਤੀ ਗਈ ਹੈ ਕਿ ਉਹ ਦੇਣ ਵਾਲਾ, ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ। ਇਹ ਅਰਦਾਸ ਕੀਤੀ ਗਈ ਹੈ ਕਿ :

ਮੈਂ ਭੁੱਲ ਗਈਆਂ ਦਾਤਾ ਮੈਂ ਭੁੱਲ ਗਈ ਆਂ

          ਫੁੱਲਾਂ ਦਾ ਰਾਹ ਛੱਡ ਕੰਡਿਆਂ ਵਿੱਚ ਪਈ ਆਂ।

   ਆਪਣੇ ਇਸ਼ਟ, ਗੁਰੂ ਪ੍ਰਤਿ ਸ਼ਰਧਾ ਅਤੇ ਅਰਾਧਨਾ ਵਜੋਂ ਗਾਏ ਜਾਣ ਵਾਲੇ ਭਜਨਾਂ ਦੀ ਸੰਖਿਆ ਸੈਂਕੜਿਆਂ ਤੱਕ ਹੈ। ਬਹੁਤ ਸਾਰੇ ਭਜਨ ਮਰਯਾਦਾ ਪਰਸ਼ੋਤਮ ਭਗਵਾਨ ਰਾਮ ਨਾਲ ਸੰਬੰਧਿਤ ਹਨ, ਜੋ ਪੰਜਾਬੀ ਦੇ ਪ੍ਰਤਿਨਿਧ ਕਾਵਿ-ਰੂਪ ‘ਬੋਲੀ’ ਦੀ ਤਰਜ਼ ਉਪਰ ਹਨ :

       - ਮੈਂ ਤਾਂ ਸਟੀਆਂ ਨੇ ਰਾਮ ਜੀ ਤੇ ਡੋਰਾਂ

          ਆਪੇ ਬੇੜਾ ਪਾਰ ਲਾਵੇਗਾ

       - ਸੁਣ ਮੇਰੀਏ ਜਿੰਦੇ ਰਾਮ ਨੂੰ ਬਣਾ ਲੈ ਆਪਣਾ

       - ਤੇਰਾ ਨਾਮ ਜਪਣ ਦਾ ਵੇਲਾ, ਰਾਮ ਨਾਮ ਜਪ ਬੰਦਿਆ।

  ਅਜਿਹੇ ਭਜਨਾਂ ਦਾ ਨਿਚੋੜ ਇਹ ਹੈ ਕਿ ਪ੍ਰਭੂ ਦੀ ਬੰਦਗੀ ਬਿਨਾਂ ਜੀਵਨ ਵਿਅਰਥ ਹੈ। ਨਿਓਂ ਕੇ ਚੱਲਣ, ਦਾਨ ਕਰਨ ਅਤੇ ਸਤਸੰਗਤ ਵਿੱਚ ਜਾਣ ਲਈ ਨਸੀਹਤਾਂ ਹਨ। ਪਰਮਾਤਮਾ ਦੀ ਭਗਤੀ ਕੀਤਿਆਂ ਹੀ ਕਲਿਆਣ ਹੋ ਸਕਦਾ ਹੈ। ਭਗਤ ਜਨ ਹਰ ਵੇਲੇ ਪਰਮਾਤਮਾ ਦੇ ਭਜਨ ਗਾ ਕੇ ਉਸ ਦੇ ਨਾਮ ਦਾ ਜਾਪ ਕਰ ਕੇ ਅਨੰਦ ਮਾਣਦੇ ਹਨ। ਪਰਮਾਤਮਾ ਸਰਬ ਸ਼ਕਤੀਮਾਨ ਹੈ। ਸਾਰੀ ਕੁਦਰਤ ਉਸ ਦੇ ਅਧੀਨ ਹੈ। ਇਸ ਲਈ ਭਜਨਾਂ ਵਿੱਚ ਭਗਤ-ਜਨ ਉਸ ਕ੍ਰਿਪਾਲੂ ਪ੍ਰਭੂ ਦੇ ਦਰ ਉਪਰ ਸਵਾਲੀ ਬਣਦੇ ਹਨ :

