ਮਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਨ (ਨਾਂ,ਪੁ) ਸੋਚ ਵਿਚਾਰ ਅਤੇ ਅਨੁਭਵ ਕਰਨ ਵਾਲੀ ਅੰਦਰੂਨੀ ਸ਼ਕਤੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 63132, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਨ [ਨਾਂਪੁ] ਇਨਸਾਨ ਵਿਚਲੀ ਉਹ ਸ਼ਕਤੀ ਜਿਸ ਨਾਲ਼ ਉਹ ਸੋਚਦਾ ਵਿਚਾਰਦਾ ਅਤੇ ਮਹਿਸੂਸ ਕਰਦਾ ਹੈ, ਚਿੱਤ, ਹਿਰਦਾ, ਅੰਤਹਕਰਨ, ਅੰਦਰਲਾ; ਨਫ਼ਸ, ਸ਼ੈਤਾਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 63100, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਨ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਨ: ਵਿਉਤਪੱਤੀ ਦੀ ਦ੍ਰਿਸ਼ਟੀ ਤੋਂ ਮਨ ਦਾ ਅਰਥ ਹੈ ਜਿਸ ਦੁਆਰਾ ਮਨ ਦਾ ਕਾਰਜ ਪੂਰਾ ਹੋਵੇ (ਮਨੑਯਤੇ ਅਨੇਨ ਇਤਿਹ ਮਨ :)। ਉਂਜ ਮਨ ਉਹ ਸ਼ਕਤੀ ਹੈ ਜਿਸ ਨਾਲ ਮਨੁੱਖ ਨੂੰ ਦੁਖ-ਸੁਖ , ਸੰਕਲਪ , ਇੱਛਾ , ਰਾਗ , ਦ੍ਵੈਸ਼, ਬੋਧ ਅਤੇ ਵਿਚਾਰ ਦਾ ਅਨੁਭਵ ਹੁੰਦਾ ਹੈ। ਇਹ ਅਦ੍ਰਿਸ਼ ਸ਼ਕਤੀ ਮਨੁੱਖ ਦੇ ਸ਼ਰੀਰ ਦਾ ਬਹੁਤ ਹੀ ਸੂਖਮ ਅੰਸ਼ ਹੈ।

‘ਕਠ-ਉਪਨਿਸ਼ਦ’ (1/3/3) ਵਿਚ ਇਸ ਨੂੰ ‘ਇੰਦ੍ਰੀਆਂ ਦੀ ਲਗ਼ਾਮ ’ ਕਿਹਾ ਗਿਆ ਹੈ। ਨਿਆਇ-ਸ਼ਾਸਤ੍ਰ ਵਾਲੇ ਇਸ ਨੂੰ ਇਕ ਦ੍ਰਵੑਯ ਮਿਥ ਕੇ ਆਤਮਾ ਜਾਂ ਜੀਵ ਤੋਂ ਭਿੰਨ ਮੰਨਦੇ ਹਨ। ਵੈਸ਼ੇਸ਼ਿਕ ਦਰਸ਼ਨ ਵਿਚ ਇਸ ਨੂੰ ਅਪ੍ਰਤੱਖ ਦ੍ਰਵੑਯ ਕਹਿ ਕੇ ਇਸ ਵਿਚ ਅੱਠ ਗੁਣਾਂ ਦੀ ਕਲਪਨਾ ਕੀਤੀ ਗਈ ਹੈ। ਸਾਂਖ-ਦਰਸ਼ਨ ਵਾਲੇ ਇਸ ਨੂੰ ਯਾਰ੍ਹਵੀਂ ਇੰਦ੍ਰੀ ਮੰਨ ਕੇ ਇਸ ਦੁਆਰਾ ਪੰਜ ਕਰਮ-ਇੰਦ੍ਰੀਆਂ ਅਤੇ ਪੰਜ ਗਿਆਨ-ਇੰਦ੍ਰੀਆਂ ਦਾ ਸੰਪਾਦਨ ਨਿਸ਼ਚਿਤ ਕਰਦੇ ਹਨ। ਯੋਗ-ਦਰਸ਼ਨ ਵਿਚ ਇਸ ਨੂੰ ‘ਚਿੱਤ’ ਕਿਹਾ ਗਿਆ ਹੈ।

‘ਭਗਵਦ-ਗੀਤਾ’ ਵਿਚ ਇਸ ਨੂੰ ਬੜਾ ਬਲਵਾਨ, ਦ੍ਰਿੜ੍ਹ ਅਤੇ ਚੰਚਲ ਦਸ ਕੇ ਇਸ ਨੂੰ ਵਸ ਵਿਚ ਕਰਨਾ ਬਹੁਤ ਔਖਾ ਮੰਨਿਆ ਗਿਆ ਹੈ। ਅਦ੍ਵੈਤ-ਵੇਦਾਂਤ ਅਨੁਸਾਰ ਅੰਤਹਕਰਣ ਦੇ ਚਾਰ ਰੂਪਾਂ (ਬੁੱਧੀ, ਅਹੰਕਾਰ , ਚਿੱਤ ਅਤੇ ਮਨ) ਵਿਚ ਚੌਥਾ ਮੰਨਿਆ ਗਿਆ ਹੈ। ਇਹ ਅੰਤਹਕਰਣ ਦਾ ਸੰਕਲਪ-ਵਿਕਲਪਾਤਮਕ ਰੂਪ ਹੈ। ‘ਯੋਗ-ਵਸਿਸ਼ਠ’ ਵਿਚ ਦ੍ਰਿਸ਼ੑਯ ਨਾਲ ਯੁਕਤ ਚਿੱਤ ਨੂੰ ‘ਮਨ’ ਦਾ ਨਾਂ ਦਿੱਤਾ ਗਿਆ। ਇਹ ਸ਼ਕਤੀਵਾਨ ਮਨ ਕੁਝ ਸਹਿਜ ਪ੍ਰਵ੍ਰਿੱਤੀਆਂ ਤੋਂ ਪ੍ਰੇਰਿਤ ਹੁੰਦਾ ਹੈ, ਜਿਵੇਂ ਆਹਾਰ , ਨੀਂਦਰ , ਡਰ ਅਤੇ ਮੈਥੁਨ।

ਭੋਗਣ ਯੋਗ ਵਸਤੂਆਂ ਦੀ ਕਾਮਨਾ ਕਰਨਾ ਮਨ ਦਾ ਰਥ ਜਾਂ ਮਨੋਰਥ ਹੈ। ‘ਮਨੋਰਥ’ ਨੂੰ ਵਾਸਨਾ ਵੀ ਕਿਹਾ ਜਾ ਸਕਦਾ ਹੈ। ਭੋਗਣ ਯੋਗ ਵਸਤੂਆਂ ਦੀ ਅਨੰਤਤਾ ਕਾਰਣ ਵਾਸਨਾਵਾਂ ਵੀ ਅਣਗਿਣਤ ਹਨ। ਮਨ ਦੇ ਰੋਗਾਂ ਨੂੰ ‘ਮਾਨਸ ਰੋਗ ’ ਕਿਹਾ ਜਾਂਦਾ ਹੈ। ਦੈਹਿਕ ਤਾਪ ਦੀਆਂ ਦੋ ਕਿਸਮਾਂ ਵਿਚੋਂ ‘ਆਧਿ’ ਮਨ ਦਾ ਰੋਗ ਹੈ ਅਤੇ ‘ਵਿਆਧਿ’ ਤਨ ਦਾ। ਇਨ੍ਹਾਂ ਦੋਹਾਂ ਵਿਚੋਂ ‘ਆਧਿ’ ਰੋਗਾਂ ਤੋਂ ਹੀ ‘ਵਿਆਧਿ’ ਰੋਗਾਂ ਦਾ ਵਿਕਾਸ ਹੁੰਦਾ ਹੈ। ਆਧਿ ਰੋਗਾਂ ਦੇ ਖ਼ਤਮ ਹੋਣ ਨਾਲ ਵਿਆਧਿ ਰੋਗ ਵੀ ਮਿਟ ਜਾਂਦੇ ਹਨ।

ਮਾਨਸ ਰੋਗਾਂ ਦੀ ਗਿਣਤੀ ਬਹੁਤ ਅਧਿਕ ਹੈ, ਪਰ ਪੰਜ ਰੋਗ ਤਾਂ ਬਹੁਤ ਹੀ ਅਸਾਧ ਹਨ, ਜਿਵੇਂ ਕਾਮ , ਕ੍ਰੋਧ , ਲੋਭ , ਮੋਹ ਅਤੇ ਹੰਕਾਰ। ਇਨ੍ਹਾਂ ਨੂੰ ਪੰਚ-ਵਿਕਾਰ ਜਾਂ ਪੰਚ-ਦੋਖ ਵੀ ਕਿਹਾ ਗਿਆ ਹੈ। ਗੁਰੂ ਅਰਜਨ ਦੇਵ ਜੀ ਅਨੁਸਾਰ— ਪੰਚ ਬਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗਿ ਸਾਧ ਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗਿ (ਗੁ.ਗ੍ਰੰ.297)। ਇਨ੍ਹਾਂ ਨੂੰ ‘ਪੰਚ-ਜਨ’, ‘ਪੰਚ-ਚੋਰ’, ‘ਪੰਜ- ਠਗ ’ ਵੀ ਕਿਹਾ ਜਾਂਦਾ ਹੈ।

ਮਨ ਇੰਦ੍ਰੀਆਂ ਨਾਲ ਮਿਲ ਕੇ ਜੀਵ ਨੂੰ ਵਿਸ਼ਿਆਂ ਦਾ ਭੋਗ ਕਰਾਉਂਦਾ ਹੈ। ਮਨ ਦਾ ਵਾਸਨਾ-ਯੁਕਤ ਹੋਣਾ ਬੰਧਨ ਹੈ। ਇਸ ਦੇ ਵਾਸਨਾਵਾਂ ਤੋਂ ਛੁਟਕਾਰੇ ਨਾਲ ਹੀ ਮੁਕਤੀ ਸੰਭਵ ਹੈ। ਅਸਲ ਵਿਚ, ਮਨ ਨੂੰ ਮਾਰਨ ਜਾਂ ਵਸ ਵਿਚ ਕਰਨ ਨਾਲ ਹੀ ਬੰਧਨ ਟੁੱਟਦਾ ਹੈ। ਗੁਰੂ ਨਾਨਕ ਦੇਵ ਜੀ ਨੇ ‘ਜਪੁਜੀ ’ ਦੀ ਅਠਾਈਵੀਂ ਪਉੜੀ ਵਿਚ ਮਨ ਉਤੇ ਪ੍ਰਾਪਤ ਕੀਤੀ ਜਿਤ ਨੂੰ ਜਗਤ ਦੀ ਜਿਤ ਜਿੰਨਾ ਮਹੱਤਵ ਦਿੱਤਾ ਹੈ—ਮਨਿ ਜੀਤੈ ਜਗੁ ਜੀਤੁ

