ਮੌਤ ਦਾ ਕਿਆਸ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Presumption of life and death_ਮੌਤ ਦਾ ਕਿਆਸ: ਇਹ ਕਿਆਸ  ਉਦੋਂ ਪੈਦਾ ਹੁੰਦਾ ਹੈ ਜਦੋਂ ਕੋਈ ਵਿਅਕਤੀ ਆਪਣੇ ਸਾਧਾਰਨ ਨਿਵਾਸ ਜਾਂ ਟਿਕਾਣੇ ਤੋਂ ਗ਼ਾਇਬ ਹੋਵੇ ਅਤੇ ਕਾਫ਼ੀ ਲੰਮੇ ਸਮੇਂ ਤਕ ਉਥੋਂ ਗ਼ੈਰ-ਹਾਜ਼ਰ ਰਹੇ , ਆਮ ਤੌਰ ਤੇ ਸਤ ਸਾਲ , ਅਤੇ ਉਸ ਗ਼ੈਰ-ਹਾਜ਼ਰੀ ਦਾ ਕੋਈ ਜ਼ਾਹਰਾ ਕਾਰਨ ਵੀ ਨਾ ਹੋਵੇ। ਉਦੋਂ ਇਹ ਕਿਆਸ ਕੀਤਾ ਜਾਂਦਾ ਹੈ ਕਿ ਉਹ ਵਿਅਕਤੀ ਮਰ ਚੁੱਕਾ ਹੈ।

       ਜੇ ਵਿਆਹ ਦੀ ਇਕ ਧਿਰ, ਵਿਆਹ ਪਿਛੋਂ , ਸਤ ਸਾਲ ਜਾਂ ਉਸ ਤੋਂ ਵੱਧ ਮੁੱਦਤ ਲਈ , ਉਨ੍ਹਾਂ ਵਿਅਕਤੀਆਂ ਦੁਆਰਾ ਜਿਉਂਦੀ ਨਹੀਂ ਸੁਣੀ ਗਈ , ਜਿਨ੍ਹਾਂ ਨੇ ਉਸ ਬਾਰੇ ਕੁਦਰਤੀ ਤੌਰ ਤੇ ਸੁਣ ਲਿਆ ਹੁੰਦਾ, ਜੇ ਉਹ ਧਿਰ ਜਿਉਂਦੀ ਹੁੰਦੀ ਤਾਂ ਉਹ ਵਿਆਹ ਤਲਾਕ ਦੀ ਡਿਗਰੀ ਦੁਆਰਾ ਤੋੜਿਆ ਜਾ ਸਕਦਾ ਹੈ। ਰਾਮਰੈਤ ਕੌਰ ਬਨਾਮ ਦੁਆਰਕਾ ਪ੍ਰਸਾਦ (ਏ ਆਈ ਆਰ 1967 ਐਸ ਸੀ 1134) ਅਨੁਸਾਰ ਕੋਈ ਵਿਅਕਤੀ ਜੋ ਆਪਣੀ ਰਿਹਾਇਸ਼ ਤੋਂ ਗੁੰਮ ਹੋ ਜਾਂਦਾ ਹੈ ਅਤੇ ਸਤ ਸਾਲ ਦੀ ਮੁੱਦਤ ਦੇ ਦੌਰਾਨ ਉਸ ਦੀ ਕੋਈ ਉੱਘ ਸੁੱਘ ਨਹੀਂ ਨਿਕਲਦੀ ਤਾਂ ਇਹ ਕਿਆਸ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਮਰ ਚੁੱਕਾ ਹੈ। ਟਾਮਸਨ ਬਨਾਮ ਟਾਮਸਨ [(1956)1 ਆਲ ਇੰ. ਰਿ. 603)] ਅਨੁਸਾਰ ਸਤ ਸਾਲ ਦੀ ਗ਼ੈਰ-ਹਾਜ਼ਰੀ ਤੋਂ ਮੌਤ ਦਾ ਕਿਆਸ ਕੀਤਾ ਜਾ ਸਕਦਾ ਹੈ। ਲੇਕਿਨ ਇਸ ਕਿਆਸ ਦਾ ਖੰਡਨ ਵੀ ਕੀਤਾ ਜਾ ਸਕਦਾ।