     -    ਓ ਮਨਾ! ਮੌਜ ਬੜੀ ਐ ਉਹਦੇ ਨਾਂ ਅੰਦਰ

          ਜਿਹੜਾ ਕੁਲ ਦੁਨੀਆਂ ਦਾ ਵਾਲੀ ਏ।

     -    ਤੇਰੇ ਪੂਜਣ ਕੋ ਭਗਵਾਨ, ਬਣਾ ਮਨ ਮੰਦਿਰ ਆਲੀਸ਼ਾਨ।

    ਮਨੁੱਖੀ ਮਨ ਹੀ ਭਗਵਾਨ ਦਾ ਘਰ ਹੈ ਇਸ ਲਈ :

ਮਨ ਮੰਦਿਰ ਵਿੱਚ ਗਾਫ਼ਲਾ ਝਾੜੂ ਰੋਜ਼ ਲਗਾਇਆ ਕਰ

          ਨਿੱਤ ਉੱਠ ਸਵੇਰੇ ਜਾਗ ਕੇ ਨਾਮ ਉਸ ਦਾ ਧਿਆਇਆ ਕਰ।

     ਅਣਗਿਣਤ ਭਜਨ ਭਗਵਾਨ ਕ੍ਰਿਸ਼ਨ ਨਾਲ ਜੁੜੇ ਹੋਏ ਹਨ। ਇਹਨਾਂ ਭਜਨਾਂ ਵਿੱਚ ਕ੍ਰਿਸ਼ਨ ਮਹਾਰਾਜ ਨੂੰ ਗੋਬਿੰਦ, ਸ਼ਾਮ, ਮੁਰਲੀ, ਮਨੋਹਰ, ਗੋਪਾਲ, ਕਾਨ੍ਹ, ਕਨੱਈਆ, ਮੋਹਣ, ਮੱਖਣ, ਚੋਰ, ਨੰਦ ਕਿਸ਼ੋਰ ਆਦਿ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਸਧਾਰਨ ਸ਼ਰਧਾਲੂਆਂ ਦੀ ਤਾਂ ਕੋਈ ਥਾਂ ਨਹੀਂ। ਮੀਰਾਂ ਦੇ ਨਾਂ ਤੋਂ ਕੌਣ ਵਾਕਫ਼ ਨਹੀਂ ਜੋ ਉਹਨਾਂ ਦੇ ਚਰਨਾਂ ਦੀ ਦਾਸੀ ਸੀ। ਇੱਕ ਪੌਰਾਣ ਕਥਾ ਅਨੁਸਾਰ ਕ੍ਰਿਸ਼ਨ ਦੇ ਜਨਮ ਉਪਰੰਤ ਸਾਰੇ ਦੇਵੀ ਦੇਵਤੇ ਦਰਸ਼ਨਾਂ ਲਈ ਆਉਂਦੇ ਹਨ। ਇੱਕ ਭਜਨ ਵਿੱਚ ਯਸ਼ੋਧਾ ਮਈਆ ਸ਼ਿਵ ਸ਼ੰਕਰ ਨੂੰ ਰੋਕਦੀ ਹੈ :

ਜਾ ਬਾਬਾ ਜਾ/ਇਥੇ ਰੌਲਾ ਨਾ ਪਾ/ਮੇਰਾ ਸ਼ਾਮ ਸੋ ਰਿਹਾ

          ਡਮਰੂ ਤੇਰਾ ਸੁਣ ਕੇ/ਮੇਰਾ ਸ਼ਾਮ ਰੋ ਰਿਹਾ/ਜਾ ਬਾਬਾ ਜਾ

  ਕੁਝ ਲੰਮੇ ਭਜਨ ਯਸ਼ੋਧਾ ਮਈਆ ਦੁਆਰਾ ਲੋਰੀਆਂ ਦੀ ਭਾਵਨਾ ਨੂੰ ਪ੍ਰਗਟ ਕਰਦੇ ਹਨ, ਜਿਨ੍ਹਾਂ ਦੇ ਮੁਢਲੇ ਬੋਲ ਹਨ :