ਮਨ ਨੂੰ ਮਾਰਨ ਅਥਵਾ ਵਸ ਵਿਚ ਕਰਨ ਦੇ ਦੋ ਢੰਗ ਹਨ। ਇਕ, ਸ਼ਰੀਰ ਦੀ ਮੌਜੂਦਗੀ ਵਿਚ ਮਨ ਨੂੰ ਮਾਰਨਾ ਜਿਸ ਨੂੰ ‘ਸਰੂਪ ਮਨ ਮਾਰਣ’ ਕਿਹਾ ਜਾਂਦਾ ਹੈ ਅਤੇ ਦੂਜਾ , ਸ਼ਰੀਰ ਦੇ ਨਸ਼ਟ ਹੋਣ’ਤੇ ਮਨ ਨੂੰ ਮਾਰਨਾ ਜਿਸ ਨੂੰ ‘ਅਰੂਪ- ਮਨ-ਮਾਰਣ’ ਆਖਿਆ ਜਾਂਦਾ ਹੈ। ਇਨ੍ਹਾਂ ਦੇ ਆਧਾਰ’ਤੇ ਹੀ ਮੁਕਤ-ਜੀਵ ਦੇ ਕ੍ਰਮਵਾਰ ਦੋ ਭੇਦ ਕੀਤੇ ਗਏ ਹਨ—ਜੀਵਨਮੁਕਤ ਅਤੇ ਵਿਦੇਹਮੁਕਤ।

ਮੱਧ-ਯੁਗ ਦੇ ਸੰਤਾਂ ਅਤੇ ਭਗਤਾਂ ਨੇ ਮਨ ਨੂੰ ਮਾਰਣ ਜਾਂ ਵਸ ਵਿਚ ਕਰਨ ਉਤੇ ਬਹੁਤ ਬਲ ਦਿੱਤਾ ਹੈ। ਇਸ ਨੂੰ ਮਾਰਨ ਲਈ ਗੁਰੂ ਸਾਹਿਬਾਨ ਨੇ ਮੁੱਖ ਤੌਰ ’ਤੇ ਤਿੰਨ ਸਾਧਨ ਸੁਝਾਏ ਹਨ—ਮਨ ਰਾਹੀਂ ਮਨ ਨੂੰ ਮਾਰਨਾ, ਪਰਮਾਤਮਾ ਦੀ ਉਸਤਤ ਰਾਹੀਂ ਮਨ ਨੂੰ ਮਾਰਨਾ ਅਤੇ ਗੁਰੂ ਜਾਂ ਗੁਰੂ-ਸ਼ਬਦ ਰਾਹੀਂ ਮਨ ਨੂੰ ਮਾਰਨਾ। ਸੰਤ ਕਬੀਰ ਨੇ ਮਨ ਨੂੰ ਮਾਰਨ ਤੋਂ ਬਿਨਾ ਭਗਤੀ ਨੂੰ ਸੰਭਵ ਨਹੀਂ ਮੰਨਿਆ—ਮਨ ਅੰਤਰਿ ਬੋਲੈ ਸਭੁ ਕੋਈ ਮਨ ਮਾਰੇ ਬਿਨੁ ਭਗਤਿ ਹੋਈ (ਗੁ.ਗ੍ਰੰ.329)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 62305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਨ (ਸੰ.। ਸੰਸਕ੍ਰਿਤ ਮਨਸੑ। ਮਨੑ=ਗ੍ਯਾਨੇ, ਧਾਤੂ ਹੈ) ਮਨ ਦਾ ਅਰਥ ਹੈ, ਸਾਰੀਆਂ ਦਿਮਾਗ਼ੀ ਤਾਕਤਾਂ, ਗ੍ਯਾਨ ਸ਼ਕਤੀਆਂ। ਸੰਕਲਪ , ਵਿਕਲਪ, ਸਮਝ , ਬੂਝ, ਸਿਆਣ, ਹਿੱਸ, ਇੱਛਾ , ਵਿਚਾਰ, ਅੰਤਹਕਰਨ ਆਦਿਕ ਸਾਰੇ ਮਨ ਵਿਚ ਆ ਜਾਂਦੇ ਹਨ।

            ਮਨ ਅਸਲ ਵਿਚ ਆਤਮਾ ਅਤੇ ਇੰਦ੍ਰਿਆਂ ਦੇ ਵਿਚਕਾਰ ਇਕ ਚੇਤਨ ਸੱਤ੍ਯਾ ਦਾ ਰੂਪ ਜਿਹਾ ਹੈ।

ਇਕ ਬ੍ਰਿਤੀ ਹੈ, ਜਿਸ ਦੁਆਰਾ ਗ੍ਯਾਨੇਂਦ੍ਰਿਆਂ ਦੇ ਵਸੀਲੇ ਪ੍ਰਤੀਤ ਹੋਣ ਵਾਲੇ ਪਦਾਰਥ, ਆਤਮਾ ਉਤੇ ਪ੍ਰਤੀਤੀ ਦਾ ਅਸਰ ਕਰਦੇ ਹਨ ਯਾ ਗ੍ਯਾਨ ਪਾਉਂਦੇ ਹਨ। ਇਸ ਤਰ੍ਹਾਂ -ਮਨ- ਆਤਮਾ ਤੋਂ ਵੱਖਰਾ ਪ੍ਰਤੀਤ ਦੇਂਦਾ ਹੈ*। ਯਥਾ-‘ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ’। ਭਾਵ ਜਦ ਆਤਮਾ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ ਤਾਂ ਮਨ ਪਿੱਛੇ ਰਹਿ ਗਿਆ। ਤਥਾ-‘ਮਨੁ ਦੇ ਰਾਮੁ ਲੀਆ ਹੈ ਮੋਲਿ’ ਦੇਣ ਵਾਲਾ ਆਤਮਾ, ਜੋ ਦਿੱਤਾ ਗਿਆ ਸੋ ਮਨ, ਜੋ ਲੀਤਾ ਸੋ ਰਾਮ। ਤਥਾ-‘ਮਨ ਕਾ ਜੀਉ ਪਵਨਪਤਿ ਦੇਹੀ ਦੇਹੀ ਮਹਿ ਦੇਉ ਸਮਾਗਾ’।

            ਸੂਚਨਾ-ਜੀਉ ਤੋਂ ਮੁਰਾਦ ਸਰੂਪ ਯਾ ਆਸਰੇ ਦੀ ਹੈ। ਪਵਨ ਤੋਂ ਮੁਰਾਦ ਪ੍ਰਾਣ ਤੇ ਪ੍ਰਾਣਾਂ ਵਾਲੇ ਸਰੀਰ ਦੀ ਹੈ।

ਦੇਹੀ=ਦੇਹ ਵਾਲਾ-ਆਤਮਾ (ਦੇਖੋ, ਦੇਹੀ) ਦੇਉ=ਦੇਵ, ਪਰਮਾਤਮਾ।

            ਅਰਥ- ਮਨ ਦਾ ਆਸਰਾ ਪ੍ਰਾਣ ਹੈ (ਤੇ ਮਨ ਦਾ) ਮਾਲਕ ਆਤਮਾ ਹੈ ਤੇ ਆਤਮਾ ਵਿਚ ਸਮਾ ਰਿਹਾ ਹੈ ਪ੍ਰਮਾਤਮਾ, ਸੋ ਤਰਤੀਬ ਦੇਈਏ ਤਾਂ ਐਉਂ ਹੈ- ਪ੍ਰਾਣਾਂ (ਵਾਲਾ) ਸਰੀਰ, ਮਨ, ਆਤਮਾ, ਪਰਮਾਤਮਾ। ਤਥਾ-‘ਮਨੁ ਜੋਗੀ ਮਨੁ ਭੋਗੀਆ ਮਨੁ ਮੂਰਖੁ ਗਾਵਾਰੁ॥ ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰ ’। ਜਦ ਮਨ- ਪ੍ਰਮਾਤਮਾ ਵਿਚ ਲਿਵ ਦੁਆਰਾ ਲਗ ਜਾਵੇ ਤਾਂ ਮਨ ਜੋਗੀ ਹੈ, ਜਦ ਇੰਦ੍ਰਿਆਂ ਦੁਆਰਾ ਭੋਗਾਂ ਵਿਚ ਲੱਗੇ ਤਾਂ ਭੋਗੀ ਹੈ, ਅਰਥਾਤ ਮਨ ਦੇ ਇਕ ਪਾਸੇ ਪਰਮਾਤਮਾ ਹੈ ਤੇ ਇਕ ਪਾਸੇ ਇੰਦ੍ਰੇ ਤੇ ਇੰਦ੍ਰਿਆਂ ਦੇ ਭੋਗ ਹਨ।

