ਭੰਗੜਾ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਭੰਗੜਾ: ਪੰਜਾਬੀ ਗੱਭਰੂਆਂ ਦਾ ਹਰਮਨਪਿਆਰਾ ਲੋਕ-ਨਾਚ ਭੰਗੜਾ ਹੈ। ਇਸ ਲੋਕ-ਨਾਚ ਬਾਰੇ ਕਈ ਤਰ੍ਹਾਂ ਦੀਆਂ ਦੰਦ-ਕਥਾਵਾਂ ਪ੍ਰਚਲਿਤ ਹਨ। ਕਈ ਵਿਦਵਾਨ ਭੰਗੜਾ ਲੋਕ-ਨਾਚ ਨੂੰ ਪੱਕੀਆਂ ਫ਼ਸਲਾਂ ਵੇਖ ਕੇ ਕਿਰਸਾਣ ਦੇ ਖ਼ੁਸ਼ੀ ਵਿੱਚ ਨੱਚਣ ਦੀ ਕਿਰਿਆ ਨਾਲ ਜੋੜ ਕੇ ਵੇਖਦੇ ਹਨ। ਉਹਨਾਂ ਅਨੁਸਾਰ, ਪੰਜਾਬ ਦੀ ਮੁੱਖ ਫ਼ਸਲ ਕਣਕ ਹੋਣ ਕਰ ਕੇ ਇਸ ਨਾਚ ਨੂੰ ਵਿਸਾਖੀ ਦੇ ਸਮੇਂ ਪੱਕੀ ਫ਼ਸਲ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ।
ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਭੰਗੜੇ ਦਾ ਸੰਬੰਧ ਕਿਉਂਕਿ ਤਾਲ ਅਤੇ ਢੋਲ ਨਾਲ ਹੈ ਇਸ ਲਈ ਇਸ ਦਾ ਜਨਮ ਭੰਗ ਅਤੇ ਸ਼ਿਵ ਜੀ ਦੇ ਡਮਰੂ ਤੋਂ ਹੋਇਆ। ਇੱਕ ਹੋਰ ਧਾਰਨਾ ਅਨੁਸਾਰ, ਭੰਗੜਾ ਨਾਚ ਦਾ ਜਨਮ ਨਿਰੋਲ ਭੰਗ ਤੋਂ ਹੋਇਆ ਮੰਨਿਆ ਜਾਂਦਾ ਹੈ। ਉਹਨਾਂ ਅਨੁਸਾਰ, ਭੰਗ ਪੀ ਕੇ ਭਾਂਗੜੀਆਂ ਦੁਆਰਾ ਨੱਚਿਆ ਜਾਣ ਵਾਲਾ ਨਾਚ ਹੀ ਭੰਗੜਾ ਅਖਵਾਇਆ। ਪਰ ਕਿਸੇ ਵੀ ਨਾਚ ਦਾ ਅਰੰਭ ਉਸ ਦੀ ਸ਼ਾਬਦਿਕ ਵਿਉਤਪਤੀ ਤੋਂ ਤਲਾਸ਼ ਕਰਨਾ ਯੋਗ ਨਹੀਂ ਹੈ। ਕਿਸੇ ਵੀ ਲੋਕ-ਨਾਚ ਦੇ ਜਨਮ ਬਾਰੇ ਜਾਣਨ ਲਈ ਨਾਚ ਦੀਆਂ ਮੁਦਰਾਵਾਂ ਦੀ ਟੇਕ ਲੈਣੀ ਬਿਹਤਰ ਹੋ ਸਕਦੀ ਹੈ। ਇਸ ਦ੍ਰਿਸ਼ਟੀ ਤੋਂ ਭੰਗੜਾ ਨਾਚ ਦੀਆਂ ਮੁਦਰਾਵਾਂ ਅਤੇ ਤਾਲਾਂ ਨੂੰ ਧਿਆਨ ਵਿੱਚ ਰੱਖਦਿਆਂ ਕਈ ਤਰ੍ਹਾਂ ਦੇ ਰੋਚਕ ਤੱਥ ਸਾਮ੍ਹਣੇ ਆਉਂਦੇ ਹਨ। ਜਿਵੇਂ ਅਜੋਕੇ ਸਮੇਂ ਨੱਚਿਆ ਜਾਣ ਵਾਲਾ ਭੰਗੜਾ ਲੋਕ-ਨਾਚ ਪ੍ਰਾਚੀਨ ਸਮਿਆਂ ਵਾਲਾ ਨਹੀਂ ਹੈ। ਸਮੇਂ-ਸਮੇਂ ਨਾਚ ਦੀਆਂ ਮੁਦਰਾਵਾਂ ਵਿੱਚ ਨਿਰੰਤਰ ਤਬਦੀਲੀ ਵਾਪਰਦੀ ਰਹੀ ਹੈ। ਅਜਿਹੀ ਹਾਲਤ ਵਿੱਚ ਕਿਹੜੀਆਂ ਮੁਦਰਾਵਾਂ ਨੂੰ ਸਹੀ ਮੰਨਿਆ ਜਾਵੇ। ਇਹ ਨਿਰਣਾ ਕਰਨਾ ਮੁਸ਼ਕਲ ਹੈ। ਫਿਰ ਵੀ ਜੋ ਤੱਤ ਸਾਂਝੇ ਹਨ, ਉਹਨਾਂ ਵਿੱਚ ਢੋਲ ਦੀਆਂ ਤਾਲਾਂ ਦੇ ਬੁਨਿਆਦੀ ਆਧਾਰ, ਨਾਚ ਮੁਦਰਾਵਾਂ ਦੀ ਪ੍ਰਾਚੀਨਤਾ ਅਤੇ ਨਾਚ ਦੁਆਰਾ ਉਤਪੰਨ ਭਾਵਾਂ ਦੀ ਸਾਰਥਕਤਾ ਨੂੰ ਮੁੱਖ ਰੱਖਦੇ ਹੋਏ ਕਿਹਾ ਜਾ ਸਕਦਾ ਹੈ ਭੰਗੜਾ ਖ਼ੁਸ਼ੀ ਵਿੱਚ ਨੱਚਿਆ ਜਾਣ ਵਾਲਾ ਲੋਕ-ਨਾਚ ਹੈ ਅਤੇ ਇਸ ਦੀਆਂ ਮੁੱਖ ਤਾਲਾਂ ਪੰਜ ਹਨ-ਭੰਡਾਰਾ, ਦੰਗਲ, ਭੰਗੜਾ, ਲੁੱਡੀ ਅਤੇ ਝੂਮਰ। ਲੁੱਡੀ ਅਤੇ ਝੂਮਰ ਦੋ ਵੱਖਰੇ ਨਾਚ ਹਨ ਜਿਨ੍ਹਾਂ ਦੀਆਂ ਕੁਝ ਮੁਦਰਾਵਾਂ ਅਤੇ ਤਾਲਾਂ ਨੂੰ ਅਜੋਕੇ ਭੰਗੜੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਭੰਡਾਰੇ ਦੀ ਤਾਲ ਯੱਗ ਕਰਨ ਸਮੇਂ ਵਜਾਈ ਜਾਂਦੀ ਹੈ ਪਰ ਅਜੋਕੇ ਭੰਗੜੇ ਵਿੱਚ ਕਈ ਮੁਦਰਾਵਾਂ ਭੰਡਾਰਾ ਤਾਲ ਦੀਆਂ ਵੀ ਰਲ ਗਈਆਂ ਮਿਲਦੀਆਂ ਹਨ। ਇਹ ਤਾਲ ਸਾਂਝੇ ਲੰਗਰ ਅਤੇ ਕਬੀਲਿਆਈ ਸਮਾਜ ਸਮੇਂ ਸ਼ਿਕਾਰ ਮਾਰਨ ਦੀ ਸਮੂਹਿਕ ਖ਼ੁਸ਼ੀ ਨੂੰ ਪ੍ਰਗਟਾਉਣ ਵਾਲੀ ਹੈ ਜੋ ਧੀਮੀ ਗਤੀ ਅਤੇ ਇੱਕ ਸਾਰ ਵੱਜਣ ਦੇ ਸੁਭਾਅ ਵਾਲੀ ਹੈ। ਦੂਜੀ ਤਾਲ ਦੰਗਲ ਜਾਂ ਭਲਵਾਨੀ ਦੀ ਹੈ ਜੋ ਘੋਲ ਅਖਾੜਿਆਂ ਵਿੱਚ ਛਿੰਜ ਪੈਣ ਸਮੇਂ ਵਜਾਈ ਜਾਂਦੀ ਹੈ। ਇਹ ਜੰਗੀ ਵਰਤਾਰੇ ਵਾਲੀ ਤਾਲ ਹੈ। ਭੰਡਾਰੇ ਦੀ ਤਾਲ ਵਿੱਚ ਛਿਟੀ ਅਤੇ ਡੱਗਾ ਢੋਲ ਉੱਤੇ ਸਮਵਿਥ ਵੱਜਦੇ ਹਨ ਪਰ ਭਲਵਾਨੀ ਤਾਲ ਵਿੱਚ ਵਧੇਰੇ ਬਲ ਡੱਗੇ ਦੀ ਮਾਤਰਾ ਉੱਤੇ ਦਿੱਤਾ ਜਾਂਦਾ ਹੈ। ਇਉਂ ਭੰਗੜਾ ਲੋਕ-ਨਾਚ ਵਿੱਚ ਢੋਲ ਦਾ ਡੱਗਾ, ਬਲਵਾਨਤਾ ਦੀ ਪ੍ਰਤਿਨਿਧਤਾ ਕਰਦਾ ਹੈ ਜਦ ਕਿ ਛਿਟੀ, ਨਾਚ ਦੀ ਚੰਚਲਤਾ ਤੀਬਰਤਾ ਅਤੇ ਗਤੀ ਨੂੰ ਪ੍ਰਗਟਾਉਂਦੀ ਹੈ। ਭੰਗੜਾ ਲੋਕ-ਨਾਚ ਦੀ ਤੀਜੀ ਤਾਲ ਭੰਗੜਾ ਹੀ ਹੈ। ਇਹ ਤਾਲ ਸਾਦਾ ਅਤੇ ਸਮਤਲ ਵੱਜਦੀ ਹੈ, ਜਿਸ ਵਿੱਚ ਢੋਲ ਦਾ ਡੱਗਾ ਇੱਕਸਾਰ ਵੱਜਦਾ ਹੈ। ਦੂਜੀਆਂ ਦੋ ਤਾਲਾਂ ਲੁੱਡੀ ਅਤੇ ਝੂਮਰ ਵਾਲੀਆਂ ਹਨ। ਭੰਗੜੇ ਵਿੱਚ ਇੱਕ ਹੋਰ ਤਾਲ ਸ਼ਿਵ ਦੇ ਡਮਰੂ ਵਾਲੀ ਵਜਾਈ ਜਾਂਦੀ ਹੈ। ਇਸ ਵਿੱਚ ਨਾਚੇ ਛਾਲਾਂ ਮਾਰਦੇ ਅਤੇ ਬਾਰੀ-ਬਾਰੀ ਹੱਥਾਂ ਨੂੰ ਅੱਗੇ ਕਰਦੇ ਹੋਏ ਡਮਰੂ ਵਜਾਉਣ ਦੀ ਮੁਦਰਾ ਨਾਲ ਨੱਚਦੇ ਹਨ। ਭਲਵਾਨੀ ਤਾਲ ਵਿੱਚ ਪਹਿਲੀ ਇੱਕ-ਇੱਕ ਉਂਗਲ ਉਪਰ ਚੁੱਕ ਕੇ ਅਤੇ ਬਾਰੀ-ਬਾਰੀ ਪੱਬਾਂ ਭਾਰ ਹੋ ਕੇ ਜਿੱਤ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।
