ਭੰਗੀਆਂ ਦੀ ਮਿਸਲ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਭੰਗੀਆਂ ਦੀ ਮਿਸਲ: ਸੁਪ੍ਰਸਿੱਧ ਬਾਰ੍ਹਾਂ ਮਿਸਲਾਂ ਵਿਚੋਂ ਇਕ, ਜਿਸ ਦਾ ਮੁਖੀ ਸ. ਹਰੀ ਸਿੰਘ ਸੀ। ਮਿਸਲ ਬਣਨ ਤੋਂ ਪਹਿਲਾਂ ਇਸ ਨੂੰ ਇਕ ਜੱਥੇ ਦੇ ਰੂਪ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜਵੜ ਪਿੰਡ ਦੇ ਛੱਜੂ ਸਿੰਘ ਨੇ ਆਯੋਜਿਤ ਕੀਤਾ। ਉਸ ਤੋਂ ਬਾਦ ਮੋਗਾ ਜ਼ਿਲਾ ਦੇ ਬਧਣੀ ਪਰਗਨੇ ਦਾ ਭੂਮਾ ਸਿੰਘ, ਢਿਲੋਂ ਜੱਟ ਇਸ ਦਾ ਜੱਥੇਦਾਰ ਬਣਿਆ। ਸੰਨ 1746 ਈ. ਵਿਚ ਭੂਮਾ ਸਿੰਘ ਦੇ ਦੇਹਾਂਤ ਤੋਂ ਬਾਦ ਉਸ ਦਾ ਪਾਲਿਤ ਪੁੱਤਰ ਹਰੀ ਸਿੰਘ ਜੱਥੇਦਾਰ ਬਣਿਆ। ਸੰਨ 1748 ਈ. ਵਿਚ ਦਲ ਖ਼ਾਲਸਾ ਦੀ ਸਥਾਪਨਾ ਨਾਲ ਉਹ ਆਪਣੇ ਜੱਥੇ ਅਥਵਾ ਮਿਸਲ ਦਾ ਮੁਖੀ ਬਣਿਆ। ਉਸ ਦੁਆਰਾ ਭੰਗ ਦੇ ਅਧਿਕ ਸੇਵਨ ਕਾਰਣ ਮਿਸਲ ਦਾ ਨਾਂ ‘ਭੰਗੀ ਮਿਸਲ’ ਅਥਵਾ ‘ਭੰਗੀਆਂ ਦੀ ਮਿਸਲ’ ਪ੍ਰਚਲਿਤ ਹੋਇਆ।
ਸ. ਹਰੀ ਸਿੰਘ ਨੇ ਆਪਣੀ ਮਿਸਲ ਦੀ ਸਕਤੀ ਨੂੰ ਅਧਿਕ ਵਿਸਤਾਰਿਆ ਅਤੇ ਵੀਹ ਹਜ਼ਾਰ ਯੋਧਿਆਂ ਦਾ ਸੈਨਿਕ ਦਲ ਤਿਆਰ ਕੀਤਾ। ਉਸ ਨੇ ਪਹਿਲਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਸੋਹਲ ਪਿੰਡ ਨੂੰ ਸਦਰ ਮੁਕਾਮ ਬਣਾਇਆ ਅਤੇ ਫਿਰ ਗਿਲਵਾਲੀ ਪਿੰਡ ਵਿਚ ਆਪਣੀ ਮਿਸਲ ਦੀ ਰਾਜਧਾਨੀ ਕਾਇਮ ਕੀਤੀ। ਸੰਨ 1763 ਈ. ਵਿਚ ਕਨ੍ਹੀਆ ਅਤੇ ਰਾਮਗੜ੍ਹੀਆ ਮਿਸਲਾਂ ਦੀ ਮਦਦ ਨਾਲ ਉਸ ਨੇ ਕਸੂਰ ਨੂੰ ਲੁਟਿਆ। ਫਿਰ ਸੰਨ 1764 ਈ. ਵਿਚ ਮੁਲਤਾਨ , ਬਹਾਵਲਪੁਰ ਨੂੰ ਲਤਾੜਦੇ ਹੋਇਆਂ ਸਿੰਧ ਦਰਿਆ ਪਾਰ ਕਰਕੇ ਮੁਜ਼ਫਰਗੜ੍ਹ, ਡੇਰਾ ਗ਼ਾਜ਼ੀਖ਼ਾਨ ਅਤੇ ਡੇਰਾ ਇਸਮਾਈਲ ਖ਼ਾਨ ਦੇ ਬਲੋਚੀ ਹਾਕਮਾਂ ਤੋਂ ਖ਼ਿਰਾਜ ਵਸੂਲ ਕੀਤਾ ਅਤੇ ਪਰਤਦੇ ਹੋਇਆਂ ਚਿਨੀਓਟ, ਝੰਗ ਅਤੇ ਸਿਆਲਕੋਟ ਨੂੰ ਤਬਾਹ ਕੀਤਾ, ਪਰ ਸੰਨ 1765 ਈ. ਵਿਚ ਬਾਬਾ ਆਲਾ ਸਿੰਘ ਦੇ ਵਿਰੁੱਧ ਲੜਦਿਆਂ ਮਾਰਿਆ ਗਿਆ। ਉਸ ਤੋਂ ਬਾਦ ਉਸ ਦੇ ਲੜਕੇ ਝੰਡਾ ਸਿੰਘ ਨੇ ਮਿਸਲ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਮਿਸਲ ਦਾ ਹਰ ਪੱਖੋਂ ਵਿਕਾਸ ਕੀਤਾ। ਮੁਲਤਾਨ ਨੂੰ ਜਿਤਣ ਤੋਂ ਬਾਦ ਝੰਗ, ਕਾਲਾਬਾਗ਼ ਅਤੇ ਮਨਕੇਰਾ ਨੂੰ ਅਧੀਨ ਕੀਤਾ ਅਤੇ ਅੰਮ੍ਰਿਤਸਰ ਵਿਚ ਕਿਲ੍ਹਾ ਭੰਗੀਆਂ ਦੀ ਉਸਾਰੀ ਕਰਵਾਈ। ਫਿਰ ਚੱਠਾ ਦੇ ਪਠਾਣਾਂ ਪਾਸੋਂ ‘ਜ਼ਮਜ਼ਮਾ ’ ਖੋਹੀ , ਜਿਸ ਦਾ ਨਾਂ ਕਾਲਾਂਤਰ ਵਿਚ ‘ਭੰਗੀਆਂ ਦੀ ਤੋਪ ’ ਪਿਆ। ਸੰਨ 1774 ਈ. ਵਿਚ ਕਨ੍ਹੀਆ ਅਤੇ ਸੁਕਰਚਕੀਆ ਮਿਸਲਾਂ ਵਾਲਿਆਂ ਨਾਲ ਲੜਦਾ ਹੋਇਆ ਉਹ ਜੰਮੂ ਵਿਚ ਮਾਰਿਆ ਗਿਆ।
ਝੰਡਾ ਸਿੰਘ ਤੋਂ ਪਿਛੋਂ ਉਸ ਦਾ ਭਰਾ ਗੰਡਾ ਸਿੰਘ ਗੱਦੀ ਉਤੇ ਬੈਠਾ ਅਤੇ ਉਸ ਦੇ ਥੋੜੇ ਚਿਰ ਤੋਂ ਬਾਦ ਮਰਨ ਉਪਰੰਤ ਉਸ ਦਾ ਨਾਬਾਲਗ਼ ਪੁੱਤਰ ਦੇਸਾ ਸਿੰਘ ਮਿਸਲ ਦਾ ਸਰਦਾਰ ਬਣਿਆ। ਪਰ ਕਮਜ਼ੋਰ ਮਿਸਲਦਾਰ ਹੋਣ ਕਾਰਣ ਕਈ ਭੰਗੀ ਸਰਦਾਰ ਆਪਣੇ ਆਪਣੇ ਇਲਾਕੇ ਵਿਚ ਖ਼ੁਦਮੁਖ਼ਤਿਆਰ ਬਣ ਬੈਠੇ। ਗੁਰਬਖ਼ਸ਼ ਸਿੰਘ ਨਾਂ ਦੇ ਭੰਗੀ ਸਰਦਾਰ ਦੇ ਪਾਲਿਤ ਪੁੱਤਰ ਲਹਿਣਾ ਸਿੰਘ ਅਤੇ ਦੋਹਤੇ ਗੁਜਰ ਸਿੰਘ ਨੇ ਸੰਨ 1765 ਈ. ਵਿਚ ਲਾਹੌਰ ਉਤੇ ਕਬਜ਼ਾ ਕੀਤਾ ਅਤੇ ਕਿਸੇ ਨ ਕਿਸੇ ਰੂਪ ਵਿਚ ਲਾਹੌਰ ਉਨ੍ਹਾਂ ਦੇ ਵੰਸ਼ਜਾਂ ਦੇ ਅਧੀਨ ਹੀ ਰਿਹਾ। ਉਨ੍ਹਾਂ ਦੇ ਦੋ ਉਤਰਾਧਿਕਾਰੀਆਂ—ਚੇਤ ਸਿੰਘ ਅਤੇ ਮੋਹਰ ਸਿੰਘ— ਦੇ ਰਾਜ-ਪ੍ਰਬੰਧ ਤੋਂ ਤੰਗ ਆ ਕੇ ਲਾਹੌਰ ਨਿਵਾਸੀਆਂ ਨੇ ਰਣਜੀਤ ਸਿੰਘ ਅਤੇ ਸਦਾ ਕੌਰ ਨੂੰ ਲਾਹੌਰ ਉਤੇ ਕਬਜ਼ਾ ਕਰਨ ਲਈ ਨਿਮੰਤਰਿਤ ਕੀਤਾ। 7 ਜੁਲਾਈ 1799 ਈ. ਨੂੰ ਰਣਜੀਤ ਸਿੰਘ ਨੇ ਲਾਹੌਰ ਨੂੰ ਆਪਣੇ ਅਧੀਨ ਕਰ ਲਿਆ। ਉਧਰ ਸੰਨ 1782 ਈ. ਵਿਚ ਦੇਸਾ ਸਿੰਘ ਦੀ ਮ੍ਰਿਤੂ ਤੋਂ ਬਾਦ ਉਸ ਦੇ ਨਾਬਾਲਗ਼ ਲੜਕੇ ਗੁਲਾਬ ਸਿੰਘ ਨੇ ਅੰਮ੍ਰਿਤਸਰ ਵਿਚ ਮਿਸਲ ਦੀ ਜ਼ਿੰਮੇਵਾਰੀ ਸੰਭਾਲੀ। ਸੰਨ 1800 ਈ. ਵਿਚ ਗੁਲਾਬ ਸਿੰਘ ਦੇ ਮਰਨ ਉਪਰੰਤ ਉਸ ਦੇ ਨਾਬਾਲਗ਼ ਪੁੱਤਰ ਗੁਰਦਿਤ ਸਿੰਘ ਨੇ ਆਪਣੀ ਮਾਤਾ ਮਾਈ ਸੁੱਖਾਂ ਦੀ ਸਰਪ੍ਰਸਤੀ ਅਧੀਨ ਮਿਸਲ ਦੀ ਸਰਦਾਰੀ ਸੰਭਾਲੀ। ਸੰਨ 1802 ਈ. ਵਿਚ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਉਤੇ ਕਬਜ਼ਾ ਕਰ ਲਿਆ। ਸਭ ਤੋਂ ਆਖੀਰ ਵਿਚ ਗੁਜਰਾਤ ਦੇ ਪ੍ਰਸ਼ਾਸਕ ਸਾਹਿਬ ਸਿੰਘ ਭੰਗੀ ਨੂੰ ਕੁਝ ਪਿੰਡ ਜਾਗੀਰ ਵਜੋਂ ਦੇ ਕੇ ਵੇਹਲਾ ਕੀਤਾ। ਸੰਨ 1810 ਈ. ਤਕ ਰਣਜੀਤ ਸਿੰਘ ਨੇ ਸਾਰੇ ਭੰਗੀ ਸਰਦਾਰਾਂ ਤੋਂ ਉਨ੍ਹਾਂ ਦੇ ਇਲਾਕੇ ਜਿਤ ਕੇ ਲਾਹੌਰ ਦਰਬਾਰ ਦੇ ਅਧੀਨ ਕਰ ਲਏ। ਇਸ ਤਰ੍ਹਾਂ ਇਸ ਮਿਸਲ ਦੀ ਹੋਂਦ ਖ਼ਤਮ ਹੋ ਗਈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3296, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First