੨. ਇਉਂ ਮਨ ਆਤਮਾ ਤੋਂ ਅੱਗੇ ਆਤਮਾ ਦਾ ਇਕ ਮਾਨੋਂ ਮੁਨੀਬ ਹੈ, ਜਿਸਦੀ ਚੇਤਨ ਸੱਤਾ ਆਤਮਾ ਤੋਂ ਹੀ ਆਉਂਦੀ ਹੈ। ਦੂਜੇ ਪਾਸੇ -ਮਨ- ਗ੍ਯਾਨੇਂਦਿਆਂ ਦੁਆਰਾ ਦਿੱਸਦੇ ਜਗਤ ਦੇ ਗ੍ਯਾਨ ਨੂੰ ਆਪਣੇ ਵਿਚ ਲੈਂਦਾ ਹੈ, ਇਨਾਂ ਦੀ ਵਲ ਖਿੱਚ ਖਾਂਦਾ ਹੈ, ਪਦਾਰਥਾਂ ਤੇ ਭੋਗਾਂ ਵਲ ਰੁਖ਼ ਰੱਖਦਾ ਹੈ। ਇਨ੍ਹਾਂ ਦੇ ਹਾਨ ਤੋਂ ਦੁਖੀ , ਪ੍ਰਾਪਤੀ ਤੋਂ ਸੁਖੀ ਹੁੰਦਾ ਹੈ। ਜੇਕਰ ਏਹ ਇਨ੍ਹਾਂ ਤੋਂ ਵੈਰਾਗ ਕਰੇ ਅਰ ਅਭ੍ਯਾਯ ਨਾਲ ਇੰਦ੍ਰਿਆਂ ਤੋਂ ਆਪੇ ਨੂੰ ਉੱਚਾ ਕਰੇ ਤਾਂ ਮਾਨੋਂ ਇਸਦਾ ਟਿਕਾਉ ਹੈ, ਯਾ ਇਕ ਤਰ੍ਹਾਂ ਅਭਾਵ ਹੈ ਤੇ ਸ਼ੁਧ ਚੇਤਨ ਸੱਤਾ ਦਮਕਦੀ ਹੈ। ਮਨ ਜਦ ਐਉਂ ਆਪੇ ਨੂੰ ਉੱਚਾ ਕਰੇ ਤਦ ਇਸ ਪੂਰਨ ਨਿਰੁਧ ਅਵਸਥਾ ਵਿਚ ਮਨ ਨੂੰ ਹੀ ਜੋਤ ਸਰੂਪ ਆਖਿਆ ਹੈ-‘ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ। ’ ਅਰਥਾਤ ਤ੍ਰਿਸ਼ਨਾ ਤੋਂ ਛੁਟ ਕੇ ਲਿਵ ਦੁਆਰਾ ਆਪੇ ਵਿਚ ਆ, ਆਪੇ ਵਿਚ ਆਯਾ ਮਨ ਫਿਰ ਨਿਰੀ ਚੇਤਨਤਾ ਹੈ ਜੋ ਜ੍ਯੋਤ ਸਰੂਪ ਹੈ।

੩. ਮਨ ਵਿਚ ਇੱਛਾ ਸ਼ਕਤੀ ਵੱਸਦੀ ਹੈ। ਯਥਾ-‘ਮਨ ਇਛਿਅੜਾ ਫਲੁ ਪਾਈਐ ਰਾਮ’। ਅਰਥਾਤ ਮਨ ਇੱਛਿਆ ਕਰਦਾ ਹੈ, ਇਛਿਆ ਕਰਨਾ ਮਨ ਦਾ ਇਕ ਧਰਮ ਹੈ, ਇਛਿਆ ਕਰਨਾ ਮਨ ਦਾ ਇਕ ਧਰਮ ਹੈ ਇਸ ਇੱਛਿਆ ਕਰਕੇ ਮਨ ਪਦਾਰਥਾਂ ਦੀ ਰੁਚੀ ਅਰੁਚੀ ਵਿਚ ਫਸਦਾ ਹੈ। ਇਹ ਅਵਸਥਾ ਮਨ ਦੇ ਖਿੰਡਾਉ ਯਾ ਵਿਖੇਪ ਦੀ ਹੈ ਜਦ ਕੱਠਾ ਹੁੰਦਾ ਹੈ ਤਾਂ ਖਿੰਡਾਉ ਹਟਦਾ ਹੈ ਤਦ ਮਨ ਉਚਾ ਉਠਦਾ ਹੈ, ਇਸ ਤਰ੍ਹਾਂ ਮਨ ਦੇ ਦੋ ਰੂਪ ਕਹੇ ਹਨ-‘ਇਨਮਨ (ਯਾ ਇਹ ਮਨ) ਤੇ ਉਨਮਨ’ ਅਰਥਾਤ ਇਹ -ਮਾਮੂਲੀ ਮਨ- ਤੇ -ਊਚਾ ਹੋਯਾ ਮਨ-। ਯਥਾ-‘ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਇਹੁ ਮਨੁ ਪੰਚ ਤਤ ਕੋ ਜੀਉ॥ ਇਹੁ ਮਨੁ ਲੇ ਜਉ ਉਨਮਨਿ ਰਹੈ॥ ਤਉ ਤੀਨਿ ਲੋਕ ਕੀ ਬਾਤੈ ਕਹੈ।’

            ਇਹ ਉਨਮਨ ਹੋਏ ਮਨ ਬਾਬਤ ਕਿਹਾ ਹੈ।

੪. ਜਦੋਂ ਕੋਈ ਆਪਣੀ ਮੈਂ ਆਪਣੇ ਮਨ ਵਿਚ ਹੀ ਪ੍ਰਤੀਤ ਕਰਦਾ ਹੈ ਤਾਂ ਸਾਧਾਰਨ ਅਵਸਥਾ ਹੈ, ਪਰ ਜਦ ਮਨ ਚੰਗਾ ਟਿਕ ਕੇ, ਆਪਾ ਵੱਖਰਾ ਪ੍ਰਤੀਤ ਦੇਂਦਾ ਹੈ, ਤਦ ਇਸ ਅਵਸਥਾ ਨੂੰ -ਮਨ ਵਿਚ ਮਨ ਦਾ- ਪ੍ਰਗਟ ਹੋਣਾ ਯਾ ਪ੍ਰਤੀਤ ਦੇਣਾ ਆਦਿ ਤ੍ਰੀਕੇ ਨਾਲ ਵਰਣਨ ਕੀਤਾ ਹੈ। ਯਥਾ-‘ਮਨ ਮਹਿ ਮਨੁ ਉਲਟੋ ਮਰੈ ’ ਅਰਥਾਤ ਮਨ ਉਲਟ ਕੇ (ਸੰਸਾਰਾਕਾਰ ਤੋਂ ਬ੍ਰਹਮਾਕਾਰ ਹੋ ਕੇ) ਚੇਤਨਤਾ ਵਿਚ ਲੀਨ ਹੋਵੇ ਤਾਂ। ਇਥੇ ਇਕ ਮਨ ਦਾ ਅਰਥ ਤਾਂ ਮਨ ਹੈ, ਪਰ ਦੂਸਰੇ ਦਾ ਅਰਥ ਮਨ ਦੇ ਪਿਛੇ ਸ਼ੁਧ ਚੇਤਨ ਸੱਤਾ ਤੋਂ ਮੁਰਾਦ ਹੈ। ਤਥਾ-‘ਮਨ ਮਹਿ ਮਨੂਆ ਚਿਤ ਮਹਿ ਚੀਤਾ॥ ਐਸੇ ਹਰਿ ਕੇ ਲੋਗ ਅਤੀਤਾ’। ‘ਮਨ ਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ’। ਇਸੇ ਖਿਆਲ ਨੂੰ ਮਨ ਦੀ ਥਾਂ -ਘਰ- ਪਦ ਵਰਤ ਕੇ ਦਸਿਆ ਹੈ। ਯਥਾ-‘ਘਰ ਮਹਿ ਘਰੁ ਜੋ ਦੇਖਿ ਦਿਖਾਵੈ’।

੫. ਵੈਸੇ ਵਾਹਿਗੁਰੂ ਦੀ ਵ੍ਯਾਪਕਤਾ ਕਰਕੇ ਮਨ ਵਿਚ ਵਾਹਿਗੁਰੂ ਹੈ ਤੇ ਵਾਹਿਗੁਰੂ ਵਿਚ ਮਨ ਹੈ। ਯਥਾ-‘ਮਨ ਮਹਿ ਆਪਿ ਮਨ ਅਪੁਨੇ ਮਾਹਿ’। ਤਥਾ-‘ਮਨ ਮਹਿ ਜੋਤਿ ਜੋਤਿ ਮਹਿ ਮਨੂਆ’।

੬. ਇਕ ਤਰ੍ਹਾਂ ਮਨ ਦੇ ਦੋ ਹੋਰ ਤਬਕੇ ਬੀ ਆਖੇ ਹਨ, ਏਥੇ ਇਕ ਮਨ ਤੋਂ ਮੁਰਾਦ ਬੁਧੀ ਹੈ, ਇਕ ਤੋਂ ਮਨ। -ਮਨ- ਹਰ ਪ੍ਯਾਰੀ ਸ਼ੈ ਵੱਲ ਧਾਂਵਦਾ ਹੈ, -ਬੁਧੀ- ਵਿਵੇਚਨਾ ਕਰਦੀ ਹੈ ਕਿ ਜਿਧਰ ਮਨ ਧਾਇਆ ਹੈ ਕੀ ਸਚਮੁਚ ਉਹ ਚੰਗੀ ਬੀ ਹੈ ਕਿ ਨਹੀਂ। ਮਨ ਪ੍ਰੇਯ (ਪ੍ਯਾਰੀ ਲਗੀ) ਵਲ ਦੌੜਦਾ ਹੈ। ਬੁਧੀ ਵਿਵੇਚਨਾ ਕਰਦੀ ਹੈ ਕਿ ਇਹ ਪ੍ਰੇਯ ਲਗੀ ਸ਼ੈ ਸ਼੍ਰੇਯ (ਚੰਗੀ) ਬੀ ਹੈ ਕਿ ਨਹੀਂ। ਮਨ ਦੀਆਂ ਇਨ੍ਹਾਂ ਦੋ ਤਾਕਤਾਂ ਪਰ ਕਿਹਾ ਹੈ-

            ‘ਮਨ* ਹੀ ਤੇ ਮਨੁ ਮਾਨਿਆ

            ਗੁਰ ਕੈ ਸਬਦਿ ਅਪਾਰਿ’।

ਇਸ ਤਰ੍ਹਾਂ ਮਨ ਤੇ ਬੁਧੀ ਦੋ ਅਲੱਗ ਅਲੱਗ ਹਨ। ਦੋਹਾਂ ਨੂੰ ਅਲੱਗ ਅਲੱਗ ਸਪਸ਼੍ਟ ਬੀ ਦੱਸਿਆ ਹੈ। ਯਥਾ-‘ਮਨੁ ਬੁਧਿ ਅਰਪਿ ਧਰਉ ਗੁਰ ਆਗੈ ’।

