ਮਹਾਂ-ਪਰਾਣਤਾ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਮਹਾਂ-ਪਰਾਣਤਾ: ਇਸ ਸੰਕਲਪ ਦੀ ਵਰਤੋਂ ਧੁਨੀ ਵਿਗਿਆਨ ਵਿਚ ਧੁਨੀਆਂ ਦੀ ਵਰਗ-ਵੰਡ ਲਈ ਕੀਤੀ ਜਾਂਦੀ ਹੈ। ਧੁਨੀਆ ਦੀ ਵਰਗ ਵੰਡ ਦਾ ਇਹ ਅਧਾਰ ਫੇਫੜਿਆਂ ਵਿਚੋਂ ਬਾਹਰ ਨਿਕਲਦੀ ਹਵਾ ਦੇ ਦਬਾ ’ਤੇ ਅਧਾਰਤ ਹੈ। ਫੇਫੜਿਆਂ ਵਿਚੋਂ ਬਾਹਰ ਨਿਕਲਣ ਵਾਲੀ ਹਵਾ ਦਾ ਦਬਾ ਧੁਨੀਆਂ ਦੇ ਉਚਾਰਨ ਵੇਲੇ ਲਗਾਤਾਰ ਇਕੋ ਜਿਹਾ ਨਹੀਂ ਹੁੰਦਾ। ਇਸ ਦਬਾ ਦੇ ਵਾਧੇ ਘਾਟੇ ਨੂੰ ਪਰਾਣਤਾ ਕਿਹਾ ਜਾਂਦਾ ਹੈ। ਪੰਜਾਬੀ ਵਿਚ ਪਰਾਣਤਾ ਇਕ ਲੱਛਣ ਹੈ ਜੋ ਵਿਭਿੰਨ ਵਰਗਾਂ ਦੀਆਂ ਡੱਕਵੀਆਂ ਵਿਅੰਜਨ ਧੁਨੀਆਂ ਤੋਂ ਪਰਗਟ ਹੁੰਦਾ ਹੈ। ਇਸ ਵਹਾ ਦੀ ਪਰਾਣਤਾ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਘੱਟ ਦਬਾ ਭਾਵ ਅਲਪ-ਪਰਾਣਤਾ ਦੀ ਸਥਿਤੀ ਵਿਚ ਹਵਾ ਘੱਟ ਦਬਾ ਨਾਲ ਬਾਹਰ ਨਿਕਲ ਰਹੀ ਹੁੰਦੀ ਹੈ। ਪੰਜਾਬੀ ਧੁਨੀ-ਵਿਉਂਤ ਵਿਚ ਪਰਾਣਤਾ ਇਕ ਸਾਰਥਕਤਾ ਵਾਲਾ ਲੱਛਣ ਹੈ। ਫੇਫੜਿਆਂ ਵਿਚੋਂ ਬਾਹਰ ਨਿਕਲ ਰਹੀ ਹਵਾ ਜਦੋਂ ਘੱਟ ਪਰਾਣਤਾ ਨਾਲ ਬਾਹਰ ਨਿਕਲੇ ਤਾਂ ਉਸ ਸਥਿਤੀ ਵਿਚ ਪੈਦਾ ਹੋਈਆਂ ਧੁਨੀਆਂ ਨੂੰ ਅਲਪ-ਪਰਾਣ ਧੁਨੀਆਂ ਕਿਹਾ ਜਾਂਦਾ ਹੈ। ਇਸ ਦੇ ਉਲਟ ਜਦੋਂ ਹਵਾ ਵੱਧ ਪਰਾਣਤਾ ਨਾਲ ਬਾਹਰ ਨਿਕਲੇ ਤਾਂ ਉਸ ਸਥਿਤੀ ਤੋਂ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਮਹਾਂ-ਪਰਾਣ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ (ਫ, ਥ, ਠ, ਛ ਤੇ ਖ) ਮਹਾਂ-ਪਰਾਣ ਧੁਨੀਆਂ ਹਨ। ਇਹ ਧੁਨੀਆਂ ਉਚਾਰਨ ਸਥਾਨ ਦੇ ਪੱਖ ਤੋਂ ਵਿਭਿੰਨ ਸਥਾਨਾਂ ਤੋਂ ਉਚਾਰੀਆਂ ਜਾਂਦੀਆਂ ਹਨ ਪਰ ਇਨ੍ਹਾਂ ਵਿਚ ਉਚਾਰਨ-ਵਿਧੀ ਦਾ ਇਕ ਸਾਂਝਾਂ ਲੱਛਣ ਮਹਾਂ-ਪਰਾਣਤਾ ਹੈ। ਅਲਪ-ਪਰਾਣ ਅਤੇ ਮਹਾਂ-ਪਰਾਣ ਧੁਨੀਆਂ ਨੂੰ ਵਿਰੋਧੀ ਜੁੱਟਾਂ ਵਿਚ ਰੱਖ ਕੇ ਵੇਖਿਆ ਜਾਂਦਾ ਹੈ। ਇਨ੍ਹਾਂ ਮਹਾਂ-ਪਰਾਣ ਧੁਨੀਆਂ ਦੀਆਂ ਵਿਰੋਧੀ ਅਲਪ-ਪਰਾਣ ਧੁਨੀਆਂ ਕ੍ਰਮਵਾਰ ਇਸ ਪਰਕਾਰ ਹਨ ਜਿਵੇਂ : (ਪ, ਤ, ਟ, ਚ, ਕ) ਪੰਜਾਬੀ ਦੀਆਂ ਮਹਾਂ-ਪਰਾਣ ਧੁਨੀਆਂ ਦੇ ਸੰਗੀ ਜੁੱਟ ਨਹੀਂ ਮਿਲਦੇ। ਭਾਵ ਕ੍ਰਮਵਾਰ (ਭ, ਧ, ਢ, ਝ ਤੇ ਘ) ਧੁਨੀਆਂ ਬਾਕੀ ਆਧੁਨਿਕ ਭਾਰਤੀ-ਆਰੀਆ ਭਾਸ਼ਾਵਾਂ ਵਿਚ ਸਘੋਸ਼ ਮਹਾਂ-ਪਰਾਣ ਦੇ ਲੱਛਣਾਂ ਨਾਲ ਉਚਾਰੀਆਂ ਜਾਂਦੀਆਂ ਹਨ ਪਰ ਟਕਸਾਲੀ ਪੰਜਾਬੀ ਅਤੇ ਪੂਰਬੀ ਪੰਜਾਬੀ ਦੀਆਂ ਉਪਭਾਸ਼ਾਵਾਂ ਵਿਚ ਮਹਾਂ-ਪਰਾਣ ਦੀਆਂ ਸੰਗੀ ਧੁਨੀਆਂ ਸੁਰ ਵਿਚ ਬਦਲ ਜਾਂਦੀਆਂ ਹਨ ਭਾਵੇਂ ਲਿਖਤ ਵਿਚ ਇਨ੍ਹਾਂ ਧੁਨੀਆਂ ਦੇ ਲਿਪੀ ਚਿੰਨ੍ਹ ਅਜੇ ਵੀ ਸੁਰ ਦੇ ਚਿੰਨ੍ਹ ਵਜੋਂ ਵਰਤੇ ਜਾਂਦੇ ਹਨ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1607, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First