ਭਾਸ਼ਾ ਪਰਿਵਾਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭਾਸ਼ਾ ਪਰਿਵਾਰ: ਪੂਰੀ ਦੁਨੀਆ ਵਿੱਚ ਜਿੱਥੇ ਕਿਤੇ ਵੀ ਲੋਕਾਂ ਦੀ ਵੱਸੋਂ ਹੈ, ਉੱਥੇ ਕੋਈ ਨਾ ਕੋਈ ਭਾਸ਼ਾ ਵੀ ਜ਼ਰੂਰ ਬੋਲੀ ਜਾਂਦੀ ਹੈ। ਸੰਸਾਰ ਦੀ ਵੱਸੋਂ ਬੜੀ ਘਣੀ ਹੈ। ਇਸ ਲਈ ਭਾਸ਼ਾਵਾਂ ਵੀ ਅਨੇਕ ਹਨ। ਹਰ ਦੇਸ ਦੀ ਭਾਸ਼ਾ ਅੱਡਰੀ ਹੈ, ਦੇਸ ਹੀ ਨਹੀਂ ਹਰ ਪ੍ਰਦੇਸ ਦੀ ਭਾਸ਼ਾ ਵੀ ਭਿੰਨ ਹੁੰਦੀ ਹੈ। ਯੂਨੇਸਕੋ ਦੀ ਰਿਪੋਰਟ ਅਨੁਸਾਰ ਇਸ ਸਮੇਂ ਦੁਨੀਆ ਵਿੱਚ 6500 ਦੇ ਕਰੀਬ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪਰ ਭਾਸ਼ਾਵਾਂ ਦੀ ਇਸ ਅਨੇਕਤਾ ਵਿੱਚ ਏਕਤਾ ਵੀ ਹੈ ਅਤੇ ਭਾਈਚਾਰਾ ਵੀ ਹੈ। ਇਹ ਭਾਈਚਾਰਾ ਸਾਡੇ ਖ਼ਾਨਦਾਨਾਂ, ਕੁਲਾਂ, ਬੰਸਾਂ ਜਾਂ ਘਰਾਣਿਆਂ ਦੀ ਤਰ੍ਹਾਂ ਹੈ। ਭਾਸ਼ਾ ਦੇ ਸਿਆਣਿਆਂ ਨੇ ਸੰਸਾਰ ਭਰ ਦੀਆਂ ਇਹਨਾਂ ਸਾਰੀਆਂ ਭਾਸ਼ਾਵਾਂ ਦੀਆਂ ਜੱਦਾਂ-ਪੁਸ਼ਤਾਂ ਇਕੱਠੇ ਫਰੋਲ ਕੇ, ਮੂਲ ਭਾਸ਼ਾਵਾਂ ਦੀ ਨਿਸ਼ਾਨਦੇਹੀ ਕੀਤੀ ਹੈ। ਜਿਹੜੀਆਂ ਭਾਸ਼ਾਵਾਂ ਕਿਸੇ ਇੱਕ ਸਰਬ-ਸਾਂਝੀ ਭਾਸ਼ਾ ਵਿੱਚੋਂ ਵਿਕਸਿਤ ਹੋਈਆਂ ਜਾਪੀਆਂ, ਉਹਨਾਂ ਨੂੰ ਇੱਕ ‘ਭਾਸ਼ਾ ਪਰਿਵਾਰ’ ਦੀਆਂ ਭਾਸ਼ਾਵਾਂ ਮੰਨਿਆ ਗਿਆ। ਆਮ ਤੌਰ ਤੇ ਬੋਲੀਆਂ ਦੀ ਸਾਕ- ਸਕੀਰੀ ਮੇਲਣ ਲਈ ਘਰੇਲੂ ਵਰਤੋਂ ਦੇ ਸ਼ਬਦਾਂ ਦੀ ਪੈੜ ਨੱਪ ਕੇ ਜੋੜ-ਮੇਲ ਕੀਤਾ ਜਾਂਦਾ ਹੈ। ਮਿਸਾਲ ਲਈ ਉੱਤਰੀ, ਅਫ਼ਗਾਨਿਸਤਾਨ, ਈਰਾਨ ਅਤੇ ਲਗਪਗ ਸਾਰੇ ਯੂਰਪ ਵਿੱਚ ਜਿੰਨੀਆਂ ਵੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਉਹਨਾਂ ਨੂੰ ਇੱਕ ਵੱਡੇ ਸਰਬ ਸਾਂਝੇ ਭਾਸ਼ਾ-ਪਰਿਵਾਰ (ਭਾਰਤ-ਯੂਰਪੀ) ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਇਸ ਭਾਸ਼ਾ ਪਰਿਵਾਰ ਦੀਆਂ ਭਾਸ਼ਾਵਾਂ ਦੀ ਰਿਸ਼ਤੇਦਾਰੀ ਸਥਾਪਿਤ ਕਰਨ ਲਈ ਹੇਠ ਲਿਖੇ ਸ਼ਬਦਾਂ ਦਾ ਮੇਲ ਜੋਲ ਕੀਤਾ ਗਿਆ: (ਵੇਖੋ ਤਾਲਿਕਾ)