            ਭਲੇ ਪੁਰਖ ਦੀ ਜ਼ਮੀਰ ਜਦ ਮਨ ਨੂੰ ਸਾਧਦੀ ਹੈ ਤਾਂ ਉਸ ਪਰ ਬੀ ਕਿਹਾ ਹੈ-

            ‘ਮਨ ਹੀ ਨਾਲਿ ਝਗੜਾ ਮਨ ਹੀ

ਨਾਲਿ ਸਥ ਮਨ ਹੀ ਮੰਝਿ ਸਮਾਇ’।

ਮਨ, ਜਿਨ੍ਹਾਂ ਬਿਰਤੀਆਂ ਦਾ ਅਸਥਾਨ ਹੈ, ਕੁਛ ਕੁ ਐਉਂ ਦੱਸੀਆਂ ਹਨ-

(ੳ) ਆਸ। ਯਥਾ-‘ਮਨਿ ਆਸ ਉਡੀਣੀ’।

(ਅ) ਇਛਾ। ਯਥਾ-‘ਮਨ ਇਛ ਪਾਈਐ’। ‘ਮਨ ਕੀਆ ਇਛਾ ਪੂਰੀਆ’।

(ੲ) ਸਮਝ। ਯਥਾ-‘ਮਨ ਸਮਝੁ ਛੋਡਿ’।

(ਸ) ਮਨਸਾ। ਯਥਾ-‘ਮਨਸਾ ਮਨਹਿ ਸਮਾਇਲੇ’।

(ਹ) ਹਠ। ਯਥਾ-‘ਮਨ ਹਠਿ ਮਤੀ ਬੂਡੀਐ’।

(ਕ) ਕ੍ਰੋਧ। ਯਥਾ-‘ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ’।

(ਖ) ਖ੍ਯਾਲ। ਯਥਾ-‘ਮਨ ਕੇ ਅਧਿਕ ਤਰੰਗ ’।

(ਗ) ਸੁਭਾਉ। ਯਥਾ-‘ਮਨ ਕਾ ਸੁਭਾਉ’।

(ਘ) ਅਹੰਕਾਰ। ਯਥਾ-‘ਮਨ ਕਹ ਅਹੰਕਾਰ’।

(ਙ) ਲੋਭ। ਯਥਾ-‘ਮਨ ਕਹਾ ਲੁਭਾਈਐ’।

(ਚ) ਵਾਸ਼ਨਾ। ਯਥਾ-‘ਮਨ ਕੀ ਬਾਸਨਾ ਮਨ ਤੇ ਟਰੈ ’।

(ਛ) ਦੁਬਿਧਾ (ਸੰਸੇ ਬ੍ਰਿਤੀ)। ਯਥਾ-‘ਮਨ ਕੀ ਦੁਬਿਧਾ ਬਿਨਸਿ’।

(ਜ) ਮਤਿ, (ਸਲਾਹ) ਰੁਚੀ। ਯਥਾ-‘ਮਨ ਕੀ ਮਤਿ ਤਿਆਗਹੁ’।

(ਝ) ਵੀਚਾਰ। ਯਥਾ-‘ਮਨ ਕੈ ਵੀਚਾਰਿ’।

(ਞ) ਚਿੰਤਨ। ਯਥਾ-‘ਮਨ ਚਿੰਤਤ ਸਗਲੇ ’।

(ਟ) ਚਾਉ। ਯਥਾ-‘ਮਨਿ ਚਾਉ ਘਨੇਰਾ’।

(ਠ) ਬੁਧੀ ਯਾ ਵਿਵੇਚਨਾ ਸ਼ਕਤੀ ਵਾਲਾ ਮਨ (ਜ਼ਮੀਰ)। ਯਥਾ-‘ਮਨੁ ਤਾਰਾਜੀ ਚਿਤੁ ਤੁਲਾ ’।

(ਡ) ਪ੍ਰੀਤ। ਯਥਾ-‘ਮਨ ਮਹਿ ਪ੍ਰੀਤਿ’।

੮. (ਅ.। ਅ਼ਰਬੀ ਮਨਾਅ਼। ਹਿੰਦੀ ਮਤ=ਨਹੀਂ) ਨਹੀਂ। ਯਥਾ-‘ਮਨ ਅਸਵਾਰ ਜੈਸੇ ਤੁਰੀ ਸੀਗਾਰੀ’। ਅਰਥਾਤ ਨਹੀਂ ਹੈ ਜੋ ਅਸਵਾਰ ਉਸ ਨੂੰ ਤੁਰੀ ਸੀਗਾਰੀ ਦਾ ਕੀ ਮੇਲ।

੯. (ਫ਼ਾਰਸੀ ਮਨ=ਮੈਂ) ਮੈਂ। ਯਥਾ-‘ਮਨ ਕਮੀਨ ਕਮਤਰੀਨ’।

੧੦. (ਅ਼ਰਬੀ ਮਨ=) ੪੦ ਸੇਰ ਦਾ ਇਕ ਤੋਲ। ਯਥਾ-‘ਮਨ ਦਸ ਨਾਜੁ ਟਕਾ ਚਾਰਿ ਗਾਂਠੀ’।

੧੧. ਮਣਾ ਮੂੰਹ। ਯਥਾ-‘ਮੈ ਅਵਗੁਣ ਮਨ ਮਾਹਿ ਸਰੀਰਾ’। ਮਣਾ ਮੂੰਹ ਔਗਣ ਹਨ ਮੇਰੇ ਸਰੀਰ ਵਿਚ।

੧੨. ਇਕ ਤੀਰਥ ਦੇ ਨਾਉਂ ਦਾ ਮੁੱਢ ਹੈ, ਉਸ ਤੀਰਥ ਦਾ ਨਾਮ ਹੈ

ਮਨੀਕਰਣ। ਯਥਾ-‘ਮਨ ਕਾਮਨਾ ਤੀਰਥ ਦੇਹ ਛੁਟੈ’। ਮਣੀ ਕਰਣ ਤੀਰਥ ਤੇ ਜੇ ਦੇਹ ਛੁਟੇ*

੧੩. ਕਿਤੇ ਮਨ ਦਾ ਅਰਥ ਅੰਤਹਕਰਣ ਕਰਦੇ ਹਨ। ਯਥਾ-‘ਮਨਿ ਬਚਨਿ ਰਿਦੈ ਧਿਆਇ’।

੧੪. (ਕ੍ਰਿ.। ਪੰਜਾਬੀ) ਮੰਨ ਲੈਣ ਵਾਲਾ। ਯਥਾ-‘ਮਨਿ ਲੇਤਾ ਮੁਕਤਾ’।

੧੫. ਸਿਰੋਮਣਿ।

----------

* ਸ਼ਾਸਤ੍ਰਕਾਰਾਂ ਦੇ ਮਤਾਂ ਵਿਚ ਜੋ -ਮਨ- ਬਾਬਤ ਭਿੰਨ ਭਿੰਨ ਖ੍ਯਾਲ ਹਨ, ਇਸ ਪ੍ਰਕਾਰ ਹਨ-

ਸਾਂਖ ਵਿਚ, ਮਨ ਅੰਦਰਲਾ ਇੰਦ੍ਰੈ ਹੈ, ਜੋ ਗ੍ਯਾਨ ਤੇ ਕਰਮ ਇੰਦ੍ਰਿਆਂ ਦੇ ਵਿਚਕਾਹੇ ਹੈ ਤੇ ਦੋਹਾਂ ਦਾ ਸਾਂਝੀਵਾਲ ਹੈ, ਗੇਣਤੀ ਵਿਚ ਇਹ ਯਾਰ੍ਹਵਾਂ ਇੰਦ੍ਰਾ ਹੈ। ਇਸ ਦਾ ਧਰਮ ਹੈ ਸੰਕਲਪ (ਫੈਸਲਾ ਕਰਨਾ) ਵਿਕਲਪ (ਸੰਸਾ ਕਰਨਾ)। ਇਸਦਾ ਸੰਬੰਧ ਬੁਧੀ ਨਾਲ ਬੀ ਹੈ, ਜਿਸ ਦਾ ਕੰਮ ਹੈ-ਵ੍ਯਵਸਾਯ (ਨਿਸਚੇ ਕਰਨਾ), ਅਤੇ ਇਸਦਾ ਸੰਬੰਧ ਅਹੰਕਾਰ ਨਾਲ ਬੀ ਹੈ, ਜਿਸਦਾ ਕੰਮ ਹੈ-ਅਭਿਮਾਨ ਅਰਥਾਤ -ਮੈ- ਦੀ ਲੱਖਤਾ। ਸਾਂਖ ਨੇ ਮਨ ਨੂੰ ਬੁਧੀ ਦਾ ਹੀ ਇਕ ਰੂਪ ਮੰਨਿਆ ਹੈ। ਬੁਧੀ ਨੂੰ ਉਸ ਨੇ -ਮਹਤ- ਕਿਹਾ ਹੈ, ਜਿਸ ਤੋਂ ਅਹੰਕਾਰ ਤੇ ਮਨਸੑ ਨਿਕਲੇ।

 ਯੋਗ ਤੇ ਵੇਦਾਂਤ ਦੋਹਾਂ ਵਿਚ ਮਨ ਨੂੰ ਬੁੱਧੀ ਤੇ ਅਹੰਕਾਰ ਦੇ ਨਾਲ ਇਕ ਹੋਰ ਨਾਲ ਸੰਬੰਧਤ ਦਸਿਆ ਹੈ ਉਸ ਦਾ ਨਾਮ -ਚਿੱਤ- ਹੈ, ਜੋ ਵੀਚਾਰ ਦਾ ਇੰਦ੍ਰੇ ਹੈ, ਅਰ ਜਿਸਦਾ ਕੰਮ ਹੈ ਅਨੁਸੰਧਾਨ (ਪੜਤਾਲ)।

