ਮਥੁਰਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਥੁਰਾ (ਨਗਰ) :ਵੈਸ਼ਣਵ ਮਤ ਅਤੇ ਸ਼੍ਰੀ ਕ੍ਰਿਸ਼ਣ ਚਰਿਤ੍ਰ ਨਾਲ ਸੰਬੰਧਿਤ ਬ੍ਰਜ-ਭੂਮੀ ਦਾ ਇਕ ਪ੍ਰਸਿੱਧ ਨਗਰ ਜਿਸ ਦੀ ਗਿਣਤੀ ਹਿੰਦੂ ਧਰਮ ਵਿਚ ਮੰਨੀਆਂ ਜਾਣ ਵਾਲੀਆਂ ਪੁਰੀਆਂ ਵਿਚ ਕੀਤੀ ਜਾਂਦੀ ਹੈ। ਇਹ ਯਮੁਨਾ ਨਦੀ ਦੇ ਸੱਜੇ ਕੰਢੇ ਉਤੇ ਆਬਾਦ ਹੈ। ਵੈਦਿਕ ਸਾਹਿਤ ਵਿਚ ਭਾਵੇਂ ਇਸ ਦਾ ਉੱਲੇਖ ਨਹੀਂ ਮਿਲਦਾ, ਪਰ ਇਤਿਹਾਸ-ਪੁਰਾਣ ਸਾਹਿਤ ਵਿਚ ਇਸ ਦੇ ਮਹਾਤਮ ਨੂੰ ਦਰਸਾਇਆ ਗਿਆ ਹੈ।

‘ਵਾਯੂ-ਪੁਰਾਣ’ (88/185) ਅਨੁਸਾਰ ਭਗਵਾਨ ਰਾਮ ਚੰਦਰ ਦੇ ਨਿੱਕੇ ਭਰਾ ਸ਼ਤਰੂਘਨ ਨੇ ਮਧੁ ਰਾਖਸ਼ ਦੇ ਪੁੱਤਰ ਲਵਣਾਸੁਰ ਨੂੰ ਇਸ ਸਥਾਨ ਉਤੇ ਮਾਰ ਕੇ ‘ਮਧੁਰਾ ’ ਨਗਰੀ ਦੀ ਸਥਾਪਨਾ ਕੀਤੀ ਜੋ ਕਾਲਾਂਤਰ ਵਿਚ ‘ਮਥੁਰਾ’ ਨਾਂ ਨਾਲ ਪ੍ਰਸਿੱਧ ਹੋਈ। ਸ਼੍ਰੀ ਕ੍ਰਿਸ਼ਣ ਦਾ ਜਨਮ ਇਸੇ ਨਗਰੀ ਵਿਚ ਹੋਇਆ ਸੀ। ਇਥੇ ਹੀ ਸ਼੍ਰੀ ਕ੍ਰਿਸ਼ਣ ਨੇ ਕੰਸ ਨੂੰ ਮਾਰ ਕੇ ਰਾਜਾ ਉਗ੍ਰਸੈਨ ਨੂੰ ਮੁੜ ਕੇ ਗੱਦੀ ਉਤੇ ਬਿਠਾਇਆ ਸੀ।

ਹਿੰਦੂ ਧਰਮ ਵਿਚ ਇਸ ਨੂੰ ਸਦੀਵੀ ਮਹੱਤਵ ਵਾਲਾ ਬਹੁਤ ਪਵਿੱਤਰ ਤੀਰਥ ਮੰਨਿਆ ਜਾਂਦਾ ਹੈ। ਇਸ ਨਗਰ ਦੇ ਅੰਦਰ ਅਤੇ ਬਾਹਰ ਬਹੁਤ ਸਾਰੇ ਹੋਰ ਨਿੱਕੇ ਵੱਡੇ ਤੀਰਥ ਹਨ ਜਿਨ੍ਹਾਂ ਵਿਚੋਂ ਮਹਾਬਨ (ਗੋਕੁਲ) ਅਤੇ ਬ੍ਰਿੰਦਾਬਨ ਦਾ ਵਿਸ਼ੇਸ਼ ਮਹੱਤਵ ਹੈ। ਸੋਲ੍ਹਵੀਂ ਸਦੀ ਤੋਂ ਇਹ ਨਗਰੀ ਵਿਸ਼ਣੂ-ਭਗਤੀ (ਵਿਸ਼ੇਸ਼ ਕਰਕੇ ਕ੍ਰਿਸ਼ਣ-ਭਗਤੀ) ਲਈ ਪ੍ਰਸਿੱਧ ਹੋ ਗਈ ਸੀ। ਗੁਰੂ ਅਰਜਨ ਦੇਵ ਜੀ ਅਨੁਸਾਰ ਮਥੁਰਾ ਆਦਿ ਸਭ ਕੁਝ ਨਾਸ਼ਮਾਨ ਹੈ—ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ (ਗੁ.ਗ੍ਰੰ.1100)।