ਅਜੋਕੇ ਲੋਕ-ਨਾਚ ਭੰਗੜਾ ਵਿੱਚ ਸਿਆਲਕੋਟੀ ਭੰਗੜੇ ਦੀਆਂ ਕੁਝ ਸਥਾਨਿਕ ਤਾਲਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਇਸ ਨਾਚ ਦੀ ਬੁਨਿਆਦੀ ਮੁਦਰਾ ਵਿੱਚ ਇੱਕ ਲੱਤ ਦੇ ਭਾਰ ਖਲੋਂਦੇ ਹੋਏ ਬਾਹਵਾਂ ਖਲਾਰ ਕੇ ਦੋਹਾਂ ਹੱਥਾਂ ਦੀਆਂ ਮੁਢਲੀਆਂ ਉਂਗਲੀਆਂ ਉਠਾ ਕੇ ਢੋਲ ਤੇ ਤੋੜੇ ਉੱਤੇ ਛਾਲ ਮਾਰੀ ਜਾਂਦੀ ਹੈ। ਅਜਿਹੀ ਮੁਦਰਾ ਅਖਾੜਿਆਂ ਵਿੱਚ ਜੇਤੂ ਭਲਵਾਨਾਂ ਵੱਲੋਂ ਨੱਚ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਨ ਵਾਲੀ ਹੈ। ਇਸੇ ਲਈ ਇਸ ਤਾਲ ਨੂੰ ਭਲਵਾਨੀ ਤਾਲ ਕਿਹਾ ਜਾਂਦਾ ਹੈ।
ਅਜੋਕੇ ਭੰਗੜਾ ਲੋਕ-ਨਾਚ ਦਾ ਮੂਲ ਭਾਵ ਮਸਤੀ, ਜੋਸ਼ ਪਿਆਰ ਅਤੇ ਚਾਅ ਦਾ ਹੈ। ਖ਼ੁਸ਼ੀ ਸਮੇਂ ਨੱਚੇ ਜਾਣ ਵਾਲੇ ਇਸ ਲੋਕ-ਨਾਚ ਦਾ ਪਹਿਰਾਵਾ ਵੀ ਵਿਸ਼ੇਸ਼ ਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਸਟੇਜ ’ਤੇ ਭੰਗੜਾ ਨੱਚਣ ਸਮੇਂ ਨਾਚੇ ਗੱਭਰੂ ਅਕਸਰ ਜੁੱਤੀ ਪਾਉਣ ਤੋਂ ਗੁਰੇਜ਼ ਕਰਦੇ ਹਨ। ਪਰ ਜੇਕਰ ਨਾਚ ਮੇਲੇ ਮਸਾਵ੍ਹੇ ਨੂੰ ਬਾਹਰ ਖੁੱਲ੍ਹੀ ਥਾਂ ’ਤੇ ਨੱਚਿਆ ਜਾਵੇ ਤਾਂ ਨੱਚਣ ਵਾਲੇ ਗੱਭਰੂ ਜੁੱਤੀ ਵੀ ਪਾ ਲੈਂਦੇ ਹਨ। ਜੁੱਤੀ ਤਿੱਲੇਦਾਰ, ਨੋਕ ਵਾਲੀ ਜਾਂ ਖੁੱਸਾ ਪਾਇਆ ਜਾਂਦਾ ਹੈ। ਤੇੜ ਚਾਦਰਾ, ਕਲੀਆਂ ਵਾਲਾ ਕੁੜਤਾ ਅਤੇ ਰੰਗਦਾਰ ਨਹਿਰੂ ਕੱਟ ਜਾਕਟ ਪਾਈ ਜਾਂਦੀ ਹੈ ਜੋ ਅਕਸਰ ਤਿੱਲੇਦਾਰ ਕਢਾਈ ਨਾਲ ਸ਼ਿੰਗਾਰੀ ਹੁੰਦੀ ਹੈ। ਭੰਗੜਾ ਨਾਚ ਨੱਚਣ ਸਮੇਂ ਪਗੜੀ ਬੰਨ੍ਹਣ ਦੇ ਕਈ ਨਮੂਨੇ ਪ੍ਰਚਲਿਤ ਹਨ। ਜਿਵੇਂ :
- ਆਸੇ ਪਾਸੇ ਦੋਵੇਂ ਸ਼ਮਲੇ ਥੱਲੇ ਨੂੰ ਲਮਕਾ ਕੇ
- ਇੱਕ ਸ਼ਮਲਾ ਥੱਲੇ ਅਤੇ ਇੱਕ ਉੱਤੇ ਨੂੰ ਉਠਾ ਕੇ
- ਹੇਠਾਂ ਉੱਤੇ ਕੀਤੇ ਸ਼ਮਲਿਆਂ ਦਾ ਰੰਗ ਵੱਖਰਾ ਕੇ
- ਇੱਕ ਸ਼ਮਲਾ ਹੇਠਾਂ ਅਤੇ ਦੂਜਾ ਮੱਥੇ ਉਪਰ ਕਲਗੀ ਵਾਂਗ ਸਜਾ ਕੇ। ਆਦਿ...
ਸ਼ਮਲੇ ਦਾ ਕੋਈ ਵੀ ਰੂਪ ਹੋਵੇ, ਪਰ ਸ਼ਮਲਾ ਮਾਵੇ ਨਾਲ ਅਕੜਾ ਕੇ ਬੰਨ੍ਹੇ ਜਾਣ ਦਾ ਚਲਨ ਹੈ। ਪਗੜੀਆਂ ਅਤੇ ਜਾਕਟਾਂ ਦਾ ਰੰਗ ਇੱਕ-ਦੂਜੇ ਨਾਲੋਂ ਭਿੰਨ ਰੱਖਿਆ ਜਾਂਦਾ ਹੈ ਤਾਂ ਕਿ ਤੇਜ਼ ਗਤੀ ਵਿੱਚ ਨੱਚੇ ਜਾਣ ਸਮੇਂ ਨਾਚਿਆਂ ਦੀ ਦਿੱਖ ਨੂੰ ਸੁੰਦਰ ਬਣਾਇਆ ਜਾ ਸਕੇ। ਇਸ ਲਈ ਨਾਚਿਆਂ ਵਿੱਚ ਗਹਿਣੇ ਪਾਉਣ ਦੀ ਰੁਚੀ ਦੀ ਸਪਸ਼ਟਤਾ ਨਜ਼ਰ ਆਉਂਦੀ ਹੈ ਜਿਸ ਕਾਰਨ ਕਈ ਮਰਦਾਵੇਂ ਗਹਿਣੇ ਅਜੋਕੇ ਸਮੇਂ ਭੰਗੜਾ ਲੋਕ-ਨਾਚ ਦੇ ਜ਼ਰੂਰੀ ਅੰਗ ਸਮਝੇ ਜਾਣ ਲੱਗ ਪਏ ਹਨ। ਜਿਵੇਂ ਕੰਨਾਂ ਵਿੱਚ ਨੱਤੀਆਂ ਜਾਂ ਜੋਗੀਆਂ ਵਾਲੇ ਮੁੰਦਰੇ, ਗਲ ਵਿੱਚ ਕੈਂਠਾ ਜਾਂ ਮਣਕਿਆਂ ਦੀ ਮਾਲਾ, ਮੁੱਛਾਂ ਕੁੰਢੀਆਂ ਅਤੇ ਮੱਥੇ ਉਪਰ ਚੰਦ ਦਾਣਾ ਖ਼ੁਦਵਾ ਕੇ ਅੱਖਾਂ ਵਿੱਚ ਸੁਰਮਾ ਪਾਇਆ ਜਾਂਦਾ ਹੈ। ਕਈ ਗੋਰੇ ਰੰਗ ਦੇ ਗੱਭਰੂ ਗੱਲ੍ਹ ਉੱਤੇ ਤਿਲ ਵੀ ਲਾ ਲੈਂਦੇ ਹਨ।
ਭੰਗੜਾ ਲੋਕ-ਨਾਚ ਦੀ ਰੀੜ੍ਹ ਢੋਲ ਨੂੰ ਮਿਥਿਆ ਗਿਆ ਹੈ ਕਿਉਂਕਿ ਨਾਚ ਨੱਚਣ ਸਮੇਂ ਢੋਲੀ ਨੇ ਹੀ ਸਾਰੇ ਨਾਚਿਆਂ ਨੂੰ ਇੱਕ ਲੈਅ ਅਤੇ ਤਾਲ ਦੇ ਅਨੁਕੂਲ ਨਚਾਉਣਾ ਹੁੰਦਾ ਹੈ। ਇਸ ਲਈ ਢੋਲ ਨੂੰ ਭੰਗੜੇ ਦੀ ਰੂਹ ਕਿਹਾ ਗਿਆ ਹੈ। ਢੋਲ ਤੋਂ ਇਲਾਵਾ ਕੁਝ ਸਾਜ਼ ਵੀ ਭੰਗੜੇ ਦਾ ਅੰਗ ਬਣਦੇ ਹਨ। ਜਿਵੇਂ ਢੋਲ ਦੇ ਪਹਿਲੇ ਡੱਗੇ ਸਮੇਂ ਸਾਰੇ ਨਾਚਿਆਂ ਵੱਲੋਂ ਹੈ...ਹਾਅ ਕਹਿ ਕੇ ਇਕੱਠਿਆਂ ਛਾਲ ਮਾਰਨੀਂ ਇਤਿਆਦਿ...। ਇਸ ਦੇ ਨਾਲ-ਨਾਲ ਅਜੋਕੇ ਸਮੇਂ ਕਾਟੋ ਨੂੰ ਸਾਜ਼ ਵਜੋਂ ਵਰਤ ਲਿਆ ਜਾਂਦਾ ਹੈ।
ਭੰਗੜਾ ਨੱਚਣਾ ਅਰੰਭ ਕਰਨ ਸਮੇਂ ਢੋਲੀ ਤਾਲ ਵਜਾਉਂਦਾ ਹੈ ਜਿਸ ਦੀ ਲੈਅ ਵਿੱਚ ਇੱਕਸੁਰ ਹੁੰਦੇ ਹੋਏ ਭਾਂਗੜੀ ਪਿੜ ਵਿੱਚ ਪ੍ਰਵੇਸ਼ ਕਰਦੇ ਹਨ ਅਤੇ ਪਹਿਲਾਂ ਹੌਲੀ ਅਤੇ ਫਿਰ ਸਹਿਜੇ-ਸਹਿਜੇ ਤੇਜ਼ ਗਤੀ ਨਾਲ ਨੱਚਣ ਲੱਗਦੇ ਹਨ।
