ਭੱਟ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭੱਟ (ਨਾਂ,ਪੁ) ਰਾਜਿਆਂ ਅਤੇ ਯੋਧਿਆਂ ਦਾ ਕੀਰਤੀ ਜਸ ਗਾਉਣ ਵਾਲਾ ਗਮੰਤਰੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16365, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਭੱਟ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭੱਟ [ਨਾਂਪੁ] ਰਾਜੇ ਮਹਾਰਾਜੇ ਜਾਂ ਪਰਮਾਤਮਾ ਦਾ ਜੱਸ ਗਾਉਣ ਵਾਲ਼ਾ ਵਿਅਕਤੀ; ਬ੍ਰਾਹਮਣਾਂ ਦੀ ਇੱਕ ਗੋਤ; ਗਿਆਨਵਾਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16356, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਭੱਟ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਭੱਟ : ‘ਭੱਟ’ ਦੇ ਅਰਥ ਹਨ ਬੋਲਣਾ, ਚਰਚਾ ਕਰਨਾ, ਵਾਦ–ਵਿਵਾਦ ਕਰਨਾ ਜਾਂ ਭਾੜੇ ਅਥਵਾ ਕਿਰਾਏ ਪੁਰ ਲੈਣਾ। ਭਾੜੇ ’ਤੇ ਲਿਆ ਹੋਇਆ ਸਿਪਾਹੀ ਜਾਂ ਯੋਧਾ ਵੀ ਭਟ ਅਖਵਾਉਂਦਾ ਹੈ। ਇਸ ਸ਼ਬਦ ਦੇ ਹੋਰ ਅਰਥ ਹਨ ਨੌਕਰ, ਕਿਰਾਇਆ ਜਾਂ ਭਾੜਾ ਆਦਿ। ‘ਭ’ ਨੂੰ ਅਧਕ (¦ ) ਲਾ ਦੇਣ ਨਾਲ ਭਟ ਸ਼ਬਦ ‘ਭੱਟ’ ਬਣ ਜਾਂਦਾ ਹੈ ਤੇ ਇਸ ਦੇ ਅਰਥ ਵੀ ਬਦਲ ਜਾਂਦੇ ਹਨ। ‘ਭੱਟ’ ਦੇ ਅਰਥ ਹਨ ਉਹ ਕਵੀ ਜੋ ਕਿਸੇ ਦੀ ਉਸਤਤ ਦਾ ਗਾਇਨ ਕਰੇ ਜਾਂ ਉਸਤਤ ਦੀ ਕਵਿਤਾ ਪੜ੍ਹੇ। ਰਾਜ ਦਰਬਾਰ ਵਿਚ ਰਾਜਿਆਂ, ਮਹਾਰਾਜਿਆਂ, ਰਾਜ ਕੁਮਾਰਾਂ, ਸੂਰਬੀਰਾਂ ਤੇ ਯੋਧਿਆਂ ਦੀ ਕੀਰਤੀ ਨੂੰ ਕਾਵਿ ਵਿਚ ਗਾਉਣ ਵਾਲੇ ਭੱਟ ਅਖਵਾਉਂਦੇ ਹਨ। ਵੇਦ ਬਾਣੀ ਤੋਂ ਭਲੀ ਭਾਂਤ ਜਾਣੂੰ ਅਥਵਾ ਵੇਦਾਂ ਦੇ ਵੇਤਾ ਦੇ ਗਿਆਤਾ ਨੂੰ ਵੀ ਭੱਟ ਆਖਿਆ ਜਾਂਦਾ ਹੈ। ਵੇਦ–ਤੱਤ ਦਾ ਗਿਆਤਾ ਭੱਟ ਆਚਾਰਯ ਅਖਵਾਉਂਦਾ ਹੈ।
ਆਦਿ–ਗ੍ਰੰਥ ਵਿਚ ਭੱਟਾਂ ਦੀ ਬਾਣੀ ਆਉਂਦੀ ਹੈ। ਇਹ ਉਨ੍ਹਾਂ ਲੋਕਾਂ ਦੀ ਬਾਣੀ ਹੈ ਜਿਨ੍ਹਾਂ ਨੇ ਸਿੱਖ ਗੁਰੂ ਸਾਹਿਬਾਨ ਦੀ ਸ਼ੋਭਾ ਤੇ ਵਡਿਆਈ ਵਿਚ ਕਾਵਿ ਉਚਾਰਿਆ ਅਥਵਾ ਗਾਇਆ। ‘ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ’ ਵਿਚ ਇਨ੍ਹਾਂ ਭੱਟਾਂ ਨੂੰ ਭਾਈ ਸੰਤੋਖ ਸਿੰਘ ਹੋਰਾਂ ਨੇ ਵੇਦਾਂ ਦਾ ਅਵਤਾਰ ਆਖ ਕੇ ਵਡਿਆਇਆ ਹੈ :