ਔਰੰਗਜ਼ੇਬ ਨੇ ਆਪਣੀ ਧਰਮ-ਅੰਧਤਾ ਕਾਰਣ ਸੰਨ 1669 ਈ. ਵਿਚ ਇਥੋਂ ਦੇ ਪੁਰਾਤਨ ਮੰਦਿਰਾਂ ਨੂੰ ਢਵਾ ਦਿੱਤਾ ਅਤੇ ਕੇਸ਼ਵ-ਦੇਵ ਮੰਦਿਰ ਦੀ ਥਾਂ ਮਸਜਿਦ ਦੀ ਉਸਾਰੀ ਕਰਵਾਈ। ਉਸ ਨੇ ਇਸ ਨਗਰ ਦਾ ਨਾਂ ਇਸਲਾਮਾਬਾਦ (ਕੁਝ ਇਤਿਹਾਸਕਾਰਾਂ ਅਨੁਸਾਰ ਮੋਮਿਨਾਬਾਦ) ਰਖਿਆ, ਪਰ ਇਸ ਸਭ ਕੁਝ ਨਾਲ ਨ ਮਥੁਰਾ ਦਾ ਨਾਂ ਬਦਲਿਆ ਅਤੇ ਨ ਹੀ ਇਸ ਦਾ ਧਾਰਮਿਕ ਮਹੱਤਵ ਘਟਿਆ।

ਸਿੱਖ ਇਤਿਹਾਸ ਅਨੁਸਾਰ ਗੁਰੂ ਨਾਨਕ ਦੇਵ ਜੀ, ਗੁਰੂ ਹਰਿਗੋਬਿੰਦ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਇਥੇ ਪਧਾਰੇ ਸਨ। ਹੁਣ ਇਸ ਨਗਰ ਵਿਚ ਕਈ ਗੁਰੂ-ਧਾਮ ਹਨ। ‘ਗੁਰਦੁਆਰਾ ਗਊ ਘਾਟ ’ ਯਮੁਨਾ ਨਦੀ ਦੇ ਕੰਢੇ ਉਤੇ ਉਸ ਥਾਂ’ਤੇ ਉਦਾਸੀ ਸਾਧਾਂ ਨੇ ਉਸਾਰਿਆ ਸੀ, ਜਿਥੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਇਸ਼ਨਾਨ ਕੀਤਾ ਸੀ।