ਪ੍ਰਾਚੀਨ ਸਮਿਆਂ ਵਿੱਚ ਇਹ ਨਾਚ ਵਧੇਰੇ ਵਿਸਾਖੀ ਮੇਲੇ ਦੇ ਅਵਸਰ ਪੁਰ ਅਤੇ ਕਦੇ ਕਦਾਈਂ ਕਿਸੇ ਖ਼ੁਸ਼ੀ ਦੇ ਮੌਕੇ ਨੱਚਿਆ ਜਾਂਦਾ ਸੀ ਅਤੇ ਇਸ ਨਾਚ ਦਾ ਸਮੁਚਾ ਚਲਨ ਬਹੁਤ ਸਾਦਾ ਸੀ, ਜਿਸ ਵਿੱਚ ਨਾਚਿਆਂ ਵਿੱਚੋਂ ਹੀ ਕੋਈ ਗੱਭਰੂ ਨਿਖੜ ਕੇ ਬੋਲੀ ਪਾਉਂਦਾ ਸੀ ਜਿਸ ਦੇ ਬੋਲਾਂ ਨੂੰ ਬਾਕੀ ਦੇ ਸਾਥੀ ਚੁੱਕਦੇ ਹੋਏ ਬੋਲੀ ਦੇ ਭਾਵ ਅਨੁਸਾਰ ਮੁਦਰਾ ਦਾ ਅਭਿਨੈ ਕਰਦੇ ਹੋਏ ਨੱਚਦੇ ਸਨ। ਇਸ ਵਿੱਚ ਪੰਜਾਬ ਦੇ ਹੋਰ ਦੂਜੇ ਲੋਕ ਨਾਚਾਂ ਦੀਆਂ ਮੁਦਰਾਵਾਂ ਦਾ ਰਲਾ ਨਹੀਂ ਸੀ। ਪਰ ਅਜੋਕੇ ਸਮੇਂ ਜਦੋਂ ਇਹ ਨਾਚ ਭੰਗੜਾ ਕੋਚਾਂ ਦੀ ਨਿਰਦੇਸ਼ਨਾਂ ਹੇਠ ਸਿਖਾਂਦਰੂ ਗੱਭਰੂਆਂ ਦੁਆਰਾ ਨੱਚਿਆ ਜਾਂਦਾ ਹੈ ਤਾਂ ਇਸ ਦੀ ਪੇਸ਼ਕਾਰੀ ਵਿੱਚ ਲੁੱਡੀ, ਝੂਮਰ ਅਤੇ ਸਮੀ ਆਦਿ ਨਾਚਾਂ ਦੀ ਮਿਸ ਰਲੀ ਹੋਈ ਨਜ਼ਰ ਆਉਂਦੀ ਹੈ। ਅਜੋਕੇ ਸਮੇਂ ਕੁਝ ਗੱਭਰੂ ਨੱਚਦੇ ਹਨ ਅਤੇ ਇੱਕ ਦੋ ਗੱਭਰੂ ਵੱਖਰੇ ਖਲੋ ਕੇ ਕੇਵਲ ਬੋਲੀ ਪਾਉਂਦੇ ਹਨ। ਲੋਕ-ਨਾਚਾਂ ਵਿੱਚ ਨਿੱਤ ਹੁੰਦੇ ਬਦਲਾਓ ਕਾਰਨ ਲੋਕ-ਨਾਚ ਭੰਗੜੇ ਦੀ ਪੇਸ਼ਕਾਰੀ ਵਿੱਚ ਲਗਾਤਾਰ ਪਰਿਵਰਤਨ ਹੁੰਦਾ ਨਜ਼ਰ ਆਉਂਦਾ ਹੈ। ਇਸ ਬਦਲਾਉ ਵਿੱਚ ਬੋਲੀਆਂ ਦਾ ਅਜੋਕੇ ਸਮੇਂ ਦੇ ਅਨੁਸਾਰੀ ਹੋਣਾ, ਖੁੱਲ੍ਹੇ ਪਿੜਾਂ ਦੀ ਥਾਂ ਲੋਕ-ਨਾਚ ਦਾ ਸਟੇਜਾਂ ਤੇ ਨੱਚਿਆ ਜਾਣਾ। ਦੂਜੇ ਲੋਕ-ਨਾਚ ਵੰਨਗੀਆਂ ਦੀ ਮਿਸ ਅਤੇ ਢੋਲ ਦੀਆਂ ਸਿੱਧੀਆਂ ਚਾਲਾਂ ਨੂੰ ਤਬਲੇ ਦੇ ਅਨੁਕੂਲ ਕਰ ਕੇ ਵਜਾਉਣ ਦਾ ਚਲਨ ਮੁੱਖ ਹੈ।
ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 25548, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਭੰਗੜਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭੰਗੜਾ (ਨਾਂ,ਪੁ,ਵਿ) ਖੇਤੀ ਨਾਲ ਸੰਬੰਧਿਤ ਪੰਜਾਬੀ ਗੱਭਰੂਆਂ ਦਾ ਖੁਸ਼ੀ ਵਿੱਚ ਨੱਚਿਆ ਜਾਣ ਵਾਲਾ ਪ੍ਰਸਿੱਧ ਨਾਚ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25534, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਭੰਗੜਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭੰਗੜਾ [ਨਾਂਪੁ] ਪੰਜਾਬ ਦਾ ਇੱਕ ਪ੍ਰਸਿੱਧ ਲੋਕ-ਨਾਚ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25512, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਭੰਗੜਾ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਭੰਗੜਾ : ‘ਲੋਕ ਨਾਚ’
ਲੋਕ–ਨਾਚ : ਲੋਕ–ਨਾਚ ਜਾਂ ਲੋਕ–ਨ੍ਰਿਤ ਤੋਂ ਮੁਰਾਦ ਕੁਦਰਤੀ ਤੇ ਸੁਭਾਵਿਕ ਨਾਚ ਹੈ। ਲੋਕ–ਜੀਵਨ ਵਿਚ ਆਇਆ ਜਜ਼ਬੇ ਦਾ ਹੜ੍ਹ ਲੋਕ–ਗੀਤਾਂ ਤੇ ਲੋਕ–ਨਾਚਾਂ ਵਿਚੋਂ ਦੀ ਵਗ ਨਿਕਲਦਾ ਹੈ। ਕਲਾਤਮਕਤਾ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ, ਸਗੋਂ ਲੋਕੀ ਨਾਚ ਨੂੰ ਸੁਭਾਵਿਕ ਤੇ ਮਸਤ ਰੰਗ ਵਿਚ ਨੱਚਦੇ ਹਨ। ਜਦੋਂ ਆਦਮੀ ਹਾਲੀਂ ਜੰਗਲਾਂ ਵਿਚ ਪਸ਼ੂਆਂ ਵਾਲਾ ਅਸੱਭਯ ਜੀਵਨ ਬਤੀਤ ਕਰ ਰਿਹਾ ਸੀ, ਲੋਕ–ਨਾਚ ਉਸ ਵੇਲੇ ਵੀ ਉਸ ਦੇ ਨਾਲ ਰਿਹਾ।
‘ਲੋਕ–ਨਾਚ’ ਲੋਕ–ਜੀਵਨ ਦੇ ਕਿਸੇ ਅਨੁਭਵ ਦੀ ਤਾਲ ਰਾਹੀਂ ਅਭਿਵਿਅੰਜਨਾ ਹੈ। ਸਾਧਾਰਣ ਤੌਰ ਤੇ ਲੋਕ–ਨਾਚ ਸਮੂਹਿਕ ਰੂਪ ਵਿਚ ਨੱਚੇ ਜਾਂਦੇ ਹਨ।
ਪੰਜਾਬ ਦੇ ਲੋਕੀ ਵਿਆਹਾਂ, ਸ਼ਾਦੀਆਂ, ਮੇਲਿਆਂ, ਮੁਸਾਹਬਿਆਂ ’ਤੇ ਜੋ ਨਾਚ ਨੱਚਦੇ ਹਨ, ਉਨ੍ਹਾਂ ਵਿਚੋਂ ਸਭ ਤੋਂ ਵਧੇਰੇ ਪ੍ਰਸਿੱਧ ਭੰਗੜਾ ਹੈ। ਕਿੱਕਲੀ, ਗਿੱਧਾ, ਲੁੱਡੀ, ਝੁੰਮਰ ਆਦਿਕ ਪੰਜਾਬ ਦੇ ਹੋਰ ਲੋਕ–ਨਾਚ ਹਨ।
ਲੋਕ–ਨਾਚ ਵਿਚ ਮਨੁੱਖੀ ਜੀਵਨ ਦੇ ਲੌਕਿਕ ਪੱਖ ਅਤੇ ਇਸ ਦੇ ਕਈ ਸੂਖ਼ਮ ਭਾਵਾਂ ਨੂੰ ਪ੍ਰਗਟ ਕੀਤਾ ਹੁੰਦਾ ਹੈ। ਲੋਕ–ਨਾਚ ਨੂੰ ਸ਼ਾਸਤ੍ਰੀ ਨਾਚ ਦਾ ਪਿਤਾਮਾ ਆਖਿਆ ਜਾ ਸਕਦਾ ਹੈ।
ਹੁਣ ਪੰਜਾਬ ਦੇ ਹੇਠਾਂ ਲਿਖੇ ਪ੍ਰਸਿੱਧ ਲੋਕ–ਨਾਚਾਂ ਬਾਰੇ ਵਿਚਾਰ ਕਰਦੇ ਹਾਂ :