     -    ਜਾਗ ਮੈਂ ਤਰ ਗਈ ਵੇ ਮੋਹਨਾ, ਜਾਗ ਮੈਂ ਤਰ ਗਈ

          ਰਾਤ ਗਈ ਪ੍ਰਭਾਤ ਜੇ ਹੋਈ, ਵਡਾ ਤਾਂ ਵੇਲਾ ਸੇਈ

     -    ਜਾਗੋ ਮੇਰੇ ਸ਼ਾਮ ਪਿਆਰੇ ਜਾਗੋ ਬੰਸਰੀ ਵਾਲੇ

     ਕੁਝ ਹੋਰ ਭਜਨਾਂ ਵਿੱਚ ਕੁੰਡਲਾਂ ਦਾ ਨਜ਼ਾਰਾ ਅਤੇ ਬੰਸਰੀ ਦੀ ਸੁਰੀਲੀ ਧੁਨ ਦਾ ਜ਼ਿਕਰ ਹੈ, ਇੱਕ ਭਜਨ ਵਿੱਚ ਵਿਯੋਗਣ ਭਗਤਨ ਦਰੋਪਦੀ ਦੇ ਰੂਪ ਵਿੱਚ ਪ੍ਰਭੂ- ਪ੍ਰੀਤਮ ਦੇ ਮਿਲਾਪ ਲਈ ਰੋ-ਰੋ ਪਸ਼ਚਾਤਾਪ ਤੇ ਤਰਲੇ ਕਰਦੀ ਦਿਸ ਆਉਂਦੀ ਹੈ :

ਦਰਿਆ ਪ੍ਰੇਮ ਵਾਲਾ ਵਗਦਾ ਲੰਘਣਾ ਤਰ ਤਰ ਕੇ

ਆਓ ਕ੍ਰਿਸ਼ਨ ਮੁਰਾਰੀ ਦਰਸ਼ਨ ਦਿਓ ਇੱਕ ਵਾਰੀ

ਰੋਂਦੀ ਦਰੋਪਦੀ ਵਿਚਾਰੀ ਅਰਜ਼ਾਂ ਕਰ ਕਰ ਕੇ

          ਦਰਿਆ ਪ੍ਰੇਮ ਵਾਲਾ ਵਗਦਾ...

     ਪੰਜਾਬੀ ਦੇ ਟਾਕਰੇ ਬ੍ਰਜੀ ਅਤੇ ਹਿੰਦੀ ਦੀਆਂ ਸਥਾਨਿਕ ਬੋਲੀਆਂ ਵਿੱਚ ਭਜਨਾਂ ਦੇ ਅਟੁੱਟ ਭੰਡਾਰ ਹਨ। ਪੰਜਾਬ ਦੇ ਨਾਲ ਲੱਗਦੀਆਂ ਪਹਾੜੀ ਬੋਲੀਆਂ ਵਿੱਚ ਉਪਲੱਬਧ ਭਜਨਾਂ ਦੀ ਆਪਣੀ ਰੰਗਤ ਹੈ :

ਸਤ ਸੰਗ ਗੰਗਾ ਵਿੱਚ ਨਾਈ ਜਾਇਆ ਹੋ

          ਮਨੇ ਵਿੱਚੋਂ ਮੈਲ ਕਢਾਈ ਜਾਇਆ ਹੋ

     ਸਤਸੰਗ ਵਿੱਚ ਸੰਗਤ ਦਾ ਧਿਆਨ ਦੁਆਉਣ ਲਈ ਭਜਨਾਂ ਦਾ ਸਮੂਹਿਕ ਤੌਰ ਤੇ ਗਾਇਨ ਕੀਤਾ ਜਾਂਦਾ ਹੈ। ਭਜਨਾਂ ਵਿਚਲੇ ਸੰਗੀਤ ਅਤੇ ਪ੍ਰੇਮ ਭਰੀ ਸ਼ਬਦਾਵਲੀ ਵਿੱਚ ਏਨੀ ਖਿੱਚ ਹੁੰਦੀ ਹੈ ਕਿ ਕੰਨਾਂ ਵਿੱਚ ਮਧੁਰ ਅਵਾਜ਼ ਪੈਂਦਿਆਂ ਹੀ ਸ੍ਰੋਤੇ ਦਾ ਧਿਆਨ ਖਿੱਚਿਆ ਜਾਂਦਾ ਹੈ। ਇਹ ਧੁਨੀ ਗ਼ਰੀਬਾਂ ਦੀ ਰੋਜ਼ੀ ਦਾ ਸਾਧਨ ਵੀ ਬਣਦੀ ਹੈ। ਕਵੀ ਗ਼ਰੀਬ ਬੱਚੇ ਤੇ ਔਰਤਾਂ ਭਜਨ ਗਾ ਕੇ ਰੋਜ਼ੀ ਕਮਾਉਂਦੇ ਹਨ। ਭਜਨ ਮੰਡਲੀਆਂ ਨੂੰ ਵੀ ਧਾਰਮਿਕ ਉਤਸਵਾਂ (ਮੌਕਿਆਂ) ਉਪਰ ਬੁਲਾ ਕੇ ਸੇਵਾ ਫਲ ਭੇਂਟ ਕੀਤਾ ਜਾਂਦਾ ਹੈ।

     ਪੰਜਾਬੀ ਲੋਕ-ਕਾਵਿ ਵਿੱਚ ਭਜਨ ਲੋਕ-ਗੀਤਾਂ ਦੀ ਅਜਿਹੀ ਵੰਨਗੀ ਹੈ, ਜੋ ਪਰੰਪਰਾਗਤ ਰੂਪ ਵਿੱਚ ਪੀੜ੍ਹੀ-ਦਰ-ਪੀੜ੍ਹੀ ਅੱਗੇ ਚੱਲਦੀ ਆਈ ਹੈ। ਮੁੱਖ ਤੌਰ ਤੇ ਇਹ ਧਾਰਮਿਕ ਗੀਤ ਹਨ, ਜੋ ਆਪਣੇ ਇਸ਼ਟ ਨੂੰ ਧਿਆਉਣ ਲਈ ਬਹੁਤ ਹੀ ਸ਼ਰਧਾ ਨਾਲ ਗਾਏ ਜਾਂਦੇ ਹਨ। ਇਹਨਾਂ ਦੇ ਗਾਉਣ ਸਮੇਂ ਢੋਲਕੀ, ਛੈਣੇ, ਚਿਮਟਾ ਅਤੇ ਹਾਰਮੋਨੀਅਮ ਆਦਿ ਸਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਭਜਨਾਂ ਦਾ ਸੰਬੰਧ ਮੁੱਖ ਤੌਰ ਤੇ ਹਿੰਦੂ ਧਰਮ ਨਾਲ ਹੈ। ਸਨਾਤਨੀ, ਜੈਨੀ ਅਤੇ ਆਰੀਆ ਸਮਾਜੀ ਆਦਿ ਪਰੰਪਰਾਵਾਂ ਦੁਆਰਾ ਸਮੂਹ ਸੰਗਤ ਵਿੱਚ ਬੈਠ ਕੇ ਭਜਨ ਗਾਏ ਤੇ ਸੁਣੇ ਜਾਂਦੇ ਹਨ।


ਲੇਖਕ : ਕਰਨੈਲ ਸਿੰਘ ਥਿੰਦ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 16909, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਭਜਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਜਨ [ਨਾਂਪੁ] ਧਾਰਮਿਕ ਸ਼ਰਧਾ ਵਾਲ਼ਾ ਗੀਤ; ਬੰਦਗੀ , ਭਗਤੀ , ਸਿਮਰਨ , ਪੂਜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16898, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭਜਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭਜਨ: ਇਸ ਦਾ ਸ਼ਾਬਦਿਕ ਅਰਥ ਹੈ ‘ਪਰਮਾਤਮਾ ਦੀ ਭਗਤੀ ਜਾਂ ਉਪਾਸਨਾ ਕਰਨਾ’। ਆਮ ਤੌਰ ’ਤੇ ਉਸ ਗੀਤ ਜਾਂ ਬਿਸ਼ਨਪਦੇ ਨੂੰ ‘ਭਜਨ’ ਕਿਹਾ ਜਾਂਦਾ ਹੈ, ਜਿਸ ਵਿਚ ਪਰਮਾਤਮਾ ਦਾ ਗੁਣ-ਗਾਨ ਕੀਤਾ ਗਿਆ ਹੋਵੇ। ਇਸ ਵਿਚ ਸਾਧਕ ਆਪਣੇ ਆਪ ਨੂੰ ਤੁੱਛ, ਨਿਮਾਣਾ ਅਤੇ ਨਿਰੀਹ ਦਰਸਾਉਂਦਾ ਹੈ ਅਤੇ ਇਸ਼ਟਦੇਵ ਨੂੰ ਮਹਾਨ, ਗੌਰਵਸ਼ਾਲੀ ਅਤੇ ਸਰਬ-ਸਮਰਥ ਘੋਸ਼ਿਤ ਕਰਦਾ ਹੈ। ਇਹ ਭਜਨ ਭਗਤੀ -ਭਾਵਨਾ ਵਾਲੇ ਕਿਸੇ ਵੀ ਵਿਸ਼ੇ ਨਾਲ ਸੰਬੰਧਿਤ ਹੋ ਸਕਦੇ ਹਨ। ਪਰ ਉਂਜ ਇਨ੍ਹਾਂ ਵਿਚ ਦਾਸ ਭਗਤੀ ਦੀ ਪ੍ਰਧਾਨਤਾ ਹੁੰਦੀ ਹੈ। ਕਈ ਵਾਰ ਮਾਤਾ-ਪਿਤਾ-ਪੁੱਤਰ ਦੇ ਸੰਬੰਧ- ਆਧਾਰ’ਤੇ ਇਨ੍ਹਾਂ ਵਿਚ ਵਾਤਸਲੑਯ ਭਗਤੀ ਦੇ ਤਤ੍ਵ ਵੀ ਮਿਲ ਜਾਂਦੇ ਹਨ। ਸਿੱਖ ਧਰਮ ਵਿਚ ‘ਭਜਨ’ ਨੂੰ ‘ਸ਼ਬਦ ’ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਦਾ ਸਰੂਪ ‘ਭਜਨ’ ਵਰਗਾ ਹੈ, ਪਰ ਇਸ ਨੂੰ ਭਜਨ ਦੀ ਥਾਂ ‘ਸ਼ਬਦ’ ਕਹਿਣ ਦੀ ਪਰੰਪਰਾ ਹੈ।