‘ਗੁਰਦੁਆਰਾ ਗੁਰੂ ਤੇਗ ਬਹਾਦਰ ਸ੍ਰੀ ਗੁਰੂ ਸਿੰਘ ਸਭਾ ’ ਨਗਰ ਦਾ ਮੁੱਖ ਗੁਰਦੁਆਰਾ ਹੈ। ਕੰਸ-ਟਿੱਲੇ ਉਤੇ ਬਣੇ ਇਸ ਗੁਰਦੁਆਰੇ ਵਾਲੀ ਥਾਂ’ਤੇ ਗੁਰੂ ਤੇਗ ਬਹਾਦਰ ਜੀ ਦਿੱਲੀ ਤੋਂ ਪੂਰਬ ਦੀ ਯਾਤ੍ਰਾ ਉਤੇ ਜਾਂਦਿਆਂ ਤਿੰਨ ਦਿਨਾਂ ਲਈ ਠਹਿਰੇ ਸਨ। ਪਹਿਲਾਂ ਇਥੇ ਉਦਾਸੀ ਸਾਧਾਂ ਨੇ ਇਕ ਥੜਾ ਸਾਹਿਬ ਬਣਾਇਆ ਅਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਇਕ ਛੋਟਾ ਜਿਹਾ ਕਮਰਾ ਵੀ ਉਸਾਰਿਆ। ਵੀਹਵੀਂ ਸਦੀ ਦੇ ਮੱਧ ਵਿਚ ਮਥੁਰਾ ਨਿਵਾਸੀ ਸਿੱਖਾਂ ਨੇ ਇਹ ਸਥਾਨ ਲੈ ਲਿਆ ਅਤੇ ਨਵੀਂ ਇਮਾਰਤ ਬਣਾਉਣ ਦਾ ਯਤਨ ਕੀਤਾ। ਇਸ ਉਦਮ ਵਿਚ ਮਥੁਰਾ ਸਥਿਤ ਸਿੱਖ ਫ਼ੌਜੀਆਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ। ਹੁਣ ਇਸ ਗੁਰੂ-ਧਾਮ ਦੇ ਪਰਿਸਰ ਵਿਚ ‘ਗੁਰੂ ਤੇਗ ਬਹਾਦਰ ਆਦਰਸ਼ ਵਿਦਿਆਲਾ’ ਚਲ ਰਿਹਾ ਹੈ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਚਿਤਰਾਂ ਦਾ ਇਕ ਅਜਾਇਬ ਘਰ ਵੀ ਹੈ।

‘ਗੁਰਦੁਆਰਾ ਗੁਰੂ ਨਾਨਕ ਬਗੀਚੀ’ ਦਰਿਆ ਦੇ ਸੱਜੇ ਕੰਢੇ ਉਤੇ ਬਣਿਆ ਹੋਇਆ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਤਾਪ ਨਾਲ ਇਥੋਂ ਦੇ ਖੂਹ ਦਾ ਪਾਣੀ ਮਿਠਾ ਹੋ ਗਿਆ। ਗੁਰੂ ਜੀ ਨੇ ਲੋਕਾਂ ਦੀ ਸੁਵਿਧਾ ਲਈ ਇਥੇ ਪਿਆਊ ਬਣਾਇਆ ਅਤੇ ਤਿੰਨ ਮਹੀਨੇ ਰਹਿ ਕੇ ਆਪਣੇ ਹੱਥੀਂ ਪਿਆਸਿਆਂ ਨੂੰ ਜਲ ਛਕਾਇਆ। ਸਥਾਨਕ ਮਾਨਤਾ ਅਨੁਸਾਰ ਇਸ ਗੁਰਦੁਆਰੇ ਵਿਚ ਚਾਲੀਸਾ ਕਰਨ ਨਾਲ ਮਨੋ-ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਹ ਗੁਰਦੁਆਰਾ ਉਦਾਸੀ ਸਾਧਾਂ ਨੇ ਸਥਾਪਿਤ ਕੀਤਾ ਸੀ, ਪਰ ਵੀਹਵੀਂ ਸਦੀ ਦੇ ਮੱਧ ਵਿਚ ਇਸ ਨੂੰ ਸਥਾਨਕ ਗੁਰਦੁਆਰਾ ਗੁਰੂ ਤੇਗ ਬਹਾਦਰ ਦੀ ਕਮੇਟੀ ਨੇ ਲੈ ਲਿਆ। ਇਸ ਦੀ ਨਵੀਂ ਇਮਾਰਤ ਸੰਤ ਸਾਧੂ ਸਿੰਘ ਮੌਨੀ ਨੇ ਕਾਰ-ਸੇਵਾ ਦੁਆਰਾ ਉਸਰਵਾਈ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6405, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮਥੁਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਥੁਰਾ (ਸੰ.। ਸੰਸਕ੍ਰਿਤ ਮਥੁਰਾ) ਮਥਰਾ ਨਾਮੇ ਸ਼ਹਿਰ ਦਾ ਰਹਿਣ ਵਾਲਾ, ਇਕ ਕਵੀ ਦਾ ਨਾਮ, ਜਿਸ ਦੇ ਰਚਿਤ ਸ੍ਵਯੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹਨ। ਯਥਾ-‘ਭਨਿ ਮਥੁਰਾ ਕਛੁ ਭੇਦੁ ਨਹੀ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6405, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.