ਇਕ ਇਕ ਵੇਦ ਚਤੁਰ ਵਪੁ ਧਾਰੇ, ਪ੍ਰਗਟ ਨਾਮ ਤਿਨ ਕਹੋਂ ਅਸੰਸ।
ਪਰਵ ਸਾਮ ਵੇਦ ਕੇ ਇਹ ਭੇ, ਮਥੁਰਾ ਜਾਲਪ ਬਲ ਹਰਬੰਸ।
ਪੁਨਿ ਰਿਗਵੇਦ ਕਲਯ ਜਲ ਨਲ ਤ੍ਰੈ, ਕਲ ਸਹਾਰ ਚੌਥੇ ਮਿਠਿ ਅੰਸ।
ਭਏ ਯਜੁਰ ਕੇ ਟਲਯ ਸਲਯ ਪੁਨਿ, ਜਲਯ ਭਲਯ ਉਪਜੇ ਦਿਜ ਬੰਸ।
ਬਹੁਤ ਅਥਰਵਣ ਕਾ ਸਰੁ ਕੀਰਤਿ, ਮਨਿ ਗਯੰਦ ਸਦ ਰੰਗ ਸੁਚਾਰ।
ਕਮਲਾਸਨ ਕੋ ਭਿੱਖਾ ਨਾਮ ਸੁ। ਇਹ ਸਭ ਤੇ ਭਾ ਅਧਿਕ ਉਦਾਰ।
––(ਰਾ. ੩, ਅਧਿ. ੪੮)
ਉਪਰੋਕਤ ਕਾਵਿ ਟੁਕੜੀ ਵਿਚ ਭਾਈ ਸੰਤੋਖ ਸਿੰਘ ਜੀ ਨੇ ਲਗਭਗ ਉਨ੍ਹਾਂ ਸਭ ਭੱਟਾਂ ਦੇ ਨਾਂ ਗਿਣ ਦਿੱਤੇ ਹਨ ਜਿਨ੍ਹਾਂ ਦੀ ਬਾਣੀ ਨੂੰ ‘ਆਦਿ–ਗ੍ਰੰਥ’ ਵਿਚ ਦਰਜ ਹੋ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ। ਮਥੁਰਾ, ਜਾਲਪ, ਬਲ, ਹਰਿਬੰਸ, ਕਲਯ, ਜਲ, ਨਲ, ਕਲਸਹਾਰ, ਟਲਯ, ਸਲਯ, ਜਲਯ, ਭਲਯ, ਕੀਰਤਿ, ਗਯੰਦ, ਭਿੱਖਾਂ ਆਦਿ ਸਾਰੇ ਗੁਰੂ ਦਰਬਾਰ ਦੇ ਭੱਟ ਸਨ।
ਭੱਟ ਇਕ ਜਾਤੀ ਦਾ ਨਾਂ ਵੀ ਹੈ। ਆਖਿਆ ਜਾਂਦਾ ਹੈ ਇਸ ਜਾਤੀ ਦੇ ਲੋਕੀਂ ਇਕ ਖੱਤਰੀ ਆਦਮੀ ਤੇ ਬ੍ਰਾਹਮਣ ਔਰਤ ਦੇ ਸੰਯੋਗ ਤੋਂ ਪੈਦਾ ਹੋਏ ਸਨ। ਇਕ ਵਿਚਾਰ ਇਹ ਵੀ ਹੈ ਕਿ ਭੱਟ ਜਾਤੀ ਦੇ ਲੋਕੀਂ ਇਕ ਵੈਸ਼ ਔਰਤ ਤੇ ਸ਼ੂਦਰ ਮਰਦ ਦੇ ਸੰਜੋਗ ਤੋਂ ਉਤਪੰਨ ਹੋਏ।
ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 13192, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਭੱਟ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਭੱਟ : ਉਸਤਤਿ ਜਾਂ ਜਸ ਗਾਉਣ ਵਾਲੇ ਕਵੀ ਜੋ ਰਾਜ ਦਰਬਾਰਾਂ ਵਿਚ ਰਾਜੇ ਅਤੇ ਯੋਧਿਆਂ ਦੀ ਮਹਿਮਾ ਗਾਇਨ ਕਰਦੇ ਸਨ। ਵਿਲਸਨ ਅਨੁਸਾਰ ਇਹ ਵੈਸ਼ ਮਰਦ ਅਤੇ ਖੱਤਰੀ ਇਸਤਰੀ ਤੋਂ ਉਪਜੇ ਹਨ ਪਰ ਹੋਰਾਂ ਅਨੁਸਾਰ ਇਨ੍ਹਾਂ ਨੂੰ ਖੱਤਰੀ ਮਰਦ ਅਤੇ ਬ੍ਰਾਹਮਣ ਵਿਧਵਾ ਤੋਂ ਉਪਜੇ ਦੱਸਿਆ ਜਾਂਦਾ ਹੈ।
