ਮਿੱਥ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮਿੱਥ : ਪੰਜਾਬੀ ਵਿੱਚ ਮਿੱਥ ਦਾ ਕੋਸ਼ਗਤ ਅਰਥ,ਅੰਗਰੇਜ਼ੀ ਸ਼ਬਦ myth ਦੇ ਪਰਿਆਇ ਵਜੋਂ ਹੀ ਲਿਆ ਜਾਂਦਾ ਹੈ। ਮਨੁੱਖ ਨੇ ਕੁਦਰਤ ਦੇ ਅਬੁੱਝ ਰਹੱਸਾਂ ਨੂੰ ਸਮਝਣ ਲਈ, ਪੂਰਵ ਬੁੱਧੀ ਦੇ ਬਲ ਜਿਹੜੇ ਵੀ ਤਰਕਹੀਣ ਸਿਧਾਂਤ ਸਿਰਜੇ ਉਹਨਾਂ ਕਥਾ-ਕਹਾਣੀਆਂ ਵਿੱਚ ਪੇਸ਼ ਵਿਸ਼ਵਾਸਾਂ ਨੂੰ ਮਿੱਥਾਂ ਕਿਹਾ ਜਾਂਦਾ ਹੈ। ਇਹ ਅਬੁੱਝ ਰਹੱਸ ਅਤੇ ਇਹਨਾਂ ਬਾਰੇ ਵਿਸ਼ਵਾਸ ਕਾਫ਼ੀ ਦਿਲਚਸਪ ਹਨ। ਜਿਵੇਂ ਭੂਚਾਲ ਕਿਉਂ ਆਉਂਦੇ ਹਨ? ਰੁੱਤਾਂ ਕਿਉਂ ਬਦਲਦੀਆਂ ਹਨ? ਬੰਬੀਹੇ ਦੇ ਗਲ ਵਿੱਚ ਮੋਰੀ ਕਿਉਂ ਹੈ? ਤਾਰੇ ਏਨੇ ਉੱਚੇ ਕਿਉਂ ਚਲੇ ਗਏ? ਕਾਂ ਦਾ ਰੰਗ ਕਾਲਾ ਕਿਉਂ ਹੈ? ਸਮੁੰਦਰ ਦਾ ਪਾਣੀ ਖਾਰਾ ਕਿਉਂ ਹੈ? ਆਦਿ ਵਰਗੇ ਰਹੱਸਾਂ ਬਾਰੇ ਅਨੇਕ ਮਿੱਥਾਂ ਹਨ। ਅਜਿਹੀਆਂ ਅਨੇਕ ਗੁੰਝਲਾਂ ਬਾਰੇ ਮਨੁੱਖ ਨੇ ਆਪਣੀ ਬਲ-ਬੁੱਧੀ ਨਾਲ ਮੁਢਲੇ ਰੂਪ ਵਿੱਚ ਜਿਹੜੀਆਂ ਕਥਾਵਾਂ ਘੜੀਆਂ, ਉਹਨਾਂ ਦਾ ਭਾਵੇਂ ਕੋਈ ਵਿਗਿਆਨਿਕ ਤਰਕ ਤਾਂ ਨਹੀਂ ਮਿਲਦਾ, ਪਰ ਫਿਰ ਵੀ ਇਹਨਾਂ ਦੀ ਸਾਰਥਕਤਾ ਸਦੀਆਂ ਬੀਤ ਜਾਣ `ਤੇ ਵੀ ਬਣੀ ਹੋਈ ਹੈ।