ਭਗਤੀ ਦੇ ਪ੍ਰਕਾਰਜ ਨੂੰ ਵੀ ਭਜਨ ਕਿਹਾ ਜਾਂਦਾ ਹੈ—ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ (ਗੁ.ਗ੍ਰੰ.269)। ਗੁਰੂ ਤੇਗ ਬਹਾਦਰ ਜੀ ਨੇ ਆਪਣੇ ਸ਼ਲੋਕਾਂ ਵਿਚ ‘ਭਜੁ ਹਰਿ ਮਨਾ ’ ਉਕਤੀ ਨੂੰ ਵਾਰ ਵਾਰ ਵਰਤਿਆ ਹੈ। ਇਥੇ ‘ਭਜਨ’ ਨਾਮ-ਸਿਮਰਨ ਜਾਂ ਨਾਮ-ਸਾਧਨਾ ਦਾ ਹੀ ਸਮਾਨਾਰਥਕ ਹੈ। ਗੁਰੂ ਅਰਜਨ ਦੇਵ ਜੀ ਅਨੁਸਾਰ ਉਹ ਕਿਹੜਾ ਪ੍ਰਾਣੀ ਹੈ ਜੋ ਭਜਨ ਕਰਨ ਨਾਲ ਨ ਤਰਿਆ ਹੋਵੇ। ਅਰਥਾਤ ਭਜਨ ਕਰਨ ਨਾਲ ਅਧਿਆਤਮਿਕ ਸਾਧਨਾ ਸੰਪੰਨ ਹੁੰਦੀ ਹੈ ਅਤੇ ਸਾਧਕ ਪਰਮ-ਗਤਿ ਨੂੰ ਪ੍ਰਾਪਤ ਕਰਦਾ ਹੈ—ਹਰਿ ਕੈ ਭਜਨਿ ਕਉਨ ਕਉਨ ਤਾਰੇ (ਗੁ. ਗ੍ਰੰ.1269)।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16554, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਭਜਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਭਜਨ (ਸੰ.। ਸੰਸਕ੍ਰਿਤ) ੧. ਸੇਵਾ , ਈਸ਼੍ਵਰ ਦੀ ਭਗਤੀ , ਪੂਜਾ ਆਦਿ, ਕੀਰਤਨ। ਯਥਾ-‘ਗੋਬਿੰਦ ਭਜਨ ਬਿਨੁ ਤਿਲੁ ਨਹੀ ਮਾਨੈ’।