       ਜੀਵਨ ਅਤੇ ਮੌਤ ਦਾ ਕਿਆਸ ਭਾਰਤੀ ਸ਼ਹਾਦਤ ਐਕਟ 1872 ਦੀ ਧਾਰਾ 107 ਅਤੇ 108 ਦੁਆਰਾ ਸ਼ਾਸਤ ਹੁੰਦਾ ਹੈ। ਧਾਰਾ 107 ਅਨੁਸਾਰ ਜਦੋਂ ਸਵਾਲ ਇਹ ਹੋਵੇ ਕਿ ਕੋਈ ਵਿਅਕਤੀ ਜਿਉਂਦਾ ਹੈ ਜਾਂ ਮਰ ਗਿਆ ਹੈ ਅਤੇ ਇਹ ਵਿਖਾਇਆ ਗਿਆ ਹੋਵੇ ਕਿ ਉਹ ਪਿਛਲੇ 30 ਸਾਲ ਦੇ ਅੰਦਰ ਜਿਉਂਦਾ ਸੀ ਤਾਂ ਇਹ ਕਿਆਸ ਕੀਤਾ ਜਾਵੇਗਾ ਕਿ ਉਹ ਜਿਉਂਦਾ ਹੈ ਅਤੇ ਜੇ ਕੋਈ ਇਸ ਦੇ ਉਲਟ ਇਹ ਕਹਿੰਦਾ ਹੈ ਕਿ ਉਹ ਮਰ ਗਿਆ ਹੈ ਤਾਂ ਉਸ ਦਾ ਮਰ ਗਿਆ ਹੋਣਾ ਸਾਬਤ ਕਰਨ ਦਾ ਭਾਰ ਉਸ ਵਿਅਕਤੀ ਤੇ ਹੋਵੇਗਾ। ਮਨੁੱਖੀ ਜੀਵਨ ਦੀ ਅਉਧ ਦੇ ਸਨਮੁਖ ਇਹ ਕਿਆਸ ਕੀਤਾ ਜਾਂਦਾ ਹੈ ਕਿ ਜੋ ਕੋਈ ਅਜ ਜਿਉਂਦਾ ਹੈ ਤਾਂ ਆਉਣ ਵਾਲੇ ਤੀਹ ਸਾਲਾਂ ਤਕ ਜਿਉਂਦਾ ਰਹੇਗਾ ਕਿਉਂਕਿ  ਮਨੁਖ ਜੀਵਨ ਦੀ ਅਉਧ ਤੀਹ ਸਾਲ ਤੋਂ ਘਟ ਨਹੀਂ ਹੈ। ਲੇਕਿਨ ਇਸ ਕਿਆਸ ਦਾ ਸਿੱਧੀ ਸ਼ਹਾਦਤ  ਦੁਆਰਾ ਖੰਡਨ ਕੀਤਾ ਜਾ ਸਕਦਾ ਹੈ।

       ਲੇਕਿਨ ਭਾਰਤੀ ਸ਼ਹਾਦਤ ਐਕਟ ਦੀ ਧਾਰਾ 108 ਉਸ ਤੋਂ ਤੁਰਤ ਪਹਿਲੀ ਧਾਰਾ 107 ਦੇ ਪਰੰਤੁਕ ਵਜੋਂ ਕੰਮ ਕਰਦੀ ਹੈ। ਉਸ ਅਨੁਸਾਰ ਜੇ ਇਹ ਸਾਬਤ ਕੀਤਾ ਜਾਂਦਾ ਹੈ ਕਿ ਉਸ ਬਾਰੇ ਸਤ ਸਾਲ ਤੋਂ ਉਨ੍ਹਾਂ ਵਿਅਕਤੀਆ ਨੇ ਕੁਝ ਨਹੀਂ ਸੁਣਿਆ, ਜਿਨ੍ਹਾਂ ਨੇ ਉਸ ਬਾਰੇ, ਜੇ ਉਹ ਜਿਉਂਦਾ ਹੁੰਦਾ ਤਾਂ ਕੁਦਰਤੀ ਤੌਰ ਤੇ ਸੁਣਿਆ ਹੁੰਦਾ, ਤਦ ਇਹ ਸਾਬਤ ਕਰਨ ਦਾ ਭਾਰ ਕਿ ਉਹ ਜਿਉਂਦਾ ਹੈ, ਉਸ ਵਿਅਕਤੀ ਤੇ ਪੈ ਜਾਂਦਾ ਹੈ ਜੋ ਇਹ ਕਹਿੰਦਾ ਹੈ ਕਿ ਉਹ ਜਿਉਂਦਾ ਹੈ।  


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1697, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.