ਮਿੱਥ ਅਜਿਹੇ ਸੁਆਲਾਂ ਦੇ ਜੁਆਬ ਲੱਭਣ ਵੱਲ ਵੀ ਰੁਚਿਤ ਰਹਿੰਦੀ ਹੈ, ਜਿਹੜੇ ਸੁਆਲ ਹਾਲੀ ਅਜੋਕੇ ਗਿਆਨ ਵਿਗਿਆਨ ਨੇ ਤਲਾਸ਼ ਕਰਨੇ ਹਨ। ਇਸੇ ਲਈ ਮਿੱਥ ਨੂੰ ਮਨੁੱਖੀ ਕਲਪਨਾ ਸ਼ਕਤੀ ਦੀ ਉਪਜ ਮੰਨਿਆ ਗਿਆ ਹੈ। ਉਦਾਹਰਨ ਲਈ ਅਸਮਾਨ ਵਿੱਚ ਦਿਸਦੇ ਤਾਰਿਆਂ ਦੇ ਤਰੰਗੜ ਬਾਰੇ ਇਹ ਮਿੱਥ ਕਿ ਸਰਵਣ ਆਪਣੇ ਨੇਤਰਹੀਣ ਮਾਪਿਆਂ ਦੀ ਵਹਿੰਗੀ ਚੁੱਕੀ ਖੜ੍ਹਾ ਹੈ। ਚੰਦਰਮਾ `ਤੇ ਦਿਸਦੇ ਦਾਗ਼ ਬਾਰੇ ਕਿ ਇੰਦਰ ਜਦੋਂ ਗੋਤਮ ਰਿਸ਼ੀ ਦੀ ਪਤਨੀ `ਤੇ ਮੋਹਿਤ ਹੋਇਆ ਤਾਂ ਉਸ ਨੇ ਕੁੱਕੜ ਬਣ ਕੇ ਬਾਂਗ ਰਾਹੀਂ ਗੋਤਮ ਨੂੰ ਗੰਗਾ ਇਸ਼ਨਾਨ ਲਈ ਪਹਿਲਾਂ ਹੀ ਘਰੋਂ ਭੇਜ ਦਿੱਤਾ, ਪਰ ਗੰਗਾ ਇਸ਼ਨਾਨ ਤੋਂ ਮਗਰੋਂ ਜਦੋਂ ਗੋਤਮ ਘਰ ਮੁੜਿਆ ਅਤੇ ਛਲ ਦਾ ਭੇਤ ਪਤਾ ਲੱਗਾ ਤਾਂ ਕਿਹਾ ਜਾਂਦਾ ਹੈ ਕਿ ਗੋਤਮ ਨੇ ਗਿੱਲਾ ਪਰਨਾ ਇੰਦਰ ਦੇ ਮੂੰਹ ਤੇ ਮਾਰਿਆ ਜਿਸ ਨਾਲ ਉਸ ਦੇ ਮੂੰਹ `ਤੇ ਦਾਗ਼ ਪੈ ਗਿਆ ਜੋ ਚੰਦਰਮਾ ਤੇ ਦਿਸਦੀ ਕਾਲਖ਼ ਦੇ ਰੂਪ ਵਿੱਚ ਅੱਜ ਵੀ ਨਜ਼ਰ ਆਉਂਦਾ ਹੈ।
ਪ੍ਰਸਿੱਧ ਵਿਦਵਾਨ ਟੀ. ਐਚ. ਰੀਡਰ ਅਨੁਸਾਰ ਮਿੱਥ ਦੀ ਸਿਰਜਣਾ ਪ੍ਰਕਿਰਤੀ ਅਤੇ ਸੱਭਿਆਚਾਰੀਕਰਨ ਦੇ ਯਤਨਾਂ ਵਿੱਚੋਂ ਹੋਈ, ਕਿਉਂਕਿ ਮਿੱਥ ਦੀ ਸਿਰਜਣਾ ਓਦੋਂ ਹੋਈ ਜਦੋਂ ਮਨੁੱਖ ਅਤੇ ਪ੍ਰਕਿਰਤੀ ਵਿਚਲੀ ਵੰਡ-ਰੇਖਾ ਸਪਸ਼ਟ ਨਹੀਂ ਸੀ। ਦੋਵੇਂ ਧਿਰਾਂ ਜੀਵਨ ਦੀਆਂ ਸਹਿਭਾਗੀ ਤਾਂ ਸਨ, ਪਰ ਪਰਸਪਰ ਸਹਿਯੋਗੀ ਅਤੇ ਸੰਘਰਸ਼ ਦੇ ਸੂਤਰਾਂ ਵਿੱਚ ਬੱਝੇ ਹੋਣ ਦੇ ਬਾਵਜੂਦ ਚੇਤਨ ਮਨੁੱਖ ਅਗਿਆਤ ਰੂਪ ਵਿੱਚ ਪ੍ਰਕਿਰਤੀ ਦੇ ਅਬੁੱਝ ਰਹੱਸਾਂ ਨੂੰ ਸਮਝਣ ਅਤੇ ਜਾਣਨ ਲਈ ਯਤਨਸ਼ੀਲ ਸੀ।