ਇਕ ਪੌਰਾਣਿਕ ਕਥਾ ਅਨੁਸਾਰ ਇਹ ਸ਼ਿਵ ਜੀ ਦੇ ਮੱਥੇ ਦੇ ਪਸੀਨੇ ਦੇ ਤੁਪਕਿਆਂ ਵਿਚੋਂ ਪਾਰਬਤੀ ਦੇ ਮਨੋਰੰਜਨ ਲਈ ਪੈਦਾ ਕੀਤੇ ਗਏ ਪਰ ਇਨ੍ਹਾਂ ਨੇ ਪਾਰਬਤੀ ਦੀ ਥਾਂ ਸ਼ਿਵ ਜੀ ਦੀ ਮਹਿਮਾ ਗਾਉਣੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਇਨ੍ਹਾਂ ਨੂੰ ਸਵਰਗ ਵਿਚੋਂ ਕੱਢ ਦਿੱਤਾ ਗਿਆ ਅਤੇ ਧਰਤੀ ਉੱਤੇ ਤੁਰ ਫਿਰ ਕੇ ਗਾਉਣ ਦਾ ਸਰਾਪ ਮਿਲਿਆ।
ਰਾਜ ਦਰਬਾਰਾਂ ਵਿਚ ਗਾਉਣ ਤੋਂ ਇਲਾਵਾ ਇਹ ਕਿਸੇ ਬੰਸ ਦਾ ਸੱਜਰਾ ਰੱਖਦੇ ਹਨ ਅਤੇ ਉਸ ਕੁਲ ਵਿਚ ਵਿਆਹ ਜਾਂ ਹੋਰ ਮੰਗਲ ਸਮਾਗਮਾਂ ਉੱਤੇ ਗਾ ਕੇ ਲਾਗ ਲੈਂਦੇ ਹਨ। ਲਾਗ ਨਾ ਮਿਲਣ ਜਾਂ ਘੱਟ ਮਿਲਣ ਦੀ ਸੂਰਤ ਵਿਚ ਇਹ ਜਜਮਾਨ ਦਾ ਗੁੱਡਾ ਬਣਾ ਕੇ ਸਾੜਦੇ ਹਨ।
ਸ਼ਹਾਬ-ਉਦ-ਦੀਨ ਗੌਰੀ ਦੇ ਸਮੇਂ ਕਈ ਭੱਟ ਮੁਸਲਮਾਨ ਬਣ ਗਏ ਅਤੇ ਇਨ੍ਹਾਂ ਨੂੰ ‘ਰਾਏ’ ਕਿਹਾ ਜਾਣ ਲੱਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ‘ਭੱਟਾਂ ਦੇ ਸਵੈਯੇ’ ਪਹਿਲੀਆਂ ਪੰਜ ਪਾਤਸ਼ਾਹੀਆਂ ਦੀ ਉਸਤਤਿ ਵਿਚ ਭੱਟਾਂ ਦੁਆਰਾ ਗਾਇਨ ਕੀਤੀ ਬਾਣੀ ਹੈ। ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿਚ ਇਨ੍ਹਾਂ ਭੱਟਾਂ ਨੂੰ ਵੇਦਾਂ ਦਾ ਅਵਤਾਰ ਲਿਖਿਆ ਹੈ –
ਇਕ ਇਕ ਵੇਦ ਚਤੁਰਬਪੁ ਧਾਰੇ
ਪ੍ਰਗਟ ਨਾਮ ਤਿਨ ਕਹੋ ਅਸੰਸ ।
ਪੂਰਵ ਸਾਮਵੇਦ ਭੇ ਇਹ ਭੇ
ਮਥੁਰਾ ਜਾਲਪ ਬਲ ਹਰਿਬੰਸ।
ਪੁਨਿ ਰਿਗਵੇਦ ਕਲਯ ਜਨ ਨਲ ਤ੍ਰੈ
ਕਲਸਹਾਰ ਚੌਥੇ ਗਿਨਿ ਅੰਸ।
ਤਏ ਯਰੂਰ ਕੇ ਟਲਯ ਸਲਯ ਪੁਨਿ
ਜਲਯ ਤਲਯ ਉਪਜੈ ਦਿਜਬੰਸ।
ਬਹੁਰ ਅਥਰਵਣ ਦਾਸਰੁ ਕੀਰਤਿ
ਗਨਿ ਗਯੰਦ ਸਦਰੰਗ ਸੁਚਾਰ।
ਕਮਲਾਸਨ ਕੋ ਭਿੱਖਾ ਨਾਮ ਸੁ
ਇਹ ਸਭ ਤੇ ਭਾ ਅਧਿਕ ਉਦਾਰ।
(ਗੁਰ ਪ੍ਰਤਾਪ ਸੂਰਜ ਗ੍ਰੰਥ ਰਾਸਿ ਤੀਜੀ ਅਧਿਆਇ ਅਠਤਾਲੀਵਾਂ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-13-09-36-37, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਪੰ. ਲੋ. ਵਿ. ਕੋ. ; ਪੰ. ਸਾ. ਕੋ.
ਵਿਚਾਰ / ਸੁਝਾਅ
Please Login First