     ਇਸ ਹਿਸਾਬ ਨਾਲ ਸਾਕਾਚਾਰੀ ਸਥਾਪਿਤ ਕਰ ਕੇ ਅਤੇ ਅੱਗੋਂ ਪੀੜ੍ਹੀਆਂ ਮਿਲਾ ਕੇ ਦੁਨੀਆ ਦੀਆਂ ਭਾਸ਼ਾਵਾਂ ਨੂੰ ਗਿਆਰਾਂ-ਬਾਰਾਂ ਪਰਿਵਾਰਾਂ ਵਿੱਚ ਵੰਡਿਆ ਗਿਆ ਹੈ। ਇਹਨਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ:

     1. ਭਾਰਤ-ਯੂਰਪੀ ਭਾਸ਼ਾ ਪਰਿਵਾਰ: ਇਸ ਪਰਿਵਾਰ ਨੂੰ ਆਰੀਆ ਭਾਸ਼ਾ ਪਰਿਵਾਰ ਜਾਂ ਭਾਰਤ-ਜਰਮਨੀ ਪਰਿਵਾਰ ਵੀ ਕਿਹਾ ਜਾਂਦਾ ਹੈ। ਸੰਸਕ੍ਰਿਤ, ਲਾਤੀਨੀ, ਯੂਨਾਨੀ, ਈਰਾਨੀ, ਰੂਸੀ, ਜਰਮਨੀ, ਫ਼੍ਰਾਂਸੀਸੀ, ਅੰਗਰੇਜ਼ੀ ਅਤੇ ਆਧੁਨਿਕ ਭਾਰਤੀ-ਆਰੀਆਈ ਭਾਸ਼ਾਵਾਂ ਇਸੇ ਭਾਸ਼ਾ ਪਰਿਵਾਰ ਵਿੱਚੋਂ ਹਨ। ਸਾਡੀ ਪੰਜਾਬੀ ਭਾਸ਼ਾ ਵੀ ਇਸੇ ਪਰਿਵਾਰ ਨਾਲ ਤਅੱਲਕ ਰੱਖਦੀ ਹੈ।

     2. ਸਾਮੀ ਭਾਸ਼ਾ ਪਰਿਵਾਰ: ਪ੍ਰਾਚੀਨ ਕਾਲ ਵਿੱਚ ਇਸ ਪਰਿਵਾਰ ਦੀਆਂ ਭਾਸ਼ਾਵਾਂ ਫੋਨੀਸ਼ੀਆ, ਆਰ- ਮੀਨੀਆ ਅਤੇ ਅਸੀਰੀਆ ਵਿੱਚ ਬੋਲੀਆਂ ਜਾਂਦੀਆਂ ਹਨ। ਇਹਨਾਂ ਪੁਰਾਣੀਆਂ ਬੋਲੀਆਂ ਦੇ ਨਮੂਨੇ ਕੇਵਲ ਸ਼ਿਲਾਲੇਖਾਂ ਵਿੱਚ ਮਿਲਦੇ ਹਨ। ਇਸ ਪਰਿਵਾਰ ਦੀਆਂ ਪ੍ਰਸਿੱਧ ਭਾਸ਼ਾਵਾਂ ਹਿਬਰੂ, ਪ੍ਰਾਚੀਨ ਅਰਬੀ, ਸਿਰੀਅਨ ਆਦਿ ਹਨ। ਯਹੂਦੀਆਂ ਦੀ ਪੁਰਾਣੀ ਹਿਬਰੂ ਭਾਸ਼ਾ ਵਿੱਚ ਮੂਲ ਬਾਈਬਲ ਲਿਖੀ ਗਈ ਸੀ। ਪ੍ਰਾਚੀਨ ਅਰਬੀ ਭਾਸ਼ਾ ਵਿੱਚ ਮੁਸਲਮਾਨਾਂ ਦੀ ਧਾਰਮਿਕ ਪੁਸਤਕ ਕੁਰਾਨ ਸ਼ਰੀਫ ਰਚੀ ਗਈ ਸੀ।

