ਮਸੰਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਸੰਦ [ਨਾਂਪੁ] ਗੁਰੂ ਸਾਹਿਬਾਨ ਵੱਲੋਂ ਥਾਪਿਆ ਗੱਦੀਦਾਰ ਜੋ ਸੰਗਤ ਵੱਲੋਂ ਆਈ ਭੇਟਾ ਲੈ ਕੇ ਅੱਗੇ ਗੁਰੂ ਸਾਹਿਬ ਤੱਕ ਪਹੁੰਚਾਉਣ ਦਾ ਕੰਮ ਕਰਦਾ ਸੀ; (ਬਾਅਦ ਵਿੱਚ) ਸਿੱਖ ਜਗਤ ਵਿੱਚ ਤਨਖ਼ਾਹੀਏ ਵਾਗੂੰ ਨਫ਼ਰਤ ਦਾ ਪਾਤਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14487, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮਸੰਦ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮਸੰਦ: ਇਹ ਸ਼ਬਦ ਅਰਬੀ ਦੇ ‘ਮਸਨਦ’ ਸ਼ਬਦ ਦਾ ਤਦਭਵ ਰੂਪ ਹੈ। ਸਿੱਖ ਜਗਤ ਵਿਚ ਇਸ ਦਾ ਅਰਥ ਹੈ ‘ਗੱਦੀ ਉਤੇ ਬੈਠਣ ਵਾਲਾ’। ਗੁਰੂ ਰਾਮਦਾਸ ਜੀ ਦੇ ਵੇਲੇ ਤੋਂ ਸਿੱਖਾਂ ਤੋਂ ਦਸਵੰਧ ਅਤੇ ਕਾਰ-ਭੇਟ ਉਗਰਾਹੁਣ ਦੀ ਜ਼ਿੰਮੇਵਾਰੀ ਜਿਨ੍ਹਾਂ ਮੁੱਖੀ ਸਿੱਖਾਂ ਨੂੰ ਸੌਂਪੀ ਜਾਂਦੀ ਸੀ , ਉਨ੍ਹਾਂ ਨੂੰ ‘ਮਸੰਦ’ ਕਿਹਾ ਜਾਂਦਾ ਸੀ। ਇਹ ਇਕ ਪ੍ਰਕਾਰ ਨਾਲ ਗੁਰੂ ਅਮਰਦਾਸ ਜੀ ਦੁਆਰਾ ਚਲਾਈ ਮੰਜੀ ਪ੍ਰਥਾ ਦਾ ਹੀ ਵਿਕਸਿਤ ਰੂਪ ਸੀ। ‘ਦਬਿਸਤਾਨਿ-ਮਜ਼ਾਹਬ’ ਦੇ ਕਰਤਾ ਮੋਹਸਿਨ ਫ਼ਾਨੀ ਅਨੁਸਾਰ ਇਹ ਲੋਕ ਆਪਣੇ ਨਿੱਤ ਦੇ ਕਾਰ -ਵਪਾਰ ਦੇ ਨਾਲ ਨਾਲ ਗੁਰੂ ਘਰ ਲਈ ਉਗਰਾਹੀ ਵੀ ਕਰਦੇ ਹੁੰਦੇ ਸਨ। ਇਸ ਤਰ੍ਹਾਂ ਇਕੱਠੀ ਕੀਤੀ ਸਾਰੀ ਸਾਮਗ੍ਰੀ ਜਾਂ ਧਨ ਹਰ ਵਿਸਾਖੀ ਦੇ ਮੌਕੇ ਗੁਰੂ-ਦਰਬਾਰ ਵਿਚ ਲੈ ਕੇ ਹਾਜ਼ਰ ਹੁੰਦੇ ਸਨ। ਇਨ੍ਹਾਂ ਨੂੰ ‘ਰਾਮਦਾਸ’ ਵੀ ਕਿਹਾ ਜਾਂਦਾ ਸੀ। ਕੁਝ ਵਿਦਵਾਨ ‘ਮਸੰਦ ਪਰੰਪਰਾ ’ ਦਾ ਸੰਚਾਲਨ ਗੁਰੂ ਅਰਜਨ ਦੇਵ ਜੀ ਤੋਂ ਮੰਨਦੇ ਹਨ। ਇਹ ਲੋਕ ਸੰਗਤਾਂ ਜਾਂ ਧਰਮਸਾਲਾਂ ਵਿਚ ਸਿੱਖੀ ਦਾ ਪ੍ਰਚਾਰ ਕਰਦੇ ਸਨ। ਦੂਰ- ਦੁਰਾਡੇ ਦੀਆਂ ਸੰਗਤਾਂ ਨੂੰ ਮੁੱਖ ਧਾਰਾ ਨਾਲ ਜੋੜੀ ਰਖਦੇ ਸਨ। ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਵਿਚ ਇਨ੍ਹਾਂ ਵਲੋਂ ਨਿਭਾਈ ਭੂਮਿਕਾ ਦਾ ਵਿਸ਼ੇਸ਼ ਮਹੱਤਵ ਹੈ। ਇਨ੍ਹਾਂ ਪਾਸ ਸੇਵਾ ਕਰਨ ਵਾਲਿਆਂ ਨੂੰ ‘ਮੇਲੀ ’ ਕਿਹਾ ਜਾਂਦਾ ਸੀ।
ਹੌਲੀ ਹੌਲੀ ਮਸੰਦਾਂ ਵਿਚ ਕੁਰੀਤੀਆਂ ਦੇ ਨਾਲ ਨਾਲ ਹਉਮੈ ਦਾ ਵਿਸਤਾਰ ਹੋ ਗਿਆ ਅਤੇ ਉਹ ਇਹ ਸਮਝਣ ਲਗ ਗਏ ਕਿ ਗੁਰਿਆਈ ਦੀ ਵਿਵਸਥਾ ਉਨ੍ਹਾਂ ਦੁਆਰਾ ਹੀ ਚਲ ਰਹੀ ਹੈ। ਫਲਸਰੂਪ ਉਨ੍ਹਾਂ ਦੇ ਆਪ- ਹੁਦਰੇਪਨ ਨੂੰ ਠਲ੍ਹ ਪਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1698 ਈ. (1755 ਬਿ.) ਵਿਚ ਦੁਰਾਚਾਰੀ ਮਸੰਦਾਂ ਨੂੰ ਕਠੋਰ ਦੰਡ ਦੇ ਕੇ ਇਸ ਪ੍ਰਥਾ ਨੂੰ ਖ਼ਤਮ ਕੀਤਾ। ਇਸ ਘਟਨਾ ਤੋਂ ਬਾਦ ਦਸਵੰਧ ਅਤੇ ਕਾਰ-ਭੇਟ ਸਿੱਧੀ ਗੁਰੂ-ਦਰਬਾਰ ਵਿਚ ਭੇਜੀ ਜਾਣ ਲਗੀ। ‘ਗੁਰ ਸੋਭਾ ’ ਵਿਚ ਸੈਨਾਪਤਿ ਨੇ ਸਪੱਸ਼ਟ ਲਿਖਿਆ ਹੈ ਕਿ ਅੰਮ੍ਰਿਤ ਸੰਚਾਰ ਦੇ ਅਵਸਰ ਉਤੇ ਗੁਰੂ ਜੀ ਦੀ ਖ਼ਾਸ ਹਦਾਇਤ ਸੀ— ਤਜ ਮਸੰਦ ਪ੍ਰਭੁ ਏਕ ਜਪ ਯਹ ਬਿਬੇਕ ਤਹਿ ਦੀਨ। ‘ਰਾਮਕਲੀ ਵਾਰ ਪਾਤਸ਼ਾਹੀ ਦਸਵੀਂ ਕੀ’ ਦੇ ਰਚੈਤਾ ਭਾਈ ਗੁਰਦਾਸ ਸਿੰਘ ਨੇ ਸਪੱਸ਼ਟ ਲਿਖਿਆ ਹੈ—ਪੀਵਹ ਪਾਹੁਲ ਖੰਡੇ ਧਾਰ ਹੁਇ ਜਨਮ ਸੁਹੇਲਾ। ਗੁਰ ਸੰਗਤਿ ਕੀਨੀ ਖ਼ਾਲਸਾ ਮਨਮੁਖੀ ਦੁਹੇਲਾ।