੨. ਨਾਮ ਸਿਮਰਨ

੩. ਪਰਮੇਸ਼ਰ ਦੀ ਉਸਤਤਿ ਦੇ ਗੀਤ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 16553, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਭਜਨ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭਜਨ : ਉਸਤਤ, ਕੀਰਤੀ, ਗੁਣ ਕਥਨ, ਗੁਣ ਗਾਇਨ ਦਾ ਲੋਕ–ਰੂਪ ਭਜਨ ਹੈ। ਉਪਾਸਨਾ ਲਈ ਗਾਏ ਜਾਣ ਵਾਲੇ ਗੀਤ ਵੀ ਭਜਨ ਅਖਵਾਉਂਦੇ ਹਨ। ਸਗੁਣ ਉਪਾਸਨਾ ਨੇ ਭਜਨਾਂ ਨੂੰ ਬਹੁਤ ਪ੍ਰਚੱਲਿਤ ਕੀਤਾ ਤੇ ਪ੍ਰਚਾਰਿਆ। ਬੋਧੀਆਂ, ਜੈਨੀਆਂ ਤੇ ਪਿਛਲੇਰੇ ਕਾਲ ਦੇ ਪੌਰਾਣਿਕ ਹਿੰਦੂ ਧਰਮਾਂ ਵਿਚ ਭਜਨ ਰਚਣ ਤੇ ਗਾਉਣ ਦਾ ਰਿਵਾਜ ਰਿਹਾ ਹੈ। ਭਜਨਾਂ ਦੀ ਰਚਨਾ ਕਿਸੇ ਨਿਸ਼ਚਿਤ ਛੰਦ ਦੀ ਮੁਥਾਜ ਨਹੀਂ, ਸਾਨੂੰ ਇਹ ਅਨੇਕ ਪ੍ਰਕਾਰ ਦੇ ਛੰਦਾਂ ਵਿਚ ਰਚਿਤ ਮਿਲਦੇ ਹਨ। ਇਨ੍ਹਾਂ ਲਈ ਕੋਈ ਖ਼ਾਸ ਰਾਗ ਵੀ ਨਿਸ਼ਚਿਤ ਨਹੀਂ ਹੈ।

          ਭਜਨ ਵਿਚ ਹਰੀ, ਅਕਾਲ ਪੁਰਖ, ਰੱਬ ਜਾਂ ਵਾਹਿਗੁਰੂ ਦਾ ਗੁਣ ਗਾਇਨ ਹੁੰਦਾ ਹੈ ਜਾਂ ਆਪਣੇ ਇਸ਼ਟ ਅਥਵਾ ਗੁਰੂ ਦੇ ਰੂਪ ਜਾਂ ਗੁਣਾਂ ਦੀ ਕੀਰਤੀ ਗਾਈ ਜਾਂਦੀ ਹੈ। ਇਨ੍ਹਾਂ ਵਿਚ ਆਪਣੇ ਆਪ ਨੂੰ ਛੋਟਾ, ਸੰਤਾਨ ਰੂਪ, ਨਿਰਮਾਣ ਤੇ ਨਿਮਰ ਦਰਸਾਇਆ ਹੁੰਦਾ ਹੈ ਤੇ ਹਰੀ ਅਥਵਾ ਇਸ਼ਟ ਨੂੰ ਮਹਾਨ, ਪਿਤਾ ਰੂਪ, ਗੌਰਵਮਈ ਤੇ ਸਰਬ–ਉੱਚ ਮੰਨਿਆ ਹੁੰਦਾ ਹੈ। ਸਵੇਰ ਵੇਲੇ ਗਾਏ ਜਾਣ ਵਾਲੇ ਉਪਾਸਨਾ–ਗੀਤਾਂ ਨੂੰ ਵੀ ਪ੍ਰਭਾਤੀ ਭਜਨ ਆਖਿਆ ਜਾਂਦਾ ਹੈ। ਆਥਣ ਜਾਂ ਸ਼ਾਮ ਨੂੰ ਗਾਇਆ ਜਾਣ ਵਾਲਾ ਭਜਨ ਆਰਤੀ ਹੈ (ਵੇਖੋ ‘ਆਰਤੀ’)। ਭਗਤੀ ਭਾਵਨਾ, ਵੈਰਾਗ, ਬਿਰਹਾ, ਪ੍ਰੇਮ ਆਦਿ ਭਜਨਾਂ ਦੇ ਕੁਝ ਕੁ ਬਹੁਤ ਹੀ ਪ੍ਰਿਯ ਵਿਸ਼ੈ ਹਨ।

          ‘ਭਜਨ’ ਸ਼ਬਦ ਦੇ ਕੋਸ਼ਗਤ ਅਰਥ ਹਨ ਪੂਜਾ, ਸੇਵਾ, ਨਾਮ ਦਾ ਜਾਪ ਆਦਿ। ‘ਸੁਖਮਨੀ’ ਵਿਚ ਗੁਰੂ ਅਰਜਨ ਸਾਹਿਬ ਫੁਰਮਾਉਂਦੇ ਹਨ ‘ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ’।