ਲੋਕ-ਕਥਾ ਅਤੇ ਮਿੱਥ-ਕਥਾ ਵਿੱਚ ਬੁਨਿਆਦੀ ਫ਼ਰਕ ਇਹ ਹੈ ਕਿ ਮਿੱਥ ਵਿਚਲੀ ਕਹਾਣੀ ਨੂੰ ਸੱਚਾ ਮੰਨਿਆ ਜਾਂਦਾ ਹੈ। ਵਧੇਰੇ ਮਿੱਥਾਂ ਦੀ ਵਿਉਤਪਤੀ, ਸ੍ਰਿਸ਼ਟੀ ਸੰਬੰਧੀ ਰਹੱਸਾਂ ਬਾਰੇ ਘੜੇ ਗਏ ਵਿਸ਼ਵਾਸਾਂ ਜਾਂ ਲੋਕ-ਰੀਤੀਆਂ ਦੀ ਅਤਾਰਕਿਕ ਵਿਆਖਿਆ ਵਿੱਚੋਂ ਹੋਈ ਹੁੰਦੀ ਹੈ। ਇਸ ਲਈ ਕਿਸੇ ਰਹੱਸ ਬਾਰੇ ਇੱਕ ਤੋਂ ਵਧੇਰੇ ਮਿੱਥਾਂ ਵੀ ਹੋ ਸਕਦੀਆਂ ਹਨ। ਅਸਲ ਵਿੱਚ ਮਨੁੱਖ ਜਦੋਂ ਕਿਸੇ ਸਦੀਵੀ, ਪ੍ਰਕਿਰਤਿਕ ਅਤੇ ਜੀਵੰਤ ਸੱਚ ਨੂੰ ਤਰਕ ਅਤੇ ਦਲੀਲ ਨਾਲ ਸਮਝਣ ਤੋਂ ਅਸਮਰਥ ਹੋ ਜਾਂਦਾ ਹੈ ਤਾਂ ਉਹ ਮਿੱਥ ਦੇ ਰੂਪ ਵਿੱਚ ਕੋਈ ਸੱਚ ਜਾਪਣ ਵਾਲੀ ਕਹਾਣੀ ਘੜ ਲੈਂਦਾ ਹੈ, ਇਸ ਲਈ ਜ਼ਰੂਰੀ ਨਹੀਂ ਮਿੱਥ-ਕਥਾਵਾਂ ਜੀਵਨ ਦੇ ਹੂ-ਬਹੂ ਸੱਚ ਵਰਗੀਆਂ ਹੋਣ, ਇਹ ਵਿਰੋਧਾਭਾਸ ਵਾਲੀਆਂ ਵੀ ਹੋ ਸਕੀਆਂ ਹਨ।
ਪ੍ਰਸਿੱਧ ਵਿਦਵਾਨ ਗਾਰਡਨ ਮਿੱਥ ਨੂੰ ਰਹੱਸ ਸਮਝਣ ਦਾ ਇੱਕ ਵੇਰਵਾ ਮੰਨਦਾ ਹੈ, ਪਰ ਜ਼ਰੂਰੀ ਨਹੀਂ ਇਹ ਵੇਰਵਾ ਦਿਸਦੇ ਸੱਚ ਵਰਗਾ ਹੋਵੇ। ਪ੍ਰਸਿੱਧ ਮਨੋਵਿਗਿਆਨੀ ਫ਼ਰਾਇਡ ਮਿੱਥ ਨੂੰ ਪਰਾ ਇਤਿਹਾਸਿਕ ਕਾਲ ਦੇ ਅਵਿਕਸਿਤ ਜੀਵਨ ਦਾ ਅਨੰਦਦਾਇਕ ਪਰ ਅਜਿਹਾ ਸੁਭਾਵਿਕ ਰੂਪ ਮੰਨਦਾ ਹੈ, ਜੋ ਸੁਪਨੇ ਵਾਂਗ ਜਨ-ਮਾਨਸ ਦੇ ਅਚੇਤ ਦਾ ਹਿੱਸਾ ਬਣਿਆ ਰਹਿੰਦਾ ਹੈ। ਅਸਲ ਵਿੱਚ ਮਨੁੱਖ ਦੀ ਮੁਢਲੀ ਸਥਿਤੀ ਵਿੱਚ ਪ੍ਰਕਿਰਤੀ ਦੀਆਂ ਰਹੱਸਮਈ ਸ਼ਕਤੀਆਂ ਦਾ ਦੇਵੀ-ਦੇਵਤਿਆਂ ਦੇ ਰੂਪ ਵਿੱਚ ਮਾਨਵੀਕਰਨ ਕੀਤਾ ਗਿਆ ਸੀ, ਇਸ ਲਈ ਸ਼ੁਰੂ ਵਿੱਚ ਇਹ ਸ਼ਕਤੀ ਸਰੂਪ ਦੇਵੀ-ਦੇਵਤਿਆਂ ਦੀ ਉਪਾਸਨਾ ਅਤੇ ਵਿਆਖਿਆ ਹੀ ਮਿੱਥ ਕਥਾ ਦਾ ਵਿਸ਼ਾ ਬਣੀ। ਕਈ ਹਾਲਤਾਂ ਵਿੱਚ ਤਾਂ ਮਨੁੱਖ ਨੇ ਪ੍ਰਕਿਰਤੀ ਅਤੇ ਦੈਵੀ ਸੰਸਾਰ ਦਾ ਆਪਣੇ ਨਾਲ ਸੰਬੰਧ ਸਥਾਪਿਤ ਕਰ ਕੇ ਹੀ ਆਪਣੇ- ਆਪ ਦਾ ਵਿਸਤਾਰ ਕੀਤਾ। ਸਮਾਂ ਪਾ ਕੇ ਕੁਝ ਅਜਿਹੀਆਂ ਮਿੱਥਾਂ ਵੀ ਹੋਂਦ ਵਿੱਚ ਆਈਆਂ, ਜਿਨ੍ਹਾਂ ਨੇ ਧਰਮ ਸ਼ਾਸਤਰ ਦੀ ਵਿਆਖਿਆ ਵੀ ਕੀਤੀ।
ਲੋਕ-ਕਥਾਵਾਂ ਵਾਂਗ ਮਿੱਥਾਂ ਵੀ ਨਵੇਂ ਯੁੱਗ ਦੀ ਚੇਤਨਾ ਅਨੁਸਾਰ ਸਮੇਂ-ਸਮੇਂ ਢਲਦੀਆਂ ਵਿਗਸਦੀਆਂ ਅਤੇ ਪੁਨਰ ਸਿਰਜਤ ਹੁੰਦੀਆਂ ਰਹਿੰਦੀਆਂ ਹਨ। ਉਦਾਹਰਨ ਲਈ ਇਹ ਮਿੱਥ ਕਿ ਧਰਤੀ ਬਲਦ ਦੇ ਸਿੰਗਾਂ ਤੇ ਟਿਕੀ ਹੋਈ ਹੈ, ਨੂੰ ਗੁਰੂ ਨਾਨਕ ਦੇਵ ਨੇ ਪੁਨਰ ਪਰਿਭਾਸ਼ਿਤ ਕਰਦੇ ਕਿਹਾ ਕਿ ਜੇਕਰ ਮੰਨ ਲਿਆ ਜਾਵੇ ਕਿ ਇਹ ਕਿਸੇ ਬਲਦ ਦੇ ਸਿੰਗਾਂ ਤੇ ਟਿਕੀ ਹੋਈ ਹੈ ਤਾਂ ਇਹ ਬੈਲ ਸਧਾਰਨ ਨਹੀਂ ਹੈ। ਇਹ ਧਰਮ ਤੇ ਦਇਆ ਦਾ ਪੁੱਤਰ ਹੋ ਸਕਦਾ ਹੈ, ਜਿਸ ਨੂੰ ਸੰਤੋਖ ਨੇ ਥਾਪਿਆ ਹੋ ਸਕਦਾ ਹੈ। ਉਹਨਾਂ ਫ਼ਰਮਾਇਆ :
ਧੌਲੁ ਧਰਮੁ ਦਇਆ ਕਾ ਪੂਤੁ