 ਵੇਦਾਂਤ ਵਿਚ ਸੁਖ ਤੇ ਦੁਖ ਆਦਿਕ ਮਨ ਦੇ ਧਰਮ ਮੰਨੇ ਹਨ, ਆਤਮਾ ਨਿਰਗੁਣ ਹੈ। ਸੰਕਲਪ ਤੇ ਵਿਕਲਪ (ਸਾਂਖ) ਵਾਂਙੂ) ਮਨ ਦੇ ਹੀ ਕੰਮ ਮੰਨੇ ਹਨ, ਬੁਧੀ ਦਾ ਕੰਮ ਮੰਨਿਆਂ ਹੈ ਨਿਸਚ੍ਯ। ਮਨ ਤੇ ਬੁਧੀ ਦੇ ਨਾਲ ਸ਼ਾਮਲ ਮੰਨੇ ਹਨ ਅਹੰਕਾਰ ਤੇ ਚਿੱਤ। ਇਸ ਤਰ੍ਹਾਂ ਅੰਦਰਲੇ -ਪ੍ਰਤੀਤੀ- ਵਾਲੇ ਨੂੰ ਉਨ੍ਹਾਂ ਚਤੁਸ਼ਟਯ ਅੰਤਹਕਰਣ ਆਖਿਆ ਹੈ- ਮਨ, ਬੁਧ , ਚਿਤ, ਅਹੰਕਾਰ।

ਨ੍ਯਾਯ ਵਿਚ, ਮਨ ਇਕ ਦ੍ਰੱਵਯ ਮੰਨਿਆਂ ਹੈ, ਜੋ ਪ੍ਰਮਾਣੂ ਰੂਪ ਹੈ ਤੇ ਨਿੱਤ ਹੈ। ਮਨ ਸੁਖ ਦੁਖ ਆਦਿਕਾਂ ਦੇ ਗ੍ਯਾਨ ਦਾ ਸਾਧਨ ਹੈ; ਸੁਖ ਆਦਿਕ ਗੁਣ ਆਤਮਾ ਦੇ ਮੰਨੇ ਹਨ। ਨ੍ਯਾਯ ਵਿਚ ਇਹ ਬੀ ਮੰਨਿਆਂ ਹੈ ਕਿ ਮਨ ਕਿਸੇ ਇਕ ਸਮੇਂ ਵਿਚ ਇਕ ਤੋਂ ਵਧੀਕ ਖ੍ਯਾਲ ਨੂੰ ਨਾਲੋ ਨਾਲ ਪੈਦਾ ਨਹੀਂ ਕਰ ਸਕਦਾ।

ਵੈਸ਼ੇਸ਼ਕ ਨੇ ਮਨ ਨੂੰ ਅਪ੍ਰਤਕਸ਼ ਦ੍ਰੰਵ੍ਯ ਮੰਨਿਆਂ ਹੈ। ਸੰਖ੍ਯਾ, ਪਰਿਣਾਮ, ਪ੍ਰਿਥਕੁਤ੍ਵ, ਸੰਯੋਗ, ਵਿਭਾਗ , ਪਰਤ੍ਵ,

ਅਪਰਤਵ ਅਤੇ ਸੰਸਕਾਰ ਇਸਦੇ ਗੁਣ ਦੱਸੇ ਹਨ। ਮਨ ਦਾ ਰੂਪ ਇਸ ਨੇ ਅਣੂ ਮੰਨਿਆਂ ਹੈ। ਧਰਮ ਇਸ ਨੇ ਬੀ ਸੰਕਲਪ ਵਿਕਲਪ ਮੰਨਿਆ ਹੈ ਤੇ ਕਰਮ ਤੇ ਗ੍ਯਾਨ ਇੰਦ੍ਰਿਆਂ ਦੇ ਇਸ ਨੂੰ ਵਿਚਕਾਹੇ ਮੰਨਿਆ ਹੈ।

ਬੋਧ ਮਤ ਵਾਲੇ ਮਨ ਨੂੰ ਛੇਵਾਂ ਇੰਦ੍ਰਯ ਮੰਨਦੇ ਹਨ ਤੇ ਅਥਰਵ ਵੇਦ (੧੯.੯.੫) ਵਿਦ ਬੀ ਪੰਜ ਇੰਦ੍ਰਯ ਦੀ ਗੇਣਤੀ ਮਗਰੋਂ ਛੇਵਾਂ ਮਨ ਨੂੰ ਗਿਣਿਆਂ ਹੈ।

ਸਾਰੀ ਕਿਸਮ ਦੀ ਹਿੰਦੀ ਫਿਲਾਸਫੀ ਦਾ ਇਹ ਨਿਚੋੜ ਜ਼ਰੂਰ ਹੈ ਕਿ ਮਨ ਨੂੰ ਸਭਨਾਂ ਨੇ ਪੁਰਖ ਯਾ ਆਤਮਾ ਤੋਂ ਵੱਖਰਾ ਮੰਨਿਆਂ ਹੈ।

----------

* ਕਈ ਗ੍ਯਾਨੀ ਏਥੇ ਮਨ ਦਾ ਅਰਥ ਮੰਤ੍ਰ ਭੀ ਕਰਦੇ ਹਨ।

----------

* ਇਸ ਤੁਕ ਦਾ ਇਕ ਹੋਰ ਅਰਥ ਬੀ ਕਰਦੇ ਹਨ-ਮਨ ਵਿਚ ਹੋਣ ਕਾਮਨਾ ਤੇ ਸਰੀਰ ਛੁਟੇ ਤੀਰਥ ਉਤੇ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 62304, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਮਨ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮਨ : ਨਵੀਨ ਮਨੋਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਮਾਨਸਿਕ ਕ੍ਰਿਆ ਦਾ ਨਾਮ ਹੀ ‘ਮਨ’ ਹੈ। ‘ਮਨ’ ਇਕ ਗੁੰਝਲਦਾਰ ਬੁਝਾਰਤ ਹੈ, ਜਿਸ ਨੂੰ ਬੁੱਝਣ ਦੇ ਯਤਨ ਆਦਿ–ਕਾਲ ਤੋਂ ਹੁੰਦੇ ਆਏ ਹਨ, ਪਰ ਇਹ ਅਜੇ ਵੀ ਪੂਰੀ ਤਰ੍ਹਾਂ ਸੁਲਝੀ ਨਹੀਂ। ‘ਮਨ’ ਕੋਈ ਨਿਗਰ ਵਸਤੂ ਜਾਂ ਪਦਾਰਥ ਨਹੀਂ, ਇਹ ਜੀਵ ਦੇ ਉਚੇਰੇ ਤੰਤੂ–ਪ੍ਰਬੰਧ (nervous system) ਦੀ ਵਿਸ਼ੇਸ਼ ਕਾਰਵਾਈ ਦਾ ਨਾਮ ਹੈ। ਇਸ ਕਾਰਵਾਈ ਦੇ ਤਿੰਨ ਪਹਿਲੂ ਹਨ––ਬੋਧਕਾਰੀ (cognition), ਭਾਵਨਾਕਾਰੀ (affection) ਅਤੇ ਇੱਛਾਕਾਰੀ (conation)। ਇਨ੍ਹਾਂ ਤਿੰਨਾਂ ਦੇ ਸੁਮੇਲ ਨਾਲ ਹੀ ਮਾਨਸਿਕ ਕ੍ਰਿਆ ਮੁਕੰਮਲ ਹੁੰਦੀ ਹੈ। ਹਰ ਮਾਨਸਿਕ ਕ੍ਰਿਆ ਵਿਚ ਇਨ੍ਹਾਂ ਤਿੰਨਾਂ ਦਾ ਹੋਣਾ ਆਵੱਸ਼ਕ ਹੈ। ਇਨ੍ਹਾਂ ਅੰਸ਼ਾਂ ਨੂੰ ਇਕ ਦੂਜੇ ਤੋਂ ਨਿਖੇੜਿਆ ਨਹੀਂ ਜਾ ਸਕਦਾ, ਪਰ ਹਰ ਮਾਨਸਿਕ ਕ੍ਰਿਆ ਵਿਚ ਇਨ੍ਹਾਂ ਤਿੰਨਾਂ ਵਿਚੋਂ ਕੋਈ ਅੰਸ਼ ਦੂਸਰਿਆਂ ਨਾਲੋਂ ਪ੍ਰਬਲ ਹੁੰਦਾ ਹੈ ਅਤੇ ਸਾਰੇ ਪਰਸਪਰ ਸੰਬੰਧਿਤ ਹੁੰਦੇ ਹਨ। ਕਿਸੇ ਰਿਸ਼ਤੇਦਾਰ ਨੂੰ ਮਿਲਣ ਸਮੇਂ ਉਸ ਨੂੰ ਪਛਾਣਨ ਦੀ ਕ੍ਰਿਆ ‘ਬੋਧ’ ਹੈ, ਮਨ ਵਿਚ ਖ਼ੁਸ਼ੀ ਦਾ ਉਪਜਣਾ ‘ਭਾਵ’ ਹੈ ਤੇ ਉਸ ਨੂੰ ਅੱਗੇ ਹੋ ਕੇ ਮਿਲਣਾ ‘ਇੱਛਾਕਾਰੀ’ ਕਰਮ ਹੈ। ਸੰਵੇਦਨਾ, ਪ੍ਰੇਖਣ, ਯਾਦ–ਸ਼ਕਤੀ, ਕਲਪਨਾ ਆਦਿਕ ਬੌਧਿਕ ਕ੍ਰਿਆਵਾਂ ਹਨ। ਮਨੋਭਾਵ, ਸੰਵੇਗ, ਵਲਵਲਾ ਆਦਿਕ ਭਾਵਨਾਂਵਾਂ ਹਨ। ਧਿਆਨ, ਕਰਮ ਕਾਰਜਕਾਰੀ ਕ੍ਰਿਆ ਆਦਿਕ ਇੱਛਾਕਾਰੀ ਹਨ।