     3. ਹਾਮੀ ਭਾਸ਼ਾ ਪਰਿਵਾਰ: ਇਸ ਪਰਿਵਾਰ ਦੀਆਂ ਭਾਸ਼ਾਵਾਂ ਉੱਤਰੀ ਅਮਰੀਕਾ ਵਿੱਚ ਪ੍ਰਚਲਿਤ ਹਨ। ਮਿਸਰ ਦੀ ਪ੍ਰਾਚੀਨ ਭਾਸ਼ਾ ਕਪਟੀ, ਸਮਾਲੀਲੈਂਡ ਦੀ ਸਮਾਲੀ, ਲੀਬੀਆ ਦੀ ਲੀਬੀ, ਇਥੋਪੀਆ ਦੀ ਇਥੋਪੀ ਅਤੇ ਹਾਉਸਾ ਇਸੇ ਪਰਿਵਾਰ ਦੀਆਂ ਭਾਸ਼ਾਵਾਂ ਹਨ। ਇਹਨਾਂ ਭਾਸ਼ਾਵਾਂ ਉਪਰ ਅਰਬੀ ਭਾਸ਼ਾ ਦਾ ਕਾਫ਼ੀ ਪ੍ਰਭਾਵ ਹੈ।

     4. ਚੀਨੀ-ਤਿੱਬਤੀ ਭਾਸ਼ਾ ਪਰਿਵਾਰ: ਇਸ ਪਰਿਵਾਰ ਦੀਆਂ ਭਾਸ਼ਾਵਾਂ ਚੀਨ, ਤਿੱਬਤ, ਬਰਮਾ ਅਤੇ ਆਸਾਮ ਵਿੱਚ ਬੋਲੀਆਂ ਜਾਂਦੀਆਂ ਹਨ। ਇਉਂ ਇਹ ਭਾਸ਼ਾਵਾਂ ਸਾਰੇ ਦੱਖਣ-ਪੂਰਬ ਏਸ਼ੀਆ ਵਿੱਚ ਬੋਲੀਆਂ ਜਾਂਦੀਆਂ ਹਨ। ਚੀਨੀ ਪਰਿਵਾਰ ਦੀ ਮੁੱਖ ਭਾਸ਼ਾ ਮੰਡਾਰੀ ਹੈ। ਇਸ ਵਿੱਚ ਛੇ ਸੁਰਾਂ ਪ੍ਰਚਲਿਤ ਹਨ। ਤਿਬਤੀ ਪਰਿਵਾਰ ਦੀਆਂ ਬੋਲੀਆਂ ਵਿੱਚ ਗਾਰੋ, ਬੋਦੋ, ਨਾਗਾ ਅਤੇ ਕੁਕੀ- ਚਿਨ ਆਦਿ ਭਾਰਤ ਵਿੱਚ ਪੂਰਬੀ ਸੀਮਾ ਦੇ ਲਾਗੇ ਬੋਲੀਆਂ ਜਾਂਦੀਆਂ ਹਨ। ਬਰਮੀ ਭਾਸ਼ਾ ਬਰਮਾ ਵਿੱਚ ਬੋਲੀ ਜਾਂਦੀ ਹੈ।

     5. ਮਲਾਏ-ਪੋਲੀਨੇਸ਼ੀਅਨ ਪਰਿਵਾਰ: ਇਸ ਪਰਿਵਾਰ ਦੀਆਂ ਭਾਸ਼ਾਵਾਂ ਤਕਰੀਬਨ ਸਾਰੇ ਸ਼ਾਂਤ ਮਹਾਂਸਾਗਰ ਦੇ ਟਾਪੂਆਂ ਵਿੱਚ ਪ੍ਰਚਲਿਤ ਹਨ ਅਤੇ ਪੱਛਮ ਵੱਲ ਮਡਗਾਸਕਰ ਤੱਕ ਫੈਲੀਆਂ ਹੋਈਆਂ ਹਨ। ਇਸ ਵਿੱਚ ਜਾਵਾ, ਫਿਜੀ, ਸੁਮਾਤਰਾ, ਬੋਰਨੀਓ, ਮਲਾਇਆ, ਹਵਾਈ ਆਦਿ ਟਾਪੂਆਂ ਦੀਆਂ ਭਾਸ਼ਾਵਾਂ ਸ਼ਾਮਲ ਹਨ। ਕਈ ਵਿਦਵਾਨ ਤਾਂ ਭਾਰਤ ਦੇ ਸੰਥਾਲੀ, ਕੌਲਾਂ ਅਤੇ ਭੀਲ ਕਬੀਲਿਆਂ ਦੀਆਂ ਭਾਸ਼ਾਵਾਂ ਨੂੰ ਵੀ ਇਸੇ ਪਰਿਵਾਰ ਨਾਲ ਜੋੜਦੇ ਹਨ।

     6. ਕਦਾਈ ਪਰਿਵਾਰ: ਇਸ ਪਰਿਵਾਰ ਦੀਆਂ ਥੋੜ੍ਹੀ ਗਿਣਤੀ ਦੀਆਂ ਭਾਸ਼ਾਵਾਂ ਚੀਨ ਦੇ ਦੱਖਣ-ਪੱਛਮੀ ਭਾਗ ਵਿੱਚ ਅਤੇ ਹੈਨਾ ਟਾਪੂ ਵਿੱਚ ਫੈਲੀਆਂ ਮਿਲਦੀਆਂ ਹਨ। ਥਾਈਲੈਂਡ ਦੀ ਥਾਈ ਜਾਂ ਸਿਆਮੀ, ਹਿੰਦ-ਚੀਨ ਦੀ ਲਾਸੀਆਨ ਜਾਂ ਲਾਓ ਅਤੇ ਬਰਮਾ ਦੀ ਸ਼ਾਨ ਭਾਸ਼ਾ ਵੀ ਇਸੇ ਕਦਾਈ ਭਾਸ਼ਾ ਪਰਿਵਾਰ ਦਾ ਹਿੱਸਾ ਹੈ।

     7. ਅਫ਼ਰੀਕਾ ਭਾਸ਼ਾਵਾਂ: ਵੈਸੇ ਅਫ਼ਰੀਕੀ ਭਾਸ਼ਾਵਾਂ ਦਾ ਠੀਕ-ਠੀਕ ਵਰਗੀਕਰਨ ਅਜੇ ਨਹੀਂ ਹੋ ਸਕਿਆ। ਇਸ ਪਰਿਵਾਰ ਵਿੱਚ ਅਫ਼ਰੀਕੀ ਮਹਾਂਦੀਪ ਦੀਆਂ ਸੈਂਕੜੇ ਸਥਾਨਿਕ ਬੋਲੀਆਂ ਸ਼ਾਮਲ ਹਨ।ਇਹਨਾਂ ਦੇ ਤਿੰਨ ਸਮੂਹ ਪ੍ਰਸਿੱਧ ਹਨ-ਬੰਟੂ ਭਾਸ਼ਾ ਸਮੂਹ, ਬੁਸੁਮੈਨ ਭਾਸ਼ਾ ਸਮੂਹ ਅਤੇ ਸੁਡਾਨ ਭਾਸ਼ਾ ਸਮੂਹ। ਬੰਟੂ ਭਾਸ਼ਾਵਾਂ ਭੂ-ਮੱਧ ਰੇਖਾ ਤੋਂ ਕੇਪ-ਟਾਊਨ ਤੱਕ ਫੈਲੀਆਂ ਹੋਈਆਂ ਹਨ। ਬੁਸੁਮੈਨ ਸਮੂਹ ਦੀਆਂ ਭਾਸ਼ਾਵਾਂ ਦੱਖਣੀ ਅਫ਼ਰੀਕਾ ਦੇ ਖੇਤਰ ਵਿੱਚ ਫੈਲੀਆਂ ਹੋਈਆਂ ਹਨ। ਸੁਡਾਨ ਸਮੂਹ ਦੀਆਂ ਭਾਸ਼ਾਵਾਂ ਬੰਟੂ ਸਮੂਹ ਅਤੇ ਹਾਮੀ ਪਰਿਵਾਰ ਦੇ ਵਿਚਕਾਰਲੇ ਪੱਛਮੀ ਅਫ਼ਰੀਕੀ ਖੇਤਰ ਵਿੱਚ ਬੋਲੀਆਂ ਜਾਂਦੀਆਂ ਹਨ।