ਸੰਤੋਖ ਥਾਪ ਰਖਿਆ ਜਿਸੁ ਸੂਤ॥
ਇਸ ਲਈ ਕਿਹਾ ਜਾ ਸਕਦਾ ਹੈ ਕਿ ਮਿੱਥਾਂ ਆਪਣੀ ਬਣਤਰ ਦੇ ਕਿਸੇ ਵੀ ਪੜਾਅ ਤੇ ਕਿਉਂ ਨਾ ਹੋਣ, ਇਹ ਮਨੁੱਖੀ ਆਸਥਾ, ਨੈਤਿਕਤਾ ਅਤੇ ਵਿਸ਼ਵਾਸਾਂ ਨੂੰ ਹੀ ਪਕੇਰਿਆਂ ਕਰਦੀਆਂ ਹਨ। ਇਉਂ ਹਰ ਮਿੱਥ ਵਿੱਚ ਆਧੁਨਿਕ ਸਮੇਂ ਦਾ ਖ਼ਮੀਰ ਵਿਦਮਾਨ ਰਹਿੰਦਾ ਹੈ। ਇਹੋ ਕਾਰਨ ਹੈ ਮਿੱਥਾਂ ਆਮ ਜਨ-ਜੀਵਨ ਅਤੇ ਚੁਫ਼ੇਰੇ ਦੀ ਅਦਭੁਤਤਾ ਨਾਲ ਮੇਲ ਪੈਦਾ ਕਰਦੀਆਂ ਹੋਈਆਂ, ਧਰਮ ਅਤੇ ਨੈਤਿਕਤਾ ਆਦਿ ਦਾ ਮਿਲਵਾਂ ਰੂਪ ਅਖ਼ਤਿਆਰ ਕਰਦੇ ਹੋਇਆਂ ਅਤਾਰਕਿਕ ਰੂਪ ਵਿੱਚ ਆਪਣਾ ਤਰਕ ਪੇਸ਼ ਕਰਦੀਆਂ ਹਨ।
ਨਿਤਸ਼ੇ ਅਨੁਸਾਰ ਮਿੱਥਾਂ ਭਾਵੇਂ ਗਿਆਨਮਈ ਕਲਪਨਾ ਦੇ ਧਰਾਤਲ `ਤੇ ਉਸਰੀਆਂ ਹੁੰਦੀਆਂ ਹਨ, ਪਰ ਉਹਨਾਂ ਦਾ ਹਰ ਪਹਿਲੂ ਇੱਕ ‘ਵਿਸ਼ਵਾਸੀ’ ਸਚਾਈ ਨਾਲ ਜੁੜਿਆ ਹੁੰਦਾ ਹੈ। ਪ੍ਰਸਿੱਧ ਵਿਦਵਾਨ ਪਲੂਟਾਰਕ ਅਨੁਸਾਰ ਮਿੱਥਾਂ ਭਾਵੇਂ ਵਿਚਾਰਾਂ ਦੇ ਮਿੱਥੇ ਹੋਏ ਬਿੰਬ ਜਾਂ ਪਰਛਾਵੇਂ ਹਨ, ਪਰ ਇਹਨਾਂ ਦੀ ਰਹੱਸਾਤਮਿਕ ਸਚਾਈ ਵਧੇਰੇ ਉਦਾਤ ਹੁੰਦੀ ਹੈ।
ਪ੍ਰਾਚੀਨ ਸਮਿਆਂ ਵਿੱਚ ਮਿੱਥ-ਕਥਾਵਾਂ ਪ੍ਰਕਿਰਤੀ ਦੇ ਤੱਤ ਰੂਪਾਂ ਨੂੰ ਦੇਵਤਿਆਂ ਦੇ ਮਾਨਵੀਕਰਨ, ਜਿਵੇਂ ਬੱਦਲ ਅਤੇ ਮੀਂਹ ਨੂੰ ਇੰਦਰ ਦੇਵਤਾ, ਖੂਹ ਜਾਂ ਦਰਿਆ ਨੂੰ ਖ਼ੁਆਜਾ, ਮੌਤ ਨੂੰ ਕਾਲ ਅਤੇ ਜਾਨ ਕੱਢਣ ਵਾਲੇ ਫਰਿਸ਼ਤਿਆਂ ਨੂੰ ਜਮਦੂਤ ਆਦਿ ਦਾ ਮਾਨਵੀਕਰਨ ਕਰ ਕੇ ਰਾਖਸ਼, ਪਿਸ਼ਾਚ ਅਤੇ ਅਸੁਰ ਆਦਿ ਦੀਆਂ ਸ਼ਕਤੀਆਂ ਦੇ ਰੂਪ ਵਿੱਚ ਪੇਸ਼ ਕਰਦੀਆਂ ਸਨ। ਪਰ ਇਸ ਪੇਸ਼ਕਾਰੀ ਦੇ ਕੇਂਦਰ-ਬਿੰਦੂ ਸਮੇਂ-ਸਮੇਂ ਬਦਲਦੇ ਰਹੇ ਹਨ।
ਉਪਨਿਸ਼ਦ ਕਾਲ ਵਿੱਚ ਬ੍ਰਹਮ, ਗਿਆਨ ਨਚਿਕੇਤਾ ਆਦਿ ਸੰਬੰਧੀ ਮਿੱਥਾਂ ਨੇ ਜਨਮ ਲਿਆ। ਅਜਿਹੀਆਂ ਮਿੱਥਾਂ ਪੁਰਾਣ ਕਥਾਵਾਂ ਦੀ ਨਕਲ ਵਰਗੀਆਂ ਹਨ, ਕਿਉਂਕਿ ਪੁਰਾਣ-ਕਥਾਵਾਂ ਅਕਸਰ ਅਵਤਾਰੀ ਵਿਅਕਤੀਆਂ ਦੇ ਚਰਿੱਤਰਾਂ ਨਾਲ ਜੁੜੀਆਂ ਹੋਈਆਂ ਹਨ। ਇਸ ਤਰ੍ਹਾਂ ਹੀ ਬੁਧ ਅਤੇ ਜੈਨ ਧਰਮ ਨਾਲ ਸੰਬੰਧਿਤ ਕਥਾਵਾਂ, ਬੁੱਧ ਦੇ ਚੇਲਿਆਂ ਅਤੇ ਤੀਰਥੰਕਰਾ ਨੂੰ ਕੇਂਦਰ-ਬਿੰਦੂ ਵਿੱਚ ਰੱਖ ਕੇ ਰਚੀਆਂ ਗਈਆਂ।
ਮੱਧ-ਕਾਲ ਵਿੱਚ ਭਾਰਤੀ ਮਿੱਥ-ਕਥਾਵਾਂ ਵਿੱਚ ਇੱਕ ਜ਼ਿਕਰਯੋਗ ਤਬਦੀਲੀ ਹੋਈ, ਪਰਿਵਰਤਨ ਦੇ ਸਿੱਟੇ ਵਜੋਂ ਮਿੱਥਾਂ ਅਵਤਾਰੀ ਪੁਰਸ਼ਾਂ ਤੋਂ ਹਟ ਕੇ ਸਿੱਧ ਪੁਰਸ਼ਾਂ ਦੇ ਜੀਵਨ ਦੀਆਂ ਅਦਭੁਤ ਵਿਲੱਖਣਤਾਵਾਂ ਨਾਲ ਜੁੜ ਗਈਆਂ, ਜਿਸ ਨਾਲ ਵਿਅਕਤੀ ਕੇਂਦਰ ਮਿੱਥਾਂ ਦਾ ਜਨਮ ਹੋਇਆ। ਉਦਾਹਰਨ ਲਈ ਗੁਰੂ ਸਾਹਿਬਾਨ ਨਾਲ ਸੰਬੰਧਿਤ ਜਨਮ-ਸਾਖੀ ਪਰੰਪਰਾ ਵਿੱਚ ਪੇਸ਼ ਮਿੱਥਾਂ ਨੂੰ ਲਿਆ ਜਾ ਸਕਦਾ ਹੈ। ਇਉਂ ਮਿੱਥ-ਕਥਾ ਵਿੱਚ ਕਲਪਨਾ ਇਤਿਹਾਸ ਅਤੇ ਯਥਾਰਥ ਪ੍ਰਾਣਵੰਤ ਰੂਪ ਵਿੱਚ ਸਮਾਏ ਹੁੰਦੇ ਹਨ। ਮਿੱਥ ਵਿੱਚ ਸਿਰਜਿਆ ਕਲਾਤਮਿਕ ਜਗਤ ਬੜਾ ਅਨੂਠਾ ਅਤੇ ਅਲੌਕਿਕ ਹੋਣ ਕਰ ਕੇ ਦੇਸ ਕਾਲ ਦੀਆਂ ਹੱਦਾਂ ਤੋਂ ਬਾਹਰ ਵੀ ਫ਼ੈਲਿਆ ਮਿਲਦਾ ਹੈ। ਇਸ ਲਈ ਕਈ ਮਿੱਥਾਂ ਪੰਜਾਬੀ ਜਗਤ ਵਿੱਚ ਇਸਲਾਮਿਕ ਰਹਿਤਲ ਵਿੱਚੋਂ ਜਨਮੀਆਂ ਹੋ ਸਕਦੀਆਂ ਹਨ ਅਤੇ ਕਈ ਪੰਜਾਬੀ ਮਾਨਸਿਕਤਾ ਅਤੇ ਧਰਮ ਦੀ ਪ੍ਰਤਿਨਿਧਤਾ ਕਰਨ ਵਾਲੀਆਂ ਇਸਲਾਮਿਕ ਰਹਿਤਲ ਵਿੱਚ ਵੀ ਮਿਲ ਸਕਦੀਆਂ ਹਨ।ਨਮੂਨੇ ਵਜੋਂ ਮਿੱਥ-ਕਥਾ ਦੀ ਬਣਤਰ ਬਾਰੇ ਇੱਕ ਮਿੱਥ-ਕਥਾ ਬੰਬੀਹੇ ਦੇ ਗਲ ਵਿੱਚ ਮੋਰੀ ਕਿਉਂ ਹੈ? ਇਸ ਪ੍ਰਕਾਰ ਹੈ :
ਕਹਿੰਦੇ ਨੇ ਕੋਈ ਜੱਟ ਵਾਂਢ੍ਹੇ ਗਿਆ ਆਪਣੇ ਕਾਮੇ ਨੂੰ ਕਹਿ ਗਿਆ ਕਿ ਉਹ ਹਲ ਵਾਹੁਣ ਮਗਰੋਂ ਬਲਦਾਂ ਨੂੰ ਪਾਣੀ ਵਿਖਾ ਦਿਆ ਕਰੇ। ਕਾਮੇ ਨੇ ਕਿਹਾ ਜੀ ਅੱਛਾ! ਉਹ ਹਲ ਵਾਹੁਣ ਪਿੱਛੋਂ ਬਲਦਾਂ ਨੂੰ ਪਾਣੀ ਵਿਖਾ ਦਿਆ ਕਰੇ। ਜਦੋਂ ਜੱਟ ਵਾਪਸ ਆਇਆ ਅਤੇ ਜੋਤਾ ਲਾਉਣ ਪਿੱਛੋਂ ਬਲਦਾਂ ਨੂੰ ਪਾਣੀ ਕੋਲ ਲੈ ਕੇ ਗਿਆ ਤਾਂ ਬਲਦ ਪਾਣੀ ਪੀਣੋ ਨਾ ਹਟਣ, ਜੱਟ ਨੂੰ ਕਾਮੇ ਦੀ ਮੂਰਖ਼ਤਾ ਸਮਝ ਆ ਗਈ, ਉਸ ਨੂੰ ਏਨਾ ਗੁੱਸਾ ਚੜ੍ਹਿਆ ਕਿ ਉਹਨੇ ਹੱਥ ਵਿਚਲਾ ਚਊ ਫ਼ਾਲੇ ਸਮੇਤ ਹੀ ਕਾਮੇ ਵੱਲ ਵਗਾਹ ਮਾਰਿਆ। ਕਹਿੰਦੇ ਨੇ ਚਊ ਸਿੱਧਾ ਉਹ ਦੇ ਗਲ ਵਿੱਚ ਵੱਜਾ, ਜਿਸ ਨਾਲ ਉਹ ਦੀ ਮੌਤ ਹੋ ਗਈ ਅਤੇ ਉਹੋ ਕਾਮ ਗਲ ਵਿੱਚ ਮੋਰੀ ਸਮੇਤ ਮਰ ਕੇ ਬੰਬੀਹਾ ਬਣ ਗਿਆ। ਕਾਮੇ ਨੂੰ ਆਪਣੀ ਮੂਰਖ਼ਤਾ ਦੀ ਏਨੀ ਸਜ਼ਾ ਮਿਲੀ ਕਿ ਉਹ ਸਦੀਆਂ ਬੀਤ ਜਾਣ `ਤੇ ਵੀ ਪਾਣੀ ਨੇੜੇ ਰਹਿ ਕੇ ਪਾਣੀ ਨਹੀਂ ਪੀ ਸਕਦਾ।
ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਮਿੱਥ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਿੱਥ (ਨਾਂ,ਇ) ਕੁਦਰਤ ਦੇ ਕਿਸੇ ਅਬੁੱਝ ਰਹੱਸ ਸੰਬੰਧੀ ਲੋਕ-ਮਨੌਤ ਦੇ ਅਧਾਰ ’ਤੇ ਬਣਾਈ ਕੋਈ ਧਾਰਨਾ; ਪਰਮਾਤਮਾ, ਮਨੁੱਖ, ਬ੍ਰਹਿਮੰਡ ਅਤੇ ਪ੍ਰਕਿਰਤੀ ਨਾਲ ਜੁੜੇ ਅਨੇਕ ਰਹੱਸਾਂ ਦਾ ਕੀਤਾ ਮਾਨਵੀਕਰਨ; ਮਾਨਵੀ ਹੋਂਦ ਨਾਲ ਸੰਬੰਧਿਤ ਲੌਕਿਕ ਅਤੇ ਪ੍ਰਾਲੌਕਿਕ ਜਗਤ ਦੇ ਪੱਖਾਂ ਦੀ ਕੀਤੀ ਗਈ ਪ੍ਰਤੀਕਾਤਮਿਕ ਅਭਿਵਿਅਕਤੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14298, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਮਿੱਥ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਿੱਥ [ਨਾਂਇ] ਕਿਸੇ ਸਮਾਜ ਵਿੱਚ ਪ੍ਰਚਲਿਤ ਉਹ ਬਿਰਤਾਂਤ ਜਿਸ ਵਿੱਚ ਆਮ ਕਰਕੇ ਗ਼ੈਰਕੁਦਰਤੀ ਪਾਤਰ ਅਤੇ ਦ੍ਰਿਸ਼ਾਂ ਰਾਹੀਂ ਸਮਾਜਿਕ ਵਰਤਾਰੇ ਦਾ ਪ੍ਰਗਟਾਵਾ ਹੁੰਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14297, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First