(1) ਭੰਗੜਾ : ਇਸ ਨਾਚ ਵਿਚ ਢੋਲਚੀ ਵਿਚਕਾਰ ਹੁੰਦਾ ਹੈ ਤੇ ਉਸ ਨੇ ਜਦੋਂ ਢੋਲ ਉੱਤੇ ਡੱਗਾ ਲਾਇਆ, ਭੰਗੜੇ ਵਾਲੇ ਮੈਦਾਨ ਵਿਚ ਨਿੱਤਰ ਆਏ ਅਤੇ ਜਿਵੇਂ ਜਿਵੇਂ ਢੋਲ ਦਾ ਤਾਲ ਬਦਲਿਆ, ਨਾਚਿਆਂ ਦੀਆਂ ਹਰਕਤਾਂ ਵਿਚ ਤਬਦੀਲੀ ਆਉਂਦੀ ਗਈ। ਭੰਗੜੇ ਵਿਚ ਆਮ ਤੌਰ ਤੇ ਕੌਈ ਢੋਲਾ ਗਾਇਆ ਜਾਂਦਾ ਹੈ। ਪਹਿਲਾਂ ਕਿੰਨਾ ਚਿਰ ਭੰਗੜਾ ਪਾਉਣ ਵਾਲੇ ਚੁੱਪ ਚਾਪ ਢੋਲ ਦੇ ਡਗੇ ਨਾਲ ਤਾਲ ਮਿਲਾ ਕੇ ਨੱਚਦੇ ਰਹਿੰਦੇ ਹਨ ਤੇ ਕਝੁ ਚਿਰ ਮਗਰੋਂ ਭੰਗੜੇ ਦੇ ਪਿੜ ਵਿਚੋਂ ਇਕ ਜੁਆਨ ਢੋਲਚੀ ਦੇ ਕੋਲ ਜਾ ਕੇ ਤੇ ਕੰਨ ਉੱਤੇ ਇਕ ਹੱਥ ਰੱਖ ਕੇ ਕਿਸੇ ਲੋਕ–ਗੀਤ ਦਾ ਬੋਲ ਛੁੰਹਦਾ ਹੈ। ਵਿਸਾਖੀ ਦੇ ਮਾਘੀ ਦੇ ਮੇਲਿਆਂ ਉੱਤੇ ਭੰਗੜੇ ਬੜੇ ਉਤਸ਼ਾਹ ਨਾਲ ਪਾਏ ਜਾਂਦੇ ਹਨ। ਇਹ ਨਾਚ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਤੇ ਈਸਾਈਆਂ, ਸਭ ਦਾ ਸਾਂਝਾ ਨਾਚ ਹੈ। ਹੁਣ ਇਹ ਲੋਕ–ਨਾਚ ਸ਼ਹਿਰੀ ਹਲਕਿਆਂ ਵਿਚ ਹੋਣ ਵਾਲੇ ਅਨੇਕ ਸਮਾਗਮਾਂ ਦਾ ਅੰਗ ਬਣਦਾ ਜਾ ਰਿਹਾ ਹੈ। ਭਾਰਤ ਸਰਕਾਰ ਵੱਲੋਂ, ਗਣਤੰਤਰ ਦਿਵਸ ਵਿਚ ਸ਼ਾਮਲ ਹੋਣ ਲਈ ਪੰਜਾਬ ਦੀਆਂ ਭੰਗੜੇ ਦੀਆਂ ਟੀਮਾਂ ਨੂੰ ਖ਼ਾਸ ਤੌਰ ਤੇ ਸੱਦਾ ਦਿੱਤਾ ਜਾਂਦਾ ਹੈ।
(2) ਗਿੱਧਾ : ਪੰਜਾਬ ਦੀਆਂ ਮੁਟਿਆਰਾਂ (ਕਈ ਵਾਰ ਗੱਭਰੂ) ਰਲ ਕੇ ਇਕਸਾਰ ਤਾਲਮਈ ਤਾੜੀ ਨਾਲ ਗੀਤ ਗਾਉਂਦੀਆਂ ਤੇ ਬੋਲੀਆਂ ਪਾਉਂਦੀਆਂ ਹਨ। ਇਨ੍ਹਾਂ ਤਾੜੀਆਂ ਨੂੰ ਹੀ ਗਿੱਧਾ ਆਖਿਆ ਜਾਂਦਾ ਹੈ। ਪਰ ਸਿਰਫ਼ ਤਾੜੀਆਂ ਹੀ ਗਿੱਧਾ ਨਹੀਂ, ਇਸ ਵਿਚ ਕਈ ਵਾਰ ਭੰਗੜੇ ਵਾਂਗ ਪਿੜ ਬੱਝ ਜਾਂਦਾ ਹੈ। ਇਕ ਜਣੀ ਬੋਲੀ ਪਾਉਦੀ ਹੈ ਤੇ ਇਕ ਦੋ ਪਿੜ ਵਿਚਕਾਰ ਨੱਚਣ ਲਈ ਤਿਆਰ ਹੁੰਦੀਆਂ ਹਨ। ਬੋਲੀ ਦੇ ਅੰਤਿਮ ਟੱਪੇ ਉੱਤੇ ਪਿੜ ਮੱਲੀ ਖਲੋਤੀਆਂ ਔਰਤਾਂ ਤਾੜੀਆਂ ਸ਼ੁਰੂ ਕਰ ਦਿੰਦੀਆਂ ਹਨ ਤੇ ਵਿਚਕਾਰ ਖਲੋਤੀਆਂ ਇਕ ਦੋ ਨੱਚਣ ਲੱਗ ਪੈਂਦੀਆਂ ਹਨ। ਕਈ ਵਾਰ ਢੋਲਕੀ ਜਾਂ ਗੜਵੇ ਤੇ ਚੱਪਣ ਖੜਕਾ ਕੇ ਗਿੱਧੇ ਦੇ ਤਾਲ ਨੂੰ ਉਭਾਰਿਆ ਜਾਂਦਾ ਹੈ। ਨੱਚਣ ਵਾਲੀਆਂ ਇਕ ਦੋ ਔਰਤਾਂ ਕਈ ਵਾਰ ਚੁਟਕੀਆਂ ਵਜਾ ਵਜਾ ਕੇ ਮੂੰਹ ਨਾਲ ਰੂੰ ਪਿੰਜ ਪਿੰਜ ਕੇ ਇਕ ਖ਼ਾਸ ਰੋਮਾਂਚਿਕ ਰੰਗ ਬੰਨ੍ਹ ਦਿੰਦੀਆਂ ਹਨ।
ਗਿੱਧੇ ਵਿਚ ਲਗਭਗ ਹਰ ਤਰ੍ਹਾਂ ਦੇ ਲੋਕ–ਗੀਤ ਗਾਏ ਜਾਂਦੇ ਹਨ। ਵਿਆਹਾਂ, ਸ਼ਾਦੀਆਂ, ਮੰਗਣੇ–ਮੰਗਣੀਆਂ, ਆਦਿ ਦੇ ਸ਼ੁਭ ਅਵਸਰਾਂ ਉੱਤੇ ਤੇ ਸਾਵਦ ਦੇ ਮਹੀਨੇ ਤੀਆਂ ਦੇ ਦਿਨੀਂ ਬਹੁਤ ਗਿੱਧਾ ਪਾਇਆ ਜਾਂਦਾ ਹੈ। ਔਰਤਾਂ ਇਸ ਵਿਚ ਵਧੇਰੇ ਭਾਗ ਲੈਂਦੀਆਂ ਹਨ। ਕਈ ਵਾਰ ਨੌਜਵਾਨ ਮਰਦ ਆਪਣਾ ਵੱਖਰਾ ਪਿੜ ਬਣਾ ਕੇ ਗਿੱਧਾ ਪਾਉਂਦੇ ਹਨ। ਗਿੱਧਾ ਸਾਰੇ ਪੰਜਾਬੀਆਂ ਦੀ ਸਾਂਝ ਤੇ ਪਰਸਪਰ ਪਿਆਰ ਤੇ ਸਨੇਹ ਦਾ ਪ੍ਰਤੀਕ ਹੈ। ਗਿੱਧੇ ਦੇ ਪਿੜ ਵਿਚ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ ਦਾ ਭਿੰਨ–ਭੇਦ ਮਿਟ ਜਾਂਦਾ ਹੈ। ਇੰਜ ਇਹ ਲੋਕ–ਨਾਚ ਸਾਡੇ ਵਿਚ ਮਨੁੱਖੀ ਸਾਂਝ ਉਤਪੰਨ ਕਰਨ ਵਾਲਾ ਹੈ।
(3) ਝੁੰਮਰ ਤੇ ਸੰਮੀ : ਝੁੰਮਰ ਇਕ ਅਤਿ ਪੁਰਾਣਾ ਅਰਥਾਤ ਚਿਰਾਂ ਤੋਂ ਟੁਰਿਆਂ ਆ ਰਿਹਾ ਲੋਕ–ਨਾਚ ਹੈ। ਝੁੰਮਰ ਨੱਚਣ ਵਾਲੇ ਇਕ ਘੇਰੇ ਵਿਚ ਨੱਚਦੇ ਹਨ ਤੇ ਢੋਲ ਵਾਲਾ ਉਨ੍ਹਾਂ ਦੇ ਐਨ ਵਿਚਕਾਰ ਖਲੋ ਕੇ ਢੋਲ ਵਜਾਉਂਦਾ ਹੈ। ਸੰਮੀ ਔਰਤਾਂ ਦਾ ਨਾਚ ਹੈ ਤੇ ਝੁੰਮਰ ਨਾਲੋਂ ਇਹ ਇਸ ਗੱਲ ਵਿਚ ਭਿੰਨ ਹੈ ਕਿ ਜਿੱਥੇ ਝੁੰਮਰੀਆਂ ਦੇ ਵਿਚਕਾਰ ਢੋਲਚੀ ਹੁੰਦਾ ਹੈ, ਇੱਥੇ ਕੋਈ ਢੋਲਚੀ ਨਹੀਂ ਹੁੰਦਾ।
ਝੁੰਮਰਰ ਤੇ ਸੰਮੀ ਦੋਵੇਂ ਖੁਸ਼ੀਆਂ ਦੇ ਲੋਕ–ਨਾਚ ਹਨ। ਝੁੰਮਰ ਨੱਚਣ ਵਾਲੇ ਗੱਭਰੂ ਭਰਾਈ (ਢੋਲਚੀ) ਨੂੰ ਸਦਵਾ ਲੈਂਦੇ ਹਨ। ਭਰਾਈ ਇਕ ਖੁੱਲ੍ਹੀ ਮੋਕਲੀ ਥਾਂ ਵੇਖ ਕੇ ਪਿੜ ਮਲ ਖਲੋਂਦਾ ਹੈ ਤੇ ਝੁੰਮਰੀਆਂ ਨੂੰ ਉਤਸ਼ਾਹਿਤ ਕਰਨ ਲਈ ਢੋਲ ਉੱਤੇ ਡੱਗਾ ਮਾਰਨਾ ਸ਼ੁਰੂ ਕਰ ਦਿੰਦਾ ਹੈ। ਇਹ ਤਾਲਾ ਸੁਣਕੇ ਗੱਭਰੂ ਪਿੜ ਵਿਚ ਆਉਣ ਲਈ ਤਿਆਰ ਹੋ ਜਾਂਦੇ ਹਨ। ਦੂਜਾ ਤਾਲ ਬਦਲਦਾ ਹੈ ਤਾਂ ਝੁੰਮਰ ਨੱਚਣ ਵਾਲੇ ਭਰਾਈ ਦੇ ਦੁਆਲੇ ਝੁਰਮਟ ਪਾ ਲੈਂਦੇ ਹਨ ਤੇ ਤਾਲ ਦੇ ਮੁਤਾਬਕ ਹੱਥਾਂ ਪੈਰਾਂ ਨੂੰ ਇਕ ਖ਼ਾਸ ਅਦਾ ਨਾਲ ਹਿਲਾਉਣਾ ਸ਼ੁਰੂ ਕਰ ਦਿੰਦੇ ਹਨ। ਹੱਥ ਹੇਠਾਂ ਤੋਂ ਚੁੱਕ ਕੇ ਦੋ ਵਾਰ ਉਹ ਛਾਤੀ ਅੱਗੇ ਮੁੱਠੀਆਂ ਜਿਹੀਆਂ ਮੀਟ ਕੇ ਮਟਕਾਉਂਦੇ ਹਨ, ਫਿਰ ਦੋਵੇਂ ਬਾਹਵਾਂ ਸਿਰ ਤੋਂ ਉਤਾਂਹ ਕੱਢ ਕੇ ਇਕ ਵਾਰ ਲਹਿਰਾਉਣ ਪਿੱਛੋਂ ਮੁੜ ਹੱਥ ਛਾਤੀ ਉੱਤੇ ਵਾਪਸ ਲਿਆ ਕੇ ਪਹਿਲੇ ਦੀ ਤਰ੍ਹਾਂ ਕੇਵਲ ਇਕ ਵਾਰ ਮਟਕਾਉਂਦੇ ਹਨ। ਹੱਥ ਮਟਕਾਉਣ ਪਿੱਛੋਂ ਬਾਹਵਾਂ ਫਿਰ ਆਪਣੇ ਅਸਲੀ ਟਿਕਾਣੇ ਉੱਤੇ ਹੀ ਸੁੱਟ ਦਿੱਤੀਆਂ ਜਾਂਦੀਆਂ ਹਨ। ਝੁੰਮਰ ਵਿਚ ਉਹ ਬਾਰ ਬਾਰ ਇਸੇ ਤਰ੍ਹਾਂ ਕਰਦੇ ਹੋਏ ਨੱਚਦੇ ਰਹਿੰਦੇ ਹਨ। ਝੁੰਮਰ ਨਾਚ ਨੱਚਣ ਵਾਲੇ ਨੂੰ ਝੁੰਮਰੀ ਆਖਦੇ ਹਨ। ਝੁੰਮਰ ਨਾਚ ਨੂੰ ਵੇਖਣ ਲਈ ਆਲੇ ਦੁਆਲੇ ਤੋਂ ਦਰਸ਼ਕਾਂ ਦੀ ਭੀੜ ਆ ਜੁੜਦੀ ਹੈ। ਕਈ ਵਾਰ ਭਰਾਈ ਕਿਸੇ ਲੋਕ ਗੀਤ ਦੀ ਪਹਿਲੀ ਤੁਕ ਮੂੰਹੋਂ ਕੱਢਦਾ ਹੈ ਤੇ ਝੁੰਮਰੀ ਉਸ ਗੀਤ ਦੀਆਂ ਤੁਕਾਂ ਰਲ ਕੇ ਗਾਉਂਦੇ ਅਤੇ ਨਾਲੋਂ ਨਾਲੋਂ ਨੱਚਦੇ ਵੀ ਰਹਿੰਦੇ ਹਨ। ਝੁੰਮਰੀਆਂ ਵਿਚੋਂ ਜਦੋਂ ਵੀ ਕੋਈ ਚਾਹੇ ਨਾਚ ਛੱਡ ਕੇ ਦਰਸ਼ਕਾਂ ਵਿਚ ਆ ਬੈਠਦਾ ਹੈ ਤੇ ਬੈਠੇ ਹੋਏ ਮਰਦਾਂ ਵਿਚੋਂ ਕੋਈ ਵੀ ਮਰਦ ਦਿਲ ਦੀ ਇੱਛਾ ਉੱਤੇ ਨਾਚ ਵਿਚ ਸ਼ਾਮਲ ਹੋ ਸਕਦਾ ਹੈ। ‘ਧਮਾਲ’ ਦੇ ‘ਚੀਣਾ ਛੜਨਾ’ ਝੁੰਮਰ ਦੇ ਖ਼ਾਸ ਤਾਲ ਹਨ। ਝੁੰਮਰ ਨਾਚ ਨਾਲ ਗਾਇਆ ਜਾਣ ਵਾਲਾ ਇਕ ਝੁੰਮਰ ਗੀਤ ਪੇਸ਼ ਹੈ :
ਵੇ ਯਾਰ ਕੰਗਣਾਂ ਦੇ ਨਾਲ
ਊਹਾ ਗੱਲ ਹੋ ਕੰਗਣਾਂ ਦੇ ਨਾਲ
ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ, ਯਾਰ!
ਕੰਗਣਾਂ ਦੇ ਨਾਲ।
ਕੰਗਣਾਂ ਦੇ ਨਾਲ ਮੇਰੀਆਂ ਅੱਲੀਆਂ,
ਛਣਕਾਰ ਪੌਂਦਾ ਵਿਚ ਗੱਲੀਆਂ,
ਵੇ ਯਾਰ ਕੰਗਣਾਂ ਦੇ ਨਾਲ
ਊਹਾ ਗੱਲ ਹੋ ਕੰਗਣਾਂ ਦੇ ਨਾਲ
ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ, ਯਾਰ!
ਕੰਗਣਾਂ ਦੇ ਨਾਲ
ਕੰਗਣਾਂ ਦੇ ਨਾਲ ਮੇਰੇ ਬੀੜੇ,
ਜੱਟੀ ਧੋ ਧੋ ਵਾਲ ਨਪੀੜੇ,
ਵੇ ਯਾਰ ਕੰਗਣਾਂ ਦੇ ਨਾਲ,
ਊਹਾ ਗੱਲ ਹੋ ਕੰਗਣਾਂ ਦੇ ਨਾਲ
ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ, ਯਾਰ! ਕੰਗਣਾਂ ਦੇ ਨਾਲ।
ਕੰਗਣਾਂ ਦੇ ਨਾਲ ਮੇਰਾ ਢੋਲਣਾ,
ਕੂੜੇ ਸੱਜਣਾਂ ਨਾਲ ਕੀ ਬੋਲਣਾ,
ਵੇ ਯਾਰ ਕੰਗਣਾਂ ਦੇ ਨਾਲ
ਊਹਾ ਗੱਲ ਹੋ ਕੰਗਣਾਂ ਦੇ ਨਾਲ
ਜਿਹੜੀ ਸੱਜਣਾਂ ਚਾ ਕੀਤੀ ਅੱਜ ਕਲ, ਯਾਰ! ਕੰਗਣਾਂ ਦੇ ਨਾਲ।
(4) ਲੁੱਡੀ : ਲੁੱਡੀ ਪੱਛਮੀ (ਪਾਕਿਸਤਾਨ) ਦਾ ਇਕ ਲੋਕ–ਨਾਚ ਹੈ। ਇਸ ਵਿਚ ਨੱਚਣ ਵਾਲੇ ਕੋਈ ਗੀਤ ਨਹੀਂ ਗਾਉਂਦੇ, ਬਸ ਨੱਚਦੇ ਹੀ ਰਹਿੰਦੇ ਹਨ। ਬਾਹਵਾਂ ਲਹਿਰਾ ਲਹਿਰਾ ਕੇ ਸ਼ਰੀਰ ਦੇ ਲਗਭਗ ਹਰ ਅੰਗ ਨੂੰ ਹਰਕਤ ਦਿੱਤੀ ਜਾਂਦੀ ਹੈ ਤੇ ਲੁੱਡੀ ਨੱਚਣ ਵਾਲੇ ਘੰਟਿਆਂ ਬੱਧੀ ਇਕ ਨਸ਼ੇ ਤੇ ਮਸਤੀ ਵਿਚ ਰਹਿੰਦੇ ਹਨ ਤੇ ਬਸ ਨੱਚਦੇ ਰਹਿੰਦੇ ਹਨ।
ਭੰਗੜੇ ਵਾਲੇ ਲੁੱਡੀ ਦੇ ਪਿੜ ਦੇ ਵਿਕਾਰ ਵੀ ਢੋਲਚੀ ਹੁੰਦਾ ਹੈ। ਇਹ ਢੋਲ ਵਜਾਉਣਾ ਸ਼ੁਰੂ ਕਰਦਾ ਹੈ ਤਾਂ ਨੱਚਣ ਵਾਲੇ ਵਾਰੀ ਵਾਰੀ ਪੈਰ ਉਪਰ ਚੁੱਕਦੇ ਹਨ ਤੇ ਬਾਹਵਾਂ ਸਿਰ ਤੋਂ ਉੱਚੀਆਂ ਲੈ ਜਾ ਕੇ ਲਹਿਰਾਉਂਦੇ ਹਨ। ਇਨ੍ਹਾਂ ਵਿਚੋਂ ਇਕੱਲਾ ਇਕੱਲਾ ਇਕ ਅੱਡੀ ਦੇ ਭਾਰ ਬੈਠ ਕੇ ਭੁਆਟਣੀਆਂ ਲੈਂਦਾ ਹੈ ਤੇ ਇਹ ਇੰਜ ਢੋਲਚੀ ਦੇ ਦੁਆਲੇ ਘੂਕਦੇ ਰਹਿੰਦੇ ਹਨ। ਲੁੱਡੀ ਰਸਦੀ ਹੈ ਤਾਂ ‘ਸ਼ੂੰ ਸ਼ੂੰ’ ਦੀ ਆਵਾਜ਼ ਨਾਲ ਨੱਚਣ ਵਾਲੇ ਇਕ ਰੰਗ ਬੰਨ੍ਹ ਦਿੰਦੇ ਹਨ। ਲੁੱਡੀ ਮਰਦਾਂ ਦਾ ਨਾਚ ਹੈ। ਔਰਤਾਂ ਇਸ ਵਿਚ ਸ਼ਾਮਲ ਨਹੀਂ ਹੁੰਦੀਆਂ। ਮਿੰਟਗੁਮਰੀ, ਸਰਗੋਧਾ, ਲਾਇਲਪੁਰ, ਗੁਜਰਾਂਵਾਲਾ ਤੇ ਗੁਜਰਾਤ ਦੇ ਜ਼ਿਲ੍ਹਿਆਂ ਵਿਚ ਇਹ ਲੋਕ–ਨਾਚ ਬੜਾ ਸਰਬ–ਪ੍ਰਿਯ ਤੇ ਪ੍ਰਸਿੱਧ ਹੈ।
(5) ਕਿਕਲੀ : ਇਹ ਅੱਲ੍ਹੜ ਤੇ ਮਾਸੂਮ ਬਾਲੜੀਆਂ ਦਾ ਨਾਚ ਹੈ। ਬਚਪਨ, ਜਵਾਨੀ ਵਿਚ ਪੈਰ ਧਰਨ ਤੋਂ ਪਹਿਲਾਂ ਗੀਤਾਂ ਨਾਲ ਥਰਕਣ ਲੱਗ ਪੈਂਦਾ ਹੈ। ਘੂਕਦੀਆਂ ਕੁੜੀਆਂ ਦੀਆਂ ਚੁੰਨੀਆਂ ਹਵਾ ਵਿਚ ਲਹਿਰਾਉਣ ਲੱਗ ਪੈਂਦੀਆਂ, ਉਨ੍ਹਾਂ ਦੀਆਂ ਗੁੱਤਾਂ ਦੇ ਬੰਬਲ ਨੱਚ ਉਠਦੇ ਹਨ ਤੇ ਉਨ੍ਹਾਂ ਦੀਆਂ ਚੂੜੀਆਂ ਉਨ੍ਹਾਂ ਦੇ ਹਾਸਿਆਂ ਨਾਲ ਇਕ–ਸੁਰ ਹੋ ਕੇ ਇਕ ਸੁਖਾਵਾਂ ਸੰਗੀਤ ਉਤਪੰਨ ਕਰਨ ਲੱਗ ਪੈਂਦੀਆਂ ਹਨ। ਕੁੜੀਆਂ ਗਾਉਂਦੀਆਂ ਹਨ :
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।
ਦੋ–ਦੋ ਕੁੜੀਆਂ ਇਕ ਦੂਜੀ ਨਾਲ ਹੱਥਾਂ ਦੀਆਂ ਕਲੰਘੜੀਆਂ ਪਾ ਕੇ ਤੇ ਆਪਣਾ ਭਾਰ ਪਿਛਾਹਾਂ ਨੂੰ ਸੁੱਟ ਕੇ ਤੇ ਪੈਰਾਂ ਨਾਲ ਪੈਰ ਜੋੜ ਕੇ ਇਕ ਚੱਕਰ ਵਿਚ ਘੂਕਣ ਲੱਗ ਪੈਂਦੀਆਂ ਹਨ। ਇਹੋ ਕਿੱਕਲੀ ਦਾ ਨਾਚ ਹੈ।
ਪੰਜਾਬੀ ਲੋਕ–ਨਾਚਾਂ ਨੂੰ ਜੀਉਂਦਾ ਜੀਵਨ ਹੈ, ਖ਼ੁਸ਼ੀ ਤੇ ਜੋਸ਼ ਦੇ ਹੜ੍ਹ ਹਨ, ਰਸ ਤੇ ਹੁਲਾਸ ਦੇ ਦਰਿਆ ਹਨ ਕਿਉਂਕਿ ਇਨ੍ਹਾਂ ਦੇ ਨੱਚਣ ਵਾਲੇ ਜਬ੍ਹੇ ਵਾਲੇ ਜੀਉਂਦੇ ਜਾਗਦੇ, ਜੋਸ਼ੀਲੇ ਤੇ ਸੂਰਬੀਰ ਲੋਕ ਹਨ ਅਤੇ ਰਸਿਕ ਪ੍ਰੀਤਾਂ ਨੂੰ ਤੋੜ ਤਕ ਨਿਭਾਉਣ ਵਾਲੇ ਬੰਦੇ ਹਨ।
ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 15091, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਭੰਗੜਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ
ਕਾਕਲਬਰ ਜਾਂ ਭੰਗੜਾ : ਇਹ ਐਸਟਰੇਸੀ ਕੁਲ ਦੀ ਜੈਂਥੀਅਮ ਪ੍ਰਜਾਤੀ ਦੀਆਂ ਘਾਹ ਬੂਟੀਆਂ ਹਨ। ਪੰਜਾਬੀ ਵਿਚ ਇਸ ਨੂੰ ਭੰਗੜਾ ਕਿਹਾ ਜਾਂਦਾ ਹੈ। ਇਹ ਪੌਦੇ ਯੂਰਪ, ਉੱਤਰੀ ਅਮਰੀਕਾ ਦੇ ਕੁਝ ਹਿੱਸੇ ਅਤੇ ਭਾਰਤ ਵਿਚ ਮਿਲਦੇ ਹਨ। ਕੁਝ ਵਿਗਿਆਨੀ ਇਸ ਪ੍ਰਜਾਤੀ ਦੀਆਂ 15 ਤਕ ਜਾਤੀਆਂ ਮੰਨਦੇ ਹਨ, ਜਦੋਂ ਕਿ ਕੁਝ ਇਸ ਦੀਆਂ 2 ਤੋਂ 4 ਜਾਤੀਆਂ ਹੀ ਗਿਣਦੇ ਹਨ। ਇਹ ਇਕ-ਵਰਸ਼ੀ ਬੂਟੀਆਂ ਖਰ੍ਹਵੀਆਂ ਅਤੇ ਕਈ ਵਾਰੀ ਕੰਡਿਆਂ ਵਾਲੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਤਣਾ 30 ਸੈਂ. ਮੀ. ਤੋ਼ ਲਗਭਗ 1.9 ਮੀ. ਤਕ ਲੰਮਾ ਹੁੰਦਾ ਹੈ। ਇਸ ਦੇ ਤਣੇ ਉਪਰ ਬਹੁਤ ਸਾਰੀਆਂ ਟਹਿਣੀਆਂ ਹੁੰਦੀਆਂ ਹਨ। ਪੱਤੇ ਲੰਬੀਆਂ ਡੰਡੀਆਂ ਵਾਲੇ ਅਤੇ ਕਈ ਤਰ੍ਹਾਂ ਨਾਲ ਖੰਨਾਂ ਵਿਚ ਵੰਡੇ ਹੁੰਦੇ ਹਨ। ਨਰ ਅਤੇ ਮਾਦਾ ਫੁੱਲ ਛੋਟੇ ਹੁੰਦੇ ਹਨ ਅਤੇ ਇਕੋ ਪੌਦੇ ਤੇ ਹੀ ਲੱਗੇ ਹੁੰਦੇ ਹਨ।
ਇਸ ਦੇ ਫੁੱਲ ਗੋਲ ਹੁੰਦੇ ਹਨ ਅਤੇ ਨਰ ਫੁੱਲ ਦੇ ਗੁੱਛੇ ਮਾਦਾ ਫੁੱਲਾਂ ਦੇ ਉਪਰ ਹੀ ਲਗਦੇ ਹਨ ਜੋ ਹਰੇ, ਪੀਲੇ ਜਾਂ ਭੂਰੇ ਬਰ ਵਿਚ ਬੰਦ ਪਏ ਰਹਿੰਦੇ ਹਨ ਜਿਨ੍ਹਾਂ ਉਤੇ ਮੁੜੇ ਹੋਏ ਕੰਡੇ ਅਤੇ ਸਿਰੇ ਉਤੇ ਇਕ ਜਾਂ ਦੋ ਦੰਦਾਂ ਵਾਲੀ ਚੁੰਝ ਹੁੰਦੀ ਹੈ। ਪੱਕੇ ਹੋਏ ਬਰ ਜਾਨਵਰਾਂ ਦੇ ਵਾਲਾਂ ਨਾਲ ਚਿਪਕ ਕੇ ਦੂਰ-ਦੂਰ ਤਕ ਖਿਲਰ ਜਾਂਦੇ ਹਨ। ਬਹੁਤ ਜ਼ਿਆਦਾ ਗਿਣਤੀ ਵਿਚ ਉੱਗੇ ਹੋਣ ਕਰਕੇ ਇਹ ਫ਼ਸਲਾਂ ਲਈ ਮੁਸੀਬਤ ਬਣ ਜਾਂਦੇ ਹਨ।
ਇਹ ਚਾਰੂ ਪਸ਼ੂਆਂ ਲਈ ਘਾਤਕ ਸਿੱਧ ਹੁੰਦੇ ਹਨ ਅਤੇ ਕੁਝ ਸਮਾਂ ਪਹਿਲਾਂ ਇਹ ਜੜ੍ਹੀ-ਬੂਟੀਆਂ ਵਾਲੇ ਇਲਾਜ ਵਿਚ ਵਰਤੇ ਜਾਂਦੇ ਰਹੇ ਹਨ। ਭਾਰਤ ਦੇ ਗਰਮ ਇਲਾਕਿਆਂ ਅਤੇ ਹਿਮਾਲੀਆ ਵਿਚ 2300 ਮੀ. ਦੀ ਉਚਾਈ ਤਕ ਮਿਲਦੇ ਹਨ। ਇਸ ਨੂੰ ਚੇਚਕ ਦੇ ਇਲਾਜ ਲਈ ਲਾਭਵੰਦ ਮੰਨਿਆ ਗਿਆ ਹੈ। ਇਹ ਖ਼ਿਆਲ ਕੀਤਾ ਜਾਂਦਾ ਹੈ ਕਿ ਇਸ ਦੀ ਜੜ੍ਹ ਵਿਚ ਇਕ ਕੌੜਾ ਪਦਾਰਥ ਹੁੰਦਾ ਹੈ, ਜਿਹੜਾ ਕੈਂਸਰ ਅਤੇ ਥਾਇਰਾੱਇਡ ਗਲੈਂਡ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਲਈ ਵਰਤਿਆ ਜਾਂਦਾ ਹੈ। ਦੱਖਣੀ ਭਾਰਤ ਵਿਚ ਇਨ੍ਹਾਂ ਦੇ ਕੰਡੇਦਾਰ ਬਰੈਕਟ-ਸਮੂਹ ਅੱਧੇ ਸਿਰ ਦੀ ਪੀੜ ਦੇ ਇਲਾਜ ਲਈ ਕੰਨਾਂ ਵਿਚਲੇ ਗਹਿਣੀਆਂ ਨਾਲ ਬੰਨ੍ਹੇ ਜਾਂਦੇ ਹਨ। ਸਾਰੇ ਪੌਦੇ ਵਿਚ ਹੀ ਪਸੀਨਾ ਲਿਆਉਣ ਅਤੇ ਉਤੇਜਨਾ ਪੈਦਾ ਕਰਨ ਵਾਲੇ ਗੁਣ ਹੁੰਦੇ ਹਨ। ਇਸ ਦਾ ਕਾੜ੍ਹਾ ਮਲੇਰੀਆ ਬੁਖ਼ਾਰ ਵਿਚ ਵੀ ਲਾਭਵੰਦ ਸਿੱਧ ਹੁੰਦਾ ਹੈ।
ਹ. ਪੁ.––ਐਨ. ਬ੍ਰਿ. 6 : 3; ਐਨ. ਬ੍ਰਿ. ਮਾ. 2 : 1030; ਚੋ. ਇ. ਡ. ਇੰ. 438
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 15088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-28, ਹਵਾਲੇ/ਟਿੱਪਣੀਆਂ: no
ਭੰਗੜਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਭੰਗੜਾ : ਭੰਗੜਾ ਪੰਜਾਬੀ ਗੱਭਰੂਆਂ ਦਾ ਬੜਾ ਹਰਮਨ ਪਿਆਰਾ ਅਤੇ ਜਗਤ ਪ੍ਰਸਿੱਧ ਨਾਚ ਹੈ। ਇਹ ਨਾਚ ਪੰਜਾਬੀਆਂ ਦੇ ਅਲਬੇਲੇ ਸੁਭਾਅ ਅਤੇ ਬੂਰੀਆਂ ਮੱਝਾਂ ਦੇ ਡੋਕੇ ਚੁੰਘ ਕੇ ਪਾਲੇ ਹੋਏ ਗਠੀਲੇ ਸਰੀਰਾਂ ਦੀ ਇਕ ਪ੍ਰਤੱਖ ਤਸਵੀਰ ਹੈ। ਭੰਗੜੇ ਦਾ ਮੁੱਢ ਪੱਛਮੀ ਪੰਜਾਬ ਦੇ ਜ਼ਿਲ੍ਹੇ ਸ਼ੇਖੂਪੁਰਾ, ਗੁਜਰਾਤ ਅਤੇ ਸਿਆਲਕੋਟ ਤੋਂ ਬੱਝਿਆ ਅਤੇ ਹੌਲੀ ਹੌਲੀ ਇਹ ਸਾਰੇ ਪੰਜਾਬ ਵਿਚ ਫੈਲ ਗਿਆ।