     8. ਅਮਰੀਕੀ ਭਾਸ਼ਾਵਾਂ: ਇਸ ਪਰਿਵਾਰ ਦੀਆਂ ਭਾਸ਼ਾਵਾਂ ਅਮਰੀਕਾ ਦੇ ਆਦਿ-ਵਾਸੀਆਂ ਵਿੱਚ ਬੋਲੀਆਂ ਜਾਂਦੀਆਂ ਹਨ। ਇਸ ਦੇ ਵੀ ਤਿੰਨ ਮੁੱਖ ਸਮੂਹ ਹਨ-ਉੱਤਰੀ, ਕੇਂਦਰੀ ਅਤੇ ਦੱਖਣੀ। ਉੱਤਰੀ ਅਮਰੀਕਾ ਦੇ ਕਈ ਭਾਸ਼ਾ ਪਰਿਵਾਰ ਹਨ ਜਿਨ੍ਹਾਂ ਵਿੱਚੋਂ ਐਲਗਾ- ਨੀਜੀਅਨ ਭਾਸ਼ਾਵਾਂ ਬਹੁਤ ਪ੍ਰਸਿੱਧ ਹਨ। ਇਹ ਪੂਰਬੀ ਤੱਟ ’ਤੇ ਕੈਰੋਲਿਨਾ ਤੋਂ ਦੱਖਣ ਵੱਲ ਲੈਬਰਾਡਾਰ ਤੱਕ ਫੈਲੀਆਂ ਹੋਈਆਂ ਹਨ। ਦੂਜਾ ਸਮੂਹ ਮੈਸਾਚੁਸੱਟਸ ਭਾਸ਼ਾਵਾਂ ਦਾ ਹੈ। ਇਸ ਵਿੱਚ ਈਲੀਅਟ ਨੇ ਬਾਈਬਲ ਦਾ ਅਨੁਵਾਦ ਕੀਤਾ। ਇਸੇ ਤਰ੍ਹਾਂ ਹੋਰ ਵੀ 300 ਦੇ ਕਰੀਬ ਭਾਸ਼ਾਵਾਂ ਪ੍ਰਚਲਿਤ ਹਨ। ਕੇਂਦਰੀ ਅਮਰੀਕਾ ਵਿੱਚ ਸਭ ਤੋਂ ਪ੍ਰਸਿੱਧ ਪਰਿਵਾਰ ਮਯਾਨ ਦਾ ਹੈ। ਇਸ ਵਿੱਚ 300 ਦੇ ਕਰੀਬ ਭਾਸ਼ਾਵਾਂ ਹਨ। ਦੱਖਣੀ ਅਮਰੀਕਾ ਵਾਲਾ ਖੇਤਰ ਭਾਸ਼ਾਵਾਂ ਦੇ ਵਿਸਤਾਰ ਪੱਖੋਂ ਵਧੇਰੇ ਵਿਭਿੰਨਤਾ ਵਾਲਾ ਹੈ। ਇਸ ਵਿੱਚ 500 ਦੇ ਕਰੀਬ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਸਭ ਤੋਂ ਵੱਡਾ ਪਰਿਵਾਰ ਨੇਚਿਜ- ਮੁਸਕੋਜੀਅਨ ਹੈ। ਹੋਰ ਪਰਿਵਾਰ ਸਿਉਅਨ, ਕਾਦੂਅਨ, ਤੁਨੀਕਾਨ ਅਤੇ ਹੋਕਾਨ ਹਨ।

     9. ਆਸਟਰੀ-ਏਸ਼ਿਆਈ ਭਾਸ਼ਾ ਪਰਿਵਾਰ: ਇਸ ਭਾਸ਼ਾ ਪਰਿਵਾਰ ਦੀਆਂ ਭਾਸ਼ਾਵਾਂ ਦੱਖਣੀ ਪੂਰਬੀ ਏਸ਼ੀਆ ਦੇ ਬਹੁਤ ਵੱਡੇ ਖੇਤਰ ਵਿੱਚ ਪ੍ਰਚਲਿਤ ਹਨ। ਇਸ ਖੇਤਰ ਵਿੱਚ ਨਿੱਕੋਬਾਰ ਟਾਪੂ ਅਤੇ ਹਿੰਦ-ਮਹਾਂਸਾਗਰ ਦੇ ਕਈ ਹੋਰ ਟਾਪੂ ਵੀ ਸ਼ਾਮਲ ਹਨ। ਮੱਧ ਭਾਰਤ ਦੀਆਂ ਪਹਾੜੀਆਂ ਵਿੱਚ ਪ੍ਰਚਲਿਤ ਮੁੰਡਾ ਭਾਸ਼ਾਵਾਂ ਵੀ ਇਸੇ ਪਰਿਵਾਰ ਦੀਆਂ ਹਨ। ਪੂਰਬੀ ਭਾਰਤ ਵਿੱਚ ਪ੍ਰਚਲਿਤ ਖਾਸੀ, ਖਮੇਰਾ, ਮੋਨ ਭਾਸ਼ਾਵਾਂ ਅਤੇ ਨਿੱਕੋਬਾਰ ਟਾਪੂ ਦੀ ਭਾਸ਼ਾ ਵੀ ਇਸੇ ਭਾਸ਼ਾ ਪਰਿਵਾਰ ਦਾ ਹਿੱਸਾ ਹਨ।

     10. ਆਸਟਰੇਲੀਆਈ ਭਾਸ਼ਾ ਪਰਿਵਾਰ: ਆਸਟਰੇਲੀਆ ਦੇ ਮਹਾਂਦੀਪ ਅਤੇ ਟਸਮੇਨੀਆਂ ਦੇ ਮੂਲ ਨਿਵਾਸੀਆਂ ਦੀਆਂ ਬੋਲੀਆਂ ਇਸੇ ਭਾਸ਼ਾ ਪਰਿਵਾਰ ਨਾਲ ਸੰਬੰਧਿਤ ਹਨ। ਇਹਨਾਂ ਵਿੱਚੋਂ ਟਸਮੇਨੀਆਂ ਦੀਆਂ ਭਾਸ਼ਾਵਾਂ ਹੁਣ ਅਪ੍ਰਚਲਿਤ ਹੋ ਗਈਆਂ ਹਨ।