ਗੁਰੂ ਗੋਬਿੰਦ ਸਿੰਘ ਜੀ ਨੇ ‘ਸਵੈਯੇ’ ਪ੍ਰਕਰਣ ਵਿਚ ਇਨ੍ਹਾਂ ਦੇ ਕੁਕਰਮਾਂ ਦਾ ਚੰਗੀ ਤਰ੍ਹਾਂ ਪਾਜ ਉਘਾੜਿਆ ਹੈ— ਜੋ ਕਰਿ ਸੇਵ ਮਸੰਦਨ ਕੀ ਕਹੈ ਆਨਿ ਪ੍ਰਸਾਦਿ ਸਬੈ ਮੋਹਿ ਦੀਜੈ। ਜੋ ਕਛੁ ਮਾਲ ਤਵਾਲਯ ਸੋ ਅਬਹੀ ਉਠਿ ਭੇਟ ਹਮਾਰੀ ਹੀ ਕੀਜੈ। ਮੇਰੋ ਈ ਧੑਯਾਨ ਧਰੋ ਨਿਸਿ ਬਾਸੁਰ ਭੂਲ ਕੈ ਅਉਰ ਕੋ ਨਾਮੁ ਨ ਲੀਜੈ। ਦੀਨੇ ਕੇ ਨਾਮੁ ਸੁਨੈ ਭਜਿ ਰਾਤਹਿ ਬਿਨਾ ਨਹਿ ਨੈਕੁ ਪ੍ਰਸੀਜੈ।29। ਆਖਨ ਭੀਤਰਿ ਤੇਲ ਕੌ ਡਾਰ ਸੁ ਲੋਗਨ ਨੀਰੁ ਬਹਾਇ ਦਿਖਾਵੈ। ਜੋ ਧਨਵਾਨੁ ਲਖੈ ਨਿਜ ਸੇਵਕ ਤਾਹੀ ਪਰੋਸਿ ਪ੍ਰਸਾਦਿ ਜਿਮਾਵੈ। ਜੋ ਧਨ ਹੀਨ ਲਖੈ ਤਿਹ ਦੇਤ ਨ ਮਾਗਨ ਜਾਤ ਮੁਖੋ ਨ ਦਿਖਾਵੈ। ਲੂਟਤ ਹੈ ਪਸੁ ਲੋਗਨ ਕੋ ਕਬਹੂੰ ਨ ਪ੍ਰਮੇਸੁਰ ਕੇ ਗੁਨ ਗਾਵੈ।30।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14262, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਮਸੰਦ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਮਸੰਦ : ਇਹ ਸ਼ਬਦ ਅਰਬੀ ਦੇ ‘ਮਸਨਦ’ ਸ਼ਬਦ ਦਾ ਤਦਭਵ ਰੂਪ ਹੈ ਜਿਸ ਦਾ ਅਰਥ ਹੈ ਗੱਦੀ ਉਤੇ ਬੈਠਣ ਵਾਲਾ। ਗੁਰੂ ਅਮਰਦਾਸ ਜੀ ਨੇ ਆਪਣੇ ਜੀਵਨ ਕਾਲ ਵਿਚ ਬਾਈ ਸਿੱਖ/ਸਿੱਖਣੀਆਂ ਨੂੰ ਮੰਜੀਆਂ ਬਖਸ਼ੀਆਂ ਜਿਹੜੇ ਵੱਖ ਵੱਖ ਇਲਾਕਿਆਂ ਵਿਚ ਬੈਠੀ ਸੰਗਤ ਦੀ ਰਹਿਨੁਮਾਈ ਕਰਦੇ ਸਨ ਅਤੇ ਵਾਹਿਗੁਰੂ ਨਾਮ ਦਾ ਜਾਪ ਕਰਵਾਉਂਦੇ ਸਨ। ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਸਿੱਖਾਂ ਕੋਲੋਂ ਦਸਵੰਧ ਅਤੇ ਕਾਰ ਭੇਟਾ ਉਗਰਾਉਣ ਦੀ ਸੇਵਾ ਜਿਨ੍ਹਾਂ ਮੁਖੀਆਂ ਨੂੰ ਸੌਂਪੀ ਜਾਣੀ ਸ਼ੁਰੂ ਹੋਈ ਉਨ੍ਹਾਂ ਨੂੰ ਮਸੰਦ ਕਿਹਾ ਜਾਂਦਾ ਸੀ। ਇਹ ਲੋਕ ਆਪਣੇ ਕਾਰੋਬਾਰ ਦੇ ਨਾਲ ਨਾਲ ਗੁਰੂ ਘਰ ਲਈ ਦਸਵੰਧ ਭੇਟਾ ਆਦਿ ਉਗਰਾਹੁੰਦੇ ਅਤੇ ਸੰਭਾਲ ਕੇ ਰੱਖਦੇ ਹੁੰਦੇ ਸਨ। ਇਹ ਸਾਰੀ ਇਕੱਠੀ ਕੀਤੀ ਸਮੱਗਰੀ ਅਤੇ ਧਨ ਲੈ ਕੇ ਵਿਸ਼ੇਸ਼ ਪੁਰਬਾਂ ਉਤੇ ਗੁਰੂ ਦਰਬਾਰ ਵਿਚ ਹਾਜ਼ਰ ਹੁੰਦੇ ਸਨ ਅਤੇ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰਨ ਕਰਾਉਣ ਹਿੱਤ ਅਰਦਾਸਾਂ ਕਰਵਾਉਂਦੇ ਸਨ।
ਸਮੇਂ ਦੇ ਨਾਲ ਨਾਲ ਮਸੰਦਾਂ ਵਿਚ ਕੁਰੀਤੀਆਂ ਵੱਧ ਗਈਆਂ। ਉਹ ਦਸਵੰਧ ਦੀ ਮਾਇਆ ਅਤੇ ਹੋਰ ਕਾਰ ਭੇਟਾਵਾਂ ਗੁਰੂ ਦਰਬਾਰ ਵਿਚ ਭੇਟਾ ਨਾ ਕਰਕੇ ਆਪ ਹੀ ਵਰਤਣ ਲਗ ਪਏ। ਮਸੰਦਾਂ ਵਿਚ ਹਉਮੈ ਵੀ ਵਧਦੀ ਗਈ। ਉਹ ਸੋਚਣ ਲਗੇ ਕਿ ਗੁਰਿਆਈ ਦਾ ਸਾਰਾ ਕੰਮ ਕਾਜ ਉਨ੍ਹਾਂ ਦੁਆਰਾ ਹੀ ਚਲਾਇਆ ਜਾ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਦੀ ਸੋਧ ਕੀਤੀ ਅਤੇ ਗੁਨਾਹਗਾਰ ਮਸੰਦਾਂ ਨੂੰ ਕਰੜੀਆਂ ਸਜ਼ਾਵਾਂ ਦਿੱਤੀਆਂ। ਇਸ ਤੋਂ ਬਾਅਦ ਇਸ ਪ੍ਰਥਾ ਨੂੰ ਖ਼ਤਮ ਕਰ ਦਿੱਤਾ ਗਿਆ ਅਤੇ ਸਿੱਖਾਂ ਨੇ ਦਸਵੰਧ ਆਦਿ ਸਿੱਧੇ ਹੀ ਗੁਰੂ ਦਰਬਾਰ ਵਿਚ ਭੇਟ ਕਰਨੇ ਸ਼ੁਰੂ ਕਰ ਦਿੱਤੇ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6968, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-14-11-35-03, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਪੰ. ਸਾ. ਸੰ. ਕੋ: -ਡਾ. ਜੱਗੀ ।
ਮਸੰਦ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ
ਮਸੰਦ : ਮਸੰਦ ਫ਼ਾਰਸੀ ਮੂਲ ਦੇ ਸ਼ਬਦ ਮਸਨਦ ਤੋਂ ਬਣਿਆ ਹੈ। ਮਸਨਦ ਦਾ ਅਰਥ ਹੈ-ਗੱਦੀ ਜਾਂ ਕਿਸੇ ਵੀ ਸਤਿਕਾਰਤ ਵਿਅਕਤੀ ਦੇ ਬੈਠਣ ਲਈ ਕੋਈ ਹੋਰ ਅਜਿਹੀ ਵਸਤੂ। ਮੁਗ਼ਲ ਰਾਜ ਸਮੇਂ ਸਰਕਾਰ ਦੇ ਉੱਚੇ ਦਰਜੇ ਦੇ ਅਹਿਲਕਾਰਾਂ ਅਤੇ ਦਰਬਾਰੀਆਂ ਨੂੰ ਮਸਨਦ-ਏ-ਆਲੀ ਵੀ ਕਿਹਾ ਜਾਂਦਾ ਸੀ। ਸਿੱਖ ਪਰੰਪਰਾ ਵਿੱਚ ਇਹ ਸ਼ਬਦ ਵਿਗੜ ਕੇ ਮਸੰਦ ਦੇ ਰੂਪ ਵਿੱਚ ਉਹਨਾਂ ਵਿਅਕਤੀਆਂ ਲਈ ਵਰਤਿਆ ਗਿਆ, ਜਿਹੜੇ ਗੁਰੂ ਦੁਆਰਾ ਕਿਸੇ ਵਿਸ਼ੇਸ਼ ਖੇਤਰ ਵਿੱਚ ਪ੍ਰਚਾਰਕ ਵੱਜੋਂ ਨਿਯੁਕਤ ਕੀਤੇ ਜਾਂਦੇ ਸਨ ਤੇ ਉੱਥੇ ਉਹ ਸਿੱਖ ਧਰਮ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਦੇ ਸਨ।
ਸਿੱਖ ਧਰਮ ਦਾ ਅਰੰਭ ਗੁਰੂ ਨਾਨਕ ਦੇਵ ਨੇ ਕੀਤਾ। ਦੈਵੀ ਇਲਹਾਮ ਦੀ ਪ੍ਰਾਪਤੀ ਉਪਰੰਤ ਇਸ ਦੈਵੀ ਸੰਦੇਸ਼ ਨੂੰ ਆਮ ਮਾਨਵਤਾ ਨਾਲ ਸਾਂਝਾ ਕਰਨ ਦੇ ਉਦੇਸ਼ ਨਾਲ ਉਹਨਾਂ ਭਾਰਤ ਦੇ ਦੂਰ-ਦੁਰਾਡੇ ਇਲਾਕਿਆਂ ਅਤੇ ਵਿਦੇਸ਼ਾਂ ਵਿੱਚ ਵੀ ਯਾਤਰਾਵਾਂ ਕੀਤੀਆਂ। ਇਹਨਾਂ ਯਾਤਰਾਵਾਂ ਦੌਰਾਨ ਅਨੇਕ ਥਾਂਵਾਂ ਉੱਪਰ ਬਹੁਤ ਸਾਰੇ ਲੋਕ ਉਹਨਾਂ ਦੇ ਪੈਰੋਕਾਰ ਬਣ ਗਏ। ਜਿਸ ਵੀ ਪਿੰਡ, ਨਗਰ, ਜਾਂ ਸ਼ਹਿਰ ਵਿੱਚ ਉਹਨਾਂ ਦੇ ਪੈਰੋਕਾਰ ਬਣੇ, ਗੁਰੂ ਸਾਹਿਬ ਨੇ ਉੱਥੇ ਉਹਨਾਂ ਦੀ ਸੰਗਤ ਕਾਇਮ ਕਰ ਦਿੱਤੀ। ਇਹ ਸੰਗਤ ਹਰ ਰੋਜ਼ ਜਾਂ ਇੱਕ ਖ਼ਾਸ ਵਕਫ਼ੇ ਉਪਰੰਤ ਆਪਸ ਵਿੱਚ ਮਿਲ ਬੈਠ ਕੇ ਗੁਰਬਾਣੀ ਦਾ ਗਾਇਨ ਅਤੇ ਚਿੰਤਨ ਕਰਦੀ । ਸੰਗਤ ਦੇ ਮਿਲ ਬੈਠਣ ਦੀ ਥਾਂ ਨੂੰ ਧਰਮਸ਼ਾਲਾ ਕਿਹਾ ਜਾਂਦਾ ਸੀ ਜੋ ਗੁਰੂ ਹਰਿਗੋਬਿੰਦ ਸਮੇਂ ਬਦਲ ਕੇ ਗੁਰਦੁਆਰਾ ਕਿਹਾ ਜਾਣ ਲੱਗਾ। ਗੁਰੂ ਨਾਨਕ ਸਾਹਿਬ ਤੋਂ ਬਾਅਦ ਦੂਸਰੇ ਗੁਰੂ ਅੰਗਦ ਦੇਵ ਸਿੱਖੀ ਪ੍ਰਚਾਰ ਹਿਤ ਦੂਰ-ਦੁਰਾਡੇ ਨਹੀਂ ਜਾ ਸਕੇ। ਤੀਸਰੇ ਗੁਰੂ ਅਮਰ ਦਾਸ, ਨੇ ਗੁਰੂ ਨਾਨਕ ਦੁਆਰਾ ਦੂਰ-ਦੁਰਾਡੇ ਦੇ ਇਲਾਕੇ ਵਿੱਚ ਸਥਾਪਿਤ ਸਿੱਖ ਸੰਗਤਾਂ ਨੂੰ ਗੁਰੂ ਨਾਲ ਜੋੜੀ ਰੱਖਣ ਲਈ ਮੰਜੀ ਪ੍ਰਨਾਲੀ ਅਰੰਭ ਕੀਤੀ। ਉਹਨਾਂ ਕੁੱਲ 22 ਖੇਤਰ ਨਿਰਧਾਰਿਤ ਕਰਕੇ 22 ਮੰਜੀਆਂ ਦੀ ਸਥਾਪਨਾ ਕੀਤੀ ਅਤੇ ਹਰ ਖੇਤਰ ਵਿੱਚ ਇੱਕ ਮੰਜੀਦਾਰ ਨਿਯੁਕਤ ਕਰ ਦਿੱਤਾ। ਗੁਰੂ ਜੀ ਦੁਆਰਾ ਨਿਯੁਕਤ ਇਹ ਵਿਅਕਤੀ ਖ਼ੁਦ ਇੱਕ ਮੰਜੀ ਉੱਪਰ ਬੈਠ ਕੇ ਧਰਤੀ ਉੱਪਰ ਬੈਠੀ ਸੰਗਤ ਨੂੰ ਗੁਰੂ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਦਿਆ ਕਰਦਾ ਸੀ ਅਤੇ ਸੰਗਤ ਵੱਲੋਂ ਭੇਜੀ ਜਾਣ ਵਾਲੀ ਕੋਈ ਵੀ ਭੇਟਾ ਗੁਰੂ ਤੱਕ ਪਹੁੰਚਾ ਦਿਆ ਕਰਦਾ ਸੀ।
ਗੁਰੂ ਰਾਮ ਦਾਸ ਦੇ ਸਮੇਂ ਮੰਜੀਦਾਰ ਨੂੰ ਮਸੰਦ ਕਿਹਾ ਜਾਣ ਲੱਗਾ। ਇਹਨਾਂ ਦੀ ਗਿਣਤੀ ਵੀ ਹੁਣ 22 ਤੋਂ ਵੱਧ ਸੀ। ਨਾਂ ਦੇ ਵਿੱਚ ਬਦਲੀ ਦਾ ਕਾਰਨ ਸ਼ਾਇਦ ਇਹ ਹੋਵੇ ਕਿ ਇਸ ਸਮੇਂ ਗੁਰੂ ਜੀ ਨੂੰ ਆਮ ਸਿੱਖ ਸ਼ਰਧਾਲੂ ਪਾਤਸ਼ਾਹ ਜਾਂ ਸੱਚਾ ਪਾਤਸ਼ਾਹ ਕਹਿਣ ਲੱਗ ਪਏ ਸਨ। ਇੰਞ ਇੱਕ ਪਾਤਸ਼ਾਹ ਦੁਆਰਾ ਨਿਯੁਕਤ ਕੀਤੇ ਗਏ ਉਸ ਦੇ ਡਿਪਟੀ ਨੂੰ ਮਸੰਦ ਕਿਹਾ ਜਾਣ ਲੱਗ ਪਿਆ ਹੋਵੇਗਾ। ਮਸੰਦ ਦੀ ਨਿਯੁਕਤੀ ਉਸ ਦੀ ਨਿੱਜੀ ਪਾਕਿ ਸ਼ਖ਼ਸੀਅਤ, ਸਿੱਖ ਸਿਧਾਂਤਾਂ ਬਾਰੇ ਜਾਣਕਾਰੀ ਅਤੇ ਇਹਨਾਂ ਪ੍ਰਤਿ ਪ੍ਰਤਿਬੱਧਤਾ ਆਦਿ ਨੂੰ ਵੇਖ ਕੇ ਹੀ ਕੀਤੀ ਜਾਂਦੀ ਸੀ। ਇਹ ਮਸੰਦ ਗੁਰੂ ਦੇ ਨੁਮਾਇੰਦੇ ਦੇ ਤੌਰ ’ਤੇ ਆਪਣੇ-ਆਪਣੇ ਖੇਤਰ ਵਿੱਚ ਸਿੱਖੀ ਪ੍ਰਚਾਰ ਕਰਦੇ, ਗੁਰੂ ਦੀ ਤਰਫੋਂ ਸ਼ਰਧਾਲੂਆਂ ਨੂੰ ਪਾਹੁਲ ਵੀ ਦਿੰਦੇ, ਸੰਗਤਾਂ ਨੂੰ ਗੁਰੂ ਦਰਸ਼ਨਾਂ ਲਈ ਲੈ ਕੇ ਆਉਂਦੇ ਅਤੇ ਸੰਗਤ ਦੁਆਰਾ ਭੇਟਾ ਕੀਤੀਆਂ ਵਸਤਾਂ ਆਦਿ ਨੂੰ ਇਮਾਨਦਾਰੀ ਨਾਲ ਗੁਰੂ ਤੱਕ ਪਹੁੰਚਾਉਂਦੇ। ਅਰੰਭ ਵਿੱਚ ਇਹ ਸਾਰੇ ਮਸੰਦ ਪਵਿੱਤਰ ਆਤਮਾਵਾਂ ਹੁੰਦੇ ਸਨ ਪਰੰਤੂ ਸਮਾਂ ਬੀਤਣ ਨਾਲ ਮਸੰਦ ਦੀ ਪਦਵੀ ਪਿਤਾ-ਪੁਰਖੀ ਹੋ ਗਈ ਅਤੇ ਕਈ ਥਾਂਵਾਂ ਤੇ ਇਹ ਵੀ ਵੇਖਿਆ ਗਿਆ ਕਿ ਇੱਕ ਇਮਾਨਦਾਰ ਅਤੇ ਪਵਿੱਤਰ ਮਸੰਦ ਤੋਂ ਬਾਅਦ ਉਸ ਦੀ ਥਾਂ ਲੈਣ ਵਾਲਾ ਉਸ ਦਾ ਪੁੱਤਰ ਇਸ ਪਦਵੀ ਦੇ ਕਾਬਲ ਨਹੀਂ ਸੀ ਹੁੰਦਾ। ਨਤੀਜੇ ਵੱਜੋਂ ਕਈ ਮਸੰਦ ਖ਼ੁਦ ਨੂੰ ਗੁਰੂ ਮੰਨਣ ਲੱਗ ਪਏ। ਗੁਰੂ ਅਰਜਨ ਦੇਵ ਦੇ ਸਮੇਂ ਇਸ ਤਰ੍ਹਾਂ ਦੇ ਕਈ ਕੇਸ ਦੇਖਣ ਵਿੱਚ ਆਏ। ਗੁਰੂ ਹਰਿਗੋਬਿੰਦ ਨੇ ਮਸੰਦ ਪ੍ਰਥਾ ਨੂੰ ਖ਼ਤਮ ਤਾਂ ਨਾ ਕੀਤਾ ਪਰੰਤੂ ਪ੍ਰਚਾਰ ਦਾ ਬਹੁਤਾ ਕੰਮ ਉਦਾਸੀਆਂ ਦੇ ਹੱਥ ਦੇ ਦਿੱਤਾ।
ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਨੇ ਸਿੱਖੀ ਤੋਂ ਵੱਖਰੀ ਇੱਕ ਪਰੰਪਰਾ ਚਲਾ ਦਿੱਤੀ ਸੀ ਪਰੰਤੂ ਗੁਰੂ ਹਰਿਗੋਬਿੰਦ ਦੇ ਸਮੇਂ ਉਹਨਾਂ ਨੇ ਆਪਣਾ ਜਾਨਸ਼ੀਨ ਬਾਬਾ ਗੁਰਦਿੱਤਾ ਨੂੰ ਥਾਪਿਆ। ਬਾਬਾ ਗੁਰਦਿੱਤਾ ਗੁਰੂ ਹਰਿਗੋਬਿੰਦ ਦੇ ਸਪੁੱਤਰ ਸਨ ਅਤੇ ਸ਼ਾਦੀਸ਼ੁਦਾ ਸਨ ਜਦੋਂ ਕਿ ਉਸ ਸਮੇਂ ਤੱਕ ਉਦਾਸੀ ਸਾਧੂ ਉਦਾਸੀਨ ਅਤੇ ਬ੍ਰਹਮਚਾਰੀ ਹੁੰਦੇ ਸਨ। ਇਹ ਨਿਯੁਕਤੀ ਗੁਰੂ ਜੀ ਦੀ ਸਹਿਮਤੀ ਨਾਲ ਹੋਈ ਸੀ। ਇੰਞ ਇਹ ਘਟਨਾ ਸਿੱਖ ਪਰੰਪਰਾ ਦੇ ਇਤਿਹਾਸ ਵਿੱਚ ਕਾਫ਼ੀ ਅਹਿਮੀਅਤ ਰੱਖਦੀ ਹੈ ਕਿਉਂਕਿ ਇਸ ਤੋਂ ਬਾਅਦ ਮਸੰਦ ਸਿਸਟਮ ਦਿਨੋ-ਦਿਨ ਗਿਰਾਵਟ ਵੱਲ ਜਾਂਦਾ ਰਿਹਾ ਅਤੇ ਸਿੱਖੀ ਪ੍ਰਚਾਰ ਦਾ ਜ਼ਿਆਦਾ ਕਾਰਜ ਉਦਾਸੀਆਂ ਨੇ ਸੰਭਾਲ ਲਿਆ।
