ਮੁਕਬਲ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਮੁਕਬਲ : ਹੀਰ ਰਾਂਝਾ ਦੀ ਪ੍ਰੇਮ-ਕਹਾਣੀ ਨੂੰ ਆਧਾਰ ਬਣਾ ਕੇ ਪੰਜਾਬੀ ਵਿੱਚ ਹੁਣ ਤੱਕ ਲਗਪਗ ਚਾਲੀ ਕਿੱਸੇ ਲਿਖੇ ਜਾ ਚੁੱਕੇ ਹਨ। ਇਹਨਾਂ ਵਿੱਚ ਸ਼ਾਹਕਾਰ ਹੋਣ ਦਾ ਮਾਣ ਤਾਂ ਹੀਰ ਵਾਰਿਸ ਨੂੰ ਹੀ ਜਾਂਦਾ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਜੇ ਵਾਰਿਸ ਸ਼ਾਹ ਤੋਂ ਪਹਿਲਾਂ ਮੁਕਬਲ ਕਿੱਸਾ ਹੀਰ ਰਾਂਝਾ ਨਾ ਲਿਖ ਦਿੰਦਾ ਤਾਂ ਉਪਰੋਕਤ ਸ਼ਾਹਕਾਰ ਦਾ ਹੋਂਦ ਵਿੱਚ ਆਉਣਾ ਅਸੰਭਵ ਨਹੀਂ ਤਾਂ ਦੁਸ਼ਵਾਰ ਜ਼ਰੂਰ ਹੋ ਜਾਣਾ ਸੀ। ਸਾਹਿਤਿਕ ਪੱਖੋਂ ਹੀ ਨਹੀਂ ਸਗੋਂ ਲੋਕ-ਪ੍ਰਿਅਤਾ ਪੱਖੋਂ ਵੀ ਮੁਕਬਲ ਦੇ ਕਿੱਸੇ ਦੀ ਵਾਰਿਸ ਸ਼ਾਹ ਦੇ ਕਿੱਸੇ ਦੀ ਬਣਤਰ, ਕਾਵਿ-ਬੋਲੀ ਵਿੱਚ ਇਸ ਦੀ ਬੁਣਤੀ, ਬੈਂਤ ਛੰਦ ਦੀ ਵਰਤੋਂ ਆਦਿ ਪੱਖੋਂ ਆਪਣੇ ਉੱਤਰ-ਅਧਿਕਾਰੀ ਨੂੰ ਬਹੁਤ ਦੇਣ ਸੀ। ਇਸ ਤੋਂ ਬਿਨਾਂ ਮੁਕਬਲ ਨੇ ਜੰਗਨਾਮਾ ਤੇ ਸੀਹਰਫੀ ਆਦਿ ਦੀ ਵੀ ਰਚਨਾ ਕੀਤੀ, ਪਰ ਉਸ ਦੀ ਵਧੇਰੇ ਮਾਣਤਾ ਕਿੱਸਾ ਹੀਰ ਰਾਂਝਾ ਕਰ ਕੇ ਹੀ ਹੈ।
ਮੁਕਬਲ ਤਖ਼ੱਲਸ ਵਾਲੇ ਇਸ ਸ਼ਾਇਰ ਦਾ ਪੂਰਾ ਨਾਂ ਹਾਫ਼ਜ਼ ਸ਼ਾਹ ਜਹਾਨ ਸੀ। ਉਸ ਦਾ ਜਨਮ ਕਿਸ ਸਾਲ ਹੋਇਆ, ਇਸ ਬਾਰੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਜੰਗਨਾਮਾ ਤੋਂ ਇਹ ਪਤਾ ਜ਼ਰੂਰ ਚੱਲ ਜਾਂਦਾ ਹੈ ਕਿ ਇਹ ਮੁਹੰਮਦ ਸ਼ਾਹ ਰੰਗੀਲਾ ਦੇ ਤਖ਼ਤ `ਤੇ ਬੈਠਣ ਤੋਂ ਉਨੱਤੀ ਸਾਲ ਮਗਰੋਂ ਲਿਖਿਆ ਗਿਆ। ਇਸ ਅਨੁਸਾਰ ਇਸ ਦੀ ਰਚਨਾ 1746 ਵਿੱਚ ਹੋਈ। ਸਾਹਿਤਕ ਪੱਖੋਂ ਕਿੱਸਾ ਹੀਰ ਰਾਂਝਾ ਉਪਰੋਕਤ ਨਾਲੋਂ ਕਿਤੇ ਪ੍ਰੋੜ੍ਹ, ਪ੍ਰਬੀਨ ਤੇ ਪ੍ਰਚੰਡ ਹੈ। ਇਸ ਨਾਤੇ ਇਹ ਬਾਅਦ ਵਿੱਚ ਲਿਖਿਆ ਗਿਆ। ਜੇ ਪੰਜ-ਸੱਤ ਸਾਲ ਦਾ ਵੀ ਵਕਫ਼ਾ ਹੋਵੇ ਤਾਂ ਇਸ ਦਾ ਰਚਨਾਕਾਲ ਉਸ ਸਦੀ ਦਾ ਛੇਵਾਂ ਦਹਾਕਾ ਸੀ। ਹੀਰ ਵਾਰਿਸ ਨਾਲੋਂ ਸੰਭਵ ਹੈ, ਮੁਕਬਲ ਨੇ ਆਪਣਾ ‘ਕਿੱਸਾ’ ਪੰਦਰਾਂ ਕੁ ਸਾਲ ਪਹਿਲਾਂ ਲਿਖਿਆ। ਜੰਗਨਾਮੇ ਤੋਂ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਦਾ ਪਤਾ ਚੱਲ ਜਾਂਦਾ ਹੈ, ਜਿਨ੍ਹਾਂ ਦਾ ਸੰਖੇਪ ਜਿਹਾ ਪ੍ਰਸੰਗ ਇਹ ਹੈ :
ਤਖੱਲਸ ਏਸ ਫਕੀਰ ਦਾ, ਮੁਕਬਲ ਹੈ ਮਸ਼ਹੂਰ
ਇਹ ਆਜ਼ਿਜ਼ ਹੈ ਭਾਈਓ, ਅੱਖੀਆਂ ਥੀਂ ਮਹਿਜੂਰ।
ਇਸ ਅਨੁਸਾਰ ਮੁਕਬਲ ਤਖ਼ੱਲਸ ਵਾਲੇ ਇਸ ਸ਼ਾਇਰ ਦੀ ਜਿਊਂਦੇ ਜੀਅ ਕਾਫ਼ੀ ਮਾਨਤਾ ਸੀ। ਸੁਭਾਅ ਤੋਂ ਬੜਾ ਨਰਮ ਦਿਲ ਸੀ, ਪਰ ਨਿਗ੍ਹਾ ਤੋਂ ਮਹਿਰੂਮ ਹੋਣ ਕਾਰਨ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਸੀ। ਨਿਗ੍ਹਾ ਤੋਂ ਮਹਿਰੂਮ ਤੇ ਸੁਭਾਅ ਦੀ ਨਰਮੀ ਨੇ ਉਸ ਦੀ ਤਬੀਅਤ ਦਰਵੇਸ਼ ਵਾਲੀ ਬਣਾ ਦਿੱਤੀ। ਇਸ ਦੇ ਪ੍ਰਮਾਣ ਕਿੱਸਾ ਹੀਰ ਰਾਂਝਾ ਵਿੱਚ ਥਾਂ ਪੁਰ ਥਾਂ ਪਏ ਮਿਲਦੇ ਹਨ। ਉਹਨਾਂ ਵਿੱਚ ਹੇਠ ਲਿਖੇ ਦੋ ਤਾਂ ਬਹੁਤ ਹੀ ਪਰਤੱਖ ਹਨ :
ਹੁੰਦੇ ਤਾਨ ਨਤਾਣਿਆ ਹੋ ਰਹੀਏ
ਮੁਕਬਲ ਇਹ ਹਯਾਤੀ ਦਾ ਫਾਇਦਾ ਹਈ।
ਇਸੇ ਤਰ੍ਹਾਂ ਹੇਠਲਾ ਕਥਨ ਹੈ :
ਹੋਣੀ ਹੋਗ, ਅਣਹੋਣੀ ਨਾ ਹੋਵਣੀ ਏ
ਭਾਵੇਂ ਵਾਚ ਪੋਥੀ, ਭਾਵੇਂ ਸੋਧ ਸਾਹਾ।