          ਅਸਾਧਾਰਣ ਮਨੋਵਿਗਿਆਨ ਅਨੁਸਾਰ ਮਨ ਦੀਆਂ ਤਿੰਨ ਤਹਿਆਂ ਜਾਂ ਉਪਭਾਗ ਹਨ–ਚੇਤਨ (conscious), ਉਪ–ਚੇਤਨ (sub conscious) ਅਤੇ ਅਚੇਤ (unconscious)। ‘ਚੇਤਨ’ ਦਸ਼ਾ ਮਨ ਦੀ ਵਰਤਕਾਨ ਜਾਗ੍ਰਿਤ ਅਵਸਥਾ ਹੈ, ਜੋ ਇਕ ਪ੍ਰਵਾਹ ਵਾਂਗ ਚਲਦੀ ਰਹਿੰਦੀ ਹੈ। ‘ਉਪ–ਚੇਤਨ’ ਅਵਸਥਾ ਉਹ ਹੈ ਜਿਸ ਵਿਚ ਵਾਤਾਵਰਣ ਦੀ ਫੌਰੀ ਚੇਤਨਤਾ ਨਹੀਂ ਹੁੰਦੀ, ਪਰ ਚੇਤਨਤਾ ਪੈਦਾ ਹੋਣ ਦੀ ਸੰਭਾਵਨਾ ਹਰ ਵੇਲੇ ਹੁੰਦੀ ਹੈ। ‘ਅਚੇਤ’ ਅਵਸਥਾ ਸਾਡੇ ਚੇਤਨ ਮਨ ਤੋਂ ਸਥਾਈ ਰੂਪ ਵਿਚ ਦੂਰ ਹੋ ਚੁੱਕਾ ਭਾਗ ਹੈ ਜਿਸ ਵਿਚ ਭੁੱਲੀਆਂ–ਵਿਸਰੀਆਂ ਯਾਦਾਂ ਤੇ ਦੱਬੀਆਂ ਘੁੱਟੀਆਂ ਇੱਛਾਵਾਂ ਲੁਕੀਆਂ ਪਈਆਂ ਹਨ।

          ਮਨ ਦੀਆਂ ਵਿਸ਼ੇਸ਼ਤਾਵਾਂ ਵਿਚੋਂ ਪ੍ਰਥਮ ਇਹ ਹੈ ਕਿ ਮਨ ਇਕ ਸੂਖਮ ਕ੍ਰਿਆ ਹੈ; ਇਸ ਦੀ ਕੋਈ ਪਦਾਰਥਕ ਹੋਂਦ ਨਹੀਂ ਹੈ। ਇਸ ਦੀ ਦੂਜੀ ਵਿਸ਼ੇਸ਼ਤਾ ਇਹ ਹੈ ਕਿ ਮਨ ਇਕ ‘ਇਕਾਈ’ ਹੈ, ਇਸ ਦੇ ਭਾਗ ਨਹੀਂ ਹੋ ਸਕਦੇ; ਕੇਵਲ ਬੋਧਾਤਮਕ, ਭਾਵਾਤਮਕ ਤੇ ਇੱਛਾਤਮਕ ਪੱਖਾਂ ਦੀ ਜਾਣਕਾਰੀ ਹੋ ਸਕਦੀ ਹੈ। ਤੀਜੀ ਵਿਸ਼ੇਸ਼ਤਾ ਇਸ ਦਾ ਵਿਅਕਤੀਗਤ ਹੋਣਾ ਹੈ, ਕਿਉਂਕਿ ਹਰ ਵਿਅਕਤੀ ਨੂੰ ਆਪਣੇ ਮਾਨਸਿਕ ਅਮਲਾਂ ਦੀ ਜਾਣਕਾਰੀ ਹੋ ਸਕਦੀ ਹੈ, ਦੂਜਿਆਂ ਦੇ ਮਨ ਦੀ ਨਹੀਂ। ਚੌਥੀ ਵਿਸ਼ੇਸ਼ਤਾ ਮਨ ਦੀ ਨਿਰੰਤਰ ਨਦੀ ਦੀ ਤਰ੍ਹਾਂ ਵਹਿਣ ਵਾਲੀ ਕ੍ਰਿਆ ਹੈ। ਇਸ ਵਿਸ਼ੇਸ਼ਤਾ ਦੇ ਆਧਾਰ ਉੱਤੇ ‘ਚੇਤਨਾ ਪ੍ਰਵਾਹ’ ਦਾ ਸੰਕਲਪ ਅਕਸਰ ਵਰਤਿਆ ਜਾਂਦਾ ਹੈ। ਮਨ ਗਤੀਸ਼ੀਲ ਹੈ, ਇਹ ਕਦੀ ਵੀ ਕ੍ਰਿਆਹੀਨ ਸਥਿਤੀ ਵਿਚ ਨਹੀਂ ਹੁੰਦਾ। ‘ਕ੍ਰਿਆ ਰਹਿਤ ਮਨ’ ਸ੍ਵੈ–ਵਿਰੋਧੀ ਸੰਕਲਪ ਹੈ।

          ਮਨ ਜਾਂ ਮਾਨਸਿਕ ਕ੍ਰਿਆ ਦਾ ਵਿਗਿਆਨਕ ਅਧਿਐਨ ਪਿਛਲੇ ਸੌਂ ਸਾਲਾਂ ਤੋਂ ਆਰੰਭ ਹੋਇਆ ਹੈ। ਇਹ ਅਧਿਐਨ ਹਾਲੇ ਵੀ ਜਾਰੀ ਹੈ ਅਤੇ ਮਨ ਦੇ ਨਵੇਂ ਤੋਂ ਨਵੇਂ ਰਹੱਸ ਖੋਜੇ ਤੇ ਪ੍ਰਸਤੁਤ ਕੀਤੇ ਜਾ ਰਹੇ ਹਨ। ਮਨ ਦੀ ਸਾਇੰਸ ਇਹ ਤੱਥ ਪ੍ਰਵਾਨ ਕਰਕੇ ਅੱਗੇ ਤੁਰਦੀ ਹੈ ਕਿ ਮਨ ਅਤੇ ਸ਼ਰੀਰ ਦਾ ਆਪਸ ਵਿਚ ਡੂੰਘਾ ਸੰਬੰਧ ਹੈ। ਦਿਮਾਗ਼ ਦੇ ਆਕਾਰ ਅਤੇ ਜਟਿਲਤਾ ਦੀ ਮਨ ਦੇ ਵਿਕਾਸ ਨਾਲ ਤੁਲਨਾ ਕੀਤੀ ਹੈ। ਅੱਧਮ ਜੰਤੂਆਂ ਦਾ ਦਿਮਾਗ਼ ਛੋਟਾ ਅਤੇ ਸਰਲ ਹੁੰਦਾ ਹੈ। ਉੱਤਮ ਜੰਤੂਆਂ ਵਿਚ ਦਿਮਾਗ਼ ਦਾ ਆਕਾਰ ਅਤੇ ਜਟਿਲਤਾ ਵੱਧਦੀ ਜਾਂਦੀ ਹੈ। ਮਨੁੱਖ ਦਾ ਦਿਮਾਗ਼ ਸਭ ਜੀਵ–ਜੰਤੂਆਂ ਦੇ ਮੁਕਾਬਲੇ ਜ਼ਿਆਦਾ ਜਟਿਲ ਹੈ ਅਤੇ ਉਸ ਦਾ ਮਾਨਸਿਕ ਵਿਕਾਸ ਵੀ ਸਭ ਤੋਂ ਜ਼ਿਆਦਾ ਹੈ। ਮਾਨਸਿਕ ਕ੍ਰਿਆ ਨਾਲ ਸ਼ਰੀਰਿਕ ਕ੍ਰਿਆਵਾਂ, ਜਿਵੇਂ ਵਿਅਕਤੀ ਦੀ ਲਹੂ–ਪ੍ਰਣਾਲੀ, ਸੁਆਸ–ਪ੍ਰਣਾਲੀ, ਤੰਤੂ–ਪ੍ਰਬੰਧ ਦਾ ਸੰਬੰਧ ਹੈ। ਸੁਅਸਥ ਸ਼ਰੀਰ ਵਿਚ ਹੀ ਸੁਅਸਥ ਮਨ ਰਹਿੰਦਾ ਹੈ, ਸ਼ਰੀਰਿਕ ਬੀਮਾਰੀ ਮਾਨਸਿਕ ਰੋਗ ਪੈਦਾ ਕਰਦੀ ਹੈ। ਚਿੰਤਾ ਅਤੇ ਮਾਨਸਿਕ ਕਸ਼ਟ ਸ਼ਰੀਰਿਕ ਸਿਹਤ ਉੱਤੇ ਬੁਰਾ ਅਸਰ ਪਾਉਂਦੇ ਹਨ।

          ਮਨ ਅਤੇ ਸ਼ਰੀਰ ਦੇ ਪਰਸਪਰ ਸੰਬੰਧਾਂ ਬਾਰੇ ਜੋ ਭਿੰਨ ਭਿੰਨ ਸਿਧਾਂਤ ਕਾਇਮ ਕੀਤੇ ਗਏ ਹਨ, ਉਹ ਇਸ ਤਰ੍ਹਾਂ ਹਨ––(1) ਸਮਾਂਤਰਵਾਦ ਅਨੁਸਾਰ ਸ਼ਰੀਰਿਕ ਅਤੇ ਮਾਨਸਿਕ ਕ੍ਰਿਆਵਾਂ ਨਾਲ ਨਾਲ ਚਲਦੀਆਂ ਹਨ, (2) ਆਦਰਸ਼ਵਾਦ ਦੇ ਸਿਧਾਂਤ ਅਨੁਸਾਰ ਮਨ ਪ੍ਰਥਮ ਹੈ ਅਤੇ ਸ਼ਰੀਰ ਗੌਣ ਹੈ, ਅਥਵਾ ਸ਼ਰੀਰਿਕ ਕ੍ਰਿਆਵਾਂ ਦਾ ਕਾਰਣ ਮਾਨਸਿਕ ਕ੍ਰਿਆਵਾਂ ਹਨ, (3) ਉਪਵਿਵਹਾਰਵਾਦ ਅਨੁਸਾਰ ਪ੍ਰਾਥਮਿਕ ਵਿਸ਼ੇਸ਼ਤਾ ਸ਼ਰੀਰ ਨੂੰ ਹੈ, ਜਿਸ ਬਿਨਾ ਮਨ ਦੀ ਕੋਈ ਹੋਂਦ ਨਹੀਂ, ਮਨ ਕੇਵਲ ਸ਼ਰੀਰਿਕ ਕ੍ਰਿਆਵਾਂ ਤੋਂ ਉਤਪੰਨ ਹੋਈ ਜੋਤ ਹੈ। ਇਕ ਹੋਰ ਸਿਧਾਂਤ ‘ਪਰਸਪਰ ਕ੍ਰਿਆਵਾਦ’ ਹੈ ਜਿਸ ਅਨੁਸਾਰ ਸ਼ਰੀਰ ਅਤੇ ਮਨ ਪਰਸਪਰ ਸੰਬੰਧਾਂ ਨਾਲ ਜੁੜੇ ਹੋਏ ਹਨ। ਇਹ ਦੋਵੇਂ ਮਨੁੱਖੀ ਸ਼ਖਸੀਅਤ ਵਿਚ ਆਪਣਾ ਆਪਣਾ ਯੋਗਦਾਨ ਪਾਉਂਦੇ ਹਨ। ਕਈ ਵਿਚਾਰਵਨ ਸ਼ਰੀਰ ਤੇ ਮਨ ਨੂੰ ਇਕੋ ਇਕਾਈ ਮੰਨਦੇ ਹਨ, ਜਿਸ ਵਿਚ ਸ਼ਰੀਰ ਬਾਹਰਮੁੱਖੀ ਪੱਖ ਹੈ ਅਤੇ ਮਨ ਅੰਤਰਮੁੱਖੀ ਪੱਖ ਹੈ। ਸਾਧਾਰਣ ਮਨੁੱਖ ਤੇ ਬਹੁਤੀ ਵਾਰੀ ਸਾਹਿੱਤਕਾਰ ਵੀ, ਮਨ ਨੂੰ ਦਿਲ, ਹੀਆ, ਹੀਅੜਾ, ਜੀਅ, ਜੀਅੜਾ, ਹਉਂ, ਆਪਾ, ਆਤਮਾ, ਅੰਦਰਲਾ, ਚੇਤਨਾ ਆਦਿ ਨਾਮ ਦਿੰਦੇ ਹਨ। ਕਵੀਆਂ ਨੇ ਇਸ ਸ਼ਬਦਾਵਲੀ ਵਿਚ ਭਰਪੂਰ ਹਿੱਸਾ ਪਾਇਆ ਹੈ। ‘ਮਨ ਚੰਗਾ ਤੇ ਕਠੌਤੀ ਵਿਚ ਗੰਗਾ’ ਦੀ ਤੁਕ ਅਨੁਸਾਰ ਸਾਡੀਆਂ ਖ਼ਾਹਸ਼ਾਂ, ਕਾਮਨਾਵਾਂ, ਭਾਵਨਾਵਾਂ ਜੇਕਰ ਮਨ ਦੇ ਉਚੇਰੇ ਵਸੀਕਾਰ ਵਿਚ ਹਨ ਤਾਂ ਘਰ ਬੈਠਿਆਂ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ‘ਮਨ’ ਨੂੰ ਨੀਵੀਆਂ ਖ਼ਾਹਸ਼ਾਂ ਦਾ ਪੁੰਜ ਤੇ ‘ਮਤਿ’ ਨੂੰ ਉਚੇਰੀ ਬੁੱਧੀ ਦਾ ਪ੍ਰਤੀਕ ਮੰਨ ਕੇ ‘ਮਨ ਨੀਵਾਂ ਮਤਿ ਉੱਚੀ’ ਦੀ ਮੰਗ ਮੰਗੀ ਗਈ ਹੈ। ‘ਘਟਿ ਹੀ ਖੋਜਹੁ ਭਾਈ’ ਪੰਕਤੀ ਵਿਚ ਗੁਰੂ ਸਾਹਿਬ ਨੇ ਮਨ ਲਈ ‘ਘਟਿ’ ਸ਼ਬਦ ਦੀ ਵਰਤੋਂ ਕੀਤੀ ਹੈ। ਬਾਬਾ ਫ਼ਰੀਦ ਨੇ ਕਿਹਾ ਹੈ––“ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ। ਵਸੀ ਰਬੁ ਹਿਆਲੀਐ, ਜੰਗਲੁ ਕਿਆ ਢੂਢੇਹਿ”। ਇਥੇ ‘ਹਿਆਲੀਐ’ ਸ਼ਬਦ ਮਨ ਲਈ ਵਰਤਿਆ ਗਿਆ ਹੈ, ਜੋ ਹੀਆ ਜਾਂ ਹੀਅੜਾ ਨਾਲ ਮਿਲਦਾ ਹੈ। ਮਨ ਨੂੰ ਕਿਸੇ ਗ਼ੈਬੀ, ਪਰਾਸ਼ਰੀਰਿਕ ਰੂਹ ਜਾਂ ਆਤਮਾ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਰਿਹਾ ਹੈ। ਇਸ ਦੇ ਅਮਲਾਂ ਤੇ ਪ੍ਰਭਾਵਾਂ ਬਾਰੇ ਕਿਆਸ ਲਗਾਏ ਗਏ ਹਨ। ਜਿਸ ਮਨ ਜਾਂ ਚੇਤਨਤਾ ਨੂੰ ਸਾਡੇ ਬਜ਼ੁਰਗ ਅਤੇ ਧਾਰਮਿਕ ਆਗੂ ਖੋਜਦੇ ਰਹੇ ਉਸ ਦੇ ਮੁੱਢ ਅਤੇ ਅਸਲੇ ਬਾਰੇ ਉਨ੍ਹਾਂ ਨੂੰ ਵਿਧੀ–ਬੱਧ ਗਿਆਨ ਪ੍ਰਾਪਤ ਨਹੀਂ ਸੀ। ਦਿਮਾਗ ਦੀ ਅੰਦਰੂਨੀ ਬਨਾਵਟ, ਨਰਵ–ਕ੍ਰਿਆਵਾਂ ਦੇ ਬੁਨਿਆਦੀ ਨੇਮ ਅਤੇ ਸ਼ਰੀਰਿਕ ਅਮਲਾਂ ਦਾ ਮਨ ਨਾਲ ਸੰਬੰਧ ਆਦਿ ਬਾਰੇ ਜਾਣਕਾਰੀ ਨਵੀਨਤਮ ਖੋਜ ਦੇ ਅੰਗ ਹਨ। ਪ੍ਰਾਚੀਨ ਯੂਨਾਨੀ ਅਤੇ ਭਾਰਤੀ ਵਿਚਾਰਕਾਂ ਪਾਸ ਵਿਗਿਆਨ ਦੇ ਹੁਣ ਵਾਲੇ ਸਾਜ਼–ਸਮਾਨ, ਮਸ਼ੀਨਾਂ, ਐਕਸ–ਰੇ ਅਤੇ ਖੁਰਦਬੀਨਾਂ ਉਪਲਬਧ ਨਹੀਂ ਹਨ। ਉਨ੍ਹਾਂ ਦੇ ਮਨ ਦੀ ਦਸ਼ਾ ਅਨੁਸਾਰ ਆਪਣੀ ਸੂਝ–ਬੂਝ ਅਨੁਸਾਰ ਲਗਾਉਣ ਦਾ ਯਤਨ ਕੀਤਾ। ਭਾਰਤੀ ਦਰਸ਼ਨ ਅਨੁਸਾਰ ਮਨ ਨੂੰ ਬੁੱਧੀ, ਇੰਦਰੀਆਂ, ਚਿੱਤ, ਗਿਆਨ ਆਦਿ ਦਾ ਸੰਯੁਕਤ ਰੂਪ ਮੰਨਿਆ ਜਾਂਦਾ ਹੈ।

          ਨਵੀਨ ਮਨੋਵਿਗਿਆਨਕ ਪੜਤਾਲ ਅਨੁਸਾਰ, ਮਨ ਦੀ ਸਾਇੰਸ ਅਥਵਾ ਵਿਧੀਬੱਧ ਖੋਜ ਸੰਭਵ ਹੈ। ਇਸ ਪੜਤਾਲ ਦੇ ਸਿੱਟੇ ਦੱਸਦੇ ਹਨ ਕਿ ਮਨ ਦੀ ਪਦਾਰਥਕ ਬੁਨਿਆਦ ਹੈ, ਭਾਵ ਕਿ ਜੀਵ ਦਾ ਦਿਮਾਗ਼ ਹੀ ਮਨ ਦੀ ਕ੍ਰਿਆ ਦਾ ਆਧਾਰ ਹੈ। ਦਿਮਾਗ਼ ਦੀ ਬਨਾਵਟ, ਇਸ ਦੇ ਤੱਤਾਂ ਅਤੇ ਰਸਾਇਣਿਕ ਅੰਗਾਂ ਦਾ ਨਿਖੇੜ ਹੋ ਸਕਦਾ ਹੈ, ਇਸ ਨੂੰ ਟਟੋਲਿਆ, ਪ੍ਰਤੀਤਿਆ ਤੇ ਪਰਖਿਆ ਜਾ ਸਕਦਾ ਹੈ। ਪਰ ਮਨੋਵਿਗਿਆਨ ਕੇਵਲ ਦਿਮਾਗ਼ ਦੀ ਪਦਾਰਥਕ ਬਣਤਰ ਦੀ ਖੋਜ ਤਕ ਹੀ ਸੀਮਿਤ ਨਹੀਂ। ਮਾਨਸਿਕ ਕਾਰਵਾਈ ਦੀਆਂ ਜੜਾਂ ਬੇਸ਼ੱਕ ਪਦਾਰਥਕ ਹਨ, ਪਰ ਇਸ ਦੀ ਉਪਜ, ਇਸ ਦਾ ਫ਼ਲ ਆਦਰਸ਼ਕ ਹੈ। ਵਿਅਕਤੀ ਦੀ ਸ਼ਖ਼ਸੀਅਤ, ਉਸ ਦੇ ਮਨੋਵੇਗ, ਵਿਚਾਰ, ਵਿਸ਼ਵਾਸ, ਤੇ ਸਾਰਾ ਨਿੱਜੀ ਜੀਵਨ ਇਸੇ ਮਾਨਸਿਕ ਕਾਰਵਾਈ ਦੇ ਸਿੱਟੇ ਹਨ। ਪਦਾਰਥਕ (ਭੌਤਿਕ) ਅਤੇ ਆਦਰਸ਼ਕ ਇਕੋ ਸਚਾਈ ਦੇ ਦੋ ਪਹਿਲੂ ਹਨ। ਮਨੁੱਖ ਦੇ ਕਿਹਡੇ ਗੁਣ ਦੂਸਰੇ ਵਿਅਕਤੀ ਨਾਲੋਂ ਵੱਖਰੇ ਹਨ ਅਤੇ ਕਿਹੜੇ ਸਾਂਝੇ ਹਨ? ਸ਼ਖ਼ਸੀਅਤ ਦੀ ਉਸਾਰੀ ਵਿਚ ਬੌਧਿਕ ਅਤੇ ਭਾਵੁਕ ਅੰਗਾਂ ਦਾ ਕਿੰਨਾ ਕਿੰਨਾ ਹਿੱਸਾ ਹੈ ਅਤੇ ਆਪਸ ਵਿਚ ਇਨ੍ਹਾਂ ਦਾ ਕਿਹੋ ਜਿਹ ਸੰਬੰਧ ਹੈ, ਮਾਨਸਿਕ ਜੀਵਨ ਅਤੇ ਵਤੀਰੇ ਦਾ ਸਹੀ ਅਧਿਐਨ ਕਿਨ੍ਹਾਂ ਢੰਗਾਂ ਰਾਹੀਂ ਹੋ ਸਕਦਾ ਹੈ? ਆਦਿ ਪ੍ਰਸ਼ਨਾਂ ਦੀ ਖੋਜ ਮਨ ਦੇ ਵਿਸ਼ਲੇਸ਼ਣੀ ਅਧਿਐਨ ਦੀ ਅਧਿਕਾਰ–ਖੇਤਰ ਵਿਚ ਆਉਂਦੀ ਹੈ।

