ਮਾਡਮ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Modem
ਮਾਡਮ ਇਕ ਇਲੈਕਟ੍ਰੋਨਿਕ ਯੰਤਰ ਹੈ ਜਿਹੜਾ ਡਿਜ਼ੀਟਲ ਸਿਗਨਲ (Digital Signal) ਨੂੰ ਐਨਾਲਾਗ ਸਿਗਨਲ (Analog Signal) ਵਿੱਚ ਜਾਂ ਇਸ ਦੇ ਉਲਟ ਬਦਲਣ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਦੂਸਰੀਆਂ ਥਾਂਵਾਂ ਉੱਤੇ ਪਏ ਕੰਪਿਊਟਰਾਂ ਨਾਲ ਜੁੜਨ ਲਈ ਕੀਤੀ ਜਾਂਦੀ ਹੈ। ਤੁਸੀਂ ਮਾਡਮ ਅਤੇ ਟੈਲੀਫੋਨ ਨੈੱਟਵਰਕ ਦੇ ਜ਼ਰੀਏ ਦੁਨੀਆ ਦੇ ਕਿਸੇ ਵੀ ਕੰਪਿਊਟਰ ਨਾਲ ਨੈੱਟਵਰਕ (ਇੰਟਰਨੈੱਟ) ਦੇ ਜਰੀਏ ਜੁੜ ਸਕਦੇ ਹੋ।
ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਸਾਡਾ ਕੰਪਿਊਟਰ ਡਿਜ਼ੀਟਲ ਸਿਗਨਲ ਉਤਪੰਨ ਕਰਦਾ ਹੈ ਪਰ ਟੈਲੀਫੋਨ ਨੈੱਟਵਰਕ ਐਨਾਲਾਗ ਸਿਗਨਲ ਉੱਤੇ ਕੰਮ ਕਰਦਾ ਹੈ। ਇਹੀ ਕਾਰਨ ਹੈ ਕਿ ਕੰਪਿਊਟਰ ਤੋਂ ਪੈਦਾ ਹੋਏ ਡਿਜ਼ੀਟਲ ਸਿਗਨਲ ਨੂੰ ਟੈਲੀਫੋਨ ਨੈੱਟਵਰਕ ਰਾਹੀਂ ਸੰਚਾਰ ਕਰਵਾਉਣਾ ਅਸੰਭਵ ਹੈ। ਮਾਡਮ ਇਕ ਅਜਿਹਾ ਯੰਤਰ ਹੈ ਜੋ ਡਿਜ਼ੀਟਲ ਸਿਗਨਲ ਨੂੰ ਐਨਾਲਾਗ ਵਿੱਚ ਤਬਦੀਲ ਕਰ ਕੇ ਟੈਲੀਫੋਨ ਨੈੱਟਵਰਕ ਰਾਹੀਂ ਸੰਚਾਰ ਕਰਵਾਉਣ ਦੇ ਯੋਗ ਬਣਵਾਉਂਦਾ ਹੈ।
ਅਸਲ ਵਿੱਚ ਸ਼ਬਦ ਮਾਡਮ (Modem) ਦੋ ਸ਼ਬਦਾਂ ਮਾਡੂਲੇਟਰ-ਡੀਮਾਡੂਲੇਟਰ (Modulator-Demodulator) ਤੋਂ ਮਿਲ ਕੇ ਬਣਿਆ ਹੈ। ਜਦੋਂ ਤੁਸੀਂ ਕੋਈ ਅੰਕੜੇ (Data) ਆਪਣੇ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਨੂੰ ਭੇਜ ਰਹੇ ਹੁੰਦੇ ਹੋ ਤਾਂ ਮਾਡਮ ਇਕ ਆਉਟਪੁਟ ਯੰਤਰ ਦੇ ਰੂਪ ਵਿੱਚ ਕੰਮ ਕਰਦਾ ਹੈ। ਇਸ ਦੇ ਉਲਟ ਜਦੋਂ ਤੁਸੀਂ ਅੰਕੜੇ ਆਦਿ ਦੂਸਰੇ ਕੰਪਿਊਟਰ ਤੋਂ ਪ੍ਰਾਪਤ ਕਰ ਰਹੇ ਹੁੰਦੇ ਹੋ ਤਾਂ ਮਾਡਮ ਇਕ ਇਨਪੁਟ ਯੰਤਰ ਵਜੋਂ ਕੰਮ ਕਰਦਾ ਹੈ। ਜਦੋਂ ਮਾਡਮ ਆਉਟਪੁਟ ਯੰਤਰ ਦੇ ਤੌਰ ਤੇ ਕੰਮ ਕਰ ਰਿਹਾ ਹੁੰਦਾ ਹੈ ਤਾਂ ਡਿਜ਼ੀਟਲ ਅੰਕੜਿਆਂ ਦੀ ਮਾਡੂਲੇਸ਼ਨ ਕੀਤੀ ਜਾਂਦੀ ਹੈ। ਇੰਝ ਇਹ (ਡਿਜ਼ੀਟਲ) ਅੰਕੜੇ ਐਨਾਲਾਗ ਅੰਕੜਿਆਂ ਵਿੱਚ ਤਬਦੀਲ ਹੋ ਜਾਂਦੇ ਹਨ। ਇਸੇ ਤਰ੍ਹਾਂ ਜਦੋਂ ਮਾਡਮ ਇਨਪੁਟ ਯੰਤਰ ਵਜੋਂ ਕੰਮ ਕਰ ਰਿਹਾ ਹੁੰਦਾ ਹੈ ਤਾਂ ਐਨਾਲਾਗ ਸਿਗਨਲ ਦੀ ਡੀਮੌਡੂਲੇਸ਼ਨ ਕਰ ਕੇ ਇਹਨਾਂ ਨੂੰ ਦੁਬਾਰਾ ਡਿਜ਼ੀਟਲ ਸਿਗਨਲ ਵਿੱਚ ਬਦਲਿਆ ਜਾਂਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1381, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First