ਭੰਗੜਾ ਸ਼ਬਦ ਉੜਾ ਤੋਂ ਬਣਿਆ ਹੈ ਕਿਉਂਕਿ ਭੰਗ ਪੀਣ ਨਾਲ ਮਸਤੀ ਚੜ੍ਹ ਜਾਣ ਦੀ ਤਰ੍ਹਾਂ ਹੀ ਭੰਗੜਾ ਪਾਉਣ ਵੇਲੇ ਭੰਗੋੜਚੀਆਂ ਨੂੰ ਮਸਤੀ ਚੜ੍ਹ ਜਾਂਦੀ ਹੈ। ਇਕ ਰਵਾਇਤ ਇਹ ਵੀ ਪ੍ਰਚੱਲਿਤ ਹੈ ਕਿ ਜਦੋੋਂ ਸ਼ਿਵ ਜੀ (ਹਿੰਦੂ ਮਿਥਿਹਾਸਕ ਦੇਵਤਾ) ਨੇ ਭੰਗ ਪੀ ਕੇ ਡਮਰੂ ਵਜਾਇਆ ਤਾਂ ਮਸਤੀ ਵਿਚ ਆਏ ਉਹ ਆਪ ਹੀ ਡਮਰੂ ਦੀ ਤਾਲ ਤੇ ਨੱਚਣ ਲੱਗ ਪਏ। ਉਹ ਇੰਨੇ ਨੱਚੇ ਕਿ ਉਹਨਾਂ ਦੇ ਨਾਲ ਸਾਰੀ ਪ੍ਰਿਥਵੀ ਹੀ ਨੱਚਦੀ ਜਾਪਣ ਲੱਗੀ, ਇਸ ਲਈ ਇਸ ਲੋਕ ਨਾਚ ਦੀ ਸ਼ੁਰੂਆਤ ਸ਼ਿਵ ਜੀ ਤੋਂ ਵੀ ਮੰਨੀ ਜਾਂਦੀ ਹੈ।
ਇਸ ਨਾਚ ਦਾ ਕਣਕ ਦੀ ਫ਼ਸਲ ਨਾਲ ਗੂੜ੍ਹਾ ਸਬੰਧ ਹੈ। ਜਦੋਂ ਅਪ੍ਰੈਲ ਦੇ ਮਹੀਨੇ ਵਿਚ ਕਿਸਾਨ ਦਸੰਬਰ, ਜਨਵਰੀ ਦੀਆਂ ਕੱਕਰਾਲੀਆਂ ਰਾਤਾਂ ਵਿਚ ਘਾਲੀ ਹੋਈ ਘਾਲ ਦੇ ਸਿੱਟੇ ਵਜੋਂ ਖੇਤਾਂ ਵਿਚ ਸੋਨੇ ਰੰਗੀ ਕਣਕ ਦੇ ਸਿੱਟੇ ਝੂਮਦੇ ਦੇਖਦਾ ਹੈ ਤਾਂ ਉਸ ਦਾ ਮਨ ਹੁਲਾਰੇ ਵਿਚ ਆ ਜਾਂਦਾ ਹੈ ਅਤੇ ਉਸ ਦਾ ਅੱਥਰਾ ਜੋਸ਼, ਅਸੀਮ ਖੁਸ਼ੀ ਅਤੇ ਵਲਵਲਾ ਭੰਗੜੇ ਨਾਚ ਵਿਚ ਪ੍ਰਗਟ ਹੁੰਦਾ ਹੈ। ਇਹ ਨਾਚ ਭਾਵੇਂ ਹਰ ਖੁਸ਼ੀ ਦੇ ਮੌਕੇ ਉੱਤੇ ਨੱਚਿਆ ਜਾਂਦਾ ਹੈ ਪਰ ਇਸ ਦਾ ਅਟੁੱਟ ਸਬੰਧ ਵਿਸਾਖੀ ਦੇ ਤਿਉਹਾਰ ਨਾਲ ਹੀ ਹੈ। ਅਣਵੰਡੇ ਪੰਜਾਬ ਵਿਚ ਵੱਖ-ਵੱਖ ਥਾਈਂ ਲੱਗਦੇ ਵਿਸਾਖੀ ਦੇ ਮੇਲਿਆਂ ਦੀ ਅਨੋਖੀ ਸ਼ਾਨ ਹੁੰਦੀ ਸੀ। ਅਣਗਿਣਤ ਲੋਕ, ਬੱਚੇ, ਬੁੱਢੇ ਅਤੇ ਜਵਾਨ ਆਪਣੀ ਚੰਗੀ ਤੋਂ ਚੰਗੀ ਪੁਸ਼ਾਕ ਪਾ ਕੇ ਮੇਲੇ ਵਿਚ ਆਉਂਦੇ ਅਤੇ ਖੁਸ਼ੀ ਵਿਚ ਖੀਵੇ ਹੋਏ ਭੰਗੜਾ ਪਾਉਂਦੇ ਹੁੰਦੇ ਸਨ।
ਅੱਜਕੱਲ੍ਹ ਵੀ ਮਰਦਾਂ ਦੇ ਨਾਚਾਂ ਵਿਚ ਭੰਗੜੇ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਇਹ ਲੋਕ ਪਿੜਾਂ ਤੋਂ ਤੁਰ ਕੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਸਟੇਜਾਂ ਤੱਕ ਪਹੁੰਚ ਚੁੱਕਾ ਹੈ। ਪ੍ਰਦੇਸੀਂ ਵਸੇ ਪੰਜਾਬੀ, ਆਪਣੇ ਨਾਲ ਦੂਸਰੇ ਦੇਸ਼ਾਂ ਵਿਚ ਪੰਜਾਬ ਦਾ ਭੰਗੜਾ ਵੀ ਲੈ ਕੇ ਗਏ ਹਨ। ਇਹ ਲੋਕ ਨਾਚ ਜਦ ਪਹਿਲੀ ਵਾਰ 1953 ਈ. ਵਿਚ ਗਣਰਾਜ ਦਿਵਸ ਦੇ ਸਮੇਂ ਨਵੀਂ ਦਿੱਲੀ ਵਿਚ ਲਾਲ ਕਿਲੇ ਦੀ ਸਟੇਜ ਉੱਤੇ ਨੱਚਿਆ ਗਿਆ ਤਾਂ ਪੰਜਾਬੀਆਂ ਦੇ ਇਸ ਮਾਣਮੱਤੇ ਅਤੇ ਹਿੱਕ ਦੇ ਜ਼ੋਰ ਨਾਲ ਨੱਚੇ ਜਾਣ ਵਾਲੇ ਨਾਚ ਨੂੰ ਵੇਖਕੇ ਪ੍ਰਧਾਨ ਮੰਤਰੀ ਪੰਡਤ ਨਹਿਰੂ ਸਮੇਤ ਸਾਰੇ ਦਰਸ਼ਕ ਦੰਗ ਰਹਿ ਗਏ ਸਨ।
ਭੰਗੜੇ ਦੇ ਇਸ ਸਫ਼ਰ ਵਿਚ, ਇਸ ਦੇ ਪਰੰਪਰਾਗਤ ਸਰੂਪ ਵਿਚ ਕਈ ਤਬਦੀਲੀਆਂ ਵੀ ਆਈਆਂ ਹਨ। ਹੁਣ ਕਾਲਜਾਂ ਯੂਨੀਵਰਸਿਟੀਆਂ ਦੇ ਮੁਕਾਬਲਿਆਂ ਲਈ ਤਿਆਰ ਕੀਤੀ ਜਾਣ ਵਾਲੀ ਭੰਗੜਾ ਟੀਮ ਦੇ ਕੋਚ ਲੁੱਡੀ ਅਤੇ ‘ਝੂਮਰ’ ਦੀਆਂ ਕਈ ਚਾਲਾਂ ਵੀ ਇਸ ਨਾਚ ਵਿਚ ਸ਼ਾਮਲ ਕਰ ਲੈਂਦੇ ਹਨ। ਹੁਣ ਭੰਗੜੇ ਦੇ ਨਚਾਰਾਂ ਲਈ ਇਕ ਵਰਦੀ ਵੀ ਨਿਰਧਾਰਤ ਕਰ ਲਈ ਗਈ ਹੈ। ਮਾਵਾ ਲੱਗੀ ਤੁਰਲੇ ਅਤੇ ਲੰਬੇ ਲੜ ਵਾਲੀ ਟੇਢੀ ਪਗੜੀ, ਧੂਵਾਂ ਚਾਦਰਾਂ, ਸਿਲਕੀ ਕਮੀਜ਼ ਉਪਰੋਂ ਦੀ ਪਾਈ ਗੋਟਾ ਲੱਗੀ ਕਿਸੇ ਭੜਕੀਲੇ ਰੰਗ ਵਾਲੀ ਵਾਸਕਟ ਅਤੇ ਗਲ ਵਿਚ ਕੈਂਠਾ। ਭੰਗੋੜਚੀ ਲੋੜ ਅਨੁਸਾਰ ਹੱਥ ਵਿਚ ਖੂੰਡਾ, ਕਾਟੋ, ਇਕਤਾਰਾ, ਤੂੰਬਾ ਅਤੇ ਚਿਮਟਾ ਆਦਿ ਵੀ ਫੜ ਲੈਂਦੇ ਹਨ।
ਇਸ ਨਾਚ ਵਿਚ ਉਹੀ ਪੇਂਡੂ ਸਾਜ਼ ਵਰਤੇ ਜਾਂਦੇ ਹਨ ਜਿਨ੍ਹਾਂ ਦੀ ਵਰਤੋਂ ਮਰਦਾਂ ਦੇ ਗਿੱਧੇ ਲਈ ਕੀਤੀ ਜਾਂਦੀ ਹੈ। ਜਿਵੇਂ ਇਕਤਾਰਾ, ਤੂੰਬਾ, ਚਿਮਟਾ, ਘੜਾ ਆਦਿ ਪਰ ਇਸ ਵਿਚ ਪ੍ਰਮੁੱਖ ਸਾਜ਼ ਢੋਲ ਹੀ ਹੁੰਦਾ ਹੈ ਅਤੇ ਬਾਕੀ ਸਾਰੇ ਸਾਜ਼ ਉਸ ਦੀ ਤਾਲ ਦਾ ਸਾਥ ਦੇਣ ਲਈ ਹੀ ਹੁੰਦੇ ਹਨ। ਸਭ ਤੋਂ ਪਹਿਲਾਂ ਢੋਲੀ ਅਖਾੜੇ ਵਿਚ ਢੋਲ ਵਜਾਉਣਾ ਸ਼ੁਰੂ ਕਰ ਦਿੰਦਾ ਹੈ। ਢੋਲ ਉੱਤੇ ਜਦੋਂ ਡੱਗਾ ਵੱਜਦਾ ਹੈ ਤਾਂ ਲੋਕੀਂ ਗੋਲ ਦਾਇਰਾ ਬਣਾ ਕੇ ਇਕੱਠੇ ਹੋ ਜਾਂਦੇ ਹਨ ਅਤੇ ਉਦੋਂ ਹੀ ਨੱਚਣ ਵਾਲੇ ਟੋਲੀ ਦੇ ਆਲੇ-ਦੁਆਲੇ ਘੇਰਾ ਪਾ ਲੈਂਦੇ ਹਨ। ਢੋਲੀ ਦੇ ਇਸ਼ਾਰੇ ਉੱਤੇ ਨਾਚ ਸ਼ੁਰੂ ਹੁੰਦਾ ਹੈ। ਗੱਭਰੂ ਮਸਤੀ ਵਿਚ ਆ ਕੇ ਨੱਚਣਾ ਸ਼ੁਰੂ ਕਰ ਦਿੰਦੇ ਹਨ। ਢੋਲੀ ਦੀ ਤਾਲ ਬਿਲਕੁਲ ਸਿੱਧੀ ਹੁੰਦੀ ਹੈ।