ਗੁਰੂ ਗੋਬਿੰਦ ਸਿੰਘ ਦੇ ਸਮੇਂ ਬਹੁਤ ਸਾਰੇ ਮਸੰਦਾਂ ਵਿਰੁੱਧ ਸ਼ਿਕਾਇਤਾਂ ਆਉਣ ਲੱਗੀਆਂ। ਕਈ ਮਸੰਦ ਆਚਰਨ ਤੋਂ ਗਿਰ ਚੁੱਕੇ ਸਨ। ਕਈ ਭੇਟ ਹੜੱਪ ਕਰਨ ਵਾਲੇ ਸਨ। ਕਈ ਖ਼ੁਦ ਨੂੰ ਗੁਰੂ ਰੂਪ ਹੀ ਮੰਨ ਰਹੇ ਸਨ। ਗੁਰੂ ਜੀ ਨੇ ਹੁਕਮਨਾਮੇ ਭੇਜ ਕੇ ਸਾਰੇ ਮਸੰਦਾਂ ਨੂੰ ਅਨੰਦਪੁਰ ਵਿਖੇ ਬੁਲਾ ਭੇਜਿਆ। ਉਹਨਾਂ ਵਿੱਚੋਂ ਆਚਰਨਹੀਣ ਅਤੇ ਭ੍ਰਿਸ਼ਟ ਮਸੰਦਾਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਗਈਆਂ ਅਤੇ ਕਈ ਈਮਾਨਦਾਰ ਮਸੰਦਾਂ ਨੂੰ ਮਾਣ-ਸਤਿਕਾਰ ਕਰਕੇ ਵਾਪਸ ਪ੍ਰਚਾਰ ਹਿੱਤ ਘੱਲ ਦਿੱਤਾ। ਇਹ ਉਹ ਸਮਾਂ ਸੀ ਜਦੋਂ ਗੁਰੂ ਜੀ ਨੇ ਸਿੱਖਾਂ ਅਤੇ ਗੁਰੂ ਦੇ ਵਿਚਕਾਰ ਕਿਸੇ ਵੀ ਵਿਚੋਲੇ ਦੀ ਲੋੜ ਨਹੀਂ ਸੀ ਸਮਝੀ ਅਤੇ ਇਸ ਵਿਚੋਲਗਿਰੀ ਵਾਲੀ ਪ੍ਰਥਾ ਨੂੰ ਖ਼ਤਮ ਕਰਨਾ ਸੀ। ਸੋ ਉਹਨਾਂ ਨੇ ਸਿੱਖੀ ਵਿੱਚੋਂ ਮਸੰਦ ਪ੍ਰਥਾ ਹਮੇਸ਼ਾ ਲਈ ਖ਼ਤਮ ਕਰ ਦਿੱਤੀ ਅਤੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਸਿੱਖਾਂ ਨੂੰ ਸਿੱਧੇ ਰੂਪ ਵਿੱਚ ਗੁਰੂ ਨਾਲ ਜੋੜ ਦਿੱਤਾ।
ਲੇਖਕ : ਧਰਮ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 4950, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-30-02-47-31, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First