ਮੂਲੋਵਾਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੂਲੋਵਾਲ (ਪਿੰਡ): ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਧੂਰੀ ਨਗਰ ਤੋਂ 11 ਕਿ.ਮੀ. ਪੱਛਮ ਵਾਲੇ ਪਾਸੇ ਸਥਿਤ ਇਕ ਪੁਰਾਤਨ ਪਿੰਡ , ਜਿਥੇ ਮਾਲਵੇ ਵਿਚ ਧਰਮ-ਪ੍ਰਚਾਰ ਕਰਨ ਵੇਲੇ ਗੁਰੂ ਤੇਗ ਬਹਾਦਰ ਜੀ ਪਧਾਰੇ ਸਨ। ਸਿੱਖ ਇਤਿਹਾਸ ਅਤੇ ਸਥਾਨਕ ਰਵਾਇਤ ਅਨੁਸਾਰ ਗੁਰੂ ਜੀ ਸੰਨ 1670 ਈ. ਵਿਚ ਰਾਜੋ ਮਾਜਰਾ ਤੋਂ ਆਉਂਦਿਆਂ ਇਸ ਪਿੰਡ ਦੇ ਖੂਹ ਕੋਲ ਠਹਿਰੇ ਸਨ ਅਤੇ ਜਲ-ਪਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ। ਪਿੰਡ ਵਾਲਿਆਂ ਨੇ ਦਸਿਆ ਕਿ ਖੂਹ ਦਾ ਪਾਣੀ ਖਾਰਾ ਹੋਣ ਕਾਰਣ ਇਸ ਦੀ ਵਰਤੋਂ ਬੰਦ ਕਰ ਦਿੱਤੀ ਗਈ ਹੈ। ਆਪ ਦੇ ਪੀਣ ਲਈ ਜਲ ਕਿਤੋਂ ਹੋਰੋਂ ਲਿਆਇਆ ਜਾ ਸਕਦਾ ਹੈ। ਗੁਰੂ ਤੇਗ ਬਹਾਦਰ ਜੀ ਨੇ ਖੂਹ ਦੇ ਉਪਰੋਂ ਝਾੜੀਆਂ ਹਟਵਾ ਕੇ ਆਪਣੇ ਬੋਲ ਨਾਲ ਪਾਣੀ ਨੂੰ ਮਿਠਾ ਕਹਿ ਦਿੱਤਾ, ਜੋ ਹੁਣ ਤਕ ਮੌਜੂਦ ਹੈ ਅਤੇ ‘ਗੁਰੂ ਕਾ ਖੂਹ’ ਵਜੋਂ ਜਾਣਿਆ ਜਾਂਦਾ ਹੈ। ਗੁਰੂ ਜੀ ਨੇ ਪਿੰਡ ਵਾਲਿਆਂ ਨੂੰ ਨੌਂ ਹੋਰ ਖੂਹ ਪੁਟਣ ਲਈ ਕਿਹਾ। ਗੁਰੂ ਜੀ ਨੇ ਆਪਣਾ ਠਿਕਾਣਾ ਪਿੰਡ ਤੋਂ ਬਾਹਰ ਇਕ ਝੰਗੀ ਵਿਚ ਕੀਤਾ ਜਿਥੇ ਪਿੰਡ ਦੇ ਸਾਰੇ ਲੋਕੀਂ ਦਰਸ਼ਨ ਲਈ ਆਏ। ਪਰ ਪਿੰਡ ਦਾ ਚੌਧਰੀ ਜੋ ਸਖੀ ਸਰਵਾਰ ਦਾ ਉਪਾਸਕ ਸੀ, ਗੁਰੂ ਜੀ ਦੀ ਇਸ ਮੇਹਰ ਨੂੰ ਸਵੀਕਾਰੇ ਬਿਨਾ ਘਰ ਪਰਤ ਗਿਆ। ਜਦੋਂ ਉਸ ਦੀ ਪਤਨੀ ਨੂੰ ਪਤਾ ਲਗਾ ਤਾਂ ਉਸ ਨੇ ਚੌਧਰੀ ਪ੍ਰਤਿ ਨਾਰਾਜ਼ਗੀ ਪ੍ਰਗਟ ਕੀਤੀ। ਫਲਸਰੂਪ ਚੌਧਰੀ ਗੁਰੂ ਜੀ ਪਾਸ ਪਰਤ ਆਇਆ ਅਤੇ ਅਸੀਸ ਲਈ ਬੇਨਤੀ ਕੀਤੀ। ਗੁਰੂ ਜੀ ਨੇ ਉਸ ਨੂੰ ਬਖ਼ਸ਼ ਦਿੱਤਾ ਅਤੇ ਪਿੰਡ ਦਾ ਚੌਧਰੀ ਥਾਪਿਆ। ਉਸ ਨੇ ਸਿੱਖੀ ਦਾ ਖੂਬ ਪ੍ਰਚਾਰ ਕੀਤਾ।

