ਭੰਗਾਣੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭੰਗਾਣੀ (ਪਿੰਡ): ਹਿਮਾਚਲ ਪ੍ਰਦੇਸ਼ ਦਾ ਇਕ ਪਿੰਡ ਜੋ ਪਹਿਲਾਂ ਸਰਮੌਰ ਰਿਆਸਤ ਵਿਚ ਸੀ ਅਤੇ ਯਮੁਨਾ ਨਦੀ ਦੇ ਸੱਜੇ ਕੰਢੇ ਉਤੇ ਪਾਉਂਟਾ ਸਾਹਿਬ ਤੋਂ 11 ਕਿ.ਮੀ. ਦੀ ਵਿਥ ਉਤੇ ਵਸਿਆ ਹੋਇਆ ਸੀ। ਕਹਿਲੂਰ ਰਿਆਸਤ ਦਾ ਰਾਜਾ ਭੀਮ ਚੰਦ ਆਪਣੇ ਪੁੱਤਰ ਦਾ ਵਿਆਹ ਰਾਜਾ ਫਤਹਿਚੰਦ ਗੜ੍ਹਵਾਲੀਏ ਦੀ ਪੁੱਤਰੀ ਨਾਲ ਸੰਪੰਨ ਕਰਕੇ ਆਪਣੀ ਰਿਆਸਤ ਵਲ ਪਰਤ ਰਿਹਾ ਸੀ। ਉਸ ਦੇ ਮਨ ਵਿਚ ਗੁਰੂ ਗੋਬਿੰਦ ਸਿੰਘ ਜੀ ਉਤੇ ਅਚਾਨਕ ਹਮਲਾ ਕਰਨ ਦਾ ਵਿਚਾਰ ਪੈਦਾ ਹੋਇਆ। ਉਸ ਨੇ ਰਾਜਾ ਫਤਹਿਚੰਦ ਨੂੰ ਅਗੇ ਕਰਕੇ ਅਤੇ ਹਰੀਚੰਦ ਹੰਡੂਰੀਏ ਅਤੇ ਕਈ ਹੋਰ ਰਾਜਿਆਂ ਦੇ ਸੈਨਾ-ਦਲਾਂ ਨੂੰ ਨਾਲ ਮਿਲਾ ਕੇ ਯਮੁਨਾ ਨਦੀ ਵਲ ਚਾਲੇ ਪਾ ਦਿੱਤੇ। ਗੁਰੂ ਜੀ ਨੂੰ ਆਕ੍ਰਮਣ ਦੇ ਇਸ ਮਨਸੂਬੇ ਦੀ ਸੂਚਨਾ ਮਿਲ ਗਈ। ਉਹ ਵੀ ਆਪਣੇ ਸਿੱਖ ਯੋਧਿਆਂ ਸਹਿਤ ਭੰਗਾਣੀ ਪਿੰਡ ਵਾਲੀ ਥਾਂ ਉਤੇ ਜਾ ਡਟੇ। ਪੀਰ ਬੁੱਧੂਸ਼ਾਹ ਦੀ ਸਿਫ਼ਾਰਿਸ਼ ਉਤੇ ਰਖੇ ਪਠਾਣਾਂ ਵਿਚੋਂ ਬਹੁਤੇ ਗੁਰੂ ਸਾਹਿਬ ਦੇ ਦਲ ਵਿਚੋਂ ਭਜ ਕੇ ਵੈਰੀ ਨਾਲ ਜਾ ਮਿਲੇ। ਰਾਜਿਆਂ ਨੇ ਯਮੁਨਾ ਨਦੀ ਵਿਚ ਬਰੇਤੇ ਵਾਲੀ ਥਾਂ’ਤੇ ਸੈਨਾ ਨੂੰ ਵਿਵਸਥਿਤ ਕਰ ਦਿੱਤਾ। ਗੁਰੂ ਜੀ ਨੇ ਬ੍ਰਿਛਾਂ ਦੇ ਝੁੰਡ ਵਿਚ ਆਪਣਾ ਧੁਰਾ ਬਣਾ ਲਿਆ ਅਤੇ ਆਪਣੀ ਫ਼ੌਜ ਦੀ ਮੂਹਰਲੀ ਕਤਾਰ ਨੂੰ ਉੱਚੀ ਥਾਂ ਉਤੇ ਬਿਠਾ ਦਿੱਤਾ ਅਤੇ ਆਪ ਇਕ ਹੋਰ ਉੱਚੀ ਥਾਂ’ਤੇ ਮੋਰਚਾ ਸੰਭਾਲ ਲਿਆ ਜਿਥੋਂ ਵੈਰੀ ਦਲ ਉਤੇ ਸੁਵਿਧਾ ਨਾਲ ਤੀਰ ਛਡੇ ਜਾ ਸਕਦੇ ਸਨ। 18 ਸਤੰਬਰ 1688 ਈ. ਨੂੰ ਹੋਏ ਘੋਰ ਯੁੱਧ ਵਿਚ ਪਹਾੜੀ ਰਾਜੇ ਭਜ ਗਏ ਅਤੇ ਗੁਰੂ ਜੀ ਨੂੰ ਆਪਣੇ ਪਹਿਲੇ ਯੁੱਧ ਵਿਚ ਸਫਲਤਾ ਪ੍ਰਾਪਤ ਹੋਈ। ‘ਬਚਿਤ੍ਰ ਨਾਟਕ ’ ਵਿਚ ਲਿਖਿਆ ਹੈ—ਰਣੰ ਤਿਆਗਿ ਭਾਗੇ ਸਬੈ ਤ੍ਰਾਸ ਪਾਗੇ ਭਈ ਜੀਤ ਮੇਰੀ ਕ੍ਰਿਪਾ ਕਾਲ ਕੇਰੀ੩੪ ਰਣੰ ਜੀਤਿ ਆਏ ਜਯੰ ਗੀਤ ਗਾਏ ਧਨੰਧਾਰ ਬਰਖੇ ਸਬੈ ਸੂਰ ਹਰਖੇ੩੫

ਭੰਗਾਣੀ ਪਿੰਡ ਵਿਚ ਯੁੱਧ ਨਾਲ ਸੰਬੰਧਿਤ ਦੋ ਸਮਾਰਕ ਹਨ। ਇਕ, ‘ਗੁਰਦੁਆਰਾ ਤੀਰ ਗੜ੍ਹੀ ’ ਜਿਥੇ ਗੁਰੂ ਜੀ ਨੇ ਯੁੱਧ ਦਾ ਨਿਰੀਖਣ ਕੀਤਾ ਸੀ ਅਤੇ ਲੋੜ ਪੈਣ’ਤੇ ਤੀਰਾਂ ਦੀ ਝੜੀ ਲਗਾਈ ਸੀ। ਦੂਜਾ , ‘ਗੁਰਦੁਆਰਾ ਭੰਗਾਣੀ ਸਾਹਿਬ’ ਜਿਥੇ ਗੁਰੂ ਜੀ ਨੇ ਯੁੱਧ ਸਾਮਗ੍ਰੀ ਅਤੇ ਲੋੜ ਦੇ ਹੋਰ ਸਾਮਾਨ ਨੂੰ ਇਕੱਠਾ ਕਰਵਾਇਆ ਸੀ। ਇਸ ਗੁਰਦੁਆਰੇ ਦੀ ਵਰਤਮਾਨ ਇਮਾਰਤ ਦੀ ਉਸਾਰੀ ਆਨੰਦਪੁਰ ਸਾਹਿਬ ਦੇ ਸੰਤ ਸੇਵਾ ਸਿੰਘ ਨੇ ਕਰਵਾਈ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3527, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.