1 2-3 4 5 6-7 8
ਧਿਨ ਧਨਾ ਧਿਨ ਧਿਨ ਤਨਾ ਕਤ
ਪਹਿਲਾਂ ਤਾਂ ਇਹ ਤਾਲ ਮੱਠੀ ਮੱਠੀ ਵੱਜਦੀ ਹੈ ਤੇ ਭੰਗੋੜਚੀ ਤਾਲ ਉੱਤੇ ਪੈਰ ਹਿਲਾਉਂਦੇ, ਸਰੀਰ ਨੂੰ ਹਿਲੂਣਾ ਦਿੰਦੇ ਅਤੇ ਮੋਢੇ ਮਾਰਦੇ ਹੋਏ ਨੱਚਦੇ ਹਨ। ਕਦੇ ਮੁੱਠੀ ਜਿਹੀ ਮੀਚ ਪਹਿਲੀ ਉਂਗਲੀ ਖੜ੍ਹੀ ਕਰ ਕੇ, ਬਾਹਾਂ ਖਿਲਾਰ ਕੇ ਝਟਕਾ ਦਿੰਦੇ ਹਨ। ਮਸਤੀ ਵਿਚ ਨੱਚਦੇ ਨਚਾਰਾਂ ਦੇ ਸਰੀਰ ਦਾ ਅੰਗ ਅੰਗ ਢੋਲ ਦੀ ਤਾਲ ਉੱਤੇ ਹਲੋਰੇ ਲੈਣ ਲੱਗ ਪੈਂਦਾ ਹੈ। ਹੌਲੀ ਹੌਲੀ ਢੋਲੀ ਆਪਣੀ ਤਾਲ ਨੂੰ ਤੇਜ਼ ਕਰਦਾ ਹੈ ਅਤੇ ਨਾਲ ਹੀ ਨੱਚਣ ਵਾਲੇ ਆਪਣੀਆਂ ਹਰਕਤਾਂ ਤੇਜ਼ ਕਰੀ ਜਾਂਦੇ ਹਨ। ਕੁਝ ਚਿਰ ਪਿੱਛੋਂ ਨੱਚਣ ਵਾਲੇ ਖਲੋ ਜਾਂਦੇ ਹਨ। ਕੋਈ ਮਨਚਲਾ ਗੱਭਰੂ ਘੇਰੇ ਦੇ ਵਿਚ ਪ੍ਰਵੇਸ਼ ਕਰਕੇ, ਇਕ ਹੱਥ ਕੰਨ ਉੱਤੇ ਰੱਖ ਕੇ ਤੇ ਦੂਜਾ ਹੱਥ ਉੱਚਾ ਚੁੱਕ ਕੇ ਅਨੋਖੇ ਢੰਗ ਨਾਲ ਕੋਈ ਬੋਲੀ ਪਾਉਂਦਾ ਹੈ
ਇਹ ਗੱਭਰੂ ਦੇਸ਼ ਪੰਜਾਬ ਦੇ
ਉਡਦੇ ਵਿਚ ਹਵਾ,
ਇਹ ਨੱਚ ਨੱਚ ਭੰਗੜਾ ਪਾਂਵਦੇ
ਤੇ ਦਿੰਦੇ ਧਰਤ ਹਲਾ,
ਹੋ ਢੋਲ ਵਾਲਿਆ ਜਵਾਨਾ।
ਬੋਲੀ ਨੂੰ ਸਹਾਰਾ ਦੇਣ ਲਈ ਢੋਲੀ ਢੋਲ ਤੇ ਗਿੜਗਿੜਾ ਮਾਰਦਾ ਹੈ
ਧਧਾ ਧਧਾ ਧਿਨ ਧਿਨ
ਜਦੋਂ ਬੋਲੀ ਮੁੱਕਦੀ ਹੈ ਤਾਂ ਢੋਲੀ ਢੋਲ ਉੱਤੇ ਗਿੜਗਿੜਾ ਮਾਰਕੇ ਨਚਾਰਾਂ ਨੂੰ ਸਾਵਧਾਨ ਕਰਦਾ ਹੈ ਤੇ ਢੋਲ ਦੇ ਤਾਲ ਉੱਤੇ ਭੰਗੋੜਚੀ ਫਿਰ ਜੋਸ਼ ਵਿਚ ਨੱਚਣਾ ਸ਼ੁਰੂ ਕਰ ਦਿੰਦੇ ਹਨ। ਢੋਲੀ ਤਾਲ ਬਦਲਦਾ ਰਹਿੰਦਾ ਹੈ ਅਤੇ ਨਚਾਰ ਤਾਲ ਮੁਤਾਬਕ ਨੱਚਦੇ ਰਹਿੰਦੇ ਹਨ। ਕਈ ਵਾਰੀ ਕਈ ਮਨਚਲੇ ਜਵਾਨ ਪਾਲ ਛੱਡ ਕੇ ਘੇਰੇ ਦੇ ਅੰਦਰ ਆ ਜਾਂਦੇ ਹਨ ਅਤੇ ਢੋਲ ਦੇ ਤਾਲ ਤੇ ਆਪਣੇ ਸਰੀਰ ਦੀਆਂ ਅਨੋਖੀਆਂ ਹਰਕਤਾਂ ਵਿਖਾ ਕੇ ਵੇਖਣ ਵਾਲਿਆਂ ਅਤੇ ਦੂਸਰੇ ਨੱਚਣ ਵਾਲਿਆਂ ਦੀ ਪ੍ਰਸੰਸਾ ਲੈਂਦੇ ਹਨ। ਨੱਚਦੇ ਨੱਚਦੇ ਬਹਿ ਕੇ ਇਕ ਟੰਗ ਨੂੰ ਤਾਲ ਅਨੁਸਾਰ ਝਟਕਾ ਦੇ ਕੇ ਖਿਲਾਰਨਾ ਇਸ ਦੀ ਨਾਚ ਦੀ ਸਭ ਤੋਂ ਔਖੀ ਹਰਕਤ ਹੈ ਜਿਹੜੀ ਗਿਣਵੇਂ ਗੱਭਰੂ ਹੀ ਕਰ ਸਕਦੇ ਹਨ। ਕਈ ਵਾਰੀ ਦੋ ਨੌਜਵਾਨ ਘੇਰੇ ਦੇ ਅੰਦਰ ਆਹਮੋ ਸਾਹਮਣੇ ਹੋ ਕੇ ਇੰਜ ਨੱਚਦੇ ਹਨ ਜਿਵੇਂ ਆਪੋ ਵਿਚ ਮੁਕਾਬਲਾ ਕਰ ਰਹੇ ਹੋਣ। ਇਕ ਟੰਗ ਦੇ ਭਾਰ ਨੀਵੇਂ ਹੋ ਕੇ ਆਪਣੇ ਹੱਥਾਂ ਦੀ ਸਾਹਮਣੇ ਵੱਲ ਕੰਘੀ ਪਾ ਕੇ ਹੁਲਾਰੇ ਦਿੰਦੇ ਨੱਚਣਾ ਇਸ ਨਾਚ ਦੀ ਇਕ ਉੱਘੀ ਹਰਕਤ ਹੈ। ਕਈ ਵਾਰੀ ਦੋ ਦੋ ਭੰਗੋੜਚੀ ਇਕ ਦੂਜੇ ਦੇ ਪੈਰ ਵਿਚ ਪੈਰ ਅਟਕਾ ਕੇ, ਇਕ ਇਕ ਪੈਰ ਉੱਤੇ ਚੱਕਰ ਕੱਟਦੇ ਹਨ। ਇਸੇ ਤਰ੍ਹਾਂ ਹੀ ਉਹ ਫ਼ਸਲ ਬੀਜਦੇ ਕਿਸਾਨ, ਪਾਣੀ ਲਾਉਂਦੇ ਕਿਸਾਨ, ਫ਼ਸਲ ਕੱਟਦੇ ਕਿਸਾਨ ਅਤੇ ਬਲਦ ਗੱਡਾ ਲਈ ਜਾਂਦੇ ਕਿਸਾਨ ਆਦਿ ਦਾ ਚਿੱਤਰ ਵੀ ਭੰਗੜੇ ਰਾਹੀਂ ਚਿਤਰਦੇ ਹਨ।
ਭੰਗੜਾ ਕੇਵਲ ਨਾਚ ਹੀ ਨਹੀਂ ਸਗੋਂ ਸਰੀਰਕ ਕਸਰਤ ਦਾ ਵੀ ਇਕ ਵਧੀਆ ਸਾਧਨ ਹੈ। ਆਮ ਕਸਰਤ ਕਰਦੇ ਸਮੇਂ ਵਿਅਕਤੀ ਨੂੰ ਸਿਰਫ਼ ਸਰੀਰ ਦੀ ਤਕੜਾਈ ਦਾ ਹੀ ਖਿਆਲ ਹੁੰਦਾ ਹੈ ਪਰ ਭੰਗੜਾ ਪਾਉਂਦੇ ਸਮੇਂ ਮਨ ਅਤੇ ਸਰੀਰ ਦੋਹਾਂ ਦੀ ਹੀ ਕਸਰਤ ਹੁੰਦੀ ਹੈ। ਮਨ ਖੁਸ਼ੀ ਨਾਲ ਖਿੜ ਉਠਦਾ ਹੈ ਅਤੇ ਨੱਚਣ ਵਾਲੇ ਦੇ ਸਰੀਰ ਦਾ ਅੰਗ ਨਵਾਂ ਨਰੋਆ ਹੋ ਜਾਂਦਾ ਹੈ। ਇਸ ਲਈ ਸ਼ਾਇਦ ਪੰਜਾਬੀ ਦੀ ਇਕ ਲੋਕ ਬੋਲੀ ਵਿਚ ਆਉਂਦਾ ਹੈ।
‘ਭੰਗੜਾ ਪਾ ਮੁੰਡਿਆ, ਤੇਰੀ ਜਿਉਂਦੀ ਰਹੇ ਜਵਾਨੀ’
ਪੰਜਾਬ ਦੀ ਸੰਸਕ੍ਰਿਤੀ ਦੀ ਪ੍ਰਤਿਨਿਧਤਾ ਕਰਦਾ ਇਹ ਲੋਕ ਨਾਚ ਪੰਜਾਬੀਆਂ ਨੂੰ ਖੁਸ਼ ਰਹਿਣੇ, ਅਣਖੀ, ਤਾਕਤਵਰ ਅਤੇ ਬਲਵਾਨ ਯੋਧੇ ਬਣਾਉਣ ਵਿਚ ਸਹਾਈ ਹੁੰਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-12-12-26-23, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਭਾ. ਵਿ. ਪੰ. : 111.12; ਪੰ. ਲੋ. ਨਾ-ਡਾ. ਹਰਚਰਨ ਸਿੰਘ : 36
ਵਿਚਾਰ / ਸੁਝਾਅ
Please Login First