ਇਸ ਪਿੰਡ ਵਿਚ ਜਿਥੇ ਗੁਰੂ ਸਾਹਿਬ ਬੈਠੇ ਸਨ, ਉਥੇ ਸੰਨ 1825 ਈ. ਵਿਚ ਪਟਿਆਲਾ-ਪਤਿ ਮਹਾਰਾਜਾ ਕਰਮ ਸਿੰਘ ਨੇ ‘ਗੁਰਦੁਆਰਾ ਪਾਤਿਸ਼ਾਹੀ ਨੌਵੀਂ’ ਬਣਵਾਇਆ। ਵੀਹਵੀਂ ਸਦੀ ਦੇ ਮੱਧ ਵਿਚ ਨਵੀਂ ਇਮਾਰਤ ਦੀ ਉਸਾਰੀ ਵੀ ਕਰਵਾਈ ਜਾ ਚੁਕੀ ਹੈ। ਗੁਰਦੁਆਰੇ ਤੋਂ ਬਾਹਰ ਸੁੰਦਰ ਸਰੋਵਰ ਬਣਿਆ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਇਸ ਗੁਰਦੁਆਰੇ ਦੀ ਸੇਵਾ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦੇ ਸੇਵਕ ਕਰਦੇ ਹਨ। ਇਸ ਗੁਰੂ- ਧਾਮ ਵਿਚ ਗੁਰਮਤਿ ਕੀਰਤਨ ਅਤੇ ਵਿਆਖਿਆ ਦੀ ਟਕਸਾਲ ਵੀ ਚਲਦੀ ਹੈ। ਪਹਿਲਾਂ ਇਥੇ ਮਾਘੀ ਉਤੇ ਮੇਲਾ ਲਗਦਾ ਸੀ, ਪਰ ਹੁਣ ਹਰ ਸਾਲ 28 ਤੋਂ 30 ਦਸੰਬਰ ਤਕ ਕਾਫ਼ੀ ਵੱਡਾ ਇਕੱਠ ਹੁੰਦਾ ਹੈ, ਕਿਉਂਕਿ ਨਵੀਂ ਧਾਰਣਾ ਅਨੁਸਾਰ ਇਨ੍ਹਾਂ ਦਿਨਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਦੱਖਣ ਨੂੰ ਜਾਂਦਿਆਂ ਇਥੇ ਚਰਣ ਪਾਏ ਸਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1511, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮੂਲੋਵਾਲ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਮੂਲੋਵਾਲ : ਇਹ ਪਿੰਡ ਸੰਗਰੂਰ ਜ਼ਿਲ੍ਹੇ ਦੀ ਮਲੇਰਕੋਟਲਾ ਤਹਿਸੀਲ ਵਿਚ ਰੇਲਵੇ ਸਟੇਸ਼ਨ ਅਲਾਲ ਤੋਂ ਡੇਢ ਕੁ ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਇਸ ਪਿੰਡ ਵਿਚ ਸ੍ਰੀ ਗੁਰੂ ਤੇਗ ਬਹਾਦਰ ਬਿਰਾਜੇ ਸਨ। ਕਿਹਾ ਜਾਂਦਾ ਹੈ ਕਿ ਗੁਰੂ ਜੀ ਦੀ ਕਿਰਪਾ ਨਾਲ ਇਸ ਪਿੰਡ ਦਾ ਖਾਰਾ ਪਾਣੀ ਮਿੱਠਾ ਹੋਇਆ ਸੀ। ਨੌਵੇਂ ਸਤਿਗੁਰਾਂ ਨੇ ਗੋਦਾ ਨਾਂ ਦੇ ਇਕ ਵਿਅਕਤੀ ਨੂੰ ਇਸ ਪਿੰਡ ਦਾ ਚੌਧਰੀ ਥਾਪਿਆ ਸੀ। 

ਮੂਲੋਵਾਲ ਦੇ ਇਤਿਹਾਸਕ ਗੁਰਦੁਆਰੇ ਦੀ ਸੇਵਾ ਪਟਿਆਲੇ ਦੇ ਮਹਾਰਾਜਾ ਕਰਮ ਸਿੰਘ ਨੇ ਕਰਵਾਈ ਸੀ। ਰਿਆਸਤ ਵੱਲੋਂ ਗੁਰਦੁਆਰੇ ਦੇ ਨਾਂ ਸੌ ਵਿੱਘੇ ਜ਼ਮੀਨ ਵੀ ਲਗਵਾਈ ਗਈ ਸੀ। ਜਿਨ੍ਹਾਂ ਜੰਡ ਦੇ ਬਿਰਖਾਂ ਨਾਲ ਗੁਰੂ ਸਾਹਿਬ ਨੇ ਆਪਣੇ ਘੋੜੇ ਬੰਨ੍ਹੇ ਸਨ ਉਹ ਅਜੇ ਵੀ ਮੌਜੂਦ ਦੱਸੇ ਜਾਂਦੇ ਹਨ। 

ਇਸ ਅਸਥਾਨ ਉੱਪਰ ਮਾਘੀ ਵਾਲੇ ਦਿਨ ਮੇਲਾ ਲੱਗਦਾ ਹੈ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 764, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-11-42-35, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਤ. ਗਾ. ਗੁ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.