          ਮਨ ਦੀ ਸਾਇੰਸ ਆਪਣੇ ਉੱਨਤ ਪੜਾਵਾਂ ਵਿਚੋਂ ਲੰਘ ਰਹੀ ਹੈ ਅਤੇ ਮਨੁੱਖ ਦੀਆਂ ਦਿਲਚਸਪੀਆਂ ਦਾ ਕੇਂਦਰ ਬਣ ਰਹੀ ਹੈ। ਸੁਪਨੇ, ਲਿੰਗ–ਆਚਰਣ, ਜਮਾਂਦਰੂ ਪ੍ਰਵ੍ਰਿਤੀਆਂ, ਮਨੋਵੇਗਾਂ ਬਾਰੇ ਨਵੀਤਮ ਵਿਗਿਆਨਕ ਖੋਜ ਕਈ ਪੁਰਾਤਨ ਭੁਲੇਖਾਂ ਨੂੰ ਬੇਨਕਾਸ਼ ਕਰ ਰਹੀ ਹੈ। ਪਰ ਮਨੋਵਿਗਿਆਨੀਆਂ ਦੇ ਸਫ਼ਲ ਤੇ ਸ਼ਾਨਦਾਰ ਯਤਨਾਂ ਦੇ ਬਾਵਜੂਦ, ਇਹ ਦਾਅਵਾ ਕਿ ਉਨ੍ਹਾਂ ਨੇ ਮਨੁੱਖ ਮਨ ਦੀਆਂ ਸਾਰੀਆਂ ਵਾਦੀਆਂ ਨੂੰ ਗਾਹ ਲਿਆ ਹੈ, ਸ਼ਾਇਦ ਅਤਿ–ਕਥਨੀ ਹੈ। ‘ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ’––ਕਥਨ ਵਿਚ ਜੋ ਸੱਚਾਈ ਛੁਪੀ ਪਈ ਹੈ, ਉਸ ਅੱਗੇ ਮਨੋਵਿਗਿਆਨੀਆਂ ਤੇ ਮਨ ਦੇ ਮਾਹਿਰਾਂ ਨੂੰ ਸਿਰ ਝੁਕਾਉਣਾ ਪੈਂਦਾ ਹੈ।

          ਪਰਮਾਰਥਿਕ ਦ੍ਰਿਸ਼ਟੀ ਤੋਂ ਮਨ ਵਾਸਨਾਵਾਂ ਦੇ ਵਿਕਾਰਾਂ ਦਾ ਕੇਂਦਰ ਹੈ। ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਇਸੇ ਵਿਚ ਵਿਆਪਦੇ ਹਨ। ਤ੍ਰਿਸ਼ਨਾ ਤੇ ਅਗਿਆਨ ਦਾ ਆਧਾਰ ਵੀ ਇਹੋ ਹੈ, ਜਿਨ੍ਹਾਂ ਤੋਂ ਹਰ ਕਿਸਮ ਦੀਆਂ ਬੁਰਾਈਆਂ ਦੀ ਉਪਜ ਮੰਨੀ ਗਈ ਹੈ। ਗੁਰਬਾਣੀ ਵਿਚ ਮਨ ਨੂੰ ਕਾਬੂ ਕਰਨ ਉੱਤੇ ਬਲ ਹੈ––ਮਨ ਉੱਤੇ ਜਿੱਤ ਹੀ ਜਗਤ ਦੀ ਜਿੱਤ ਹੈ। ਗੁਰੂ ਅਰਜਨ ਦੇਵ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ––‘ਮਨ ਕੀ ਮਤਿ ਤਿਆਗੀਐ, ਸੁਣੀਐ ਉਪਦੇਸੁ’। (ਬਿਲਾਵਲ, ਮ. 5)। ਗੁਰਬਾਣੀ ਵਿਚ ਮਨ ਦੀਆਂ ਲਾਲਸਾਵਾਂ ਦੇ ਮਗਰ ਲੱਗਣ ਵਾਲੇ ਵਿਅਕਤੀ ਨੂੰ ‘ਮਨਮੁਖ’ ਕਿਹਾ ਗਿਆ ਹੈ।

          ਦੂਜੇ ਪਾਸੇ, ਗੁਰਬਾਣੀ ਮਨ ਵਿਚ ਹੀ ਸਾਰੀਆਂ ਸਮਰਥਾਵਾਂ ਹਾਜ਼ਰ ਹੋਣ ਦਾ ਸੰਕੇਤ ਕਰਦੀ ਹੈ। ਮਨ ਹੀ ਸ਼ਿਵ ਤੇ ਮਨ ਹੀ ਸ਼ਕਤੀ ਹੈ––‘ਇਹ ਮਨੁ ਸ਼ਕਤੀ, ਇਹ ਮਨੁ ਬੀਉ। ਇਹੁ ਮਨੁ ਪੰਚ ਤਤ ਕੋ ਜੀਉ।’ (ਗਾਉੜੀ, ਕਬੀਰ)। ਕੇਵਲ ਖੁਦੀ ਜਾਂ ਹਉਮੈ ਦੇ ਭਾਵ ਨੂੰ ਮਿਟਾਉਣ ਦੀ ਲੋੜ ਹੈ––‘ਖੁਦੀ ਮਿਟੀ ਤਬ ਸੁਖ ਭਏ, ਮਨ ਤਨ ਭਏ ਅਰੋਗ।’ (‘ਬਾਵਨ ਆਖਰੀ’, ਮ. 5)। ਗੁਰੂ ਅਮਰਦਾਸ ਨੇ ਜਿੱਥੇ ਮਨਮੁਖ ਵਿਅਕਤੀ ਦੀ ਆਲੋਚਨਾ ਕੀਤੀ ਹੈ, ਉੱਥੇ ਮਨ ਦੀ ਅਸਲੀਅਤ ਨੂੰ ਸਮਝਣ ਦਾ ਉਪਦੇਸ਼ ਵੀ ਦਿੱਤਾ ਹੈ। ਉਨ੍ਹਾਂ ਦਾ ਮਨ ਸੰਬੰਧੀ ਸਿਧਾਂਤ ਇਸ ਪੰਕਤੀ ਵਿਚੋਂ ਭਲੀ–ਭਾਂਤ ਉਜਾਗਰ ਹੋ ਜਾਂਦਾ ਹੈ––‘ਮਨ ਤੂੰ ਜੋਤਿ ਸਰੂਪ ਹੈ, ਆਪਣਾ ਮੂਲੁ ਪਛਾਣੁ।’ (ਆਸਾ, ਮ. 3)। ਇਸ ਤਰ੍ਹਾਂ ਗੁਰਬਾਣੀ ਅਤੇ ਮੱਧਯੁਗ ਦੀ ਸੰਤ ਬਾਣੀ ਵਿਚ ਮਨ ਦੇ ਦੋ ਰੂਪ ਮੰਨੇ ਗਏ ਹਨ––ਪ੍ਰਕਾਸ਼ਮਈ ਮਨ ਅਤੇ ਅੰਧਕਾਰਮਈ ਹਨ। ਮਨ ਦਾ ਸ਼ੁੱਧ ਅਤੇ ਆਤਮਾ ਦੁਆਰਾ ਪ੍ਰਕਾਸ਼ਿਤ ਸਾਤਵਿਕ ਰੂਪ ਪ੍ਰਕਾਸ਼ਮਈ ਹੈ ਅਤੇ ਵਿਸ਼ੈ ਵਾਸ਼ਨਾਵਾਂ ਦੇ ਵਸ ਹੋਇਆ ਚੰਚਲ ਮਨ ਅੰਧਕਾਰਮਈ ਮਨ ਹੈ। ਗੁਰਬਾਣੀ ਮਨ ਰਾਹੀਂ ਮਨ ਨੂੰ ਮਾਰਨ ਦਾ ਜੋ ਉਪਦੇਸ਼ ਦਿੰਦੀ ਹੈ ਉਸ ਤੋਂ ਵੀ ਇਹੀ ਭਾਵ ਹੈ ਕਿ ਪ੍ਰਕਾਸ਼ਮਈ ਮਨ ਰਾਹੀਂ ਅੰਧਕਾਰਮਈ ਮਨ ਨੂੰ ਉਚਿਤ ਮਾਰਗ ਤੇ ਲਿਆ ਦੇ ਸਥਿਰ ਕੀਤਾ ਜਾਏ।

          [ਸਹਾ. ਗ੍ਰੰਥ––ਸੁਰਜੀਤ ਸਿੰਘ : ‘ਸਾਧਾਰਣ ਮਨੋਵਿਗਿਆਨ’; ਏ. ਪੀ. ਸ਼ਰਮਾ, ਵਜ਼ੀਰ ਸਿੰਘ : ‘ਮਨੋਵਿਗਿਆਨ ਦੀ ਜਾਣ–ਪਛਾਣ’; ਡਾ. ਵਜ਼ੀਰ ਸਿੰਘ : ‘ਮਨ ਦੀ ਸਾਇੰਸ’; ‘ਪੰਜਾਬੀ ਸਾਹਿੱਤ’, ਅਗਸਤ           1961]  


ਲੇਖਕ : ਡਾ. ਅਬਨਾਸ਼ ਕੌਰ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 50087, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.