ਭਦੌੜ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਭਦੌੜ (ਕਸਬਾ): ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇਕ ਕਸਬਾ ਜੋ ਬਰਨਾਲਾ ਨਗਰ ਤੋਂ 25 ਕਿ.ਮੀ. ਉੱਤਰ-ਪੱਛਮ ਵਲ ਹੈ। ਗੁਰੂ ਗੋਬਿੰਦ ਸਿੰਘ ਜੀ ਦਸੰਬਰ 1706 ਈ. ਵਿਚ ਇਥੇ ਸ਼ਿਕਾਰ ਖੇਡਦਿਆਂ ਆਏ ਸਨ। ਉਦੋਂ ਇਹ ਇਲਾਕਾ ਸੁੰਨਸਾਨ ਜੰਗਲ ਸੀ। ਪਟਿਆਲਾ-ਪਤਿ ਬਾਬਾ ਆਲਾ ਸਿੰਘ ਨੇ ਭਦੌੜ ਕਸਬੇ ਦੀ ਸਥਾਪਨਾ ਕੀਤੀ। ਇਸ ਵਿਚ ਭਾਈ ਰਾਮ ਸਿੰਘ ਦੇ ਵੱਡੇ ਪੁੱਤਰ ਦੁਨੇ ਦੀ ਔਲਾਦ ਰਹਿੰਦੀ ਹੈ। ਗੁਰੂ ਸਾਹਿਬ ਦੀ ਆਮਦ ਦੀ ਯਾਦ ਵਿਚ ਇਥੇ ਬਾਬਾ ਆਲਾ ਨੇ ਗੁਰੂ-ਧਾਮ ਬਣਵਾਇਆ। ਇਹ ਸਮਾਰਕ ਉਦੋਂ ਕਿਲ੍ਹੇ ਦੇ ਅੰਦਰ ਬਣਵਾਇਆ ਗਿਆ ਸੀ, ਹੁਣ ਭਾਵੇਂ ਕਿਲ੍ਹੇ ਦੇ ਕੁਝ ਖੰਡਰ ਹੀ ਬਚੇ ਹਨ। ਇਸ ਨੂੰ ‘ਗੁਰਦੁਆਰਾ ਸਾਹਿਬ ਅੰਦਰੂਨੀ ਪਾਤਿਸ਼ਾਹੀ ਦਸ ’ ਕਿਹਾ ਜਾਂਦਾ ਹੈ। ਇਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਤਲਵਾਰ ਅਤੇ ਇਕ ਖੰਜਰ (ਕਟਾਰ) ਸੰਭਾਲੀਆਂ ਹੋਈਆਂ ਹਨ।
‘ਗੁਰਦੁਆਰਾ ਸਾਹਿਬ ਬੇਰੂਨੀ ਪਾਤਿਸ਼ਾਹੀ ਛੇ’ ਕਸਬੇ ਤੋਂ ਪੱਛਮ ਵਾਲੇ ਪਾਸੇ ਥੋੜਾ ਬਾਹਰ ਨੂੰ ਬਣਿਆ ਹੋਇਆ ਹੈ। ਪਹਿਲਾਂ ਇਹ ਜਗ੍ਹਾ ‘ਸਮਾਧ ਭਾਈ ਚਰਨ ਦਾਸ ’ ਵਜੋਂ ਜਾਣੀ ਜਾਂਦੀ ਸੀ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨ ਦਹਾਕੇ ਪਹਿਲਾਂ ਇਸ ਨੂੰ ਖ਼ਰੀਦ ਕੇ ਛੇਵੇਂ ਗੁਰੂ ਦੀ ਆਮਦ ਦੀ ਯਾਦ ਵਿਚ ਗੁਰਦੁਆਰੇ ਵਿਚ ਬਦਲ ਦਿੱਤਾ ਹੈ। ਕਿਉਂਕਿ ਇਕ ਰਵਾਇਤ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਵੀ ਮਾਲਵਾ ਖੇਤਰ ਦੀ ਯਾਤ੍ਰਾ ਦੌਰਾਨ ਇਥੋਂ ਲੰਘੇ ਸਨ। ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ। ਇਥੇ ਵਿਸਾਖੀ ਨੂੰ ਸਾਲਾਨਾ ਧਾਰਮਿਕ ਮੇਲਾ ਲਗਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5093, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First