ਭਿੱਖੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਭਿੱਖੀ (ਨਗਰੀ): ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦਾ ਇਕ ਪੁਰਾਤਨ ਨਗਰ ਜਿਸ ਵਿਚ ਮਾਲਵੇ ਦੀ ਪ੍ਰਚਾਰ-ਯਾਤ੍ਰਾ ਦੌਰਾਨ ਗੁਰੂ ਤੇਗ ਬਹਾਦਰ ਜੀ ਦਸ ਦਿਨ ਠਹਿਰੇ ਸਨ। ਇਥੋਂ ਦੇ ਤਰਖਾਣਾਂ ਅਤੇ ਬਾਣੀਆਂ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ। ਇਥੋਂ ਦਾ ਚੌਧਰੀ ਦੇਸੂ (ਨਾਮਾਂਤਰ ਗੈਂਡਾ ਚਾਹਲ) ਸੁਲਤਾਨ ਸਖੀ ਸਰਵਰ ਦਾ ਉਪਾਸਕ ਸੀ , ਪਰ ਗੁਰੂ ਜੀ ਦੇ ਪ੍ਰਵਚਨ ਸੁਣ ਕੇ ਉਸ ਨੇ ਸਿੱਖੀ ਧਾਰਣ ਕੀਤੀ। ਸਥਾਨਕ ਰਵਾਇਤ ਅਨੁਸਾਰ ਗੁਰੂ ਜੀ ਨੇ ਚਲਣ ਵੇਲੇ ਚੌਧਰੀ ਨੂੰ ਪੰਜ ਤੀਰ ਬਖ਼ਸ਼ੇ। ਗੁਰੂ ਜੀ ਦੇ ਪ੍ਰਸਥਾਨ ਤੋਂ ਬਾਦ ਚੌਧਰੀ ਦੀ ਪਤਨੀ ਧਰਮ-ਪਰਿਵਰਤਨ ਕਰਨ ਲਈ ਆਪਣੇ ਪਤੀ ਨਾਲ ਔਖੀ ਹੋਈ ਅਤੇ ਤੀਰਾਂ ਨੂੰ ਤੋੜ ਕੇ ਫੂਕ ਦਿੱਤਾ। ਫਲਸਰੂਪ ਘਰ ਉਤੇ ਬਿਪਤਾ ਛਾ ਗਈ। ਇਸ ਦੇ ਪੁੱਤਰ ਅਤੇ ਪੋਤਰੇ ਨੂੰ ਵੈਰੀਆਂ ਨੇ ਮਾਰ ਦਿੱਤਾ ਅਤੇ ਇਸ ਦੀ ਵੰਸ਼-ਪਰੰਪਰਾ ਖ਼ਤਮ ਹੋ ਗਈ।
ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪਹਿਲਾਂ ਨਗਰ ਨਿਵਾਸੀਆਂ ਨੇ ਨਗਰ ਤੋਂ ਉਤਰ ਵਾਲੇ ਪਾਸੇ ਇਕ ਟੋਭੇ ਦੇ ਕੰਢੇ ਸਮਾਰਕ ਬਣਾਇਆ। ਬਾਦ ਵਿਚ ਪਟਿਆਲਾ- ਪਤਿ ਮਹਾਰਾਜਾ ਕਰਮ ਸਿੰਘ ਨੇ ਗੁਰੂ-ਧਾਮ ਦੀ ਸੁੰਦਰ ਇਮਾਰਤ ਉਸਰਵਾਈ। ਹੁਣ ਇਹ ‘ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ’ ਦੇ ਨਾਂ ਨਾਲ ਪ੍ਰਸਿੱਧ ਹੈ। ਇਹ ਗੁਰੂ- ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਸੇਵਾ-ਸੰਭਾਲ ਸਥਾਨਕ ਕਮੇਟੀ ਕਰਦੀ ਹੈ। ਹਰ ਸੰਗ੍ਰਾਂਦ ਨੂੰ ਇਥੇ ਵੱਡੇ ਦੀਵਾਨ ਸਜਦੇ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1440, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First