ਮ੍ਰਿਤਕ ਸੰਸਕਾਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮ੍ਰਿਤਕ ਸੰਸਕਾਰ: ਜਦੋਂ ਕੋਈ ਵਿਅਕਤੀ ਮਰਦਾ ਹੈ, ਤਾਂ ਉਦੋਂ ਕੀਤੀ ਜਾਣ ਵਾਲੀ ਕਾਰਵਾਈ ਨੂੰ ‘ਮ੍ਰਿਤਕ ਸੰਸਕਾਰ’ ਕਿਹਾ ਜਾਂਦਾ ਹੈ। ਹਰ ਇਕ ਧਰਮ , ਸਮਾਜ ਅਤੇ ਦੇਸ਼ ਵਿਚ ਵਖਰੇ ਵਖਰੇ ਢੰਗ ਦੀਆਂ ਰਸਮਾਂ ਹੁੰਦੀਆਂ ਹਨ। ਸਿੱਖ ਸਮਾਜ ਵਿਚ ਵੀ ਥੋੜੇ ਬਹੁਤ ਅੰਤਰ ਨਾਲ ਕਈ ਰਸਮਾਂ ਪ੍ਰਚਲਿਤ ਹਨ। ਪਰ ਸਿੱਖ ਧਰਮ ਦੀ ਪ੍ਰਮੁਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ‘ਸਿੱਖ ਰਹਿਤ ਮਰਯਾਦਾ’ ਨਾਂ ਦੀ ਪੁਸਤਿਕਾ ਵਿਚ ਦਿੱਤਾ ਵਿਵਰਣ ਸਾਰੇ ਸਿੱਖ ਸਮਾਜ ਲਈ ਮੰਨਣਯੋਗ ਹੈ ਜਿਸ ਦਾ ਰੂਪ ਇਸ ਪ੍ਰਕਾਰ ਹੈ :
(ੳ) ਪ੍ਰਾਣੀ ਨੂੰ ਮਰਨ ਵੇਲੇ—ਜੇ ਮੰਜੇ ਤੇ ਹੋਵੇ ਤਾਂ—ਮੰਜੇ ਤੋਂ ਹੇਠ ਨਹੀਂ ਉਤਾਰਨਾ, ਦੀਵਾ-ਵਟੀ, ਗਊ ਮਣਸਾਉਣਾ ਜਾਂ ਹੋਰ ਕੋਈ ਮਨਮਤ ਸੰਸਕਾਰ ਨਹੀਂ ਕਰਨਾ। ਕੇਵਲ ਗੁਰਬਾਣੀ ਦਾ ਪਾਠ ਕਰਨਾ ਜਾਂ ‘ਵਾਹਿਗੁਰੂ-ਵਾਹਿਗੁਰੂ’ ਕਰਨਾ।
(ਅ) ਪ੍ਰਾਣੀ ਦੇ ਦੇਹ ਤਿਆਗਣ ਤੇ ਧਾਹ ਨਹੀਂ ਮਾਰਨੀ, ਪਿਟਣਾ ਜਾਂ ਸਿਆਪਾ ਨਹੀਂ ਕਰਨਾ। ਮਨ ਨੂੰ ‘ਵਾਹਿਗੁਰੂ’ ਦੀ ਰਜ਼ਾ ਵਿਚ ਲਿਆਉਣ ਲਈ ਗੁਰਬਾਣੀ ਦਾ ਪਾਠ ਜਾਂ ‘ਵਾਹਿਗੁਰੂ’ ਦਾ ਜਾਪ ਕਰੀ ਜਾਣਾ ਚੰਗਾ ਹੈ।
(ੲ) ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ, ਸੋ ਭੀ ਸਸਕਾਰਨਾ ਚਾਹੀਏ। ਜਿਥੇ ਸਸਕਾਰ ਦਾ ਪ੍ਰਬੰਧ ਨ ਹੋ ਸਕੇ , ਉਥੇ ਜਲ-ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀਂ ਕਰਨੀ।
(ਸ) ਸਸਕਾਰਨ ਲਈ ਦਿਨ ਜਾਂ ਰਾਤ ਦਾ ਭਰਮ ਨਹੀਂ ਕਰਨਾ।
(ਹ) ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਸੁਅੱਛ ਬਸਤਰ ਪਾਏ ਜਾਣ ਤੇ ਕਕਾਰ ਜੁਦਾ ਨ ਕੀਤੇ ਜਾਣ। ਫਿਰ ਤਖ਼ਤੇ ਉਤੇ ਪਾ ਕੇ ਚਲਾਣੇ ਦਾ ਅਰਦਾਸਾ ਸੋਧਿਆ ਜਾਵੇ। ਫਿਰ ਅਰਥੀ ਚੁਕ ਕੇ ਸ਼ਮਸ਼ਾਨ ਭੂਮੀ ਵਲ ਲਿਜਾਇਆ ਜਾਵੇ। ਨਾਲ ਵੈਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ। ਸਸਕਾਰ ਦੀ ਥਾਂ ਤੇ ਪਹੁੰਚ ਕੇ ਚਿਖਾ ਰਚੀ ਜਾਵੇ। ਫਿਰ ਸਰੀਰ ਨੂੰ ਅਗਨੀ ਭੇਟਾ ਕਰਨ ਲਈ ਅਰਦਾਸਾ ਸੋਧਿਆ ਜਾਵੇ। ਫਿਰ ਪ੍ਰਾਣੀ ਨੂੰ ਅੰਗੀਠੇ ਉਤੇ ਰਖ ਕੇ ਪੁੱਤਰ ਜਾਂ ਕੋਈ ਹੋਰ ਸੰਬੰਧੀ ਜਾਂ ਹਿਤੂ ਆਦਿ ਅਗਨੀ ਲਾ ਦੇਵੇ। ਸੰਗਤ ਕੁਝ ਵਿਥ ਤੇ ਬਹਿ ਕੇ ਕੀਰਤਨ ਕਰੇ ਜਾਂ ਵੈਰਾਗ-ਮਈ ਸ਼ਬਦ ਪੜ੍ਹੇ। ਜਦ ਅੰਗੀਠਾ ਪੂਰੀ ਤਰ੍ਹਾਂ ਬਲ ਉਠੇ, ਤਾਂ (ਕਪਾਲਿ ਕਿਰਿਆ ਆਦਿ ਕਰਨਾ ਮਨਮਤ ਹੈ।) ਕੀਰਤਨ ਸੋਹਿਲੇ ਦਾ ਪਾਠ ਕਰਕੇ ਅਰਦਾਸਾ ਸੋਧ ਕੇ ਸੰਗਤ ਮੁੜ ਆਵੇ।
ਘਰ ਆ ਕੇ ਜਾਂ ਲਾਗੇ ਦੇ ਕਿਸੇ ਗੁਰਦੁਆਰੇ ਵਿਚ ਪ੍ਰਾਣੀ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰਖਿਆ ਜਾਵੇ ਤੇ ਅਨੰਦ ਸਾਹਿਬ (ਛੇ ਪਉੜੀਆਂ) ਦਾ ਪਾਠ ਕਰਕੇ ਅਰਦਾਸਾ ਸੋਧ ਕੇ, ਕੜਾਹ ਪ੍ਰਸ਼ਾਦ ਵਰਤਾਇਆ ਜਾਵੇ। ਇਸ ਪਾਠ ਦੀ ਸਮਾਪਤੀ ਦਸਵੇਂ ਦਿਨ ਹੋਵੇ। ਜੇ ਦਸਵੇਂ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸੰਬੰਧੀਆਂ ਦੇ ਸੌਖ ਨੂੰ ਮੁਖ ਰੱਖ ਕੇ ਨੀਯਤ ਕੀਤਾ ਜਾਵੇ। ਇਸ ਪਾਠ ਦੇ ਕਰਨ ਵਿਚ ਘਰ ਵਾਲੇ ਦੇ ਸੰਬੰਧੀ ਰਲ ਕੇ ਹਿੱਸਾ ਲੈਣ। ਜੇ ਹੋ ਸਕੇ ਤਾਂ ਹਰ ਰੋਜ਼ ਰਾਤ ਨੂੰ ਕੀਰਤਨ ਭੀ ਹੋਵੇ। ‘ਦੁਸਹਿਰੇ’ ਦੇ ਪਿਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ।
(ਕ) ਮ੍ਰਿਤਕ ਪ੍ਰਾਣੀ ਦਾ ‘ਅੰਗੀਠਾ’ ਠੰਡਾ ਹੋਣ ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿਚ ਪ੍ਰਵਾਹ ਕਰ ਦਿੱਤੀ ਜਾਵੇ, ਜਾਂ ਉਥੇ ਹੀ ਦੱਬ ਕੇ ਜ਼ਿਮੀਂ ਬਰਾਬਰ ਕਰ ਦਿੱਤੀ ਜਾਵੇ। ਸਸਕਾਰ ਅਸਥਾਨ ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾ ਹੈ।
(ਖ) ਅੱਧ ਮਾਰਗ , ਸਿਆਪਾ, ਫੂਹੜੀ , ਦੀਵਾ , ਪਿੰਡ , ਕਿਰਿਆ, ਸਰਾਧ , ਬੁੱਢਾ ਮਰਨਾ ਆਦਿ ਕਰਨਾ ਮਨਮਤ ਹੈ। ਅੰਗੀਠੇ ਵਿਚੋਂ ਫੁਲ ਚੁਗ ਕੇ ਗੰਗਾ , ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿ ਥਾਵਾਂ ਵਿਚ ਜਾ ਕੇ ਪਾਣੇ ਮਨਮਤ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2418, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First