     11. ਦਰਾਵੜ ਭਾਸ਼ਾ ਪਰਿਵਾਰ: ਇਸ ਪਰਿਵਾਰ ਦੀਆਂ ਭਾਸ਼ਾਵਾਂ ਦੱਖਣ ਭਾਰਤ ਵਿੱਚ ਬੋਲੀਆਂ ਜਾਂਦੀਆਂ ਹਨ। ਇਹਨਾਂ ਭਾਸ਼ਾਵਾਂ ਦੇ ਬੋਲਣ ਵਾਲਿਆਂ ਨੂੰ ਉਹਨਾਂ ਦਰਾਵੜ ਲੋਕਾਂ ਦੀ ਦੱਸਿਆ ਜਾਂਦਾ ਹੈ ਜਿਹੜੇ ਆਰੀਆ ਦੇ ਭਾਰਤ ਵਿੱਚ ਆਉਣ ਤੋਂ ਪਹਿਲਾਂ ਇੱਥੇ ਵੱਸਦੇ ਸਨ ਅਤੇ ਜਿਨ੍ਹਾਂ ਨੂੰ ਆਰੀਆ ਲੋਕਾਂ ਨੇ ਉੱਤਰ ਤੋਂ ਦੱਖਣ ਵੱਲ ਭਜਾ ਦਿੱਤਾ। ਇਸ ਭਾਸ਼ਾ ਪਰਿਵਾਰ ਦੀਆਂ ਬੋਲੀਆਂ ਵਿੱਚ ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਆਦਿ ਪ੍ਰਮੁਖ ਹਨ।

     12. ਅਗਿਆਤ ਭਾਸ਼ਾ ਪਰਿਵਾਰ: ਉਪਰੋਕਤ ਪੱਕੇ ਭਾਸ਼ਾ ਪਰਿਵਾਰਾਂ ਤੋਂ ਇਲਾਵਾ ਕੁਝ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਨ੍ਹਾਂ ਦਾ ਪੁਰਾਣਾ ਵੰਸ਼ ਅਜੇ ਲੱਭਿਆ ਨਹੀਂ ਜਾ ਸਕਿਆ। ਇਸ ਲਈ ਅਜਿਹੀਆਂ ਭਾਸ਼ਾਵਾਂ ਦਾ ਬਾਰ੍ਹਵਾਂ ‘ਅਗਿਆਤ ਭਾਸ਼ਾ ਪਰਿਵਾਰ’ ਤਸੱਵਰ ਕਰ ਲਿਆ ਗਿਆ ਹੈ। ਜਿਵੇਂ ਫ਼੍ਰਾਂਸ ਦੇ ਪੱਛਮੀ ਖੇਤਰ ਵਿੱਚ ਅਤੇ ਸਪੇਨ ਦੀ ਕੁਝ ਕੁ ਵੱਸੋਂ ਬਾਸਕ ਭਾਸ਼ਾ ਬੋਲਦੀ ਹੈ ਪਰ ਇਸ ਭਾਸ਼ਾ ਦੇ ਪਰਿਵਾਰ ਦਾ ਨਿਰਣਾ ਅਜੇ ਤੱਕ ਨਹੀਂ ਹੋ ਸਕਿਆ। ਇਵੇਂ ਕਾਕੇਸ਼ੀਆਂ ਦੀਆਂ ਕੁਝ ਭਾਸ਼ਾਵਾਂ, ਜਪਾਨ ਅਤੇ ਕੋਰੀਆ ਦੀਆਂ ਭਾਸ਼ਾਵਾਂ, ਆਸਟਰੇਲੀਆ ਦੀਆਂ ਕੁਝ ਭਾਸ਼ਾਵਾਂ, ਨਿਉਗੀਨੀ ਅਤੇ ਇਸ ਦੇ ਨਾਲ ਲੱਗਦੇ ਟਾਪੂਆਂ ਦੇ ਆਦਿ ਵਾਸੀਆਂ ਦੀਆਂ ਭਾਸ਼ਾਵਾਂ ਅਤੇ ਕੈਲੇਫੋਰਨੀਆਂ ਦੇ ਖੇਤਰ ਵਿੱਚ ਵੀ ਕੁਝ ਅਜਿਹੀਆਂ ਭਾਸ਼ਾਵਾਂ ਪ੍ਰਚਲਿਤ ਹਨ ਜਿਨ੍ਹਾਂ ਦੀ ਪਰਿਵਾਰਿਕ ਵੰਡ ਬਾਰੇ ਸ਼ੱਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕੁਝ ਭਾਸ਼ਾਵਾਂ ਹਨ ਜਿਨ੍ਹਾਂ ਬਾਰੇ ਅਜੇ ਫ਼ੈਸਲਾ ਨਹੀਂ ਹੋ ਸਕਿਆ। ਇਸ ਲਈ ਭਾਸ਼ਾਵਾਂ ਦੀ ਪਰਿਵਾਰਿਕ ਵੰਡ ਦੀ ਕਹਾਣੀ ਕੋਈ ਇੱਥੇ ਹੀ ਖ਼ਤਮ ਨਹੀਂ ਹੋਈ। ਇਸ ਦਿਸ਼ਾ ਵਿੱਚ ਖੋਜ ਕਾਰਜ ਅਜੇ ਜਾਰੀ ਹੈ। ਨਵੀਂ ਖੋਜ ਮੁਤਾਬਕ ਉਪਰੋਕਤ ਭਾਸ਼ਾ ਪਰਿਵਾਰਾਂ ਵਿੱਚ ਵੀ ਅਦਲਾ- ਬਦਲੀ ਹੋ ਸਕਦੀ ਹੈ।