ਤਬੀਅਤ ਦਾ ਅਸਰ ਤਰਬੀਅਤ `ਤੇ ਪੈਣਾ ਵੀ ਜ਼ਰੂਰੀ ਸੀ। ਸੋ ਮੁਕਬਲ ਦਾ ਮੋਮਿਨ ਮੁਸਲਮਾਨ ਹੋਣਾ ਸੁਭਾਵਿਕ ਸੀ। ਜਿਸ ਨੂੰ ‘ਕੁਰਾਨ ਸ਼ਰੀਫ’ ਵਿੱਚ ਪੂਰਾ ਵਿਸ਼ਵਾਸ ਸੀ। ਇਸ ਦੇ ਬਾਵਜੂਦ ਉਹ ਕੱਟੜ ਬਿਲਕੁਲ ਨਹੀਂ ਸੀ। ਭਾਵੇਂ ਉਸ ਦਾ ਕਥਨ ਤਾਂ ਇਹ ਸੀ :
ਮੁਕਬਲ ਫਾਰਗ ਹੋ ਕੇ ਸ਼ੇਅਰ ਕੋਲੋਂ
ਕਲਮਾ ਪਾਕ ਜ਼ਬਾਨ `ਤੇ ਲਿਆਇਆ ਏ।
ਪਰ ਤਅੱਸਬ ਦਾ ਇਸ ਵਿੱਚ ਮੁਕੰਮਲ ਅਭਾਵ ਸੀ। ਕਿੱਸਾ ਹੀਰ ਰਾਂਝਾ ਵਿੱਚ ਤਾਂ ਸਹਿਜ ਤੇ ਸੁਹਜ ਇਉਂ ਮਿਲ ਜਾਂਦੇ ਹਨ ਕਿ ਸੰਖੇਪ ਵਰਣਨ, ਸੰਜਮੀ ਬਿਆਨ, ਸੁਚੱਜਾ ਵਾਦ-ਵਿਵਾਦ ਉਸ ਦੀ ਕਿੱਸਾਕਾਰੀ ਦਾ ਰਚਵਾਂ ਅੰਗ ਬਣ ਜਾਂਦੇ ਹਨ। ਇਸ ਗੱਲ ਦੇ ਬਾਵਜੂਦ ਕਿ ਕਿੱਸਾ ਹੀਰ ਰਾਂਝਾ ਵਿੱਚ ਕਈ ਘਟਨਾਵਾਂ ਅਸੁਭਾਵਿਕ ਹਨ, ਪਰ ਮੁਕਬਲ ਕਿਤੇ ਵੀ ਉਜੱਡ ਜਾਂ ਗੰਵਾਰ ਨਹੀਂ ਲੱਗਦਾ, ਜਿਵੇਂ ਉਸ ਦਾ ਉੱਤਰ-ਅਧਿਕਾਰੀ ਅਹਿਮਦ ਗੁੱਜਰ ਲੱਗਣ ਤੋਂ ਰਹਿ ਨਹੀਂ ਸੀ ਸਕਦਾ। ਰਾਂਝੇ ਦਾ ਨਿਰੰਤਰ ਬਾਰਾਂ ਸਾਲ ਮੱਝੀਆਂ ਚਰਾਉਣਾ, ਪੰਜਾਂ ਪੀਰਾਂ ਦਾ ਅਰਸ਼ਾਂ ਤੋਂ ਬੂਰੀ ਮੱਝ ਲੈ ਆਉਣਾ, ਤਾਵੀਜ਼ ਦੇ ਬਲਬੋਤੇ `ਤੇ ਰਾਂਝੇ ਦਾ ਸੋਆਂ ਕੋਹਾਂ ਤੋਂ ਮੁਰਾਦ ਨੂੰ ਬੁਲਾ ਲੈਣਾ ਆਦਿ ਦੀ ਇਸ ਪ੍ਰਸੰਗ ਵਿੱਚ ਮਿਸਾਲ ਦਿੱਤੀ ਜਾ ਸਕਦੀ ਹੈ। ਅਜਿਹੀਆਂ ਘਟਨਾਵਾਂ ਨੂੰ ਵੀ ਉਹ ਏਨੇ ਸੰਜਮ ਨਾਲ ਬਿਆਨ ਕਰਦਾ ਹੈ ਕਿ ਉਹਨਾਂ ਤੋਂ ਉਸ ਦੇ ਲੋਕਬੋਧ ਤੇ ਰਵਾਇਤ ਦੇ ਨੇੜੇ ਹੋਣ ਦਾ ਹੀ ਮੁੱਖ ਪ੍ਰਭਾਵ ਪੈਂਦਾ ਹੈ।ਕਿੱਸਾ ਖ਼ੁਦਾ ਦੀ ਸਿਫਤ ਨਾਲ ਅਰੰਭ ਹੋ ਕੇ, ਹੀਰ ਰਾਂਝੇ ਦੀ ਪ੍ਰੇਮ-ਕਹਾਣੀ `ਤੇ ਆ ਜਾਂਦਾ ਹੈ, ਜਿਸ ਨੂੰ ਦਾਅਵੇ ਮੁਤਾਬਕ ਉਸ ਨੇ ਆਪਣੇ ਹਿਰਦੇ ਵਿੱਚ ਡੂੰਘਾ ਉੱਤਰ ਕੇ ਬਿਆਨ ਕੀਤਾ ਹੈ :