          ਭਜਨ ਦੇ ਪ੍ਰਚਲਿਤ ਤੇ ਲੋਕੋਕਤ ਅਰਥ ਸਿਮਰਨ ਜਾਂ ਜਾਪ ਹੀ ਹਨ। ਭਜਨ–ਸਿਮਰਨ ਕਰਨ ਵਾਲੇ ਆਦਮੀ ਨੂੰ ਸਾਧਾਰਣ ਭਾਸ਼ਾ ਵਿਚ ਭਜਨੀਕ ਆਖਿਆ ਜਾਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਸਹਸਕ੍ਰਿਤੀ ਸ਼ਲੋਕਾਂ ਵਿਚ ਭਜਨ ਦੇ ਆਸਣ ਉੱਤੇ ਬੈਠੇ ਹਰਿ ਭਗਤ ਦੀ ਸਥਿਰਤਾ ਦੀ ਸ਼ੋਭਾ ਤੇ ਵਡਿਆਈ ਕਰਦੇ ਹੋਏ ਆਖਦੇ ਹਨ ‘ਅਸਥਿਰੰ ਨਾਨਕ ਭਗਵੰਤ ਭਜਨਾਸਨੰ।’ ਇਸ ‘ਭਜਨਾਸਨੰ’ ਦੇ ਅਰਥ ਕਈ ਟੀਕਾਕਾਰਾਂ ਨੇ ਇਹ ਵੀ ਕੀਤੇ ਹਨ ਕਿ ਭਜਨੀਕ ਉਹ ਹੈ ਜੋ ਹਰਿ ਦੇ ਭਜਨ ਦਾ ਭੋਜਨ (ਭਜਨ ਅਸ਼ਨ) ਹੀ ਛਕਦਾ ਹੈ।

          ਗੁਰਮਤਿ ਜਾਂ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਵਿਚ ਭਜਨ ਦੀ ਬੜੀ ਉਪਮਾ ਕੀਤੀ ਗਈ ਹੈ। ਗੁਰੂ ਅਰਜਨ ਸਾਹਿਬ ਆਖਦੇ ਹਨ ਕਿ ਪ੍ਰਭੂ ਦੇ ਭਜਨ ਨਾਲ ਕਿੰਨੇ ਹੀ ਲੋਕ ਇਸ ਭਵਸਾਗਰ ਤੋਂ ਤਰ ਗਏ :

                   ਹਰਿ ਕੈ ਭਜਨ ਕਉਨ ਕਉਨ ਨ ਤਾਰੇ।                          ––(ਆ. ਗ੍ਰੰਥ, ਪੰਨਾ ੧੨੬੯)

        ਗੁਰੂ ਸਾਹਿਬਾਨ ਨੇ ਭਜਨ ਕਰਨ ਦੀ ਤਾਕੀਦ ਹਰ ਸਿੱਖ ਨੂੰ ਨਹੀਂ ਕੀਤੀ ਸਗੋਂ ਕਈ ਥਾਈਂ ਆਪਣੇ ਆਪ ਨੂੰ ਸੰਬੋਧਨ ਕਰਕੇ ਵੀ ਭਜਨ ਕਰਨ ਦੀ ਆਤਮ–ਪ੍ਰੇਰਣਾ ਲਈ ਹੈ :

                   ਕਹੁ ਨਾਨਕੁ ਭਜੁ ਹਰਿ ਮਨਾ…….                                            ––(ਸਲੋਕ ਮ. ੯)

ਅਤੇ    

                   ਭਜੁ ਸਾਧ ਸੰਗਤਿ ਸਦਾ ਨਾਨਕ                                     ––(ਆ. ਗ੍ਰੰਥ, ਪੰਨਾ ੪੬੧)

        ਕਬੀਰ ਸਾਹਿਬ ਨੇ ਵੀ ਭਜਨ ਦੇ ਮਹੱਤਵ ਪੁਰ ਜ਼ੋਰ ਦਿੱਤਾ ਹੈ ਤੇ ਵਰਤਮਾਨ ਨੂੰ ਭਜਨ ਲਈ ਅਤਿ ਯੋਗ ਸਮਾਂ ਮੰਨਿਆ ਹੈ :

                   ਅਬ ਨ ਭਜਸਿ, ਭਜਸਿ ਕਬ ਭਾਈ।                                       ––(ਆ. ਗ੍ਰੰਥ, ਪੰਨਾ ੧੧੫੯)


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 12816, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.