ਲੇਖਕ : ਬੂਟਾ ਸਿੰਘ ਬਰਾੜ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14258, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਭਾਸ਼ਾ ਪਰਿਵਾਰ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਭਾਸ਼ਾ ਪਰਿਵਾਰ: ਇਤਿਹਾਸਕ ਭਾਸ਼ਾ ਵਿਗਿਆਨ ਦੇ ਖੇਤਰ ਵਿਚ ਇਸ ਸੰਕਲਪ ਦੀ ਵਰਤੋਂ ਭਾਸ਼ਾਵਾਂ ਦਾ ਵਰਗੀਕਰਨ ਕਰਨ ਲਈ ਕੀਤਾ ਜਾਂਦਾ ਹੈ। ਭਾਸ਼ਾਵਾਂ ਦਾ ਵਰਗੀਕਰਨ ਕਰਨ ਦੇ ਦੋ ਅਧਾਰ ਮੌਜੂਦ ਹਨ : (i) ਭਾਸ਼ਾਵਾਂ ਦੀ ਪਰਿਵਾਰਕ ਵੰਡ ਅਤੇ (ii) ਭਾਸ਼ਾਵਾਂ ਦੀ ਬਣਤਰਾਤਮਕ ਵੰਡ। ਅਜੋਕੇ ਭਾਸ਼ਾ ਵਿਗਿਆਨ ਦੇ ਮੁੱਢਲੇ ਸਰੂਪ ਨੂੰ ਭਾਸ਼ਾ ਸ਼ਾਸਤਰ ਕਿਹਾ ਜਾਂਦਾ ਸੀ। ਭਾਸ਼ਾ ਸ਼ਾਸਤਰ ਵਿਚ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਦੀ ਖੇਤਰੀ ਵੰਡ ਨੂੰ ਅਧਾਰ ਬਣਾ ਕੇ ਇਕ ਸਮੇਂ ਦੀ ਭਾਸ਼ਾ ਵਿਚ ਆਉਣ ਵਾਲੀਆਂ ਤਬਦੀਲੀਆਂ ਨੂੰ ਦੂਜੇ ਸਮੇਂ ਨਾਲ ਟਕਰਾ ਕੇ ਵੇਖਿਆ ਜਾਂਦਾ ਸੀ। ਖੇਤਰੀ ਵੰਡ ਅਤੇ ਟਕਰਾਵੇਂ ਅਧਿਅਨ ਰਾਹੀਂ ਇਕ ਭਾਸ਼ਾ ਵਿਚਲੇ ਵਿਆਕਰਨਕ, ਧੁਨੀ ਵਿਗਿਆਨਕ ਅਤੇ ਅਰਥ ਵਿਗਿਆਨਕ ਸਾਂਝਾਂ ਬਾਰੇ ਪਤਾ ਲਗਾ। ਇਨ੍ਹਾਂ ਸਾਂਝਾਂ ਦੇ ਅਧਾਰ ’ਤੇ ਭਾਸ਼ਾ ਪਰਿਵਾਰ ਦਾ ਸੰਕਲਪ ਹੋਂਦ ਵਿਚ ਆਇਆ। ਭਾਸ਼ਾ ਸ਼ਾਸਤਰੀਆਂ ਨੇ ਭਾਸ਼ਾਵਾਂ ਵਿਚਲੀ ਸ਼ਾਂਝ ਤੋਂ ਪਰਭਾਵਤ ਹੋ ਕੇ ਇਸ ਸੰਕਲਪ ਨੂੰ ਹੋਰ ਭਾਸ਼ਾਵਾਂ ’ਤੇ ਲਾਗੂ ਕਰਕੇ ਵੇਖਣਾ ਸ਼ੁਰੂ ਕੀਤਾ। ਸਿਟੇ ਵਜੋਂ ਸਾਰੀਆਂ ਹੀ ਭਾਸ਼ਾਵਾਂ ਨੂੰ ਕੁਝ ਸੀਮਤ ਗਰੁੱਪਾਂ ਵਿਚ ਵੰਡਿਆ ਗਿਆ। ਇਸ ਲੱਭਤ ਦੀ ਇਕ ਉਦਾਹਰਨ ਪੇਸ਼ ਹੈ : ਵਿਲੀਅਮ ਜੌਨਜ਼ ਨੇ 1786 ਈ. ਵਿਚ ਇਕ ਐਲਾਨ ਕੀਤਾ ਹੈ ਕਿ ਪ੍ਰਾਚੀਨ ਭਾਸ਼ਾਵਾਂ ਸੰਸਕ੍ਰਿਤ, ਲੈਟਿਨ, ਗ੍ਰੀਕ, ਜਰਮੈਨਿਕ ਅਤੇ ਕੈਲਟਿਕ ਆਦਿ ਵਿਚ ਸਾਰੇ ਪੱਧਰਾਂ ’ਤੇ ਸਾਂਝਾਂ ਹਨ। ਇਸ ਐਲਾਨ ਤੋਂ ਬਾਦ ਭਾਸ਼ਾ ਸ਼ਾਸਤਰੀਆਂ ਨੇ ਇਨ੍ਹਾਂ ਦੀਆਂ ਸਾਂਝਾਂ ਦਾ ਪਤਾ ਲਗਾ ਲਿਆ ਅਤੇ ਇਹ ਸਾਬਤ ਕਰ ਦਿੱਤਾ ਕਿ ਇਨ੍ਹਾਂ ਸਾਰੀਆਂ ਕਲਾਸੀਕਲ ਭਾਸ਼ਾਵਾਂ ਦਾ ਸਰੋਤ ਇਕ ਹੈ। ਇਸ ਅਧਾਰ ’ਤੇ ਇਨ੍ਹਾਂ ਭਾਸ਼ਾਵਾਂ ਅਤੇ ਇਨ੍ਹਾਂ ਦੇ ਅਜੋਕੇ ਸਰੂਪ ਨੂੰ ਇਕ ਭਾਸ਼ਾ ਵਰਗ ਵਿਚ ਬੰਨ੍ਹ ਦਿੱਤਾ ਗਿਆ, ਜਿਸ ਨੂੰ ਅੱਜ ਭਾਰਤੀ-ਯੋਰਪੀ ਭਾਸ਼ਾ ਪਰਿਵਾਰ ਕਿਹਾ ਜਾਂਦਾ ਹੈ। ਇਸ ਪਰਿਵਾਰ ਵਿਚ ਕੁਲ ਮਿਲਾ ਕੇ ਕੋਈ ਸੌ ਭਾਸ਼ਾਵਾਂ\ਬੋਲੀਆਂ ਸ਼ਾਮਲ ਹਨ ਅਤੇ ਬੁਲਾਰਿਆਂ ਦੀ ਸੰਖਿਆ ਦੇ ਅਧਾਰ ’ਤੇ ਇਹ ਪਰਿਵਾਰ ਸਭ ਤੋਂ ਵੱਡਾ ਹੈ। ਇਸ ਤੋਂ ਇਲਾਵਾ ਸ਼ਾਸਤਰੀਆਂ ਨੇ ਘੱਟੋ ਘੱਟ ਨੌਂ ਹੋਰ ਭਾਸ਼ਾ ਪਰਿਵਾਰਾਂ ਦੀ ਸ਼ਨਾਖਤ ਕੀਤੀ ਜੋ ਇਸ ਪਰਕਾਰ ਹਨ ਜਿਵੇਂ : ਅਲਤੋਕ, ਸੂਰਾਲਿਕ, ਦ੍ਰਾਵਿੜੀ, ਆਸਟਰੋ-ਏਸ਼ੀਆਟਿਕ, ਸਿਨੋ-ਤਿੱਬਤੀ, ਆਸਟਰੋ-ਤਾਈ, ਆਸਟਰੇਲੀਅਨ, ਐਫਰੋ-ਏਸ਼ੀਆਇਕ, ਨੀਗਰ-ਕੋਰਡੋਫੈਨੀਅਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 14250, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਪੰਜਾਬੀ ਪੀਡੀਆ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇੱਕ ਨਿਵੇਕਲਾ ਉਪਰਾਲਾ ਹੈ ਜੋ ਕਿ ਬਹੁਤ ਹੀ ਲਾਹੇਵੰਦ ਹੈ ਹਰ ਇੱਕ ਤਰ੍ਹਾਂ ਨਾਲ ਸਬੰਧਿਤ ਜਾਣਕਾਰੀ ਇਸ ਵੈੱਬਸਾਈਟ ਤੇ ਦਿੱਤੀ ਗਈ ਹੈ ਧੰਨਵਾਦ ਜੀ ।


Inderjeet Singh, ( 2022/10/29 09:3128)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.