ਮੁਕਬਲ ਹੀਰ ਤੇ ਰਾਂਝੇ ਦਾ ਸਭ ਕਿੱਸਾ
ਰੋ ਰੋ ਆਹੀਂ ਦੇ ਨਾਲ ਸੁਣਾਇਆ ਮੈਂ।
ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿਉਂਕਿ ਜਿਸ ਮੁੱਦੇ ਨਾਲ ਵੀ ਉਹ ਜੁੜਦਾ ਹੈ, ਉਸ ਨੂੰ ਇੱਕ ਵਾਰ ਤਾਂ ਸਹਿਕ ਸਕੰਦੜਾ ਬਣਾ ਦਿੰਦਾ ਹੈ। ਭਾਵੇਂ ਇਹ ਰਾਂਝੇ ਦੇ ਤਖ਼ਤ ਹਜ਼ਾਰਾ ਛੱਡਣ ਨਾਲ ਸੰਬੰਧਿਤ ਹੋਵੇ, ਹੀਰ ਦੇ ਉਸ ਨੂੰ ਪਹਿਲੀ ਵਾਰ ਦੇਖਣ ਨਾਲ ਜੁੜਿਆ ਹੋਵੇ, ਮਾਂ ਦੇ ਦਿਲ ਵਿੱਚ ਧੀ ਦਾ ਫਿਕਰ ਹੋਵੇ, ਹੀਰ ਦਾ ਨਿਕਾਹ ਕਰਵਾਉਣ ਤੋਂ ‘ਇਨਕਾਰ ਜੋ ਇਕਰਾਰ ਮੂੰਹੋਂ ਤਸਦੀਕ ਦਿਲੋਂ` ਨਹੀਂ, ਸਭ ਨੂੰ ਮੁਕਬਲ ਨੇ ਡੂੰਘੀ ਸੰਵੇਦਨਾ ਨਾਲ ਉਜਾਗਰ ਕੀਤਾ ਹੈ। ਜਦੋਂ ਪਹਿਲਾਂ ਬੇਲੇ ਤੇ ਬਾਅਦ ਵਿੱਚ ਖੇੜੀਂ ਹੀਰ ਤੇ ਰਾਂਝੇ ਦੇ ਮਿਲਾਪ ਨੂੰ ਬਿਆਨ ਕਰਦਾ ਹੈ ਤਾਂ ਵੀ ਉਹ ਸੰਜਮ ਤੋਂ ਉਰ੍ਹਾਂ-ਪਰ੍ਹਾਂ ਨਹੀਂ ਜਾਂਦਾ। ਇਸ ਨਾਲ ਬਿਆਨ ਵੰਨ-ਸਵੰਨਾ ਤਾਂ ਨਹੀਂ ਬਣਦਾ ਪਰ ਇਸ ਦਾ ਸਹਿਜ ਭਾਵ ਕਾਇਮ ਰਹਿੰਦਾ ਹੈ। ਏਥੋਂ ਤੱਕ ਕਿ ਜਦੋਂ ਸਹਿਤੀ ਹੀਰ ਰਾਂਝਾ ਦੇ ਮੇਲ ਦਾ ਬੀੜਾ ਚੁੱਕਦੀ ਹੈ ਤਾਂ ਮਹਾਂਕਾਵਿ ਅਨੁਕੂਲ ਬਿੰਬ ਵਰਤਦੀ ਹੈ ਜੋ ਕਿਵੇਂ ਵੀ ਪ੍ਰਤਿਕੂਲ ਪ੍ਰਤੀਤ ਨਹੀਂ ਹੁੰਦੇ :
ਅਸਮਾਨ ਤੇ ਜਿਮੀਂ ਦਾ ਮੇਲ ਕਰਸਾਂ,
ਬੇੜੀ ਰੇਤ ਦੇ ਵਿੱਚ ਚਲਾਵਸਾਂ ਮੈਂ।
ਟਕਰਾਵਾਂ ਪਰਬਤਾਂ ਭਾਰਿਆਂ ਨੂੰ,
ਬਿਨਾਂ ਬੱਦਲਾਂ ਮੀਂਹ ਬਰਸਾਵਸਾਂ ਮੈਂ।
ਭਾਵੇਂ ਮੁਕਬਲ ਦਾ ਕੁਰਾਨ ਸ਼ਰੀਫ ਵਿੱਚ ਡੂੰਘਾ ਵਿਸ਼ਵਾਸ ਸੀ, ਪਰ ਕਿੱਸੇ ਵਿਚਲੇ ਬਿੰਬਾਂ ਨੂੰ ਉਹ ਨਿਰੋਲ ਪੰਜਾਬੀ ਵਰਤਾਰੇ ਵਿੱਚੋਂ ਹੀ ਲੈਂਦਾ ਹੈ। ਪੇਂਡੂ ਰਹਿਣ-ਸਹਿਣ ਦੇ ਉਹ ਮੂੰਹ ਬੋਲਦੇ ਚਿੰਨ੍ਹ ਹਨ, ਜਿਨ੍ਹਾਂ ਵਿੱਚ ਦੁੱਧ, ਧਾਗਾ, ਦੁਧਾਨਾ, ਚਰਖਾ, ਬੰਬੂਲ, ਹੰਝੂ, ਆਹਾਂ, ਕੀਰਨੇ ਆਦਿ ਦਾ ਖ਼ਾਸ ਵਰਣਨ ਹੋ ਸਕਦਾ ਹੈ। ਫ਼ਾਰਸੀ ਸਾਹਿਤ ਵਿੱਚੋਂ ਕਾਗ਼ਜ਼, ਕਮਾਨ, ਕਲਮਾ, ਤਸਬੀ ਆਦਿ ਦੀ ਵਰਤੋਂ ਵੀ ਉਸ ਨੇ ਕੀਤੀ ਹੈ, ਪਰ ਇਹ ਜਾਣ ਕੇ ਕਿ ਉਹ ਪੰਜਾਬੀ ਸੋਚ ਵਿੱਚ ਰਲ ਮਿਲ ਗਏ ਹਨ।
ਕਿੱਸੇ ਦੀ ਬੋਲੀ ਵੀ ਉਸ ਨੇ ਠੇਠ ਪੰਜਾਬੀ ਰੱਖੀ ਹੈ, ਜਦ ਕਿ ਉਸ ਦੀ ਤਬੀਅਤ ਤੇ ਤਰਬੀਅਤ ਉਸ ਨੂੰ ਅਰਬੀ ਫ਼ਾਰਸੀ ਸ਼ਬਦਾਂ ਦੀ ਅਧਿਕ ਵਰਤੋਂ ਵੱਲ ਪ੍ਰੇਰਿਤ ਕਰ ਸਕਦੀ ਸੀ। ਉਸ ਦਾ ਸਭ ਤੋਂ ਮੀਰੀ ਗੁਣ ਸੀ ਬੈਂਤ ਛੰਦ ਦੀ ਵਰਤੋਂ, ਜਿਸ ਵਿੱਚ ਸ਼ਾਇਦ ਹੀ ਉਹ ਕਿਤੇ ਅੱਖੜਕੇ, ਵਰਣਨ ਤੇ ਬਿਆਨ ਨੂੰ ਤੋਲ-ਭੁਕਾਂਤ ਖ਼ਾਤਰ ਪੇਤਲਾ ਬਣਾਉਂਦਾ ਹੋਵੇ। ਇਸ ਸੰਬੰਧ ਵਿੱਚ ਸੰਤ ਸਿੰਘ ਸੇਖੋਂ ਦਾ ਕਥਨ ਬਹੁਤ ਉਚਿਤ ਹੈ, ‘ਮੁਕਬਲ ਦਾ ਛੰਦ ਉੱਤੇ ਕਾਬੂ, ਅਰ ਬੋਲੀ ਦੀ ਠੁੱਕ, ਵਾਰਿਸ ਸ਼ਾਹ ਨਾਲੋਂ ਜੇ ਕੁੱਝ ਵਧੇਰੇ ਨਹੀਂ ਤਾਂ ਘੱਟ ਕਿਸੇ ਹਾਲਤ ਵਿੱਚ ਵੀ ਨਹੀਂ। ਮੁਕਬਲ ਦੀ ਬੋਲੀ ਇਤਨੀ ਸਰਲ ਹੈ, ਜਿਵੇਂ ਕੋਈ ਅੱਜ-ਕੱਲ੍ਹ ਲਿਖ ਰਿਹਾ ਹੋਵੇ।`
ਲੇਖਕ : ਤੇਜਵੰਤ ਸਿੰਘ ਗਿੱਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8711, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First